MohanSharma8ਮਾਪੇ ਆਪਣੀ ਔਲਾਦ ਪ੍ਰਤੀ ਰੋਲ ਮਾਡਲ ਵਾਲਾ ਫਰਜ਼ ਨਿਭਾਉਣਸਮਾਜ ਨਸ਼ਾ ਤਸਕਰਾਂ ਉੱਤੇ ...
(9 ਸਤੰਬਰ 2023)


ਹਰ ਰੋਜ਼ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਸੁੰਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਿਤੇ ਨੌਜਵਾਨ ਨਸ਼ਈ ਦੀ ਲਾਸ਼ ਝਾੜੀਆਂ ਵਿੱਚ ਡਿਗੀ ਵਿਖਾਈ ਦਿੰਦੀ ਹੈ। ਕਿਤੇ ਸੜਕ ’ਤੇ ਜ਼ਿੰਦਗੀ ਨੂੰ ਅਲਵਿਦਾ ਕਹਿ ਕੇ ਨੌਜਵਾਨ ਡਿੱਗਿਆ ਪਿਆ ਹੈ। ਕਿਤੇ ਬੱਸ ਸਟੈਂਡ ਦੇ ਗੁਸਲਖਾਨੇ ਵਿੱਚ ਸਰਿੰਜਾਂ ਨਾਲ ਵਿੰਨ੍ਹੀ ਬਾਂਹ ਵਾਲੇ ਨੌਜਵਾਨ ਦੀ ਲਾਵਾਰਸ ਲਾਸ਼ ਦਾ ਪਤਾ ਲੱਗਦਾ ਹੈ। ਕਿਤੇ ਇਕਲੌਤੇ ਨੌਜਵਾਨ ਪੁੱਤ ਦੀ ਲਾਸ਼ ’ਤੇ ਪੱਥਰਾਂ ਨੂੰ ਵੀ ਰਵਾਉਣ ਵਾਲੇ ਮਾਂ ਦੇ ਕੀਰਨੇ ਵੇਖਣ ਵਾਲਿਆਂ ਦੇ ਨੈਣਾਂ ਵਿੱਚੋਂ ਵੀ ਅੱਥਰੂ ਲਿਆ ਦਿੰਦੇ ਹਨ। ਕਿਤੇ ਖੂਨ ਦੇ ਅੱਥਰੂ ਵਹਾਉਂਦਿਆਂ ਭੈਣ ਆਪਣੇ ਇਕਲੌਤੇ ਅਣਵਿਆਹੇ ਵੀਰ ਦੀ ਲਾਸ਼ ਤੇ ਸਿਹਰੇ ਬੰਨ੍ਹ ਕੇ ਮਾਹੌਲ ਨੂੰ ਗ਼ਮਗੀਨ ਕਰ ਦਿੰਦੀ ਹੈ। ਕਿਤੇ ਬਲਦੇ ਸਿਵੇ ਦੀ ਅੱਗ ਮੱਠੀ ਹੋਣ ’ਤੇ ਗੁਰਦੁਆਰਾ ਸਾਹਿਬ ਦਾ ਭਾਈ ਅੰਤਮ ਅਰਦਾਸ ਕਰਨ ਉਪਰੰਤ ਸੰਗਤ ਵੱਲ ਮੂੰਹ ਕਰਦਿਆਂ ਗੱਚ ਭਰ ਕੇ ਕਹਿੰਦਾ ਹੈ
, “ਸਾਧ ਸੰਗਤ ਜੀ, ਆਪਣੇ ਪਿੰਡ ਵਿੱਚੋਂ 15-20 ਦਿਨਾਂ ਬਾਅਦ ਇੱਕ ਨੌਜਵਾਨ ਦਾ ਸਿਵਾ ਬਲਦਾ ਹੈ। ਰੱਬ ਦਾ ਵਾਸਤਾ ਕੋਈ ਹੂਲਾ ਫੱਕੋ, ਬੰਨ੍ਹ ਸੁੱਬ ਕਰੋ, ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਦਾ ਨਸ਼ਾ ਬੰਦ ਕਰੋ। ਹੁਣ ਮੇਰੇ ਕੋਲੋਂ ਅੰਤਮ ਅਰਦਾਸਾਂ ਨਹੀਂ ਹੋਣੀਆਂ। ਇੱਕ ਸਿਵਾ ਬਾਹਰ ਬਲਦਾ ਹੈ ਅਤੇ ਦੂਜਾ ਸਿਵਾ ਸਾਡੇ ਅੰਦਰ ਬਲਦਾ ਹੈ …।” ਅਜਿਹੀਆਂ ਨਿਰਾਸ਼ਾਜਨਕ, ਖੌਫਨਾਕ ਅਤੇ ਦਿਲ ਕੰਬਾਊ ਘਟਨਾਵਾਂ ਮਾਂ-ਬਾਪ ਦਾ ਲੱਕ ਤੋੜ ਰਹੀਆਂ ਹਨ। ਆਪਣੇ ਜਵਾਨ ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ ਮਾਂ-ਬਾਪ ਲਈ ਸਭ ਤੋਂ ਵੱਡਾ ਦੁਖਾਂਤ ਹੈ ਅਤੇ ਇਹ ਦੁਖਾਂਤ ਅਨੇਕਾਂ ਮਾਪਿਆਂ ਦੇ ਹਿੱਸੇ ਹਰ ਰੋਜ਼ ਆ ਰਿਹਾ ਹੈ।

ਇੱਕ ਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਮੇਰਾ ਹਜ਼ਾਰਾਂ ਅਜਿਹੇ ਮਾਪਿਆਂ ਨਾਲ ਵਾਹ ਪਿਆ ਹੈ ਜਿਨ੍ਹਾਂ ਦੇ ਪੁੱਤ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਖੁੰਘਲ ਹੋਏ ਹਨ ਅਤੇ ਨਾਲ ਹੀ ਮਾਪਿਆਂ ਨੂੰ ਵੀ ਕੱਖੋਂ ਹੌਲੇ ਕਰ ਦਿੱਤਾ ਹੈ। ਜਦੋਂ ਪੀੜਤ ਮਾਪਿਆਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਤੁਹਾਡਾ ਪੁੱਤਰ ਕਿੰਨੇ ਕੁ ਚਿਰ ਦਾ ਨਸ਼ਾ ਕਰਦਾ ਹੈ ਤਾਂ ਉਹ ਪੀੜਤ ਲਹਿਜ਼ੇ ਵਿੱਚ ਕਹਿੰਦੇ ਸਨ, “ਸਾਨੂੰ ਤਾਂ ਜੀ ਮਹੀਨਾ ਕੁ ਪਹਿਲਾਂ ਹੀ ਪਤਾ ਲੱਗਿਆ ਹੈ। ਹੁਣ ਜਦੋਂ ਪੁੱਛ ਪੜਤਾਲ ਕੀਤੀ ਹੈ ਤਾਂ ਇਹ ਪਤਾ ਲੱਗਿਆ ਹੈ ਬਈ ਇਹ ਤਾਂ 2-3 ਸਾਲ ਦਾ ਇਸ ਕੁੱਤੇ ਕੰਮ ਵਿੱਚ ਪਿਆ ਹੋਇਆ ਹੈ।” ਉਨ੍ਹਾਂ ਦੀ ਗੱਲਬਾਤ ਅਤੇ ਪ੍ਰਗਟਾਏ ਤੌਖਲੇ ਤੋਂ ਮਾਪਿਆਂ ਦਾ ਅਵੇਸਲਾਪਨ ਸਾਹਮਣੇ ਆਉਂਦਾ ਹੈ। ਇਸ ਸਬੰਧ ਵਿੱਚ ਮਾਪਿਆਂ ਨੂੰ ਹੇਠ ਲਿਖੇ ਅਨੁਸਾਰ ਗੰਭੀਰ ਹੋ ਕੇ ਆਪਣੇ ਬੱਚਿਆਂ ’ਤੇ ਗੌਰ ਕਰਨਾ ਚਾਹੀਦਾ ਹੈ:

ਆਪਣੀ ਔਲਾਦ ਨੂੰ ਮਹਿੰਗਾ ਮੋਟਰਸਾਈਕਲ, ਮਹਿੰਗਾ ਮੋਬਾਇਲ, ਹੋਰ ਸੁਖ ਸਹੂਲਤਾਂ ਦੇ ਨਾਲ-ਨਾਲ ਮਹਿੰਗੀ ਟਿਊਸ਼ਨ ਰੱਖਣ ਨਾਲ ਹੀ ਮਾਪਿਆਂ ਦੇ ਫ਼ਰਜਾਂ ਦੀ ਪੂਰਤੀ ਨਹੀਂ ਹੋ ਜਾਂਦੀ। ਸਗੋਂ ਮਾਪਿਆਂ ਦਾ ਅਹਿਮ ਫ਼ਰਜ਼ ਉਨ੍ਹਾਂ ਲਈ ਆਪ ਰੋਲ ਮਾਡਲ ਬਣਨਾ ਹੈ। ਅੱਜ ਦੇ ਬੱਚੇ ਸੁਣਨ ਸੁਣਾਉਣ ਵਿੱਚ ਨਹੀਂ, ਸਗੋਂ ਨਕਲ ਕਰਨ ਵਿੱਚ ਯਕੀਨ ਕਰਦੇ ਹਨ। ਮਾਂ-ਬਾਪ ਆਪਣੀ ਔਲਾਦ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਟੋਕਾ-ਟਾਕੀ ਤਦ ਹੀ ਕਰ ਸਕਦੇ ਹਨ, ਜੇ ਉਹ ਆਪ ਸੋਲਾਂ ਕਲਾਂ ਸੰਪੂਰਨ ਹਨ। ਇਸਦੇ ਲਈ ਘਰ ਦੇ ਮਾਹੌਲ ਨੂੰ ਨਸ਼ਾ ਰਹਿਤ ਰੱਖਣਾ ਅਤਿਅੰਤ ਜ਼ਰੂਰੀ ਹੈ। ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆਏ ਹਨ, ਜਿੱਥੇ ਬਾਪ-ਦਾਦੇ ਵੱਲੋਂ ਪੀਤੀਆਂ ਸ਼ਰਾਬ ਦੀਆਂ ਬੋਤਲਾਂ ਮੰਜੇ ਹੇਠਾਂ ਸੁੱਟਣ ਉਪਰੰਤ ਉਨ੍ਹਾਂ ਦੀ ਔਲਾਦ ਨੇ ਬੋਤਲਾਂ ਵਿੱਚ ਪਈਆਂ ਬੂੰਦਾਂ ਦਾ ਸਵਾਦ ਚੱਖਣ ਤੋਂ ਬਾਅਦ ਇਸ ਪਾਸੇ ਰੁਖ਼ ਕੀਤਾ ਹੈ। ਸਰਦੇ ਪੁੱਜਦੇ ਲੋਕਾਂ ਦੀਆਂ ਕੋਠੀਆਂ ਵਿੱਚ ਹੀ ਖੋਲ੍ਹੀਆਂ ਬੀਅਰ ਬਾਰਾਂ ਸ਼ਾਹੀ ਠਾਠ-ਬਾਠ ਦਾ ਪ੍ਰਗਟਾਵਾ ਤਾਂ ਹਨ, ਪਰ ਇਨ੍ਹਾਂ ਬੀਅਰ ਬਾਰਾਂ ਦੀਆਂ ਬੋਤਲਾਂ ਵਿੱਚੋਂ ਆਪਣੀ ਪਾਣੀ ਵਾਲੀ ਬੋਤਲ ਵਿੱਚ ਕੁਝ ਸ਼ਰਾਬ ਪਾ ਕੇ ਪਾਣੀ ਨਾਲ ਭਰਨ ਉਪਰੰਤ ਸਕੂਲ ਵਿੱਚ ਲਿਆਉਣ ਦੇ ਬਹੁਤ ਸਾਰੇ ਕਿੱਸੇ ਸਾਹਮਣੇ ਆਏ ਹਨ ਅਤੇ ਇੰਝ ਸਕੂਲ ਦੀ ਜ਼ਿੰਦਗੀ ਵਿੱਚ ਹੀ ਨਸ਼ਿਆਂ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਬਾਅਦ ਵਿੱਚ ਪੱਕੇ ਨਸ਼ਈ ਬਣ ਕੇ ਬਹੁਤ ਸਾਰੇ ‘ਕਾਕੇ’ ਆਪਣੀ ਜ਼ਿੰਦਗੀ ਧੁਆਂਖ ਲੈਂਦੇ ਹਨ। ਅਜਿਹਾ ਕੁਝ ਸਿਗਰਟ-ਜ਼ਰਦੇ ਦੀ ਵਰਤੋਂ ਸਮੇਂ ਵੀ ਵਾਪਰਦਾ ਹੈ।

ਆਪਣੀ ਔਲਾਦ ਨੂੰ ਦਿੱਤੇ ਜੇਬ ਖ਼ਰਚੇ ’ਤੇ ਵੀ ਕਰੜੀ ਨਜ਼ਰ ਰੱਖਣੀ ਜ਼ਰੂਰੀ ਹੈ। ਲੋੜ ਤੋਂ ਵੱਧ ਦਿੱਤਾ ਪੈਸਾ ਉਸ ਨੂੰ ਬਜ਼ਾਰ ਵੱਲ ਭੇਜੇਗਾ ਅਤੇ ਬਜ਼ਾਰ ਵਿੱਚ ਜੋ ਕੁਝ ਪਰੋਸਿਆ ਜਾ ਰਿਹਾ ਹੈ, ਉਸ ਤੋਂ ਅਸੀਂ ਸਾਰੇ ਭਲੀਂ ਭਾਂਤ ਜਾਣੂ ਹਾਂ।

ਆਪਣੇ ਰੁਝੇਵਿਆਂ ਦਾ ਕੁਝ ਹਿੱਸਾ ਬੱਚਿਆਂ ਲਈ ਵੀ ਕੱਢੋਉਨ੍ਹਾਂ ਦੀ ਪੜ੍ਹਾਈ, ਖੇਡਾਂ, ਸਾਹਿਤ ਅਤੇ ਧਰਮ ਪ੍ਰਤੀ ਦਿਲਚਸਪੀ ਜਾਨਣ ਦੇ ਨਾਲ-ਨਾਲ ਉਨ੍ਹਾਂ ਨਾਲ ਪਿਆਰ ਅਤੇ ਅਪਣੱਤ ਨਾਲ ਪੇਸ਼ ਹੁੰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਏ ਸਵਾਲਾਂ ਦੇ ਜਵਾਬ ਵੀ ਦਿਉ। ਉਨ੍ਹਾਂ ਦੇ ਪਥ ਪ੍ਰਦਰਸ਼ਕ ਬਣਨ ਵਿੱਚ ਲਾਪਰਵਾਹੀ ਨਾ ਵਰਤੋ। ਉਨ੍ਹਾਂ ਦੀਆਂ ਉਸਾਰੂ ਰੁਚੀਆਂ ਲਈ ਹੱਲਾ-ਸ਼ੇਰੀ ਅਤੇ ਢਾਹੂ ਰੁਚੀਆਂ ਲਈ ਕੰਨ ਖਿੱਚਣੇ ਜ਼ਰੂਰੀ ਹਨ।

ਸਮੇਂ-ਸਮੇਂ ਸਿਰ ਸਕੂਲ ਅਧਿਆਪਕਾਂ ਨਾਲ ਸੰਪਰਕ ਰੱਖਿਆ ਜਾਵੇ। ਅਧਿਆਪਕਾਂ-ਮਾਪਿਆਂ ਦੀ ਮੀਟਿੰਗ ਵਿੱਚ ਜਾ ਕੇ ਆਪਣੇ ਬੱਚੇ ਦੀ ਕਾਰਗੁਜ਼ਾਰੀ ਦਾ ਪਤਾ ਕਰੋ। ਜੇਕਰ ਬੱਚਾ ਸਕੂਲ ਤੋਂ ਗੈਰਹਾਜ਼ਰ ਰਹਿੰਦਾ ਹੈ, ਸਹੀ ਸਮੇਂ ’ਤੇ ਸਕੂਲ ਨਹੀਂ ਪਹੁੰਚਦਾ ਜਾਂ ਹੋਮਵਰਕ ਨਹੀਂ ਕਰਦਾ ਤਾਂ ਇਸ ਸਬੰਧੀ ਗੰਭੀਰ ਹੋ ਕੇ ਹੋਰ ਰੁਝੇਵਿਆਂ ਨੂੰ ਛੱਡ ਕੇ ਬੱਚਿਆਂ ਦੀ ਜ਼ਿੰਦਗੀ ’ਤੇ ਆਪਣਾ ਆਪ ਕੇਂਦਰਿਤ ਕਰ ਕੇ ਉਨ੍ਹਾਂ ਦੀਆਂ ਵਿਗੜੀਆਂ ਆਦਤਾਂ ਨੂੰ ਸਹੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉ। ਮਾਪਿਆਂ ਦਾ ਅਸਲੀ ਸਰਮਾਇਆ ਔਲਾਦ ਹੁੰਦੀ ਹੈ, ਫੁੱਲੀਆਂ ਹੋਈਆਂ ਜੇਬਾਂ ਨਹੀਂ।

ਜੇਕਰ ਦਸਵੀਂ ਪਾਸ ਕਰਨ ਤੋਂ ਬਾਅਦ ਮੋਬਾਇਲ ਫੋਨ ਲੈ ਕੇ ਦਿੱਤਾ ਹੈ ਤਾਂ ਉਸ ਦੇ ਘਰੋਂ ਬਾਹਰ ਜਾਣ ਸਮੇਂ ਕਦੇ-ਕਦੇ ਉਸ ਨਾਲ ਵੀਡੀਓ ਕਾਲ ਜ਼ਰੂਰ ਕਰੋ ਤਾਂ ਜੋ ਬੱਚਾ ਤੁਹਾਨੂੰ ਸਹੀ ਥਾਂ ਹੋਣ ਸਬੰਧੀ ਜਾਣਕਾਰੀ ਦੇ ਸਕੇ।

ਜਿੱਥੇ ਬੱਚਾ ਟਿਊਸ਼ਨ ’ਤੇ ਜਾਂਦਾ ਹੈ, ਉਸ ਅਧਿਆਪਕ ਨਾਲ ਵੀ ਤਾਲਮੇਲ ਰੱਖਣਾ ਜ਼ਰੂਰੀ ਹੈ।

ਖਾਸ ਤੌਰ ’ਤੇ ਧਿਆਨ ਦਿੱਤਾ ਜਾਵੇ ਕਿ ਬੱਚੇ ਦੇ ਦੋਸਤ ਕਿਹੋ ਜਿਹੇ ਹਨ। ਜੇਕਰ ਇਹੋ-ਜਿਹੇ ਨਵੇਂ ਨਵੇਂ ਦੋਸਤ ਘਰ ਵਿੱਚ ਉਸ ਨੂੰ ਮਿਲਣ ਆਉਂਦੇ ਹਨ, ਜਿਨ੍ਹਾਂ ਦੀਆਂ ਆਦਤਾਂ, ਬੋਲਣ-ਚੱਲਣ ਦਾ ਢੰਗ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਇਹੋ-ਜਿਹੀ ਸੰਗਤ ਤੋਂ ਦੂਰ ਰਹਿਣ ਲਈ ਬੱਚੇ ਨੂੰ ਵਰਜਿਆ ਜਾਵੇ।

ਜੇਕਰ ਬੱਚਾ ਕਿਸੇ ਲੋੜ ਲਈ ਪੈਸੇ ਮੰਗਦਾ ਹੈ ਤਾਂ ਪਹਿਲਾਂ ਉਸ ਲੋੜ ਸਬੰਧੀ ਤਸੱਲੀ ਕਰ ਲਵੋ। ਫਿਰ ਹੀ ਉਸ ਦੀ ਮੰਗ ਅਨੁਸਾਰ ਪੈਸੇ ਦਿਉ। ਬੱਚੇ ਨੂੰ ਕਦੇ ਵੀ ਕੀਲੀ ’ਤੇ ਲਟਕਦੇ ਕਮੀਜ਼ ਦੀ ਜੇਬ ਵਿੱਚੋਂ ਪੈਸੇ ਆਪਣੇ ਆਪ ਲੈਣ ਲਈ ਨਾ ਕਹੋ, ਸਗੋਂ ਆਪ ਉਸ ਦੀ ਤਲੀ ’ਤੇ ਪੈਸੇ ਰੱਖੋ। ਬਾਅਦ ਵਿੱਚ ਇਹ ਤਸੱਲੀ ਵੀ ਕਰ ਲਵੋ ਕਿ ਜਿਸ ਮੰਤਵ ਲਈ ਪੈਸੇ ਦਿੱਤੇ ਗਏ ਹਨ, ਉਸ ਮੰਤਵ ਦੀ ਪੂਰਤੀ ਸਹੀ ਢੰਗ ਨਾਲ ਹੋਈ ਹੈ। ਵਾਧੂ ਪੈਸੇ ਵਾਪਸ ਲੈ ਲਵੋ।

ਜਿਹੜਾ ਕਮਰਾ ਬੱਚੇ ਨੂੰ ਪੜ੍ਹਨ ਲਈ ਦਿੱਤਾ ਹੋਇਆ ਹੈ, ਉੱਥੇ ਵੀ ਧਿਆਨ ਦਿਉ। ਬੱਚੇ ਦਾ ਦਰਵਾਜ਼ਾ ਬੰਦ ਕਰਕੇ ਪੜ੍ਹਨਾ, ਅਗਰਬੱਤੀਆਂ ਲਾਉਣੀਆਂ, ਬਾਰ ਖੜਕਾਉਣ ਤੇ ਕਿੰਨਾ-ਕਿੰਨਾ ਚਿਰ ਦਰਵਾਜਾ ਨਾ ਖੋਲ੍ਹਣਾ ਸ਼ੁਭ ਸੰਕੇਤ ਨਹੀਂ। ਇਸ ਸਬੰਧ ਵਿੱਚ ਧਿਆਨ ਦੇਣ ਦੀ ਲੋੜ ਹੈ।

ਜੇਕਰ ਬੱਚਾ ਬਾਥਰੂਮ ਵਿੱਚ ਕਾਫ਼ੀ ਦੇਰ ਲਾਉਂਦਾ ਹੈ ਤਾਂ ਇਸ ਸਬੰਧੀ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਕਸਰ ਨਸ਼ਾ ਕਰਨ ਵਾਲੇ ਬੱਚੇ ਬਾਥਰੂਮ ਦੀ ਵਰਤੋਂ ਨਸ਼ਾ ਕਰਨ ਲਈ ਕਰਦੇ ਹਨ।

ਬੱਚੇ ਦੀ ਗ਼ੈਰਹਾਜ਼ਰੀ ਵਿੱਚ ਕਮਰੇ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਵੋ। ਜੇਕਰ ਕਮਰੇ ਵਿੱਚ ਮੋਮਬੱਤੀਆਂ, ਅਗਰਬੱਤੀਆਂ, ਮਾਚਿਸਾਂ, ਸਰਿੰਜਾਂ, ਜ਼ਰਦੇ ਦੀਆਂ ਪੁੜੀਆਂ ਦੇ ਉੱਪਰਲੇ ਕਵਰ ਮਿਲਦੇ ਹਨ ਤਾਂ ਬੱਚੇ ਦੇ ਥਿੜਕਣ ਦੇ ਚਿੰਨ੍ਹ ਸਾਡੇ ਸਾਹਮਣੇ ਆ ਜਾਂਦੇ ਹਨ। ਇਹ ਚੋਰ-ਮੋਰੀਆਂ ਬਾਅਦ ਵਿੱਚ ਵੱਡਾ ਮੋਘਾ ਬਣ ਸਕਦੀਆਂ ਨੇ। ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।

ਬੱਚਿਆਂ ਦੀ ਸਿਹਤ ਵਿੱਚ ਦਿਨ-ਬ-ਦਿਨ ਨਿਘਾਰ, ਅੱਖਾਂ ਦਾ ਗਹਿਰਾ ਹੋਣਾ, ਅੱਖਾਂ ਦੇ ਹੇਠਾਂ ਕਾਲੇ ਜਿਹੇ ਨਿਸ਼ਾਨ ਹੋਣਾ, ਨਹੁੰਆਂ ਉੱਤੇ ਚਿੱਟੇ ਜਿਹੇ ਦਾਗਾਂ ਦਾ ਹੋਣਾ, ਹੱਥਾ ਦੇ ਪੋਟੇ ਜਲੇ ਹੋਣਾ, ਭੁੱਖ ਘੱਟ ਲੱਗਣਾ, ਘਰੋਂ ਗ਼ੈਰ ਹਾਜ਼ਰ ਰਹਿਣਾ, ਨਹਾਉਣ ਤੋਂ ਪਰਹੇਜ਼ ਕਰਨਾ, ਕੱਪੜਿਆਂ ਵੱਲ ਵੀ ਧਿਆਨ ਨਾ ਦੇਣਾ, ਗੱਲ ਨੂੰ ਅਣਸੁਣੀ ਕਰ ਦੇਣਾ, ਸੁਭਾਅ ਵਿੱਚ ਚਿੜਚਿੜਾਪਨ ਆ ਜਾਣਾ, ਘਰ ਅਤੇ ਸਕੂਲ ਵਿੱਚ ਡਸਿਪਲਨ ਭੰਗ ਕਰਨਾ, ਰਿਸ਼ਤੇਦਾਰਾਂ ਨੂੰ ਮਿਲਣ ਤੋਂ ਸੰਕੋਚ ਕਰਨਾ, ਪਰਿਵਾਰ ਵਿੱਚ ਨਾ ਬੈਠਣਾ, ਬਾਹਰੋਂ ਉਲਾਂਭੇ ਆਉਣ ਦੀ ਸੂਰਤ ਵਿੱਚ ਕਿਸੇ ਮਾਹਰ ਮਨੋਵਿਗਿਆਨੀ ਦੀ ਸਲਾਹ ਲੈ ਕੇ ਉਸ ’ਤੇ ਅਮਲ ਕਰਨਾ ਅਤੇ ਬੱਚੇ ਤੋਂ ਕਰਵਾਉਣਾ ਅਤਿਅੰਤ ਜ਼ਰੂਰੀ ਹੈ।

ਅਕਸਰ ਧਿਆਨ ਵਿੱਚ ਆਉਂਦਾ ਹੈ ਕਿ ਬੱਚੇ ਦੇ ਥਿੜਕਣ ’ਤੇ ਮਾਪੇ ਸਮਾਜਕ ਨਾਮੋਸ਼ੀ ਦੇ ਡਰ ਕਾਰਨ ਉਸਦੀਆਂ ਕਮਜ਼ੋਰੀਆਂ ਉੱਤੇ ਪੜ੍ਹਦੇ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਵਾਰ ਉਲਾਂਭਾ ਦੇਣ ਵਾਲੇ ਦੇ ਗੱਲ ਪੈ ਕੇ ਆਪਣੇ ਬੱਚੇ ਦਾ ਬਚਾਉ ਕਰਦੇ ਹਨ। ਦਰਅਸਲ ਅਜਿਹੀ ਹਾਲਤ ਵਿੱਚ ਮਾਪੇ ਪਹਾੜ ਜਿੱਡੀ ਗਲਤੀ ਕਰਕੇ ਬੱਚੇ ਨੂੰ ਅਜਿਹੇ ਘਟੀਆ ਕਰਮ ਕਰਨ ਤੋਂ ਰੋਕਣ ਦੀ ਥਾਂ ਉਸ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਉਹ ਹੋਰ ਨਿਡਰ ਹੋ ਕੇ ਘਟੀਆ ਪੱਧਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗ ਜਾਂਦਾ ਹੈ। ਇਸ ਸਬੰਧ ਵਿੱਚ ਮਾਪਿਆਂ ਨੂੰ ਗੰਭੀਰ ਹੋ ਕੇ ਪ੍ਰਾਪਤ ਉਲਾਂਭੇ ਦੀ ਤਹਿ ਤਕ ਜਾ ਕੇ ਬੱਚੇ ਦੀਆਂ ਵਿਗੜੀਆਂ ਆਦਤਾਂ ਉੱਤੇ ਕਾਬੂ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਗੱਲ ਮਾਪਿਆਂ ਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਕਿ ਮੌਕੇ ’ਤੇ ਲੱਗਿਆ ਇੱਕ ਟਾਂਕਾ ਨੌਂ ਟਾਂਕਿਆਂ ਦੀ ਬੱਚਤ ਕਰਦਾ ਹੈ। ਸਾਡੀ ਲਾਪ੍ਰਵਾਹੀ ਕਈ ਵਾਰ ਬੱਚੇ ਦੀ ਜ਼ਿੰਦਗੀ ਦੇ ਨਾਲ-ਨਾਲ ਸਾਡੇ ਭਵਿੱਖ ਨੂੰ ਵੀ ਧੁੰਦਲਾ ਕਰ ਦਿੰਦੀ ਹੈ।

ਸਮਾਜ ਵਿੱਚ ਨਸ਼ਿਆਂ ਦੀ ਹੋਮ ਡਿਲੀਵਰੀ ਨੇ ਜਿੱਥੇ ਕਈ ਘਰਾਂ ਵਿੱਚ ਸੱਥਰ ਵਿਛਾਏ ਹਨ, ਉੱਥੇ ਹੀ ਸਮਾਜ ਵਿੱਚ ਪਸਰੀ ਸੋਗੀ ਹਵਾ ਨੇ ਹਰ ਚੇਤਨ ਵਰਗ ਨੂੰ ਹਲੂਣਿਆ ਹੈ ਅਤੇ ਲੋਕ ਹੁਣ ਸਮਾਜਿਕ ਰੁਝੇਵਿਆਂ, ਮਤਭੇਦ ਅਤੇ ਉੱਚੇ-ਨੀਵੇਂ ਰੁਤਬੇ ਨੂੰ ਭੁੱਲ ਕੇ ਨਸ਼ਿਆਂ ਵਿਰੁੱਧ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਜੰਗਲ ਦੀ ਅੱਗ ਦੀ ਤਰ੍ਹਾਂ ਜੇਕਰ ਇਸ ਉੱਤੇ ਕਾਬੂ ਨਾ ਪਾਇਆ ਗਿਆ ਤਾਂ ਹਰ ਘਰ ਵਿੱਚ ਸੱਥਰ ਉਨ੍ਹਾਂ ਦਾ ਨਸੀਬ ਬਣ ਜਾਵੇਗਾ। ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੋ ਗਿਆ ਹੈ ਕਿ ਨਸ਼ਾ ਤਸਕਰ ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਭਾਰੀ ਗਿਣਤੀ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹਨ ਅਤੇ ਭਾਈਚਾਰਕ ਏਕਾ ਹੀ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋਵੇਗਾ।

ਨਸ਼ਾ ਤਸਕਰਾਂ ਵਿਰੁੱਧ ਮਾਲਵਾ ਇਲਾਕੇ ਵਿੱਚੋਂ ਉੱਠੀ ਵਿਦਰੋਹੀ ਸੁਰ ਹੁਣ ਮਾਝੇ ਅਤੇ ਦੋਆਬੇ ਵਿੱਚ ਵੀ ਫੈਲ ਰਹੀ ਹੈ ਅਤੇ ਲੋਕ ਆਪ ਮੁਹਾਰੇ ਨਸ਼ਾ ਤਸਕਰਾਂ ਨੂੰ ਵੰਗਾਰਨ ਲਈ ਪਿੰਡਾਂ ਦੀਆਂ ਗਲੀਆਂ ਅਤੇ ਸੜਕਾਂ ’ਤੇ ਇਕੱਠੇ ਹੋਣ ਲੱਗ ਪਏ ਹਨ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਨਸ਼ਾ ਤਸਕਰਾਂ ਦੀਆਂ ਨਾ ਹੀ ਸ਼ੀਸ਼ੀਆਂ ਐਨੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਭੰਨਿਆ ਨਾ ਜਾ ਸਕੇ ਅਤੇ ਨਾ ਪੈਰ ਐਨੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ। ਪਿੰਡਾਂ ਵਿੱਚ ਔਰਤਾਂ, ਨੌਜਵਾਨਾਂ ਅਤੇ ਮਰਦਾਂ ਵੱਲੋਂ ਲਾਏ ਪਹਿਰੇ ਅਤੇ ਨਾਕਿਆਂ ਨੇ ਨਸ਼ਾ ਤਸਕਰਾਂ ਦੇ ਨਾਸੀਂ ਧੂੰਆਂ ਲਿਆ ਦਿੱਤਾ ਹੈ। ਲੋਕਾਂ ਨੇ ਇਕੱਠੇ ਹੋ ਕੇ ਤਸਕਰਾਂ ਨੂੰ ਨਸ਼ਾ ਨਾ ਵੇਚਣ ਦੀ ਦਿੱਤੀ ਵਾਰਨਿੰਗ ਨਾਲ ਉਨ੍ਹਾਂ ਦੇ ਭਾਵੇਂ ਸਾਹ ਸੂਤੇ ਗਏ ਹਨ ਪਰ ਜ਼ਹਿਰੀਲੇ ਸੱਪ ਦੇ ਜ਼ਹਿਰ ਘੋਲਣ ਵਾਂਗ ਕਈ ਥਾਂਵਾਂ ’ਤੇ ਉਨ੍ਹਾਂ ਨੇ ਨਸ਼ਾ ਵਿਰੋਧੀ ਕਮੇਟੀਆਂ ਦੇ ਮੈਂਬਰਾਂ ਤੇ ਕੀਤੇ ਜਾਨਲੇਵਾ ਹਮਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਅਜਿਹੇ ਕੌਮ ਵਿਰੋਧੀ ਲੋਕਾਂ ਨੇ ਸਾਡੀ ਪੀੜ੍ਹੀ ਨੂੰ ਬਰਬਾਦ ਕਰਨ ਲਈ ਦਰਿੰਦਗ਼ੀ ਦਾ ਰਾਹ ਵੀ ਚੁਣਿਆ ਹੋਇਆ ਹੈ। ਲੋਕਾਂ ਨੂੰ ਅਜਿਹੀਆਂ ਤਾਕਤਾਂ ਦੇ ਮੁਕਾਬਲੇ ਲਈ ਇੱਕ-ਮੁੱਠ ਹੋ ਕੇ ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਵੀ ਕੰਮ ਲੈਣਾ ਹੋਵੇਗਾ। ਅਜਿਹੀਆਂ ਗਿੱਦੜ ਧਮਕੀਆਂ ਔਰਤਾਂ, ਮਰਦਾਂ ਅਤੇ ਨੌਜਵਾਨਾਂ ਦੇ ਏਕੇ ਸਾਹਮਣੇ ਟਿੱਕ ਨਹੀਂ ਸਕਦੀਆਂ। ਲੋਕਾਂ ਦੇ ਲਾਏ ਨਾਕੇ ਅਤੇ ਪਹਿਰੇਦਾਰੀ ਭਵਿੱਖ ਲਈ ਸ਼ੁਭ ਸ਼ਗਨ ਹੈ। ਸਮਾਜਿਕ ਦਬਾਉ, ਸਮਾਜਿਕ ਪਹਿਰੇਦਾਰੀ ਅਤੇ ਸਮਾਜਿਕ ਨਾਮੋਸ਼ੀ ਅਜਿਹੇ ਬਿਗੜੇ ਤਸਕਰਾਂ ਨੂੰ ਸਹੀ ਰਾਹ ’ਤੇ ਲਿਆਉਣ ਵਿੱਚ ਜ਼ਰੂਰ ਕਾਮਯਾਬ ਹੋਵੇਗੀ। ਹਾਂ, ਲੋਕਾਂ ਦੇ ਲਾਏ ਨਾਕਿਆਂ ਅਤੇ ਬੁਲੰਦ ਨਾਅਰਿਆਂ ਵਿੱਚ ਹਿੰਸਾਤਮਕ ਕਾਰਵਾਈ ਨਹੀਂ ਜੁੜਨੀ ਚਾਹੀਦੀ। ਲੋਕ ਏਕਤਾ ਨੂੰ ਕਾਨੂੰਨ ਦੀ ਰੱਖਿਆ ਕਰਨ ਲਈ ਵੀ ਵਚਨਬੱਧ ਹੋਣਾ ਪਵੇਗਾ।

ਮਾਪੇ ਆਪਣੀ ਔਲਾਦ ਪ੍ਰਤੀ ਰੋਲ ਮਾਡਲ ਵਾਲਾ ਫਰਜ਼ ਨਿਭਾਉਣ, ਸਮਾਜ ਨਸ਼ਾ ਤਸਕਰਾਂ ਉੱਤੇ ਪਹਿਰੇਦਾਰੀ ਰੱਖੇ ਅਤੇ ਸਰਕਾਰ ਮਾਪਿਆਂ ਅਤੇ ਸਮਾਜ ਦੇ ਹਿਤਾਂ ਦੀ ਰਾਖੀ ਕਰਦਿਆਂ ਨਸ਼ਾ ਤਸਕਰੀ ਨੂੰ ਦੂਰ ਕਰਨ ਲਈ ਦ੍ਰਿੜ੍ਹ ਇੱਛਾ ਸ਼ਕਤੀ ਨੂੰ ਅਮਲੀਜਾਮਾ ਪਹਿਨਾਵੇ ਤਾਂ ਨਸ਼ੇ ਦੇ ਦੈਂਤ ਨੂੰ ਹਰ ਹਾਲਤ ਵਿੱਚ ਚਿੱਤ ਕਰ ਦਿੱਤਾ ਜਾਵੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4208)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author