MohanSharma8ਪੰਜ ਕਿੱਲੇ ਜ਼ਮੀਨ ਵਿੱਚੋਂ ਤਿੰਨ ਕਿੱਲੇ ਇਹਨੇ ਨਸ਼ਿਆਂ ਦੇ ਲੇਖੇ ਲਾ ਦਿੱਤੇ ਅਤੇ ਹੁਣ ਬਾਕੀ ਰਹਿੰਦੇ ...
(21 ਮਾਰਚ 2025)

 

ਨਸ਼ਈਆਂ ਦਾ ਆਪਣਾ ਨਾਸ਼ਵਾਨ ਸੰਸਾਰ ਹੁੰਦਾ ਹੈਖੁੰਢੀ ਸੋਚ, ਰਿਸ਼ਤਿਆਂ ਦੀ ਲੋਕ-ਲੱਜ ਤੋਂ ਬੇਖਬਰ, ਖੁਦਗਰਜ਼ੀ ਦੀ ਭਾਵਨਾ ਭਾਰੂ, ਨਸ਼ੇ ਦੀ ਪ੍ਰਾਪਤੀ ਲਈ ਘਟੀਆ ਤੋਂ ਘਟੀਆ ਪੱਧਰ ਤਕ ਜਾਣ ਤੋਂ ਵੀ ਸੰਕੋਚ ਨਹੀਂ ਕਰਦੇਨਸ਼ਾ ਮਿਲ ਗਿਆ ਤਾਂ ਢੋਲੇ ਦੀਆਂ ਗਾਉਂਦੇ ਨੇ, ਜੇ ਨਸ਼ਾ ਨਹੀਂ ਮਿਲਿਆ ਤਾਂ ਕੰਧਾਂ ਕੌਲ਼ਿਆਂ ਵਿੱਚ ਟੱਕਰਾਂ ਮਾਰਦੇ ਫਿਰਦੇ ਨੇਰਾਤ ਸਮੇਂ ਜਦੋਂ ਲੋਕ ਘੂਕ ਸੁੱਤੇ ਪਏ ਹੁੰਦੇ ਨੇ, ਉਸ ਸਮੇਂ ਨਸ਼ਈ ਆਉਣ ਵਾਲੇ ਸਮੇਂ ਲਈ ਨਸ਼ੇ ਦਾ ਜੁਗਾੜ ਬਣਾਉਣ ਵਾਸਤੇ ਵਿਉਂਤਬੰਦੀ ਕਰਕੇ ਠੱਗੀ ਠੋਰੀ ਜਾਂ ਫਿਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇਅਜਿਹਾ ਕੁਝ ਉਹ ਦਿਨ ਦਿਹਾੜੇ ਵੀ ਕਰ ਲੈਂਦੇ ਨੇਉਹ ਰੋਟੀ ਦੀ ਭੁੱਖ ਸਹਿ ਸਕਦੇ ਹਨ ਪਰ ਨਸ਼ੇ ਦੀ ਤੋੜ ਝੱਲਣਾ ਉਹਨਾਂ ਵਾਸਤੇ ਬਹੁਤ ਹੀ ਮੁਸ਼ਕਿਲ ਹੁੰਦਾ ਹੈ

ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਕੰਮ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਨਸ਼ਈਆਂ ਨਾਲ ਮੇਰਾ ਵਾਹ ਪਿਆ ਹੈਦਾਖ਼ਲ ਨਸ਼ਈ ਮਰੀਜ਼ ਅੰਦਾਜ਼ਨ ਦਸ ਕੁ ਦਿਨਾਂ ਵਿੱਚ ਦਵਾਈ ਅਤੇ ਦੁਆ ਦੇ ਸੁਮੇਲ ਨਾਲ ਨਸ਼ੇ ਦੀ ਤੋੜ ਵਾਲੀ ਸਥਿਤੀ ਵਿੱਚੋਂ ਕਾਫੀ ਹੱਦ ਤਕ ਬਾਹਰ ਆ ਜਾਂਦੇ ਸਨਦਾਖ਼ਲ ਹੋਏ ਦੂਜੇ ਸਾਥੀਆਂ ਨਾਲ ਉਹ ਆਪਣੇ ਕੀਤੇ ‘ਕਾਰਨਾਮੇਸਾਂਝੇ ਕਰ ਲੈਂਦੇ ਸਨਉਹਨਾਂ ਦੇ ਦੋਸਤ, ਭਰਾ ਅਤੇ ਹੋਰ ਨੇੜਤਾ ਦੇ ਰਿਸ਼ਤੇ ਸਿਰਜਣ ਉਪਰੰਤ ਉਹ ਮੇਰੇ ਨਾਲ ਵੀ ਦਿਲ ਹੌਲਾ ਕਰ ਲੈਂਦੇ ਸਨਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਨੌਜਵਾਨ ਨਸ਼ਾ ਛੱਡਣ ਲਈ ਦਾਖਲ ਹੋਏਉਹ ਆਪਸ ਵਿੱਚ ਚਚੇਰੇ ਭਰਾ ਸਨਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਨਸ਼ਾ ਕਰਨ ਲਈ ਪੈਸੇ ਦਾ ਜੁਗਾੜ ਉਹ ਕਿਸ ਤਰ੍ਹਾਂ ਕਰਦੇ ਰਹੇ ਇੱਕ ਦੋ ਵਾਰ ਜ਼ੋਰ ਦੇ ਕੇ ਪੁੱਛਣ ’ਤੇ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਬੱਸ ਜੀ, ਝੱਸ ਪੂਰਾ ਕਰਨ ਲਈ ਕੋਈ ਨਾ ਕੋਈ ਤਾਂ ਬੰਨ੍ਹ ਸੁੱਬ ਕਰਨਾ ਹੀ ਪੈਂਦਾ ਸੀਘਰ ਵਾਲਿਆਂ ਨੇ ਤਾਂ ਪੈਸਿਆਂ ਲਈ ਕੋਰਾ ਜਵਾਬ ਦੇ ਦਿੱਤਾ ਸੀਕਈ ਵਾਰੀ ਤਾਂ ਅਸੀਂ ਇਸ ਤਰ੍ਹਾਂ ਕੀਤਾ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਸੀਂ ਬਜ਼ਾਰ ਵਿੱਚ ਨਿਕਲ ਜਾਂਦੇਜਿੱਥੇ ਕਿਤੇ ਇਕੱਲੀ ਕੁੜੀ ਨੂੰ ਮੋਬਾਇਲ ’ਤੇ ਗੱਲਾਂ ਕਰਦਿਆਂ ਵੇਖ ਲੈਂਦੇ, ਉੱਥੇ ਹੀ ਮੋਟਰਸਾਈਕਲ ਰੋਕ ਕੇ ਜਾਣ ਸਾਰ ਕੁੜੀ ਦੇ ਦੋ ਤਿੰਨ ਕਰਾਰੇ ਜਿਹੇ ਥੱਪੜ ਲਾ ਕੇ ਉੱਚੀ ਆਵਾਜ਼ ਵਿੱਚ ਕਹਿਣਾ, ‘ਤੂੰ ਇੱਥੇ ਫਿਰਦੀ ਹੈਂ, ਘਰੇ ਪਾਪਾ ਜੀ ਉਡੀਕੀ ਜਾਂਦੇ ਨੇ ਕੁੜੀ ਬੌਂਦਲ ਜਾਂਦੀ, ਅਸੀਂ ਉਹਦਾ ਮੋਬਾਇਲ ਖੋਹ ਕੇ ਮੋਟਰਸਾਈਕਲ ’ਤੇ ਦੌੜ ਜਾਂਦੇਆਲੇ ਦੁਆਲੇ ਵਾਲਿਆਂ ਨੂੰ ਤਾਂ ਪ੍ਰਭਾਵ ਪੈਂਦਾ ਕਿ ਕੁੜੀ ਦੇ ਭਰਾ ਨੇ, ਇਸ ਕਰਕੇ ਕੋਈ ਨਾ ਬੋਲਦਾਜਦੋਂ ਨੂੰ ਕੁੜੀ ਬੋਲਣ ਦੀ ਸਥਿਤੀ ਵਿੱਚ ਹੁੰਦੀ ਉਦੋਂ ਨੂੰ ਅਸੀਂ ਖਿਸਕ ਜਾਂਦੇਮੋਬਾਇਲ ਵੇਚ ਕੇ ਨਸ਼ਾ ਖਰੀਦ ਲੈਂਦੇਬੱਸ ਜੀ, ਇਸ ਤਰ੍ਹਾਂ ਹੀ ਡੰਗ ਟਪਾਈ ਕਰੀ ਜਾਂਦੇ।”

ਇੱਕ ਹੋਰ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸ ਚੁੱਕੇ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਉਪਰੰਤ ਜਦੋਂ ਉਹਦੇ ਅਤੀਤ ਦੇ ਪੰਨੇ ਫਰੋਲੇ ਤਾਂ ਉਸਨੇ ਗੱਚ ਭਰ ਕੇ ਦੱਸਿਆ, “ਨਸ਼ਿਆਂ ਕਾਰਨ ਮੈਂ ਬਹੁਤ ਕੁਝ ਬਰਬਾਦ ਕਰ ਚੁੱਕਿਆ ਹਾਂਨਸ਼ੇ ਦੀ ਪੂਰਤੀ ਲਈ ਅਫਰੀਕੀ ਕਾਲ਼ੇ ਤੋਂ ਦਿੱਲੀ ਜਾ ਕੇ ਚਿੱਟਾ ਲਿਆਉਂਦਾ ਅਤੇ ਇੱਧਰ ਮਹਿੰਗੇ ਭਾਅ ਵੇਚ ਕੇ ਨਸ਼ੇ ਦੀ ਪੂਰਤੀ ਕਰਦਾ ਰਿਹਾਕਈ ਵਾਰ ਬੇਹੋਸ਼ ਵੀ ਹੋਇਆਪੁਲਿਸ ਦੇ ਧੱਕੇ ਵੀ ਚੜ੍ਹਿਆਮੈਂ ਮਾਂ-ਬਾਪ ਦਾ ਇਕਲੌਤਾ ਪੁੱਤ ਹਾਂਮੇਰੀ ਮਾਂ ਤਾਂ ਮੇਰੀ ਇਹ ਹਾਲਤ ਵੇਖ ਕੇ ਦਮ ਤੋੜ ਗਈਰਿਸ਼ਤੇਦਾਰ ਘਰ ਅਫਸੋਸ ਕਰਨ ਆਉਂਦੇ ਪਰ ਮੈਂ ਉਹਨਾਂ ਨੂੰ ਨਸ਼ੇ ਵਿੱਚ ਟੱਲੀ ਮਿਲਦਾ ਥੋੜ੍ਹੇ ਚਿਰ ਬਾਅਦ ਬਾਪੂ ਵੀ ਮੇਰੇ ਗਮ ਕਾਰਨ ਮੰਜੇ ’ਤੇ ਪੈ ਗਿਆ

ਫਿਰ ਉਸਨੇ ਗੱਚ ਭਰ ਕੇ ਕਿਹਾ, “ਸਰ, ਹਸਪਤਾਲ ਵਿੱਚ ਬਾਪ ਵੈਂਟੀਲੇਟਰ ’ਤੇ ਪਿਆ ਸੀ ਅਤੇ ਮੈਂ ਬਾਹਰ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਬੈਠਾ ਚਿੱਟੇ ਦਾ ਟੀਕਾ ਲਾ ਰਿਹਾ ਸੀਮਾਂ, ਬਾਪ ਦੀ ਮੌਤ ਉਪਰੰਤ ਮੇਰੀਆਂ ਭੈਣਾਂ ਨੇ ਜ਼ਿਦ ਕਰਕੇ ਮੈਨੂੰ ਤੁਹਾਡੇ ਲੜ ਲਾਇਆਸਰ, ਹੁਣ ਮੈਂ ਬਹੁਤ ਪਛਤਾ ਰਿਹਾ ਹਾਂ।”

ਇੱਕ ਨਸ਼ਈ ਨੂੰ ਨਸ਼ਾ ਮੁਕਤ ਕਰਵਾਉਣ ਲਈ ਉਸ ਦੀ ਪਤਨੀ ਲੈ ਕੇ ਆ ਗਈਨਸ਼ਈ ਦੀ ਬਜ਼ੁਰਗ ਮਾਂ ਵੀ ਨਾਲ ਹੀ ਸੀਦੋਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਰੇਖਾਵਾਂ ਸਨਉਨ੍ਹਾਂ ਦੀਆਂ ਖੁਸ਼ਕ ਅਤੇ ਵੀਰਾਨ ਅੱਖਾਂ ਤੋਂ ਘਰ ਦੀ ਬਰਬਾਦੀ ਦਾ ਪਤਾ ਲਗਦਾ ਸੀਉਹਨਾਂ ਨੂੰ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕਰਦਿਆਂ ਮੈਂ ਨਸ਼ਈ ਵੱਲ ਨਜ਼ਰ ਮਾਰੀਨਸ਼ੇ ਕਾਰਨ ਉਹ ਤੁਰਦੀ ਫਿਰਦੀ ਲਾਸ਼ ਵਾਂਗ ਲੱਗ ਰਿਹਾ ਸੀਔਰਤ ਨੇ ਖੂਨ ਦੇ ਅੱਥਰੂ ਕੇਰਦਿਆਂ ਦੱਸਿਆ, “ਇਹਨੂੰ ਤਾਂ ਜੀ ਕੋਈ ਲਹੀ-ਤਹੀ ਦੀ ਨਹੀਂਪੰਜ ਕਿੱਲੇ ਜ਼ਮੀਨ ਵਿੱਚੋਂ ਤਿੰਨ ਕਿੱਲੇ ਇਹਨੇ ਨਸ਼ਿਆਂ ਦੇ ਲੇਖੇ ਲਾ ਦਿੱਤੇ ਅਤੇ ਹੁਣ ਬਾਕੀ ਰਹਿੰਦੇ ਦੋ ਕਿੱਲਿਆਂ ’ਤੇ ਵੀ ਇਹਦੀ ਅੱਖ ਸੀਮੈਂ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਉਹਨਾਂ ਦੋਂਹ ਕਿੱਲਿਆਂ ’ਤੇ ਅਦਾਲਤ ਵੱਲੋਂ ਸਟੇਅ ਲੈ ਲਈਘਰ ਦੋ ਮੱਝਾਂ ਰੱਖੀਆਂ ਹੋਈਆਂ ਨੇ ਉਨ੍ਹਾਂ ਦਾ ਦੁੱਧ ਵੇਚ ਕੇ ਅਸੀਂ ਘਰ ਦਾ ਗੁਜ਼ਾਰਾ ਕਰਦੇ ਹਾਂਪਰਸੋਂ ਮੈਨੂੰ ਜ਼ਰੂਰੀ ਕੰਮ ਲਈ ਪੇਕੀਂ ਜਾਣਾ ਪੈ ਗਿਆਆਉਂਦਿਆਂ ਨੂੰ ਸੁੰਨੇ ਕੀਲੇ ਦੇਖ ਕੇ ਮੇਰੀ ਭੁੱਬ ਨਿਕਲ ਗਈਇਹਨੇ ਜੀ ਉਹ ਵੀ ਕੌਡੀਆਂ ਦੇ ਭਾਅ ਵੇਚ ਕੇ ਜਵਾਕਾਂ ਦੇ ਮੂੰਹੋਂ ਰੋਟੀ ਖੋਹ ਲਈ … …

ਉਹ ਔਰਤ ਹੋਰ ਦੁੱਖ ਦੱਸ ਕੇ ਆਪਣਾ ਮਨ ਹੌਲਾ ਕਰਨਾ ਚਾਹੁੰਦੀ ਸੀਨਸ਼ਈ ਨੂੰ ਤੁਰੰਤ ਦਾਖਲ ਕਰਨ ਦੇ ਫੈਸਲੇ ਉਪਰੰਤ ਮੈਂ ਜਦੋਂ ਨੂੰਹ-ਸੱਸ ਨੂੰ ਸੰਸਥਾ ਦੇ ਨਿਯਮਾਂ ਸੰਬੰਧੀ ਦੱਸਣ ਲੱਗਿਆ ਤਾਂ ਪੋਟਾ ਪੋਟਾ ਦੁਖੀ ਔਰਤ ਨੇ ਮੇਰੀ ਗੱਲ ਕੱਟਦਿਆਂ ਰੋਣ ਹਾਕੀ ਆਵਾਜ਼ ਵਿੱਚ ਕਿਹਾ, “ਤੁਸੀਂ ਜੀ ਇਹਨੂੰ ਦਾਖਲ ਕਰੋਸਾਡਾ ਜਿੱਥੇ ਮਰਜ਼ੀ ’ਗੂਠਾ ਲਵਾ ਲਵੋਇਲਾਜ ਦੇ ਦਰਮਿਆਨ ਜੇ ਇਹ ਮਰ ਵੀ ਜਾਂਦਾ ਹੈ ਤਾਂ ਸਾਨੂੰ ਦੱਸਣ ਦੀ ਲੋੜ ਨਹੀਂਤੁਸੀਂ ਹੀ ਫੂਕ ਦਿਓਲੱਕੜਾਂ ਦੇ ਪੈਸੇ ਅਸੀਂ ਦੇ ਦੇਵਾਂਗੇ” ਨੂੰਹ-ਸੱਸ ਦੇ ਅੱਥਰੂ ਪਰਲ ਪਰਲ ਵਹਿ ਰਹੇ ਸਨ

ਇੱਕ 20-22 ਸਾਲਾਂ ਦੇ ਨਸ਼ਈ ਨੌਜਵਾਨ ਨੂੰ ਉਸਦਾ ਬਾਪ ਇਲਾਜ ਲਈ ਲੈ ਕੇ ਆਇਆਨੌਜਵਾਨ ਦੀ ਜਵਾਨੀ ਤਾਂ ਨਸ਼ਿਆਂ ਨੇ ਹੀ ਨਿਗਲ ਲਈ ਸੀਇਸ ਉਮਰ ਵਿੱਚ ਹੀ ਝੁਰੜੀਆਂ ਪੈ ਗਈਆਂ ਸਨਬਾਪ ਨੇ ਆਉਂਦਿਆਂ ਹੀ ਦੱਸਿਆ, “ਮੈਂ ਜੀ ਵਿੱਦਿਆ ਵਿਭਾਗ ਵਿੱਚ ਇੱਕ ਸਕੂਲ ਦਾ ਹੈਡਮਾਸਟਰ ਹਾਂਲੋਕ ਇੱਜ਼ਤ ਕਰਦੇ ਹਨਪਰ ਇਹਦੇ ਕਾਰਨ ਸਾਨੂੰ ਲੋਕਾਂ ਸਾਹਮਣੇ ਨੀਵੀਂ ਪਾ ਕੇ ਚੱਲਣਾ ਪੈਂਦਾ ਹੈਨਿੱਤ ਦੇ ਉਲਾਂਭੇ, ਚੋਰੀਆਂ, ਠੱਗੀਆਂ, ਲੜਾਈ ਝਗੜੇ ਇਹਦਾ ਰੋਜ਼ ਦਾ ਕੰਮ ਹੈਨਸ਼ੇ ਵਿੱਚ ਟੱਲੀ ਰਹਿੰਦੈਡੱਕਾ ਦੂਹਰਾ ਨਹੀਂ ਕਰਦਾਘਰ ਦੀ ਜਿਹੜੀ ਚੀਜ਼ ਹੱਥ ਲੱਗੇ, ਉਹ ਹੀ ਵੇਚ ਦਿੰਦਾ ਹੈਬਾਹਰ ਵੀ ਲੋਕਾਂ ਨੂੰ ਇਹਦੀਆਂ ਹਰਕਤਾਂ ਦਾ ਪਤਾ ਹੈ, ਇਸ ਕਰਕੇ ਇਹਨੂੰ ਕੋਈ ਮੂੰਹ ਨਹੀਂ ਲਾਉਂਦਾਘਰ ਵੀ ਪੂਰੀ ਚੌਕਸੀ ਰੱਖਦੇ ਹਾਂ, ਪਰ ਫਿਰ ਵੀ ਇਹ ਸਾਨੂੰ ਥੁੱਕ ਲਾ ਹੀ ਜਾਂਦਾ ਹੈ

ਥੋੜ੍ਹਾ ਜਿਹਾ ਰੁਕ ਕੇ ਉਹਨੇ ਫਿਰ ਆਪਣਾ ਦੁੱਖ ਰੋਂਦਿਆਂ ਕਿਹਾ, “ਹਫਤਾ ਕੁ ਪਹਿਲਾਂ ਸਾਰਾ ਪਰਿਵਾਰ ਸੁੱਤਾ ਪਿਆ ਸੀਸਾਨੂੰ ਨਹੀਂ ਪਤਾ ਕਦੋਂ ਅਤੇ ਕਿਵੇਂ ਇਸਨੇ ਪਾਣੀ ਵਾਲੀ ਮੋਟਰ ਖੋਲ੍ਹ ਲਈ ਅਤੇ ਕੰਧ ਟੱਪ ਕੇ ਭੱਜ ਗਿਆਸਾਨੂੰ ਤਾਂ ਸਵੇਰੇ ਪਤਾ ਲੱਗਿਆ ਖੜ੍ਹੇ ਪੈਰ ਨਵੀਂ ਮੋਟਰ ਲਗਵਾਉਣੀ ਪਈਬੜਾ ਦੁਖੀ ਕੀਤਾ ਹੈ ਇਸਨੇਪੰਜ ਦਿਨਾਂ ਪਿੱਛੋਂ ਕੱਲ੍ਹ ਵੜਿਐਇਹਨੂੰ ਨਵਾਂ ਜੀਵਨ ਦਿਉਸਾਡਾ ਸਾਰਾ ਪਰਿਵਾਰ ਤੁਹਾਨੂੰ ਅਸੀਸਾਂ ਦੇਵੇਗਾਇਹਦੇ ਕਾਰਨ ਘਰ ਦੀ ਪਾਣੀਉਂ ਪਤਲੀ ਹੋ ਗਈ ਹੈ।”

ਇਸ ਤਰ੍ਹਾਂ ਦੇ ਅਨੇਕਾਂ ਨੌਜਵਾਨਾਂ ਨੇ ਘਰਾਂ ਦੇ ਚੁੱਲ੍ਹੇ ਠੰਢੇ ਕਰਨ ਦੇ ਨਾਲ ਨਾਲ ਘਰਾਂ ਦੀ ਬਰਕਤ ਨੂੰ ਵੀ ਗੁੰਮ ਕਰ ਦਿੱਤਾ ਹੈ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author