“ਪਿਛਲੇ ਵਰ੍ਹੇ ’ਤੇ ਝਾਤ ਮਾਰਦਿਆਂ ਨਿੱਜੀ ਜ਼ਿੰਦਗੀ ਵਿੱਚ ...”
(31 ਦਸੰਬਰ 2019)
ਸਮੇਂ ਦੀ ਕਰਵਟ ਨੇ ਸਾਲ 2019 ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਹੈ ਅਤੇ 2020 ਵਰ੍ਹੇ ਨੇ ਸਾਡੀ ਜ਼ਿੰਦਗੀ ਦੀ ਦਹਿਲੀਜ਼ ’ਤੇ ਦਸਤਕ ਦਿੱਤੀ ਹੈ। ਨਵੇਂ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ, ਦੁਆਵਾਂ, ਉਤਸ਼ਾਹ ਅਤੇ ਉਮੰਗਾਂ ਭਰਭੂਰ ਸੁਨੇਹੇ ਸਾਡੇ ਮਨ-ਵਿਹੜਿਆਂ ਦਾ ਸ਼ਿੰਗਾਰ ਬਣ ਰਹੇ ਹਨ।
ਪਿਛਲੇ ਵਰ੍ਹੇ ’ਤੇ ਝਾਤ ਮਾਰਦਿਆਂ ਨਿੱਜੀ ਜ਼ਿੰਦਗੀ ਵਿੱਚ ਹਾਸਿਆਂ-ਖੇੜ੍ਹਿਆਂ ਦੇ ਨਾਲ-ਨਾਲ ਅੱਥਰੂਆਂ ਦਾ ਮੌਸਮ ਵੀ ਸਾਡੇ ਵਿੱਚੋਂ ਬਹੁਤ ਸਾਰਿਆਂ ਦੇ ਹਿੱਸੇ ਆਇਆ ਹੋਵੇਗਾ। ਸਿਵਿਆਂ ਦੀ ਬਲਦੀ ਅੱਗ ਦੇ ਸੇਕ ਨਾਲ ਕਈਆਂ ਦੇ ਮਨ ਦੇ ਪੋਟੇ ਵੀ ਝੁਲਸੇ ਗਏ ਹੋਣਗੇ। ਕਿਸੇ ਵਿਦਵਾਨ ਦੇ ਇਹ ਬੋਲ, “ਜਦੋਂ ਸਿਵਾ ਬਲਦਾ ਹੈ ਤਾਂ ਜਿੰਨਾ-ਜਿੰਨਾ ਜਾਣ ਵਾਲੇ ਨਾਲ ਕਿਸੇ ਦਾ ਰਿਸ਼ਤਾ ਹੁੰਦਾ ਹੈ, ਉੰਨਾ-ਉੰਨਾ ਸਿਵੇ ਦੇ ਸੇਕ ਨਾਲ ਉਹ ਵੀ ਨਾਲ ਹੀ ਮੱਚਦਾ ਹੈ। ਹਾਂ, ਕਈ ਸਿਰਫ ਮਜਲਸ ਦਾ ਹਿੱਸਾ ਬਣਨ ਲਈ ਗਏ ਹੁੰਦੇ ਹਨ, ਉਨ੍ਹਾਂ ਲਈ ਸਿਰਫ ਹਾਜ਼ਰੀ ਭਰਨੀ ਇੱਕ ਸਮਾਜਿਕ ਕਰਮ ਦਾ ਹਿੱਸਾ ਹੀ ਹੁੰਦਾ ਹੈ।” ਦਰਅਸਲ ਜ਼ਿੰਦਗੀ ਹਾਸਿਆਂ, ਹੰਝੂਆਂ, ਪੀੜਾਂ, ਅਕਹਿ ਦਰਦ ਅਤੇ ਕਹਿਕਹਿਆਂ ਦਾ ਸੁਮੇਲ ਹੀ ਤਾਂ ਹੁੰਦੀ ਹੈ।
ਨਵੇਂ ਵਰ੍ਹੇ ਦੀ ਆਮਦ ’ਤੇ ਅਸੀਂ ਇਸ ਸੁਖਦ ਅਹਿਸਾਸ ਨਾਲ ਜ਼ਿੰਦਗੀ ਦੇ ਕਦਮ ਪੁੱਟੀਏ ਕਿ ਸਾਡਾ ਨਿੱਜਤਾ ਦਾ ਸਫਰ ਖੁਸ਼ਗਵਾਰ ਹੋਵੇ। ਔਂਕੜਾਂ, ਦੁਸ਼ਵਾਰੀਆਂ, ਗੁਰਬਤ ਅਤੇ ਖਾਲੀ ਜੇਬ ਨਾਲ ਸਫਰ ਸਾਡੇ ਅੰਗ-ਸੰਗ ਨਾ ਹੋਵੇ। ਸਾਡੇ ਘਰਾਂ ਵਿੱਚੋਂ ਮੋਹ, ਅਪਣੱਤ ਅਤੇ ਸਤਿਕਾਰ ਦੀ ਮਹਿਕ ਆਵੇ।
ਦਰਅਸਲ ਮਕਾਨ ਅਤੇ ਘਰ ਵਿੱਚ ਜਮੀਨ-ਅਸਮਾਨ ਦਾ ਫਰਕ ਹੈ। ਮਹਿਲ-ਨੁਮਾ ਉਸਾਰੀ ਕੋਠੀ, ਕੀਮਤੀ ਮਾਰਬਲ ਦਾ ਫਰਸ਼, ਆਧੁਨਿਕ ਬਹੁਮੁੱਲਾ ਫਰਨੀਚਰ ਅਤੇ ਸ਼ਾਹੀ ਠਾਠ-ਬਾਠ ਨੂੰ ਦਰਸਾਉਂਦੇ ਹੋਰ ਨਿਕ-ਸੁਕ ਵਾਲੀ ਚਾਰ ਦਿਵਾਰੀ ਵਿੱਚੋਂ ਜੇਕਰ ਮੋਹ, ਅਪਣੱਤ, ਸਤਿਕਾਰ, ਰਿਸ਼ਤਿਆਂ ਦਾ ਨਿੱਘ, ਬਜ਼ੁਰਗਾਂ ਦੀਆਂ ਅਸੀਸਾਂ ਅਲੋਪ ਹਨ ਅਤੇ ਪਰਿਵਾਰਕ ਮਾਹੌਲ ਇਸ ਤਰ੍ਹਾਂ ਦੇ ਕਾਵਿ ਮਈ ਸਤਰਾਂ ਦੇ ਦੁਆਲੇ ਘੁਮਦਾ ਹੈ:
ਹੁਣ ਇਹ ਹਾਲਤ ਅਸਾਡੇ ਘਰ ਦੀ ਹੈ।
ਮਸਕੁਰਾਹਟ ਵੀ ਜ਼ਖ਼ਮ ਕਰਦੀ ਹੈ।
ਤਾਂ ਅਜਿਹੀ ਮਹਿਲ-ਨੁਮਾ ਕੋਠੀ ਨੂੰ ਅਸੀਂ ਸਿਰਫ ਮਕਾਨ ਹੀ ਕਹਾਂਗੇ। ਪਰ ਜੇਕਰ ਚਾਰ ਦਿਵਾਰੀ ਦੇ ਅੰਦਰੋਂ ਘੁੰਗਰੂਆਂ ਵਾਂਗ ਹਾਸਿਆਂ ਦੀ ਛਣਕਾਰ ਆਉਂਦੀ ਹੈ, ਇੱਕ ਦੂਜੇ ਦੇ ਜਜ਼ਬਾਤਾਂ ਦੀ ਕਦਰ ਕੀਤੀ ਜਾਂਦੀ ਹੈ, ਪਰਿਵਾਰਕ ਮੁਖੀ ਦੇ ਬੋਲਾਂ ਨੂੰ ਰੱਬੀ ਹੁਕਮ ਮੰਨ ਕੇ ਪਾਲਣਾ ਕੀਤੀ ਜਾਂਦੀ ਹੈ, ਨੂੰਹ-ਸੱਸ ਦਾ ਰਿਸ਼ਤਾ ਮਾਂ-ਧੀ ਵਰਗਾ ਹੈ, ਆਪੋ-ਧਾਪੀ ਦੀ ਥਾਂ ਗੰਭੀਰ ਪਰਿਵਾਰਕ ਮਸਲੇ ਵੀ ਮੁੱਠੀ ਬੰਦ ਰੱਖ ਕੇ ਆਪਸ ਵਿੱਚ ਨਜਿੱਠ ਲਏ ਜਾਂਦੇ ਹਨ ਤਾਂ ਅਜਿਹੀ ਚਾਰ ਦਿਵਾਰੀ ਵਿੱਚ ਉਸਾਰੇ ਕਮਰਿਆਂ ਨੂੰ ਘਰ ਕਿਹਾ ਜਾਂਦਾ ਹੈ ਅਤੇ ਰਹਿਮਤਾਂ ਦਾ ਮੀਂਹ ਵੀ ਅਜਿਹੇ ਘਰਾਂ ਵਿੱਚ ਹੀ ਵਰਸਦਾ ਹੈ। ਅਸੀਂ ਅਜਿਹੇ ਘਰਾਂ ਵਿੱਚ ਰਹਿ ਕੇ ਮਾਨਸਿਕ ਪਲਾਂ ਦਾ ਸਕੂਨ ਮਾਣੀਏ। ਨਵੇਂ ਵਰ੍ਹੇ ਵਿੱਚ ਅਜਿਹੇ ਘਰ ਹੀ ਸਾਡੇ ਹਿੱਸੇ ਆਉਣ।
ਨਿੱਜ ਤੋਂ ਨਿੱਜ ਤੱਕ ਦੇ ਸਫ਼ਰ ਦੀ ਥਾਂ ਸਾਡੀ ਜ਼ਿੰਦਗੀ ਦਾ ਸਫ਼ਰ ਨਿੱਜ ਤੋਂ ਸਮੂਹ ਨੂੰ ਸਮੱਰਪਤ ਹੋਵੇ। ਅਸੀਂ ਲੋਕਾਂ ਦੇ ਅੱਥਰੂ ਪੂੰਝਣ ਲਈ ਯਤਨਸ਼ੀਲ ਹੋਈਏ। ਸਾਡੀ ਜ਼ਮੀਰ ਉੱਤੇ ਖੁਦਗ਼ਰਜੀ ਦਾ ਮੁਲੰਮਾ ਨਾ ਚੜ੍ਹੇ। ਸਾਡੀ ਸੋਚ ਹੱਥ ਟੱਡਣ ਵਾਲੀ ਨਾ ਹੋਵੇ ਸਗੋਂ ਸਾਡੇ ਹੱਥ ਪੀੜਤਾਂ, ਲੋੜਵੰਦਾਂ ਅਤੇ ਆਸ਼ਰਿਤਾਂ ਦੀ ਮਦਦ ਲਈ ਉੱਠਣ। ਹਾਂ, ਦੋਸਤੋ! ਹੱਥ ਟੱਡ ਕੇ ਆਪਣੀ ਜੇਬ ਵਿੱਚ ਪਾਉਣ ਵਾਲੇ ਨੂੰ ਮੰਗਤਾ ਜਾਂ ਰਿਸ਼ਵਤਖੋਰ ਕਿਹਾ ਜਾਂਦਾ ਹੈ ਪਰ ਆਪਣੇ ਹੱਥ ਟੱਡ ਕੇ ਹੋਰਾਂ ਦੀ ਮਦਦ ਕਰਨ ਵਾਲੇ ਨੂੰ ਦਾਤਾ ਕਿਹਾ ਜਾਂਦਾ ਹੈ। ਨਵੇਂ ਵਰ੍ਹੇ ਵਿੱਚ ਅਸੀਂ ਦਾਤਾ ਬਣਨ ਦਾ ਸੰਕਲਪ ਕਰੀਏ, ਮੰਗਤਾ ਬਣਨ ਦਾ ਨਹੀਂ। ਅਜਿਹਾ ਕਰਦਿਆਂ ਰਾਤ ਨੂੰ ਨੀਂਦ ਦੀ ਬੁੱਕਲ ਵਿੱਚ ਜਾਣ ਸਮੇਂ ਸਾਡੇ ਸਾਹਮਵੇਂ ਤਿਉੜੀਆਂ ਭਰੇ ਸੋਗੀ ਚਿਹਰੇ ਨਹੀਂ ਹੋਣਗੇ, ਸਗੋਂ ਦੁਆਵਾਂ ਨਾਲ ਜੁੜੇ ਹੱਥ ਅਤੇ ਚਿਹਰੇ ਉੱਤੇ ਤੈਰਦੀ ਨਿਰਛਲ ਮੁਸਕਰਾਹਟ ਵਾਲੇ ਚਿਹਰੇ ਹੋਣਗੇ। ਅਜਿਹੇ ਪਲਾਂ ਨਾਲ ਮਨ ਦੀ ਜਰਖੇਜ਼ ਧਰਤੀ ’ਤੇ ਖਿੜੇ ਮੁਹੱਬਤ ਦੇ ਫੁੱਲ ਜ਼ਿੰਦਗੀ ਨੂੰ ਬਲ ਬਖ਼ਸ਼ਣਗੇ। ਫਿਰ ਰਾਤ ਦਾ ਸਮਾਂ ਮੰਜੇ ਉੱਤੇ ਉਸਲ-ਵੱਟੇ ਲੈਂਦਿਆਂ ਨਹੀਂ ਗੁਜ਼ਰੇਗਾ, ਸਗੋਂ ਰੰਗੀਨ ਸੁਪਨਿਆਂ ਨਾਲ ਲੱਦੀ ਗੂੜ੍ਹੀ ਨੀਂਦ ਸਾਡੀ ਜ਼ਿੰਦਗੀ ਦਾ ਹਾਸਲ ਹੋਵੇਗੀ।
ਪਿਛਲਾ ਵਰ੍ਹਾ ਸਾਡੀ ਜ਼ਿੰਦਗੀ ਦਾ ਸ਼ੀਸ਼ਾ ਹੈ। ਸ਼ੀਸ਼ੇ ’ਤੇ ਨਜ਼ਰ ਮਾਰ ਕੇ ਦੇਖਿਆਂ ਪਤਾ ਲੱਗੇਗਾ ਕਿ ਅਨੇਕਾਂ ਗਲਤੀਆਂ ਵੀ ਸਾਡੇ ਕੋਲੋਂ ਹੋਈਆਂ ਹੋਣਗੀਆਂ। ਆਪਣਿਆਂ ਦੇ ਤੇਜ਼ਾਬੀ ਬੋਲਾਂ ਦੀ ਵਰਖ਼ਾ ਦੇ ਪ੍ਰਤੀਕਰਮ ਵਜੋਂ ਇੱਟ ਚੁੱਕਣ ਵਾਲੇ ’ਤੇ ਅਸੀਂ ਵੀ ਪੱਥਰ ਚੁਕਿਆ ਹੋਵੇਗਾ। ਰਿਸ਼ਤਿਆਂ ਨੂੰ ਲੀਰ-ਲੀਰ ਕਰਨ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਭਾਈਵਾਲ ਹੋਏ ਹੋਵਾਂਗੇ। ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਆਪਣੇ ਵੱਲ ਮੁੜ ਜਾਂਦੀਆਂ ਨੇ। ਦਰਅਸਲ ਇਹ ਆਪਣੇ ਵੱਲ ਮੁੜੀਆਂ ਉਂਗਲਾਂ ਇਸ ਤਰ੍ਹਾਂ ਦਾ ਹੀ ਸੰਕੇਤਕ ਸੁਨੇਹਾ ਦਿੰਦੀਆਂ ਹਨ। ਸਾਨੂੰ ਗੰਭੀਰ ਹੋ ਕੇ ਇਹ ਵੀ ਚਿੰਤਨ ਕਰਨ ਦੀ ਲੋੜ ਹੈ ਕਿ ਜੇਕਰ ਸਾਡਾ ਗਵਾਂਢੀ ਕਿਸੇ ਸਮੱਸਿਆ ਕਾਰਨ ਪੀੜਤ ਹੈ, ਉਸ ਘਰ ਵਿੱਚੋਂ ਆ ਰਹੀਆਂ ਆਹਾਂ ਕਾਰਨ ਸੋਗ ਪਸਰਿਆ ਹੋਇਆ ਹੈ, ਉਸ ਵੇਲੇ ਸਾਡੇ ਗਵਾਂਢੀ ਭਰਾ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਅਤਿਅੰਤ ਜ਼ਰੂਰੀ ਹੈ। ਇਹ ਸੋਚ ਹਮੇਸ਼ਾ ਸਾਡੇ ਅੰਗ-ਸੰਗ ਰਹਿਣੀ ਚਾਹੀਦੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਫੁੱਲ ਭੇਂਟ ਕਰਦੇ ਹਾਂ ਤਾਂ ਫੁੱਲਾਂ ਦੀ ਖੁਸ਼ਬੂ ਸਾਡੇ ਹੱਥਾਂ ਨੂੰ ਵੀ ਲੱਗੀ ਰਹਿ ਜਾਂਦੀ ਹੈ। ਉਂਜ ਵੀ ਮੁਹੱਬਤ ਅਤੇ ਅਪਣੱਤ ਦੇ ਫੁੱਲਾਂ ਦਾ ਤਾਅ ਕਦੇ ਮੱਠਾ ਨਹੀਂ ਹੁੰਦਾ।
ਪਰਵਾਸ, ਨਸ਼ੇ, ਭਰੂਣ ਹੱਤਿਆ, ਬੇਰੁਜ਼ਗਾਰੀ, ਦੂਸ਼ਿਤ ਵਾਤਾਵਰਣ, ਗੁਰਬਤ, ਪ੍ਰਸ਼ਨ ਚਿੰਨ੍ਹਾਂ ਵਿੱਚ ਘਿਰੀ ਔਰਤ ਦੀ ਸੁਰੱਖਿਆ ਅਤੇ ਦਾਜ ਜਿਹੀਆਂ ਸਮੱਸਿਆਵਾਂ ਵਿੱਚ ਘਿਰੇ ਸਾਡੇ ਸਮਾਜ ਅਤੇ ਪ੍ਰਾਂਤ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਜਿਵੇਂ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਖੜ੍ਹਾ ਹੋਵੇ। ਨਵੇਂ ਵਰ੍ਹੇ ਵਿੱਚ ਅਸੀਂ ਇਨ੍ਹਾਂ ਸਮੱਸਿਆਵਾਂ ਦਾ ਹਿੱਸਾ ਨਾ ਬਣੀਏ, ਸਗੋਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੋਈਏ। ਠੰਢੇ ਚੁੱਲ੍ਹਿਆਂ, ਖੋਈ ਬਰਕਤ, ਅਲੋਪ ਹੋ ਰਹੀ ਸਾਂਝੀਵਾਲਤਾ, ਸਹਿਜਤਾ ਅਤੇ ਸਹਿਨਸ਼ੀਲਤਾ ਪ੍ਰਤੀ ਚਿੰਤਨ ਕਰਕੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਿਰ ਜੋੜ ਕੇ ਕਾਫ਼ਲੇ ਦਾ ਹਿੱਸਾ ਬਣੀਏ। ਅਯਾਸ਼ੀ, ਬਦਮਾਸ਼ੀ ਅਤੇ ਆਸ਼ਕੀ ਦੇ ਰਾਹ ਪਈ ਜਵਾਨੀ ਨੂੰ ਸੇਧ ਦੇਣ ਲਈ ਹੰਭਲਾ ਮਾਰੀਏ। ਅਜਿਹਾ ਤਦ ਹੀ ਸੰਭਵ ਹੋਵੇਗਾ ਜੇ ਜੰਗਲ ਵਾਲੀ ਸੋਚ ਲੈ ਕੇ ਫੁੱਲਾਂ ਨਾਲ ਲੱਦੇ ਪਾਰਕ ਵਿੱਚ ਘੁੰਮਣ ਵਾਲਿਆਂ ਦੀ ਜ਼ਰ ਲੱਗੀ ਸੋਚ ਨੂੰ ਜਾਂ ਤਾਂ ਬਦਲਣ ਦਾ ਹੌਸਲਾ ਕਰੀਏ ਜਾਂ ਫਿਰ ਅਜਿਹੇ ਮਾੜੇ ਅਨਸਰਾਂ ਨੂੰ ਇਕੱਠੇ ਹੋ ਕੇ ਨੱਥ ਪਾਉਣ ਦਾ ਜੇਰਾ ਕਰੀਏ। ਨੌਜਵਾਨਾਂ ਦੀ ਦਸ਼ਾ ਅਤੇ ਦਿਸ਼ਾ ਪ੍ਰਤੀ ਗੰਭੀਰ ਹੋਣਾ ਹਰ ਜ਼ਿੰਮੇਵਾਰ ਸ਼ਹਿਰੀ ਦਾ ਨੈਤਿਕ ਫ਼ਰਜ਼ ਹੈ ਅਤੇ ਅਸੀਂ ਇਨ੍ਹਾਂ ਫਰਜ਼ਾਂ ਤੋਂ ਬੇਮੁੱਖ ਹੋ ਕੇ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਨਾ ਹੋਈਏ।
ਆਓ ਨਵੇਂ ਵਰ੍ਹੇ ਦੀ ਦਹਿਲੀਜ਼ ਨੂੰ ਸਿਜਦਾ ਕਰਦਿਆਂ ਦੁਆ ਕਰੀਏ ਕਿ ਘਰਾਂ ਵਿੱਚ ਚੁੱਲ੍ਹੇ ਤਪਦੇ ਹੋਣ, ਲਾਲ ਜਗਦੇ ਹੋਣ, ਧੀਆਂ ਸੁਰੱਖਿਅਤ ਹੋਣ ਅਤੇ ਔਲਾਦ ਦੇ ਹੱਥ ਮਾਂ-ਬਾਪ ਦੇ ਪੈਰਾਂ ਵਿੱਚ ਹੋਣ ਦੇ ਨਾਲ-ਨਾਲ ਉਨ੍ਹਾਂ ਕੋਲ ਕਿਰਤ ਦਾ ਸੰਕਲਪ ਵੀ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1868)
(ਸਰੋਕਾਰ ਨਾਲ ਸੰਪਰਕ ਲਈ: