MohanSharma8ਵਿੱਦਿਅਕ ਸੰਸਥਾਵਾਂ ਵਿੱਚ ਨਸ਼ਿਆਂ ਵਿਰੁੱਧ ਛੇੜੀਆਂ ਜਾਗਰੂਕ ਮੁਹਿੰਮਾਂ, ਸੈਮੀਨਾਰ ...
(26 ਅਗਸਤ 2026)

 

ਇੱਕ ਪੁਰਾਣੀ ਕਹਾਵਤ ਹੈ, “ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ।” ਦੂਜੇ ਸ਼ਬਦਾਂ ਵਿੱਚ ਅਧਿਆਪਕ ਨੂੰ ਜ਼ਿੰਦਗੀ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਅਧਿਆਪਕ ਦੀ ਯੋਗ ਅਗਵਾਈ, ਸਿੱਖਿਆ, ਹੱਲਾਸ਼ੇਰੀ ਵਿਦਿਆਰਥੀ ਦੇ ਜੀਵਨ ਨੂੰ ਰੁਸ਼ਨਾਉਂਦੀ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਦੋਂ ਵਿਦਿਆਰਥੀ ਸਕੂਲ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਕੋਲ ਸਿਰਫ ਅੱਖਾਂ ਹੁੰਦੀਆਂ ਹਨ, ਨਜ਼ਰ ਅਧਿਆਪਕ ਦਿੰਦਾ ਹੈ। ਮੰਜ਼ਿਲ ਪ੍ਰਾਪਤ ਕਿੰਜ ਕਰਨੀ ਹੈ, ਇੱਕ ਚੰਗਾ ਇਨਸਾਨ ਕਿੰਜ ਬਣਨਾ ਹੈ, ਸਮਾਜਿਕ ਬੁਰਾਈਆਂ ਤੋਂ ਦੂਰ ਕਿੰਜ ਰਹਿਣਾ ਹੈ; ਕਿਤਾਬੀ ਗਿਆਨ ਦੇ ਨਾਲ ਨਾਲ ਜ਼ਿੰਦਗੀ ਦੇ ਇਹ ਪਾਠ ਅਧਿਆਪਕ ਵੱਲੋਂ ਹੀ ਪੜ੍ਹਾਏ ਜਾਂਦੇ ਹਨ। ਸ਼ਾਹ ਬਿਨਾਂ ਪੱਤ ਨਹੀਂ ਵਾਲੀ ਗੱਲ ਆਰਥਿਕਤਾ ਨਾਲ ਜੁੜੀ ਹੋਈ ਹੈ। ਲੋੜ ਪੈਣ ਤੇ ਪਿੰਡ ਦਾ ਸੇਠ ਲੋੜਵੰਦਾਂ ਨੂੰ ਪੈਸਾ ਉਧਾਰ ਦੇ ਕੇ ਉਨ੍ਹਾਂ ਦਾ ਬੁੱਤਾ ਸਾਰਦਾ ਹੈ। ਇੰਜ ਉਨ੍ਹਾਂ ਦੀ ਇੱਜ਼ਤ ਸੁਰੱਖਿਅਤ ਰਹਿੰਦੀ ਹੈ।

ਅਧਿਆਪਕ ਦਾ ਕਰਮ ਭਾਈ ਲਾਲੋ ਦੇ ਵਾਰਸ ਪੈਦਾ ਕਰਕੇ ਮਾਪੇ, ਸਮਾਜ ਅਤੇ ਦੇਸ਼ ਦੀ ਸੇਵਾ ਲਈ ਤਿਆਰ ਸੁਚੱਜੇ ਨਾਗਰਿਕ ਪੈਦਾ ਕਰਨਾ ਹੈ। ਇਸ ਵੇਲੇ ਪੰਜਾਬ ਵਿੱਚ 12880 ਪ੍ਰਾਈਮਰੀ ਸਕੂਲ, 2670 ਮਿਡਲ ਸਕੂਲ, 1740 ਹਾਈ ਅਤੇ 1972 ਸੀਨੀਅਰ ਸੈਕੰਡਰੀ ਸਕੂਲ ਹਨ। ਸਰਕਾਰੀ ਅਧਿਆਪਕਾਂ ਦੀ ਗਿਣਤੀ ਅੰਦਾਜ਼ਨ 1.27 ਲੱਖ ਹੈ ਅਤੇ 59,08,507 ਵਿਦਿਆਰਥੀਆਂ ਦਾ ਭਵਿੱਖ ਸਿਰਜਣ ਦੀ ਜ਼ਿੰਮੇਵਾਰੀ ਇਨ੍ਹਾਂ ਸਰਕਾਰੀਆ ਅਧਿਆਪਕਾਂ ਉੱਪਰ ਹੈ।

ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ 12 ਜ਼ਿਲ੍ਹਿਆਂ ਵਿੱਚ 21850 ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਫਾਜ਼ਿਲਕਾ ਅਤੇ ਤਰਨਤਾਰਨ ਤੋਂ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਇੱਕ ਕਰੋੜ ਦੇ ਫੰਡ ਜਾਗਰੂਕਤਾ ਮੁਹਿੰਮ ਲਈ ਰਾਖਵੇਂ ਰੱਖੇ ਗਏ ਹਨ। ਸੂਬਾ ਪੱਧਰੀ ਨਸ਼ਾ ਵਿਰੋਧੀ ਪ੍ਰੋਗਰਾਮ ਮਲੋਟ ਵਿਖੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤੋਂ ਪਹਿਲਾਂ 1 ਅਗਸਤ 2025 ਨੂੰ ਜਲਾਲਾਬਾਦ ਦੇ ਸਕੂਲ ਆਫ ਐਮੀਨੈਂਸ ਵਿੱਚ ਸਟੇਟ ਪੱਧਰ ਦਾ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮੰਤਰੀ, ਵਿੱਦਿਆ ਮੰਤਰੀ ਅਤੇ ਛੇ ਜ਼ਿਲ੍ਹਿਆਂ ਦੇ ਅਧਿਆਪਕ ਸ਼ਾਮਲ ਹੋਏ। ਅਧਿਆਪਕਾਂ ਨੂੰ ਬੱਸਾਂ ਰਾਹੀਂ ਸਮਾਗਮ ਵਾਲੇ ਸਕੂਲ ਵਿੱਚ ਲਿਆਂਦਾ ਗਿਆ। ਇਸ ਸਮੇਂ ਨੌਂਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਸ਼ਿਆਂ ਦੇ ਬੁਰੇ ਪ੍ਰਭਾਵ ਸੰਬੰਧੀ ਪ੍ਰੇਰਨਾਦਾਇਕ ਪਾਠ ਸਿਲੇਬਸ ਦਾ ਹਿੱਸਾ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਵਿੱਦਿਅਕ ਸਮਾਗਮ ’ਤੇ ਸਿਆਸੀ ਰੰਗ ਭਾਰੂ ਰਿਹਾ।

ਪਰ ਨਾਲ ਹੀ ਗੰਭੀਰ ਹੋ ਕੇ ਇਹ ਚਿੰਤਨ ਕਰਨ ਦੀ ਵੀ ਲੋੜ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ, ਆਪਹੁਦਰਾਪਨ, ਨਸ਼ਿਆਂ ਦੀ ਘੁਸਪੈਠ ਕਿਉਂ ਹੋ ਰਹੀ ਹੈ? ਭਾਈ ਲਾਲੋ ਦੀ ਥਾਂ ਮਲਕ ਭਾਗੋ ਦੇ ਵਾਰਿਸ ਕਿਉਂ ਪੈਦਾ ਹੋ ਰਹੇ ਹਨ? ਵਿਦਿਆਰਥੀਆਂ ਦੀਆਂ ਅਨੁਸ਼ਾਸਨਹੀਣਤਾ ਅਤੇ ਨਸ਼ਿਆਂ ਦੀ ਲਪੇਟ ਵਿੱਚ ਆਉਣ ਦੀਆਂ ਦਿਲ ਕੰਬਾਊ ਘਟਨਾਵਾਂ ਵਿੱਚੋਂ ਕੁਝ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:

ਪੰਜਾਬ ਦੇ ਇੱਕ ਜ਼ਿਲ੍ਹੇ ਨਾਲ ਸਬੰਧਤ ਦੋ ਦਸਵੀਂ ਜਮਾਤ ਦੇ ਵਿਦਿਆਰਥੀ ਸਕੂਲ ਜਾਣ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਤੋਂ ਬੋਤਲ ਖਰੀਦ ਕੇ ਘਰੋਂ ਲਿਆਂਦੀਆਂ ਪਾਣੀ ਵਾਲੀਆਂ ਬੋਤਲਾਂ ਵਿੱਚ ਪਾਉਣ ਉਪਰੰਤ ਸਕੂਲ ਵਾਲੇ ਬੈਗ ਵਿੱਚ ਪਾ ਕੇ ਸਕੂਲ ਪਹੁੰਚ ਗਏ। ਮੌਕੇ ’ਤੇ ਇੱਕ ਪ੍ਰੈੱਸ ਪ੍ਰਤਿਨਿਧ ਨੇ ਮੌਕੇ ਦੀਆਂ ਤਸਵੀਰਾਂ ਸਮੇਤ ਖਬਰ ਅਖਬਾਰ ਵਿੱਚ ਛਪਵਾ ਕੇ ਮਾਪਿਆਂ ਅਤੇ ਅਧਿਆਪਾਕਾਂ ਨੂੰ ਸੁਚੇਤ ਕੀਤਾ।

ਇੱਕ ਹੋਰ ਜ਼ਿਲ੍ਹੇ ਵਿੱਚ ਵਿਦਿਆਰਥੀ ਮੈਡੀਕਲ ਸਟੋਰਾਂ ਤੋਂ ਮੈਡੀਕਲ ਨਸ਼ਾ ਖਰੀਦਣ ਸਮੇਂ ਚਰਚਾ ਦਾ ਵਿਸ਼ਾ ਬਣੇ।

ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਸਕੂਲ ਦੇ ਅੱਗੇ ਖੜ੍ਹੇ ਚਾਹ ਦੇ ਖੋਖੇ ਅਤੇ ਹੋਰ ਖਾਣ ਵਾਲਾ ਸਮਾਨ ਵੇਚਣ ਵਾਲਿਆਂ ਦੀ ਜਦੋਂ ਪੁਲਿਸ ਕਰਮਚਾਰੀਆਂ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਮੈਡੀਕਲ ਅਤੇ ਦੂਜੇ ਨਸ਼ੇ ਬਰਾਮਦ ਹੋਏ। ਉਹ ਇਹ ਸਪਲਾਈ ਵਿਦਿਆਰਥੀਆਂ ਨੂੰ ਗੁਪਤ ਤਰੀਕੇ ਨਾਲ ਕਰ ਰਹੇ ਸਨ।

ਨਸ਼ਾ ਕਰਨ ਵਾਲੇ ਵਿਦਿਆਰਥੀ ਦੀ ਬੋਲ ਚਾਲ, ਪਹਿਰਾਵਾ ਅਤੇ ਜ਼ਬਾਨ ਥਿੜਕ ਜਾਂਦੀ ਹੈ। ਅਜਿਹੇ ਹੀ ਇੱਕ ਵਿਦਿਆਰਥੀ ਨੂੰ ਜਦੋਂ ਸੰਸਥਾ ਦੇ ਪ੍ਰਿੰਸੀਪਲ ਨੇ ਜਮਾਤ ਵਿੱਚ ਟੋਕਿਆ ਤਾਂ ਉਸਨੇ ਅੱਗਿਉਂ ਬਦਕਲਾਮੀ ਕੀਤੀ। ਇੱਥੇ ਹੀ ਬੱਸ ਨਹੀਂ, ਅਗਲੇ ਦਿਨ ਉਸਨੇ ਆਪਣੇ ਵਰਗੇ ਦੋ ਤਿੰਨ ਹੋਰ ਸਾਥੀਆਂ ਨੂੰ ਨਾਲ ਲੈ ਲਿਆ ਅਤੇ ਛੁੱਟੀ ਉਪਰੰਤ ਪ੍ਰਿੰਸੀਪਲ ਸਾਹਿਬ ’ਤੇ ਹਮਲਾ ਕਰ ਦਿੱਤਾ। ਭਾਵੇਂ ਉਸ ਸਮੇਂ ਸਰੀਰਕ ਤੌਰ ’ਤੇ ਪ੍ਰਿੰਸੀਪਲ ਦਾ ਬਚਾਉ ਹੋ ਗਿਆ ਪਰ ਮਾਨਸਿਕ ਤੌਰ ’ਤੇ ਪ੍ਰਿੰਸੀਪਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਮਾਰੂ ਦੁਖਾਂਤ ਹੀ ਹੈ ਕਿ ਅਧਿਆਪਕਾਂ ਦੇ ਪੈਰੀਂ ਹੱਥ ਲਾਉਣ ਵਾਲੇ ਵਿਦਿਆਰਥੀਆਂ ਵਿੱਚੋਂ ਕੁਝ ਵਿਦਿਆਰਥੀ ਅਧਿਆਪਕਾਂ ਉੱਤੇ ਮਾਰੂ ਹਮਲਾ ਕਰ ਰਹੇ ਹਨ।

ਪਿਛਲੇ ਕੁਝ ਸਮੇਂ ਅੰਦਰ ਜਿਹੜੇ ਵਿਅਕਤੀ ਤਸਕਰੀ ਦਾ ਧੰਦਾ ਕਰਦੇ ਫੜੇ ਗਏ ਹਨ ਉਨ੍ਹਾਂ ਵਿੱਚੋਂ 163 ਨਾਬਾਲਗ ਹਨ ਅਤੇ ਨਬਾਲਿਗਾਂ ਵਿੱਚ ਕਈ ਸਕੂਲ ਵਿਦਿਆਰਥੀ ਵੀ ਤਸਕਰਾਂ ਦੇ ਧੱਕੇ ਚੜ੍ਹ ਗਏ। ਪੈਸਾ, ਮਹਿੰਗਾ ਮੋਬਾਇਲ ਅਤੇ ਬਰਾਂਡਿਡ ਕੱਪੜਿਆਂ ਦੇ ਲਾਲਚ ਕਰਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ ’ਤੇ ਲਾ ਦਿੱਤੀ। ਅਜਿਹੀਆਂ ਹੋਰ ਅਨੇਕਾਂ ਉਦਾਹਰਨਾਂ ਹਨ ਜਿਨ੍ਹਾਂ ਤੋਂ ਵਿਦਿਆਰਥੀਆਂ ਦੇ ਨਸ਼ੇ ਪ੍ਰਤੀ ਰੁਝਾਨ ਦਾ ਪਤਾ ਲਗਦਾ ਹੈ। ਵਿਦਿਆਰਥੀਆਂ ਦੇ ਬੈਗਾਂ ਵਿੱਚ ਅਣਅਧਿਕਾਰਤ ਪਿਸਤੌਲ ਅਤੇ ਅਣਵਰਤੇ ਰੌਂਦ ਮਿਲਣੇ ਬਦਸ਼ਗਨੀ ਦੀ ਨਿਸ਼ਾਨੀ ਹੈ।

ਦਰਅਸਲ ਵਿਦਿਆਰਥੀ ਦੇਸ਼ ਦਾ ਭਵਿੱਖ ਹਨ। ਜੇਕਰ ਵਿਦਿਆਰਥੀ ਵਰਗ ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣਾ ਹੈ, ਵਿਦਿਆਰਥੀਆਂ ਦੀ ਆਪਣੇ ਅਧਿਆਪਕਾਂ ਪ੍ਰਤੀ ਸ਼ਰਧਾ, ਸਤਿਕਾਰ ਅਤੇ ਅਪਣੱਤ ਦੀ ਭਾਵਨਾ ਅਲੋਪ ਹੈ ਤਾਂ ਇਹ ਸਿਰਫ ਵਿਦਿਆਰਥੀ ਵਰਗ ਲਈ ਹੀ ਘਾਤਕ ਨਹੀਂ ਸਗੋਂ ਸਕੂਲ ਦੀ ਨਿੱਘਰਦੀ ਹਾਲਤ ਅਤੇ ਅਧਿਆਪਕਾਂ ਦੀ ਸ਼ਖਸੀਅਤ ਉੱਤੇ ਇੱਕ ਧੱਬਾ ਅਤੇ ਮਾਪਿਆਂ ਦੇ ਧੁੰਦਲੇ ਭਵਿੱਖ ਦਾ ਪ੍ਰਤੀਕ ਵੀ ਹੈ। ਇੱਕ ਅਧਿਆਪਕ ਨੇ ਭਰੇ ਮਨ ਨਾਲ ਪ੍ਰਗਟਾਵਾ ਕੀਤਾ, “ਵਿਦਿਆਰਥੀਆਂ ਨੇ ਆਪਣੇ ਆਪਣੇ ਗੁੱਟ ਬਣਾ ਰੱਖੇ ਹਨ। ਜੇ ਕਿਸੇ ਵਿਦਿਆਰਥੀ ਨੂੰ ਉਸਦੀ ਗਲਤ ਹਰਕਤ ਕਾਰਨ ਅਧਿਆਪਕ ਟੋਕਦਾ ਹੈ ਤਾਂ ਉਹ ਆਪਣੇ ਗੁੱਟ ਦੇ ਮੁੰਡਿਆਂ ਨੂੰ ਮੋਬਾਇਲ ’ਤੇ ਸੁਨੇਹਾ ਦੇ ਕੇ ਬੁਲਾ ਲੈਂਦਾ ਹੈ। ਕੁਝ ਸਮੇਂ ਅੰਦਰ ਹੀ ਸਕੂਲ ਦੇ ਗੇਟ ’ਤੇ ਝੁੰਡ ਦੇ ਰੂਪ ਵਿੱਚ ਮੋਟਰਸਾਈਕਲਾਂ ’ਤੇ ਮੁੰਡੇ ਖੜ੍ਹੇ ਹੁੰਦੇ ਹਨ। ਭਲਾ, ਅੱਜ ਅਜਿਹੀ ਹਾਲਤ ਵਿੱਚ ਅਧਿਆਪਕ ਕੀ ਕਰੇ? ਕਈ ਵਾਰ ਤਰ੍ਹਾਂ ਤਰ੍ਹਾਂ ਦੇ ਦੂਸ਼ਣਾਂ ਦਾ ਵੀ ਅਧਿਆਪਕ ਨੂੰ ਸ਼ਿਕਾਰ ਹੋਣਾ ਪੈਂਦਾ ਹੈ।

ਵਿਦਿਆਰਥੀਆਂ ਵਿੱਚ ਵਧਦੀ ਅਨੈਤਿਕਤਾ, ਨਸ਼ੇ ਦਾ ਰੁਝਾਨ, ਅਨੁਸ਼ਾਸਨਹੀਣਤਾ ਅਤੇ ਪੜ੍ਹਾਈ ਤੋਂ ਬੇਰੁਖੀ ਦੇ ਕਾਰਨ ਕੀ ਹਨ?

ਉਨ੍ਹਾਂ ਕਾਰਨਾਂ ਦੇ ਅਧਿਐਨ ਉਪਰੰਤ ਹੀ ਨਸ਼ਿਆਂ ਵਿਰੁੱਧ ਜਾਗਰੂਕਤਾ, ਅਧਿਆਪਕਾਂ ਨੂੰ ਇਸ ਮੰਤਵ ਲਈ ਦਿੱਤੀ ਵਿਸ਼ੇਸ਼ ਸਿਖਲਾਈ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸੰਬੰਧੀ ਸਿਲੇਬਸ ਦਾ ਬਣਾਇਆ ਹਿੱਸਾ ਲਾਹੇਵੰਦ ਹੋ ਸਕਦਾ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਰਤੀ ਸੰਸਦ ਦੀ ਸਮਾਜਿਕ, ਨਿਆਂ ਅਤੇ ਸਸ਼ਕਤੀਕਰਨ ਸੰਬੰਧੀ ਸਥਾਈ ਕਮੇਟੀ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਜਿਨ੍ਹਾਂ ਨਸ਼ਿਆਂ ਦੇ ਆਦੀ ਹਨ ਉਨ੍ਹਾਂ ਵਿੱਚ ਚਿੱਟਾ ਅਤੇ ਸਮੈਕ ਦੇ ਨਾਲ ਨਾਲ ਸ਼ਰਾਬ, ਤੰਬਾਕੂ, ਜ਼ਰਦਾ, ਮੈਡੀਕਲ ਨਸ਼ੇ ਸ਼ਾਮਲ ਹਨ। ਇਨ੍ਹਾਂ ਵਿੱਚ 10-17 ਆਯੂ ਗੁੱਟ ਦੇ 7 ਲੱਖ ਦੇ ਕਰੀਬ ਬੱਚੇ ਅਤੇ ਨੌਜਵਾਨ ਸ਼ਾਮਲ ਹਨ। ਇਸ ਵਰਗ ਵਿੱਚ ਹੀ ਜ਼ਿਆਦਾ ਸਕੂਲ ਦੇ ਵਿਦਿਆਰਥੀ ਹਨ।

ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਰਾਜਨੀਤਕ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਭਵਿੱਖ ਵਿੱਚ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ ਪਰ ਸੱਤਾ ਪ੍ਰਾਪਤੀ ਉਪਰੰਤ ਇਹ ਵਾਅਦਾ ਕਦੇ ਵੀ ਸਾਕਾਰ ਨਹੀਂ ਹੋਇਆ। ਅਧਿਆਪਕਾਂ ਨੂੰ ਗੈਰਵਿਦਿਅਕ ਡਿਊਟੀਆਂ, ਜਿਨ੍ਹਾਂ ਵਿੱਚ ਚੋਣ ਡਿਉਟੀਆਂ, ਨਵੀਂਆਂ ਵੋਟਾਂ ਬਣਾਉਣੀਆਂ, ਵੋਟਾਂ ਦੀ ਸੁਧਾਈ, ਵੋਟ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਜੋੜਨਾ, ਘਰ ਘਰ ਜਾ ਕੇ ਡਰੱਗ ਸਰਵੇਖਣ ਜਿਹੇ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣ ਨਾਲ ਉਨ੍ਹਾਂ ਦਾ ਵਿਦਿਆਰਥੀਆਂ ਨਾਲੋਂ ਲਿੰਕ ਟੁੱਟ ਜਾਂਦਾ ਹੈ। ਇਨ੍ਹਾਂ ਡਿਉਟੀਆਂ ਕਾਰਨ ਹੀ ਕਈ ਵਾਰ ਤਾਂ ਸਾਰਾ ਸਕੂਲ ਹੀ ਖਾਲੀ ਹੋ ਜਾਂਦਾ ਹੈ। ਜੇ ਇੱਕ ਅੱਧਾ ਅਧਿਆਪਕ ਡਿਉਟੀ ਤੋਂ ਬਚ ਜਾਂਦਾ ਹੈ ਤਾਂ ਉਹ ਕਈ ਕਈ ਜਮਾਤਾਂ ਨੂੰ ਸਾਂਭਣ ਦੇ ਨਾਲ ਨਾਲ ਮਿੱਡ ਡੇ ਮੀਲ ਅਤੇ ਉੱਚ ਅਧਿਕਾਰੀਆਂ ਵੱਲੋਂ ਮੰਗੀ ਡਾਕ ਦਾ ਜਵਾਬ ਦੇਣ ਵਿੱਚ ਹੀ ਉਲਝਿਆ ਰਹਿੰਦਾ ਹੈ। ਇੰਜ ਅਧਿਆਪਕਾਂ ਦਾ ਕਲਾਸ ਰੂਮ ਨਾਲੋਂ ਟੁੱਟਿਆ ਨਾਤਾ ਵਿਦਿਆਰਥੀ ਵਰਗ ਲਈ ਘਾਤਕ ਸਿੱਧ ਹੋ ਰਿਹਾ ਹੈ। ‘ਵਿਹਲਾ ਮਨ ਸ਼ੈਤਾਨ ਦਾ ਘਰ’ ਕਹਾਵਤ ਵਿਦਿਆਰਥੀਆਂ ਉੱਤੇ ਲਾਗੂ ਹੋ ਰਹੀ ਹੈ।

ਵਿਦਿਆਰਥੀਆਂ ਨੂੰ ਸਾਹਿਤ ਅਤੇ ਖੇਡਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ। ਪਰ ਦੁਖਾਂਤਮਈ ਪਹਿਲੂ ਇਹ ਹੈ ਕਿ ਕਈ ਸਕੂਲ ਸਰੀਰਕ ਸਿੱਖਿਆ ਦੇ ਅਧਿਆਪਕਾਂ ਤੋਂ ਸੱਖਣੇ ਹਨ। ਵਿਦਿਆਰਥੀਆਂ ਨੂੰ ਸਾਹਿਤ ਨਾਲ ਇਸ ਕਰਕੇ ਨਹੀਂ ਜੋੜਿਆ ਜਾ ਰਿਹਾ ਕਿਉਂਕਿ 42% ਸਕੂਲ ਲਾਇਬਰੇਰੀਅਨਾਂ ਤੋਂ ਸੱਖਣੇ ਹਨ। 1113 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਦੀ ਅਗਵਾਈ ਤੋਂ ਬਿਨਾਂ ਚੱਲ ਰਹੇ ਹਨ। ਇਸ ਤਰ੍ਹਾਂ ਹੀ ਅਧਿਆਪਕਾਂ ਦੀ ਕੁੱਲ ਨਫਰੀ ਦਾ 17.05% ਅਧਿਆਪਕਾਂ ਦੀਆਂ ਅਸਾਮੀਆਂ ਵੱਖ ਵੱਖ ਸਕੂਲਾਂ ਵਿੱਚ ਖਾਲੀ ਪਈਆਂ ਹਨ। ਗੰਭੀਰ ਪ੍ਰਸ਼ਨ ਹੈ ਕਿ ਜਦੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਪੂਰੇ ਨਹੀਂ, ਕਲਾਸ ਰੂਮ ਅਧਿਆਪਕਾਂ ਤੋਂ ਸੱਖਣਾ ਹੈ ਤਾਂ ਵਿਦਿਆਰਥੀਆਂ ਦਾ ਨਸ਼ੇ ਵਰਗੀਆਂ ਮਾਰੂ ਰੁਚੀਆਂ ਵੱਲ ਝੁਕਾਅ ਹੋ ਹੀ ਜਾਂਦਾ ਹੈ। ਵਿਦਿਆਰਥੀਆਂ ਨੂੰ ਸੁਚੱਜੀ ਅਗਵਾਈ ਦੀ ਲੋੜ ਹੈ। ਸਮਾਜ ਦੀ ਰੀੜ੍ਹ ਦੀ ਹੱਡੀ ਇਹ ਵਿਦਿਆਰਥੀ ਸਿਹਤਮੰਦ ਸਮਾਜ ਦਾ ਹਿੱਸਾ ਤਦ ਹੀ ਬਣਨਗੇ ਜੇਕਰ ਵਿਸ਼ਾ ਮਾਹਿਰ ਅਧਿਆਪਕ ਰੋਜ਼ਾਨਾ ਜਮਾਤ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਦੀ ਪੜ੍ਹਾਈ ਕਰਵਾਉਣ ਪ੍ਰਤੀ ਵੀ ਸੁਚੇਤ ਹੋਵੇਗਾ। ਜ਼ਿੰਦਗੀ ਦੀ ਪੜ੍ਹਾਈ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਗਿਆਨ ਦੇਣਾ ਜ਼ਰੂਰੀ ਹੈ। ਅਨੁਸ਼ਾਸਣ, ਧੀਰਜ, ਸੋਚਣ ਦੀ ਸਮਰੱਥਾ, ਸਹਿਜਤਾ ਅਤੇ ਚੰਗੀ ਦਿਸ਼ਾ ਵਿਦਿਆਰਥੀਆਂ ਨੇ ਅਧਿਆਪਕਾਂ ਤੋਂ ਹੀ ਪ੍ਰਾਪਤ ਕਰਨੀ ਹੈ। ਅਜਿਹੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਕੋਈ ਵੀ ਅਨੈਤਿਕ ਕੰਮ ਨਹੀਂ ਕਰਦੇ।

ਵਿਦਿਆਰਥੀਆਂ ਨੂੰ ਨਸ਼ਾ ਰਹਿਤ ਕਰਨ ਅਤੇ ਚੰਗੇ ਗੁਣਾਂ ਦਾ ਧਾਰਨੀ ਬਣਨ ਲਈ ਅਧਿਆਪਕਾਂ ਅਤੇ ਮਾਪਿਆਂ ਦਾ ਰੋਲ ਮਾਡਲ ਹੋਣਾ ਅਤਿਅੰਤ ਜ਼ਰੂਰੀ ਹੈ। ਮਾਪਿਆਂ ਦਾ ਅਵੇਸਲਾਪਣ, ਖੁੱਲ੍ਹਾ ਜੇਬ ਖਰਚ ਦੇਣਾ ਅਤੇ ਸਮੇਂ ਸਿਰ ਮਾਪਿਆਂ ਵੱਲੋਂ ਸੇਧ ਦੀ ਅਣਹੋਂਦ ਵੀ ਬੱਚੇ ਦੇ ਥਿੜਕਣ ਦਾ ਕਾਰਨ ਬਣ ਜਾਂਦੀ ਹੈ। ਵਿੱਦਿਅਕ ਸੰਸਥਾਵਾਂ ਵਿੱਚ ਨਸ਼ਿਆਂ ਵਿਰੁੱਧ ਛੇੜੀਆਂ ਜਾਗਰੂਕ ਮੁਹਿੰਮਾਂ, ਸੈਮੀਨਾਰ ਜਾਂ ਅਜਿਹੇ ਹੋਰ ਸਾਰਥਕ ਪ੍ਰੋਗਰਾਮ ਤਦ ਹੀ ਸਫਲ ਹੋਣਗੇ ਜਦੋਂ ਸਕੂਲਾਂ ਵਿੱਚ ਹਰ ਵਿਸ਼ੇ ਦਾ ਅਧਿਆਪਕ ਹੋਵੇਗਾ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈ ਕੇ ਸਕੂਲਾਂ ਨੂੰ ਸੱਖਣਾ ਨਹੀਂ ਕੀਤਾ ਜਾਵੇਗਾ। ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਅਧਿਆਪਕ, ਸਮਾਜ, ਮਾਪੇ ਅਤੇ ਸਮੇਂ ਦੀਆਂ ਸਰਕਾਰਾਂ ਦੀ ਇੱਕ ਦੂਜੇ ਵੱਲ ਪਿੱਠ ਨਹੀਂ, ਸਗੋਂ ਮੂੰਹ ਹੋਣੇ ਚਾਹੀਦੇ ਹਨ; ਫਿਰ ਹੀ ਸਕੂਲ ਦਾ ਇਹ ਮੰਤਵ ‘ਸਿੱਖਣ ਲਈ ਆਉ, ਸੇਵਾ ਲਈ ਜਾਓ’ ਪੂਰਾ ਹੋ ਸਕੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author