MohdAbbasDhaliwal7ਕਿੰਨੇ ਦੁਖਾਂਤ ਵਾਲੀ ਗੱਲ ਹੈ ਕਿ ਜਿੱਥੇ ਇਹਨਾਂ ਸ਼ਹਿਰਾਂ ਦੀਆਂ ਜ਼ਮੀਨਾਂ ਬੰਜਰ ਬਣ ਗਈਆਂ ਹਨ ਉੱਥੇ ਨਵ ਜੰਮੇ ਬੱਚੇ ਅੱਜ ਵੀ ...
(22 ਨਵੰਬਰ 2017)

 

Hiroshima2

 

ਉਰਦੂ ਦੇ ਪ੍ਰਸਿੱਧ ਕਵੀ ਸਾਹਿਰ ਲੁਧਿਆਣਵੀ ਨੇ ਜੰਗ ਦੀਆਂ ਤਬਾਹੀਆਂ ਦੇ ਦ੍ਰਿਸ਼ ਨੂੰ ਆਪਣੀ ਇਕ ਬੇ-ਮਿਸਾਲ ਨਜ਼ਮ ‘ਐ ਸ਼ਰੀਫ ਇਨਸਾਨੋਂ’ ਵਿੱਚ ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ ਸੀ। ਇਸ ਨਜ਼ਮ ਦੀ ਜਿੰਨੀ ਮਹੱਤਤਾ ਉਸ ਵੇਲੇ ਸੀ, ਉੰਨੀ ਹੀ ਅੱਜ ਹੈ, ਕਿਉਂਕਿ ਸੰਸਾਰ ਦੇ ਕੁਝ ਤਾਕਤਵਰ ਦੇਸ਼ਾਂ ਦੇ ਹੁਕਮਰਾਨ ਅਰਥਾਤ ਸ਼ਰੀਫ ਇਨਸਾਨ ਅਜਿਹੇ ਹਨ ਜੋ ਸਿਰਫ ਅਤੇ ਸਿਰਫ ਆਪਣੀ ਹਉਮੈ ਅਤੇ ਲਾਲਸਾ ਦੀ ਪੂਰਤੀ ਲਈ ਦੁਨੀਆ ਦੀ ਸੁੱਖ-ਸ਼ਾਂਤੀ ਨੂੰ ਲਾਂਬੂ ਲਾਉਣ ਲਈ ਤਿਆਰ ਰਹਿੰਦੇ ਹਨ।

ਭਾਵੇਂ ਅਸੀਂ ਅੱਜ ਬਹੁਤ ਤਰੱਕੀ ਕਰ ਲਈ ਹੈ, ਤਰੱਕੀ ਵੀ ਇੰਨੀ ਕਰ ਲਈ ਹੈ ਕਿ ਚੰਨ੍ਹ ਉੱਤੇ ਅਪਣੀ ਜਿੱਤ ਦੇ ਝੰਡੇ ਗੱਡਣ ਤੋਂ ਬਾਦ ਮੰਗਲਗ੍ਰਹਿ ਉੱਪਰ ਫਤਿਹ ਪਾਉਣ ਦੇ ਸੁਪਨੇ ਵੇਖ ਰਹੇ ਹਾਂ। ਪਰੰਤੂ ਮੌਲਿਕ ਕਦਰਾਂ-ਕੀਮਤਾਂ ਅਤੇ ਆਪਣੇ ਇਖਲਾਕ ਦੀ ਜੇ ਕਰ ਗੱਲ ਕਰੀਯੇ ਤਾਂ ਉਹਨਾਂ ਵਿਚ ਲਗਾਤਾਰ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ। ਉਰਦੂ ਦੇ ਇੱਕ ਸ਼ਾਇਰ ਨੇ ਕਿੰਨਾ ਵਧੀਆ ਕਿਹਾ ਹੈ ਕਿ ...

ਬੜ੍ਹਨੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜ੍ਹਾ ਹੈ,
ਯੇ ਸੋਚੀਯੇ ਕਿਰਦਾਰ ਘਟਾ ਹੈ ਕਿ ਬੜ੍ਹਾ ਹੈ।

ਜੰਗ ਦੇ ਸੰਬੰਧੀ ਉਤਾਵਲੇਪਣ ਦੀ ਤਾਜ਼ਾ ਉਦਾਹਰਣ ਕੁਝ ਦਿਨ ਪਹਿਲਾਂ ਉਸ ਵੇਲੇ ਵੇਖਣ ਨੂੰ ਮਿਲੀ ਜਦ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਸੰਸਾਰ ਵਿਚ ਅਮਨ ਦੀ ਸਥਾਪਤੀ ਲਈ ਆਯੋਜਿਤ ਇੱਕ ਇਜਲਾਸ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਨੂੰ ਜੰਗ ਨਾਲ ਖਤਮ ਕਰਨ ਦੀ ਸਰਵਜਨਕ ਰੂਪ ਵਿਚ ਧਮਕੀ ਦਿੱਤੀ ਅਤੇ ਜਵਾਬ ਵਿਚ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਨੇ ਦੁਨੀਆ ਦੀ ਸੁਪਰ ਪਾਵਰ ਕਹਾਉਣ ਵਾਲੇ ਅਮਰੀਕਾ ਨੂੰ ਸੰਸਾਰ ਦੇ ਨਕਸ਼ੇ ਤੋਂ ਮਿਟਾਉਣ ਦੀ ਗੱਲ ਕਹਿ ਕੇ ਆਪਣੇ ਵਲੋਂ ਭਾਜੀ ਮੋੜਨ ਦਾ ਯਤਨ ਕੀਤਾ। ਉੱਧਰ ਇਹਨਾਂ ਦੋਵਾਂ ਬਿਆਨਾਂ ’ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦਿਆਂ ਰੂਸ ਦੇ ਵਜ਼ੀਰ ਏ ਖਾਰਜਾ ਲਾਰਊਫ ਨੇ ਕਿਹਾ ਕਿ ਦੋਵਾਂ ਹੁਕਮਰਾਨਾਂ ਦੀ ਜ਼ੁਬਾਨੀ ਜੰਗ ਸਕੂਲੀ ਬੱਚਿਆਂ ਵਰਗੀ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕਦਾ।

ਜਿਸ ਪਰਕਾਰ ਆਏ ਦਿਨ ਦੋਵਾਂ ਰਾਸ਼ਟਰਪਤੀਆਂ ਦੁਆਰਾ ਇਕ ਦੂਜੇ ਦੇ ਦੇਸ਼ਾਂ ਨੂੰ ਤਬਾਹ ਕਰਨ, ਇੱਕ ਦੂਜੇ ਦੇ ਦੇਸ਼ ਦੀ ਇੱਟ ਨਾਲ ਇੱਟ ਖੜਕਾਉਣ ਦੇ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਕੇ ਜੰਗ ਵਾਲਾ ਮਾਹੌਲ ਬਣਾਉਣ ਦੀ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਯੁੱਧ ਦੇ ਜ਼ਖਮ ਝੇਲ ਰਹੇ ਦੇਸ਼ਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ। ਕਿਉਂਕਿ ਬਕੌਲ ਸ਼ਾਇਰ:

ਦਰਦ ਏ ਦਿਲ ਦਰਦ ਆਸ਼ਨਾ ਜਾਣੇ,
ਔਰ ਬੇ-ਦਰਦ ਕੋਈ ਕਿਯਾ ਜਾਣੇ।

ਜੰਗ ਭਾਵੇਂ ਕਿਤੇ ਵੀ ਹੋਵੇ ਉਸਦਾ ਦੁੱਖ ਸਮੁੱਚੀ ਮਨੁੱਖਤਾ ਨੂੰ ਹੰਢਾਉਣਾ ਪੈਂਦਾ ਹੈ ਅਤੇ ਜੰਗ ਦੇ ਫਲਸਰੂਪ ਵਹਿਣ ਵਾਲਾ ਲਹੂ ਪੂਰੀ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਅਤੇ ਦੁਨੀਆ ਸਾਹਮਣੇ ਅਮਨ ਕਾਨੂੰਨ ਬਣਾਈ ਰੱਖਣ ਦੀ ਚੁਣੌਤੀ ਖੜ੍ਹੀ ਕਰਦਾ ਹੈ। ਤਾਂਹੀੳਂ ਤਾਂ ਸਾਹਿਰ ਕਹਿੰਦਾ ਹੈ:

ਖੂਨ ਅਪਣਾ ਹੋ ਯਾ ਪਰਾਇਆ ਹੋ,
ਨਸਲ ਏ-ਆਦਮ ਕਾ ਖੂਨ ਹੈ ਆਖਿਰ।
ਜੰਗ ਮਸ਼ਰਿਕ ਮੇਂ ਹੋ ਕਿ ਮਗਰਿਬ ਮੇਂ,
ਅਮਨ-ਏ-ਆਲਮ ਕਾ ਖੂਨ ਹੈ ਆਖਿਰ।

ਬੇਸ਼ਕ ਸਾਹਿਰ ਦੀਆਂ ਉਕਤ ਸਤਰਾਂ ਸੱਚਾਈ ਨਾਲ ਭਰਪੂਰ ਹਨ। ਜੰਗ ਭਾਵੇਂ ਕੁਝ ਹੀ ਸਮਾਂ ਚੱਲੇ ਪਰ ਉਸਦੇ ਨਤੀਜੇ ਦੇਰ ਤੱਕ ਝੇਲਣੇ ਪੈਂਦੇ ਹਨਅਮਰੀਕਾ ਦੀ ਬੰਬਾਰੀ ਦਾ ਸਾਹਮਣਾ ਕਰ ਚੁੱਕੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਅੱਜ ਵੀ ਜੰਗ ਦੀ ਬਰਬਾਦੀ ਦੀ ਦਾਸਤਾਨ ਚੀਕ ਚੀਕ ਕੇ ਬਿਆਨ ਕਰ ਰਹੇ ਹਨ ਹਾਲਾਂਕਿ ਇਨ੍ਹਾਂ ਸ਼ਹਿਰਾਂ ਉੱਪਰ ਅਮਰੀਕਾ ਨੂੰ ਐਟਮ ਬੰਬ ਸੁੱਟੇ ਸੱਤ ਦਹਾਕਿਆਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ। ਇਹਨਾਂ ਬੰਬਾਂ ਕਾਰਨ ਆਏ ਜ਼ਖਮ ਇਹਨਾਂ ਸ਼ਹਿਰਾਂ ਦੇ ਲੋਕਾਂ ਲਈ ਨਾਸੂਰ ਬਣੇ ਹੋਏ ਹਨ। ਕਿੰਨੇ ਦੁਖਾਂਤ ਵਾਲੀ ਗੱਲ ਹੈ ਕਿ ਜਿੱਥੇ ਇਹਨਾਂ ਸ਼ਹਿਰਾਂ ਦੀਆਂ ਜ਼ਮੀਨਾਂ ਬੰਜਰ ਬਣ ਗਈਆਂ ਹਨ ਉੱਥੇ ਨਵ ਜੰਮੇ ਬੱਚੇ ਅੱਜ ਵੀ ਅਪੰਗ ਪੈਦਾ ਹੁੰਦੇ ਹਨ। ਇਹਨਾਂ ਹਾਲਾਤ ਦੀ ਮੰਜ਼ਰ-ਕਸ਼ੀ ਕਰਦੇ ਹੋਏ ਸਾਹਿਰ ਆਖਦੇ ਹਨ ਕਿ:

ਬੰਬ ਘਰੋਂ ਪੇ ਗਿਰੇਂ ਕਿ ਸਰਹੱਦ ਪਰ,
ਰੂਹ ਏ-ਤਾਅਮੀਰ ਜ਼ਖਮ ਖਾਤੀ ਹੈ।
ਖੇਤ ਅਪਨੇ ਜਲੇਂ ਕਿ ਗੈਰੋਂ ਕੇ,
ਜ਼ੇਸਤ ਫਾਕੋਂ ਸੇ ਤਿਲਮਿਲਾਤੀ ਹੈ।

ਕੁਝ ਪਲਾਂ ਦੀ ਗਲਤੀ ਦੀ ਸਜ਼ਾ ਕਿਵੇਂ ਸਦੀਆਂ ਤੱਕ ਭੁਗਤਣੀ ਪੈਂਦੀ ਹੈ, ਇਸ ਦੀ ਪਰਿਭਾਸ਼ਾ ਮਜ਼ੱਫਰ ਰਜ਼ਮੀ ਨੇ ਇਕ ਸ਼ਿਅਰ ਵਿਚ ਇੰਝ ਦਿੱਤੀ ਹੈ:

ਤਾਰੀਖ ਕੀ ਆਂਖੋਂ ਨੇ ਵੋਹ ਦੌਰ ਭੀ ਦੇਖਾ ਹੈ,
ਲਮਹੋਂ ਨੇ ਖਤਾ ਕੀ ਥੀ ਸਦੀਉਂ ਨੇ ਸਜ਼ਾ ਪਾਈ।

ਯੁੱਧ ਦੇ ਮੈਦਾਨ ਵਿਚ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ ਮਰਨ ਵਾਲਿਆਂ ਦਾ ਸੋਗ ਅਤੇ ਮਾਤਮ ਦੋਵੇਂ ਪਾਸੇ ਪਸਰਿਆ ਹੋਇਆ ਵੇਖਣ ਨੂੰ ਮਿਲਦਾ ਹੈ, ਇਸੇ ਲਈ ਸਾਹਿਰ ਕਹਿੰਦੇ ਹਨ:

ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ,
ਕੋਖ ਧਰਤੀ ਕੀ ਬਾਂਝ ਹੋਤੀ ਹੈ।
ਫਤਹਿ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜ਼ਿੰਦਗੀ ਮਈਯਤੋਂ ਪੇ ਰੋਤੀ ਹੈ।

ਜੰਗ ਦੇ ਪਿਛਲੇ ਤਜਰਬੇ ਦੱਸਦੇ ਹਨ ਕਿ ਜੰਗ ਭਾਵੇਂ ਕਿੰਨੀ ਹੀ ਲੰਮੀ ਕਿਉਂ ਨਾ ਚੱਲੇ, ਪਰੰਤੂ ਉਸਦਾ ਨਿਬੇੜਾ ਅੰਤ ਗੱਲਬਾਤ ਰਾਹੀਂ ਹੀ ਹੁੰਦਾ ਹੈ। ਜਦ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੰਗ ਕਿਸੇ ਸਮੱਸਿਆ ਦਾ ਸਦੀਵੀ ਹੱਲ ਨਹੀਂ ਹੈ ਤਾਂ ਅਸੀਂ ਜੰਗ ਦੇ ਰਸਤੇ ਨੂੰ ਚੁਣ ਕੇ ਮਨੁੱਖੀ ਜਾਨਾਂ ਦਾ ਘਾਣ ਕਿਉਂ ਕਰੀਏ? ਇਸੇ ਸੰਦਰਭ ਵਿਚ ਸਾਹਿਰ ਆਖਦੇ ਹਨ:

ਜੰਗ ਤੋ ਖੁਦ ਹੀ ਏਕ ਮਸਲਾ ਹੈ,
ਜੰਗ ਕਿਯਾ ਮਸਲੋਂ ਕਾ ਹੱਲ ਦੇਗੀ।
ਆਗ ਔਰ ਖੂਨ ਆਜ ਬਖਸ਼ੇਗੀ,
ਭੂਖ ਔਰ ਅਹਿਤਿਆਜ ਕਲ ਦੇਗੀ।

ਆਪਣੀ ਨਜ਼ਮ ਦੇ ਆਖਰੀ ਪਹਿਰੇ ਵਿਚ ਸਾਹਿਰ ਟਰੰਪ ਅਤੇ ਕਿਮ ਜੌਂਗ ਜਿਹੇ ਸ਼ਰੀਫ ਇਨਸਾਨਾਂ ਨੂੰ ਮੁਖਾਤਿਬ ਹੁੰਦਿਆਂ ਆਖਦੇ ਹਨ:

ਇਸ ਲੀਯੇ ਐ ਸ਼ਰੀਫ ਇਨਸਾਨੋਂ,
ਜੰਗ ਟਲਤੀ ਰਹੇ ਤੋ ਬਿਹਤਰ ਹੈ।
ਆਪ ਔਰ ਹਮ ਸਭੀ ਕੇ ਆਂਗਣ ਮੇਂ,
ਸ਼ਮਾਂ ਜਲਤੀ ਰਹੇ ਤੋ ਬਿਹਤਰ ਹੈ

ਬੇਸ਼ੱਕ ਅੱਜ ਦੁਨੀਆ ਦੇ ਵਧੇਰੇ ਗਰੀਬ ਦੇਸ਼ਾਂ ਦੇ ਲੋਕ ਬੇਰੋਜ਼ਗਾਰੀ, ਗਰੀਬੀ, ਅਨਪੜ੍ਹਤਾ ਅਤੇ ਭੁੱਖਮਰੀ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਜੇਕਰ ਇਨ੍ਹਾਂ ਸ਼ਰੀਫ ਇਨਸਾਨਾਂ ਨੇ ਜੰਗ ਹੀ ਲੜਨੀ ਹੈ ਤਾਂ ਗਰੀਬਾਂ ਦੀ ਗਰੀਬੀ ਦੂਰ ਕਰਨ ਲਈ ਜੰਗ ਲੜਨੀ ਚਾਹੀਦੀ ਹੈ। ਜੇ ਕਰ ਜੰਗ ਲੜਨਾ ਹੀ ਮਕਸਦ ਹੈ ਤਾਂ ਅਨਪੜ੍ਹਤਾ ਅਤੇ ਬੇਰੋਜ਼ਗਾਰੀ ਵਿਰੁੱਧ ਜੰਗ ਲੜਨੀ ਚਾਹੀਦੀ ਹੈ। ਜੇਕਰ ਜੰਗ ਹੀ ਲੜਨੀ ਹੈ ਤਾਂ ਅੱਜ ਕਿੰਨੇ ਹੀ ਬੱਚੇ ਭੁੱਖਮਰੀ ਅਤੇ ਕੁਪੋਸ਼ਨ ਦਾ ਸ਼ਿਕਾਰ ਹਨ, ਜਿਨ੍ਹਾਂ ਨੂੰ ਇਕ ਸਮੇਂ ਦੀ ਰੋਟੀ ਮਿਲਣੀ ਤਾਂ ਦੂਰ ਪੀਣ ਲਈ ਸਾਫ ਪਾਣੀ ਤਕ ਉਪਲਬਧ ਨਹੀਂ ਹੈ। ਇਨ੍ਹਾਂ ਦੀ ਭੁੱਖ ਮਿਟਾਉਣ ਅਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਜੰਗ ਲੜਨੀ ਚਾਹੀਦੀ ਹੈ।

ਅੱਜ ਸੰਸਾਰ ਨੂੰ ਜਾਨਲੇਵਾ ਹਥਿਆਰਾਂ ਦੀ ਨਹੀਂ ਸਗੋਂ ਜੀਵਨ ਉੱਪਰ ਛਾੲ ਅੰਧਕਾਰ ਦੇ ਬਦਲਾਂ ਨੂੰ ਦੂਰ ਕਰਨ ਲਈ ਸਿੱਖਿਆ ਸੰਸਥਾਵਾਂ ਦੀ ਅਤੇ ਬੀਮਾਰੀ ਨਾਲ ਜੂਝ ਰਹੀ ਮਨੁੱਖਤਾ ਨੂੰ ਜੀਵਨ ਨੂੰ ਨਿਰੋਗ ਬਣਾਉਣ ਵਾਲੇ ਵਧੀਆ ਅਤੇ ਆਧੁਨਿਕ ਕਿਸਮ ਦੇ ਹਸਪਤਾਲਾਂ ਦੀ ਵਧੇਰੇ ਲੋੜ ਹੈ।

ਅਜੋਕੇ ਯੁੱਗ ਦਾ ਇਹ ਵੀ ਇਕ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਕਿੰਨੇ ਹੀ ਅਲੱਗ ਅਲੱਗ ਦੇਸ਼ਾਂ ਦੇ ਵਸਨੀਕ ਆਪਣੇ ਮੁਲਕਾਂ ਦੀਆਂ ਸਰਕਾਰਾਂ ਅਤੇ ਸਾਥੀ ਨਾਗਿਰਕਾਂ ਦੇ ਜ਼ੁਲਮ ਤਸ਼ੱਦਦ, ਅਤੇ ਕਤਲ ਓ ਗਾਰਤ ਤੋਂ ਤੰਗ ਆ ਕੇ ਆਪਣੇ ਵਸਦੇ-ਰਸਦੇ ਘਰ ਬਾਰ ਛੱਡ ਕੇ ਗੁਆਂਢੀ ਦੇਸ਼ਾਂ ਵਿਚ ਰਿਫਿਊਜੀਆਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਸਮੇਂ ਦੀ ਪੁਕਾਰ ਹੈ ਕਿ ਉਕਤ ਸ਼ਰੀਫ ਇਨਸਾਨ ਇਹਨਾਂ ਦੂਜੇ ਦੇਸ਼ਾਂ ਵਿਚ ਪਨਾਹ ਲਈ ਬੈਠੇ ਰਿਫਿਊਜੀਆਂ ਨੂੰ ਉਹਨਾਂ ਦੇ ਆਪਣੇ ਮੁਲਕਾਂ ਵਿਚਲੇ ਜੱਦੀ ਮਕਾਨਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਚੁੱਕਣ, ਨਾ ਕਿ ਨਵੀਂ ਜੰਗ ਛੇੜ ਕੇ ਸਮੁੱਚੀ ਮਨੁੱਖਤਾ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰਨ।

*****

(902)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)