“ਜੇਕਰ ਦੇਸ਼ ਵਿੱਚ ਅਜਿਹੇ 10 ਕੁ ਮਜਰਿਮਾਂ ਨੂੰ ਵੀ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਅੱਜ ...”
(13 ਅਗਸਤ 2018)
ਗੁਰੂ ਨਾਨਕ ਦੇਵ ਜੀ ਨੇ ਕਈ ਸ਼ਲੋਕਾਂ ਵਿਚ ਔਰਤ ਦੇ ਹੱਕਾਂ ਲਈ ਜਿੱਥੇ ਆਵਾਜ਼ ਉਠਾਈ ਉੱਥੇ ਹੀ ਉਹਨਾਂ ਔਰਤ ਨੂੰ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਮੰਨਿਆ, ਤੇ ਫਰਮਾਇਆ:
ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ॥
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸ) ਦੇ ਪਾਸ ਇੱਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸਨੇ ਹਜ਼ਰਤ ਮੁਹੰਮਦ (ਸ) ਨੂੰ ਜਿਊਂਦੇ ਜੀਅ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਤੇ ਉਨ੍ਹਾਂ ਦੁਆਰਾ ਦਿੱਤੀਆਂ ਹਦਾਇਤਾਂ ’ਤੇ ਅਮਲ ਕੀਤਾ ਹੋਵੇ) ਆਇਆ ਤੇ ਆਪ ਨੂੰ ਪੁੱਛਣ ਲੱਗਾ ਕਿ ਮੈਨੂੰ (ਅੱਲਾਹ ਅਤੇ ਰਸੂਲ ਤੋਂ ਬਾਅਦ) ਦੁਨੀਆਂ ਵਿਚ ਸੱਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਜਾਂ ਸੱਭ ਤੋਂ ਵੱਧ ਮੇਰੇ ਹੁਸਨੇ-ਸਲੂਕ ਦਾ ਹੱਕਦਾਰ ਕੌਣ ਹੈ, ਤਾਂ ਆਪ ਨੇ ਕਿਹਾ ਤੇਰੀ ਮਾਂ, ਤਾਂ ਉਸਨੇ ਫਿਰ ਦੁਬਾਰਾ ਪੁੱਛਿਆ ਕਿ ਉਸ ਤੋਂ ਬਾਅਦ, ਆਪ ਨੇ ਫਿਰ ਫਰਮਾਇਆ ਤੇਰੀ ਮਾਂ। ਉਸਨੇ ਤੀਜੀ ਵਾਰ ਪੁੱਛਿਆ ਤਾਂ ਆਪ ਨੇ ਤੀਜੀ ਵਾਰ ਵੀ ਫਰਮਾਇਆ ਤੇਰੀ ਮਾਂ, ਜਦ ਉਸਨੇ ਚੌਥੀ ਵਾਰ ਪੁੱਛਿਆ ਕਿ ਉਸ ਤੋਂ ਬਾਅਦ ਤਾਂ ਆਪਨੇ ਫਰਮਾਇਆ ਤੇਰਾ ਬਾਪ। ਕਹਿਣ ਦਾ ਭਾਵ ਇਹ ਹੈ ਕਿ ਔਰਤ ਦੀ ਵਿਸ਼ੇਸ਼ ਰੂਪ ਵਿੱਚ ਜੋ ਕੁਰਬਾਨੀ ਆਪਣੇ ਬੱਚਿਆਂ ਲਈ ਮਾਂ ਦੇ ਰੂਪ ਵਿੱਚ ਹੁੰਦੀ ਹੈ, ਉਸਦਾ ਅਹਿਸਾਨ ਇੱਕ ਬੰਦਾ ਆਪਣੀ ਤਮਾਮ ਉਮਰ ਵੀ ਮਾਂ ਦੀ ਖਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ।
ਇਸੇ ਪਰਕਾਰ ਇੱਕ ਹੋਰ ਮੌਕੇ ’ਤੇ ਹਜ਼ਰਤ ਮੁਹੱਮਦ (ਸ) ਨੇ ਆਪਣੇ ਸਹਾਬੀਆਂ ਨੂੰ ਫਰਮਾਇਆ, ਜਿਸ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ਤੇ ਉਸਨੇ ਉਹਨਾਂ ਕੁੜੀਆਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਤੇ ਕੁੜੀਆਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਉਹਨਾਂ ਨੂੰ ਨੇਕ ਤੇ ਚੰਗੀ ਜਗ੍ਹਾ ਵਿਆਹਿਆ ਹੋਵੇ ਤਾਂ ਉਹ ਜੰਨਤ ਵਿੱਚ ਮੇਰੇ ਨਾਲ ਇਸ ਪਰਕਾਰ ਹੋਵੇਗਾ ਜਿਵੇਂ ਇਹ ਦੋ ਉਂਗਲਾਂ (ਵਿਕਟਰੀ ਵਾਲੀਆਂ) ਹਨ। ਸਹਾਬੀ ਦਾ ਆਖਣਾ ਹੈ ਕਿ ਜੇਕਰ ਅਸੀਂ ਇੱਕ ਲੜਕੀ ਲਈ ਪੁੱਛਦੇ ਤਾਂ ਯਕੀਨਨ ਹਜ਼ਰਤ ਮੁਹੰਮਦ (ਸ) ਦਾ ਉਕਤ ਵਾਲਾ ਉੱਤਰ ਹੀ ਹੋਣਾ ਸੀ।
ਹਜ਼ਰਤ ਲੁਕਮਾਨ (ਹਕੀਮ) ਨੇ ਇੱਕ ਵਾਰ ਆਪਣੇ ਬੇਟੇ ਨੂੰ ਕਿਹਾ, ਕਿਤੋਂ ਸਵਰਗ ਦੀ ਮਿੱਟੀ ਲੈ ਕੇ ਆ, ਤਾਂ ਉਹਨਾਂ ਦੇ ਬੇਟੇ ਨੇ ਆਪਣੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਚੁੱਕੀ ਤੇ ਜਾ ਫੜਾਈ।
ਜੇਕਰ ਗੱਲ ਭਾਰਤ ਦੀ ਕਰੀਏ ਤਾਂ ਸਦੀਆਂ ਤੋਂ ਇਸ ਦੇਸ ਵਿਚ ਔਰਤ ਨੂੰ ਦੇਵੀ ਸਮਝਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਬੱਚੀਆਂ ਨੂੰ ਕੰਜਕਾਂ ਮਾਣਤਾ ਦੇ ਕੇ ਉਹਨਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ।
ਉਕਤ ਸਾਰੀ ਵਿਆਖਿਆ ਕਰਨ ਦਾ ਮਕਸਦ ਇਹੋ ਹੈ ਕਿ ਜਿਸ ਔਰਤ ਨੂੰ ਸਾਡੇ ਪੀਰ ਪੈਗੰਬਰਾਂ, ਅਵਤਾਰਾਂ, ਰਿਸ਼ੀਆਂ, ਮੁਨੀਆਂ ਨੇ ਇੰਨੀ ਇੱਜ਼ਤ ਨਾਲ ਨਿਵਾਜ਼ਿਆ ਹੈ, ਅੱਜ ਉਸੇ ਔਰਤ (ਮਾਂ, ਧੀ, ਭੈਣ ਤੇ ਪਤਨੀ) ਨੂੰ ਜਿਸ ਕਦਰ ਜ਼ਿੱਲਤ ਸਹਿਣੀ ਪੈ ਰਹੀ ਹੈ ਤੇ ਇਸ ਮਰਦ ਪ੍ਰਧਾਨ ਸਮਾਜ ਵਿੱਚ ਆਨੀ-ਬਹਾਨੀ ਜਿਸ ਪ੍ਰਕਾਰ ਉਸ ਤੇ ਤਰ੍ਹਾਂ ਤਰ੍ਹਾਂ ਦੇ ਜ਼ਬਰ-ਓ-ਜ਼ੁਲਮ ਢਾਹੇ ਤੇ ਤਸੀਹੇ ਦਿੱਤੇ ਜਾ ਰਹੇ ਹਨ, ਉਸਦੀ ਉਦਾਹਰਨ ਸ਼ਾਇਦ ਉਸ ਦੌਰਵਿੱਚ ਵੀ ਨਹੀਂ ਮਿਲਦੀ, ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ। ਤਦੇ ਤਾਂ ਸਾਹਿਰ ਨੇ ਕਿਹਾ ਸੀ ਕਿ:
ਲੋਗ ਔਰਤ ਕੋ ਫਕਤ ਜਿਸਮ ਸਮਝ ਲੇਤੇ ਹੈਂ,
ਰੂਹ ਭੀ ਹੋਤੀ ਹੈ ਇਸ ਮੇਂ ਯੇ ਕਹਾਂ ਸੋਚਤੇ ਹੇਂ।
ਕਿਤਨੀ ਸਦੀਓਂ ਸੇ ਯੇ ਵਹਿਸ਼ਤ ਕਾ ਚਲਨ ਜਾਰੀ ਹੈ,
ਕਿਤਨੀ ਸਦੀਓਂ ਸੇ ਕਾਇਮ ਹੈ ਯੇ ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ ਕੋ ਨਗ਼ਮਾ ਸਮਝੇਂ,
ਵੋਹ ਕਬੀਲੋਂ ਕਾ ਜ਼ਮਾਨਾ ਹੋ ਕਿ ਸ਼ਹਿਰੋਂ ਕਾ ਰਿਵਾਜ।
ਭਾਵੇਂ ਅਸੀਂ ਅੱਜ ਤੱਰਕੀ ਦੇ ਵੱਡੇ ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਤੇ ਦੁਨੀਆ ਦੇ ਪਿਛਲੇ ਸਭ ਮਨੁੱਖਾਂ ਤੋਂ ਖੁਦ ਨੂੰ ਅੱਵਲ ਤੇ ਸੱਭਿਅਕ ਕਹਾਉਣ ਵਿੱਚ ਫਖਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਚੰਦ ’ਤੇ ਕਮੰਦ ਪਾਉਣ ਉਪਰੰਤ ਮੰਗਲ-ਗ੍ਰਹਿ ’ਤੇ ਜਿੱਤ ਦੀ ਪ੍ਰਾਪਤੀ ਦੇ ਸੁਪਨੇ ਵੇਖ ਰਹੇ ਹਾਂ। ਪਰ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇੰਨੀ ਤਰੱਕੀ ਕਰ ਲੈਣ ਦੇ ਬਾਵਜੂਦ, ਸਾਡੇ ਸਮਾਜ ਵਿਚ ਅੱਜ ਇੱਕ ਔਰਤ ਦੀ ਇੱਜ਼ਤ ਤੱਕ ਮਹਿਫੂਜ਼ ਨਹੀਂ ਹੈ ...! ਹਾਲਾਤ ਇਸ ਕਦਰ ਗੰਭੀਰ ਹਨ ਕਿ ਮੁਟਿਆਰਾਂ ਦੀ ਗੱਲ ਛੱਡੋ, ਅੱਜ ਸਮਾਜ ਵਿਚ ਵਿਚਰਦੇ ਦਰਿੰਦਿਆਂ ਹੱਥੋਂ ਅੱਠ ਮਹੀਨਿਆਂ ਤੇ ਅੱਠ ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ ਅੱਸੀਆਂ ਸਾਲਾਂ ਦੀ ਬੇਬੇ ਤੱਕ ਵੀ ਮਹਿਫੂਜ਼ ਨਹੀਂ। ਯਕੀਨਨ ਇਹ ਸਮਾਜ ਲਈ ਇੱਕ ਕਲੰਕਿਤ ਕਰਨ ਵਾਲੀ ਗੱਲ ਹੈ। ਨਾਲ ਹੀ ਸਾਡੀ ਸਮੁੱਚੀ ਮਨੁੱਖ ਜ਼ਾਤੀ ਲਈ ਇੱਕ ਗੰਭੀਰ ਚੁਣੌਤੀ ਭਰਪੂਰ ਚਿੰਤਾ ਦਾ ਵਿਸ਼ਾ ਹੈ। ਇਸ ਸੰਦਰਭ ਵਿੱਚ ਸਾਹਿਰ ਲੁਧਿਆਣਵੀ ਕਹਿੰਦੇ ਹਨ:
ਔਰਤ ਨੇ ਜਨਮ ਦੀਯਾ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਜਬ ਜੀਅ ਚਾਹਾ ਮਸਲਾ, ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਯਾ।
ਮਰਦੋਂ ਕੇ ਲੀਏ ਹਰ ਜ਼ੁਲਮ ਰਵਾਅ, ਔਰਤ ਕੇ ਲੀਏ ਰੋਨਾ ਭੀ ਖ਼ਤਾ।
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ, ਔਰਤ ਕੇ ਲੀਏ ਜੀਨਾ ਭੀ ਖ਼ਤਾ।
ਪਿਛਲੇ ਦਿਨੀਂ ਇੱਕ ਆਲਮੀ ਮਾਹਿਰਾਂ ਦੇ ਪੈਨਲ ਵਲੋਂ ਕੀਤੇ ਸਰਵੇਖਣ ਉਪਰੰਤ ਜੋ ਤੱਥ ਉੱਭਰ ਕੇ ਸਾਹਮਣੇ ਆਏ ਹਨ, ਜੇਕਰ ਉਹਨਾਂ ਨੂੰ ਸੱਚ ਮੰਨੀਏ ਤਾਂ ਸਮੁੱਚੀ ਦੁਨੀਆ ਦੇ ਨਾਲ ਨਾਲ ਸਾਡੇ ਆਪਣੇ ਦੇਸ਼ ਵਾਸੀਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਥਾਮਸਨ ਰਾਇਟਰਜ਼ ਫਾੳਊਂਡੇਸ਼ਨ ਦੇ ਸਰਵੇਖਣ ਅਨੁਸਾਰ ਭਾਰਤ ਦੁਨੀਆ ਭਰ ਦੇ ਦੇਸ਼ਾਂ ਵਿੱਚੋਂ ਔਰਤਾਂ ਲਈ ਸੱਭ ਤੋਂ ਵੱਧ ਖਤਰਨਾਕ ਤੇ ਅਸੁਰੱਖਿਅਤ ਮੁਲਕ ਹੈ ਤੇ ਆਪਣੇ ਇਸ ਸਰਵੇ ਵਿਚ ਔਰਤਾਂ ਲਈ ਗ਼ੈਰ-ਮਹਿਫੂਜ਼ ਮੁਲਕਾਂ ਦੀ ਸ਼੍ਰੇਣੀ ਵਿਚ ਭਾਰਤ ਨੂੰ ਅੱਵਲ ਨੰਬਰ ਤੇ ਰੱਖਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਫਹਿਰਿਸਤ ਵਿਚ ਦਹਿਸ਼ਤਗਰਦੀ ਨਾਲ ਪ੍ਰਭਾਵਿਤ ਅਫਗਾਨਿਸਤਾਨ ਤੇ ਜੰਗ ਨਾਲ ਤਬਾਹ ਹੋਇਆ ਸ਼ਾਮ (ਸੀਰੀਆ) ਵਰਗੇ ਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਜਦੋਂ ਕਿ ਅਮਰੀਕਾ ਪੱਛਮੀ ਦੇਸ਼ਾਂ ਵਿਚ ਇੱਕ ਅਜਿਹਾ ਦੇਸ਼ ਹੈ ਜੋ ਟੌਪ ਦੇ 10 ਦੇਸ਼ਾਂ ਵਿਚ ਸ਼ਾਮਿਲ ਹੈ।
ਇਹ ਸਰਵੇ ਉਕਤ ਸੰਸਥਾ ਦੁਆਰਾ 26 ਮਾਰਚ ਤੋਂ 4 ਮਈ 2018 ਵਿਚਕਾਰ ਕਰਵਾਇਆ ਗਿਆ। ਇਸ ਸਰਵੇ ਵਿੱਚ ਪੂਰੀ ਦੁਨੀਆਂ ਦੇ 548 ਅਜਿਹੇ ਮਾਹਿਰੀਨ ਨੂੰ ਸ਼ਾਮਿਲ ਕੀਤਾ ਗਿਆ ਜੋ ਔਰਤਾਂ ਨਾਲ ਸੰਬੰਧਤ ਸਮੱਸਿਆਵਾ ਤੋਂ ਪੂਰੀ ਤਰ੍ਹਾਂ ਵਾਕਿਫ ਸਨ। ਇਹਨਾਂ ਵਿੱਚ ਵਿੱਦਿਅਕ ਵਿਭਾਗ ਨਾਲ ਸੰਬੰਧਿਤ, ਸਿਹਤ ਤੇ ਐੱਨ.ਜੀ.ਓਜ਼ ਵਿਚ ਕੰਮ ਕਰਦੇ ਲੋਕੀ ਵੀ ਸ਼ਾਮਿਲ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ 2011 ਵਿਚ ਕਰਵਾਏ ਗਏ ਇੱਕ ਇਸੇ ਪ੍ਰਕਾਰ ਦੇ ਸਰਵੇ ਵਿਚ ਭਾਰਤ ਚੌਥੇ ਸਥਾਨ ’ਤੇ ਸੀ।
ਥਾਮਸਨ ਰਾਇਟਰਜ਼ ਫਾਊਂਡੇਸ਼ਨ ਦਾ ਉਕਤ ਸਰਵੇ ਸੰਸਾਰ ਦੇ ਕੁਲ 193 ਦੇਸ਼ਾਂ ਦੀ ਔਰਤਾਂ ਦੇ ਹਾਲਾਤ ’ਤੇ ਅਧਾਰਿਤ ਹੈ ਇਸ ਦੇ ਅਨੁਸਾਰ ਭਾਰਤ ਨੂੰ ਔਰਤਾਂ ਦੇ ਲਈ ਸਭ ਤੋਂ ਵੱਧ ਗ਼ੈਰ-ਮਹਿਫੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ ਪਹਿਲੇ ਦਸ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਦਸਵੇਂ ਸਥਾਨ ’ਤੇ ਹੈ, ਪਾਕਿਸਤਾਨ ਛੇਵੇਂ, ਸੋਮਾਲੀਆ ਚੌਥੇ ਸਥਾਨ ਤੇ ਸਾਓਦੀ ਅਰਬ ਪੰਜਵੇਂ ਸਥਾਨ ’ਤੇ ਹੈ। ਜੇਕਰ ਇਸ ਸਰਵੇਖਣ ਦੀ ਤੁਲਨਾ 2011 ਦੇ ਸਰਵੇਖਣ ਨਾਲ ਕਰੀਏ ਤਾਂ ਦੋਵਾਂ ਵਿਚਕਾਰ ਇੱਕ ਤਰ੍ਹਾਂ ਜ਼ਮੀਨ ਆਸਮਾਨ ਦਾ ਫਰਕ ਵਿਖਾਈ ਦਿੰਦਾ ਹੈ, ਕਿਉਂਕਿ 2011 ਵਾਲੇ ਸਰਵੇਖਣ ਵਿੱਚ ਕ੍ਰਮਵਾਰ ਅਫਗ਼ਾਨਿਸਤਾਨ ਪਹਿਲੇ, ਕਾਂਗੋ ਦੂਜੇ, ਪਾਕਿਸਤਾਨ ਤੀਜੇ, ਭਾਰਤ ਚੌਥੇ ਅਤੇ ਸੋਮਾਲੀਆ ਪੰਜਵੇਂ ਸਥਾਨ ’ਤੇ ਸਨ।
ਸਰਵੇਖਣ ਇਕੱਲਾ ਜਿਨਸੀ ਸ਼ੋਸ਼ਣ ਜਾਂ ਛੇੜ-ਛਾੜ ਹੀ ਮੁੱਦੇ ਨਹੀਂ ਹਨ ਸਗੋਂ ਇਸ ਦੇ ਨਾਲ ਨਾਲ ਔਰਤਾਂ ਦੀ ਸਿਹਤ, ਸਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁੱਟ-ਮਾਰ ਅਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਿਲ ਕੀਤੇ ਗਏ ਹਨ। ਫਾਊਂਡੇਸ਼ਨ ਨੇ ਆਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ “ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਬਾਦੀ ਵਾਲੇ ਦੇਸ਼, ਜਿੱਥੇ 1.3 ਬਿਲੀਅਨ ਲੋਕੀ ਰਹਿੰਦੇ ਹਨ, ਉਹ ਤਿੰਨ ਮਾਮਲਿਆਂ ਵਿੱਚ ਦੁਨੀਆਂ ਦਾ ਸਭ ਤੋਂ ਖਤਰਨਾਕ ਦੇਸ਼ ਹੈ ਅਤੇ ਇਹ ਹਨ ਔਰਤਾਂ ਦੇ ਖਿਲਾਫ ਜਿਨਸੀ ਤਸ਼ੱਦਦ, ਸਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ, ਜਿਹਨਾਂ ਵਿਚ ਜ਼ਬਰਨ ਮਜ਼ਦੂਰੀ ਕਰਾਉਣਾ, ਜਿਨਸੀ ਗ਼ੁਲਾਮੀ ਕਰਵਾਉਣਾ ਅਤੇ ਘਰੇਲੂ ਮਲਾਜ਼ਿਮ ਰੱਖਣਾ ਆਦਿ ਸ਼ਾਮਿਲ ਹਨ।
ਇਸ ਸੰਬੰਧੀ ਮਹਿਲਾਵਾਂ ਬਾਰੇ ਕੌਮੀ ਕਮਿਸ਼ਨ (ਐੱਨ.ਸੀ.ਡਬਲਿਊ) ਨੇ ਉਕਤ ਸਰਵੇਖਣ ਦੀਆਂ ਲੱਭਤਾਂ ਨੂੰ ਖਾਰਜ ਕਰ ਦਿੱਤਾ। ਕਮਿਸ਼ਨ ਦਾ ਕਹਿਣਾ ਹੈ ਕਿ ਜਿਹਨਾਂ ਮੁਲਕਾਂ ਨੂੰ ਭਾਰਤ ਦੇ ਹੇਠਾਂ ਰੱਖਿਆ ਗਿਆ ਹੈ, ਉਹਨਾਂ ਮੁਲਕਾਂ ਦੀਆਂ ਔਰਤਾਂ ਨੂੰ ਤਾਂ ਜਨਤਕ ਤੋਰ ’ਤੇ ਬੋਲਣ ਦੀ ਵੀ ਖੁੱਲ੍ਹ ਨਹੀਂ ਹੈ। ਨਾਲ ਹੀ ਉਹਨਾਂ ਰਿਪੋਰਟ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਸਰਵੇ ਲਈ ਜਿਹੜਾ ਨਮੂਨਾ ਵਰਤਿਆ ਗਿਆ, ਉਹ ਮਾਪ ਵਿਚ ਕਾਫੀ ਛੋਟਾ ਸੀ ਤੇ ਉਹ ਪੂਰੇ ਮੁਲਕ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਕਤ ਕਮਿਸ਼ਨ ਨੇ ਜੋ ਰਿਪੋਰਟ ਨੂੰ ਰੱਦ ਕਰਨ ਲਈ ਦਲੀਲਾਂ ਦਿੱਤੀਆਂ ਹਨ ਉਹ ਸਭ ਵਾਜਿਬ ਹਨ। ਪਰੰਤੂ ਜਦ ਅਸੀਂ ਆਪਣਾ ਉਕਤ ਰਿਪੋਰਟ ਤੇ ਧਿਆਨ ਦਿੰਦੇ ਹਾਂ ਤਾਂ ਗ਼ਾਲਿਬ ਦਾ ਇਹ ਸ਼ਿਅਰ ਬੇ-ਅਖਤਿਆਰ ਜ਼ਬਾਨ ’ਤੇ ਆ ਜਾਂਦਾ ਹੈ ਕਿ:
ਬੇ-ਖੁਦੀ ਬੇ-ਸਬਬ ਨਹੀਂ ਗ਼ਾਲਿਬ ...!
ਕੁੱਛ ਤੋ ਹੈ ਜਿਸਕੀ ਪਰਦਾ-ਦਾਰੀ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਵੀ 2007 ਤੋਂ 2016 ਦੇ ਵਿਚਕਾਰ ਔਰਤਾਂ ਖਿਲਾਫ ਢਾਹੇ ਜਾਂਦੇ ਜੁਰਮਾਂ ਦੇ ਮਾਮਲਿਆਂ ਵਿਚ 83 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹਰ ਘੰਟੇ ਚਾਰ ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਪੇਸ਼ ਆਉਂਦੇ ਹਨ।
ਤਾਜ਼ਾ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਦੀ ਹੈ ਜਿੱਥੇ ਕਿ ਇੱਕ ਗਰਲਜ਼ ਸ਼ੈੱਲਟਰ ਹੋਮ (ਬੇਸਹਾਰਾ ਲੜਕੀਆਂ ਲਈ ਬਣੇ ਆਸਰਾ ਗ੍ਰਹਿ) ਵਿਖੇ 34 ਬੱਚੀਆਂ ਨਾਲ ਜਬਰ ਜਿਨਾਹ ਦੀਆਂ ਦੁਖਦਾਈ ਵਾਰਦਾਤਾਂ ਸਾਹਮਣੇ ਆਉਣ ਨਾਲ ਹੜਕੰਪ ਮੱਚ ਗਿਆ ਸੀ। (ਇਸ ਘਟਨਾ ਵਿਚ ਤਿੰਨ ਲੜਕੀਆਂ ਦੀ ਮੌਤ ਹੋਣ ਦੀ ਵੀ ਗੱਲ ਕਹੀ ਗਈ ਸੀ)। ਉਕਤ ਘਟਨਾ ਨੇ ਜਿੱਥੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਹੀ ਖੁਦ ਨੂੰ ਸੁਸ਼ਾਣ ਬਾਬੂ ਕਹਾਉਣ ਵਾਲੇ ਆਗੂ ਸਮੇਤ ਉੱਥੋਂ ਦੇ ਸਮੁੱਚੇ ਪ੍ਰਸ਼ਾਸਨਿਕ ਪ੍ਰਬੰਧ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ। ਨਿਰਸੰਦੇਹ ਇਸ ਘਟਨਾ ਨਾਲ ਦੇਸ਼ ਨੂੰ ਔਰਤਾਂ ਦੀ ਸੁਰੱਖਿਆ ਦੇ ਮੁਆਮਲੇ ਵਿੱਚ ਦੁਨੀਆਂ ਸਾਹਮਣੇ ਇੱਕ ਵਾਰ ਫਿਰ ਤੋਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਕਤ ਸਾਰਾ ਘਟਨਾ ਚੱਕਰ ਇੱਕ ਪ੍ਰਕਾਰ ਥਾਮਸਨ ਰਾਇਟਰਜ਼ ਦੀ ਉਕਤ ਰਿਪੋਰਟ ਵਿੱ ਦਰਸਾਏ ਅੰਕੜਿਆਂ ਦੀ ਹਾਮੀ ਭਰਦਾ ਪ੍ਰਤੀਤ ਹੁੰਦਾ ਹੈ। ਇਹੋ ਕਾਰਨ ਹੈ ਕਿ ਉਕਤ ਸਮੂਹਿਕ ਲੜਕੀਆਂ ਨਾਲ ਵੱਡੀ ਪੱਧਰ ’ਤੇ ਹੋਏ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਘਟਨਾ ਸੰਬੰਧੀ ਤਫਸੀਲੀ ਜਵਾਬ ਦੇਣ ਦੀ ਮੰਗ ਕੀਤੀ ਹੈ।
ਮਾਹਿਰੀਨ ਦਾ ਕਹਿਣਾ ਹੈ ਕਿ ਸਾਲ 2012 ਵਿਚ ਨਿਰਭਿਆ ਬਲਾਤਕਾਰ ਮਾਮਲੇ ਤੋਂ ਬਾਅਦ ਭਾਰਤ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਬਹੁਤੇ ਸਾਕਾਰਤਮਕ ਕਦਮ ਨਹੀਂ ਚੁੱਕੇ ਗਏ। ਜੇਕਰ ਨਿਰਭਿਆ ਕੇਸ ਵਿੱਚ ਸ਼ਾਮਿਲ ਮਜਰਿਮਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਜਲਦ ਮਿਲੀ ਹੁੰਦੀ ਤਾਂ ਸ਼ਾਇਦ ਕਠੂਆ, ਉਨਾਓ ਤੇ ਮਸੰਦੋਰ ਜਿਹੀਆਂ ਘਟਨਾਵਾਂ ਨਾ ਵਾਪਰੀਆਂ ਹੁੰਦੀਆਂ ਅਤੇ ਨਾ ਹੀ ਦੇਸ਼ ਦੀ ਦੁਨੀਆ ਵਿਚ ਰੁਸਵਾਈ ਹੁੰਦੀ।
ਹੁਣ ਦੇਸ਼ ਵਾਸੀਆਂ, ਸਰਕਾਰ ਤੇ ਸਮੁੱਚੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਔਰਤਾਂ ਵਿਰੁੱਧ ਜ਼ੁਲਮ ਕਰਨ ਵਾਲੇ ਦਾਨਵਾਂ ਨੂੰ ਕਿਸੇ ਕੀਮਤ ’ਤੇ ਨਾ ਬਖਸ਼ਿਆ ਜਾਵੇ, ਸਗੋਂ ਕਾਨੂੰਨ ਦੇ ਦਾਇਰੇ ਵਿੱਚ ਲਿਆ ਕਿ ਅਜਿਹੇ ਕੇਸਾਂ ਵਿਚ ਸ਼ਾਮਿਲ ਮੁਜਰਿਮਾਂ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤਾਂ ਰਾਹੀਂ ਬਣਦੀ ਸਜ਼ਾ ਦਿਵਾਉਣ ਉਪਰੰਤ ਕਿਸੇ ਚੁਰਾਹੇ ਤੇ ਖੜ੍ਹਾ ਕਰਕੇ ਅਜਿਹੇ ਮੁਜਰਿਮਾਂ ਨੂੰ ਸਰੇ-ਆਮ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਅਜਿਹੀ ਬੀਮਾਰ ਮਾਨਸਿਕਤਾ ਰੱਖਣ ਵਾਲੇ ਦੂਸਰੇ ਦਰਿੰਦਿਆਂ ਨੂੰ ਨਸੀਹਤ ਹੋ ਸਕੇ। ਜੇਕਰ ਦੇਸ਼ ਵਿੱਚ ਅਜਿਹੇ 10 ਕੁ ਮਜਰਿਮਾਂ ਨੂੰ ਵੀ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਅੱਜ ਸ਼ਾਇਦ ਦੇਸ਼ ਦਾ ਨਾਮ ਅਜਿਹੇ ਘਿਨਾਉਣੇ ਸ਼ਰਮਸਾਰ ਕਰਨ ਵਾਲੇ ਜੁਰਮਾਂ ਦੀ ਸ਼੍ਰੇਣੀ ਵਿਚ ਦੁਨੀਆਂ ਦੇ ਪਹਿਲੇ ਨੰਬਰ ’ਤੇ ਨਾ ਆਇਆ ਹੁੰਦਾ। ਅੰਤ ਵਿਚ ਸਾਹਿਰ ਲੁਧਿਆਣਵੀ ਦੇ ਇਹਨਾਂ ਸ਼ਬਦਾਂ ਨਾਲ ਹੀ ਲੇਖ ਨੂੰ ਵਿਰਾਮ ਦੇਵਾਂਗਾ ਕਿ:
ਔਰਤ ਸੰਸਾਰ ਕੀ ਕਿਸਮਤ ਹੈ ਫਿਰ ਭੀ ਤਕਦੀਰ ਕੀ ਬੇਟੀ ਹੈ।
ਅਵਤਾਰ, ਪੈਗੰਬਰ ਜਣਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ।
ਯੇਹ ਵੋਹ ਬਦ-ਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ।
ਔਰਤ ਨੇ ਜਨਮ ਦੀਯਾ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ।
*****
(1262)