MohdAbbasDhaliwal7ਕਿਸੇ ਵੀ ਬਾਗ ਦੀ ਖੂਬਸੂਰਤੀ ਦਾ ਰਾਜ਼ ਹਮੇਸ਼ਾ ਉਸ ਵਿਚ ਖਿੜੇ ਵੰਨ-ਸੁਵੰਨੇ ਫੁੱਲਾਂ ਦੀ ...
(11 ਜੁਲਾਈ 2018)

 

FlowerGarden1

 

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜੋ ਖਬਰ ਮੀਡੀਆ ਵਿੱਚ ਬਹਿਸ ਦਾ ਵਿਸ਼ਾ ਬਣੀ ਹੋਈ ਸੀ, ਉਹ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਆਰ.ਐੱਸ.ਐੱਸ. ਦੇ ਨਾਗਪੁਰ ਸਮਾਗਮ ਦਾ ਦਾਅਵਤ ਨਾਮਾ ਕਬੂਲ ਕਰਨਾ ਸੀ ਦੇਸ਼ ਦੀਆਂ ਕਈ ਸਿਆਸੀਆਂ ਪਾਰਟੀਆਂ ਪ੍ਰਣਬ ਮੁਖਰਜੀ ਦੇ ਇਸ ਫੈਸਲੇ ਤੋਂ ਇਕ ਪ੍ਰਕਾਰ ਆਹਿਤ ਤੇ ਅਚੰਭਿਤ ਹੋਈਆਂ ਅਨੁਭਵ ਹੋਈਆਂ ਜਦ ਕਿ ‘ਪ੍ਰਣਬ ਦਾ’ ਦਾ ਆਰ.ਐੱਸ.ਐੱਸ ਦੇ ਸਮਾਗਮ ਵਿੱਚ ਸ਼ਮੂਲੀਅਤ ਫਰਮਾਉਣ ਦਾ ਫੈਸਲਾ ਕੁਝ ਪਾਰਟੀਆਂ ਨੂੰ ਤਾਂ ਬਿਲਕੁਲ ਵੀ ਹਜ਼ਮ ਨਹੀਂ ਸੀ ਹੋ ਰਿਹਾ

ਇੱਕ ਅਣ-ਸੁਲਝੀ ਪਹੇਲੀ ਬਣਿਆ ਸਾਬਕਾ ਰਾਸ਼ਟਰਪਤੀ ਦਾ ਇਹ ਫੈਸਲਾ ਅੰਦਰੋਗਤੀ ਪਹਿਲੀ ਨਜ਼ਰੇ ਵੇਖਣ ’ਤੇ ਸਭਨਾਂ ਨੂੰ ਉਹਨਾਂ ਦੀ ਅੰਤਰ ਆਤਮਾ ਦੀ ਵਿਚਾਰ-ਧਾਰਾ ਦੇ ਵਿਪਰੀਤ ਵਿਰੋਧਾ-ਭਾਸੀ ਲਿਆ ਮਹਿਸੂਸ ਹੋ ਰਿਹਾ ਸੀ। ਇਹੋ ਕਾਰਨ ਹੈ ਕਿ ਸਿਆਸੀ ਦਲਾਂ ਦੇ ਨਾਲ ਨਾਲ ਆਮ ਜਨਤਾ ਵਿਚਕਾਰ ਵੀ ਇਸ ਦਾਅਵਤਨਾਮੇ ਵਿਚ ‘ਪ੍ਰਣਬ ਦਾ’ ਦੀ ਸ਼ਿਰਕਤ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਕਿਆਸ-ਅਰਾਈਆਂ ਅਤੇ ਖੁੰਢ-ਚਰਚਾਵਾਂ ਦਾ ਬਾਜ਼ਾਰ ਗਰਮ ਸੀ।

ਲੇਕਿਨ ਪ੍ਰਣਬ ਮੁਖਰਜੀ ਹਮੇਸ਼ਾ ਦੀ ਤਰ੍ਹਾਂ ਆਪਣੇ ਲਏ ਫੈਸਲੇ ’ਤੇ ਅਟਲ ਰਹੇ ਅਰਥਾਤ ਉਨ੍ਹਾਂ ਨਾਗਪੁਰ ਵਿਖੇ ਨਾ-ਸਿਰਫ ਆਰ.ਐੱਸ.ਐੱਸ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ ਸਗੋਂ ਸੰਘ ਸੇਵਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਵੱਢਮੁਲੇ ਵਿਚਾਰਾਂ ਰਾਹੀਂ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਅਤੇ ਆਤਮਾ ਦੇ ਸ਼ਾਖਸ਼ਾਤ ਦਰਸ਼ਨ ਵੀ ਕਰਵਾਏ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਾਗ ਵਿਚ ਖਿੜੇ ਵੱਖ-ਵੱਖ ਕਿਸਮ ਦੇ ਫੁੱਲ ਆਪਣੀਆਂ ਵੱਖੋ-ਵੱਖਰੀਆਂ ਖੁਸ਼ਬੂਆਂ ਬਿਖੇਰਦੇ ਹਨ, ਇਹ ਸੰਭਵ ਨਹੀਂ ਹੈ ਕਿ ਗੁਲਾਬ ਦਾ ਫੁਲ ਇੱਕ ਦਿਨ ਲਈ ਗੇਂਦੇ ਦੀ ਬਾਗੀਚੀ ਵਿਚ ਜਾ ਕੇ ਆਪਣੀ ਖੂਸ਼ਬੂ ਜਾਂ ਸ਼ਨਾਖਤ ਬਦਲ ਦੇਵੇ ਸਗੋਂ ਗੁਲਾਬ ਦੇ ਫੁੱਲ ਵਿੱਚੋਂ ਗੇਂਦੇ ਦੀ ਬਾਗੀਚੀ ਵਿਚ ਜਾ ਕੇ ਵੀ ਮਹਿਕ ਹਮੇਸ਼ਾ ਗੁਲਾਬ ਦੀ ਹੀ ਆਵੇਗੀ ਇਸੇ ਪ੍ਰਕਾਰ ਪ੍ਰਣਬ ਮੁਖਰਜੀ ਨੇ ਆਪਣੀ ਤਕਰੀਰ ਦੌਰਾਨ ਦੇਸ ਵਿਚ ਵਸਦੇ ਵੱਖ-ਵੱਖ ਸੱਤ ਵੱਡੇ ਧਰਮਾਂ ਦੇ ਅਨੁਯਾਈਆਂ ਦੇ ਪਿਆਰ ਭਰੇ ਰਿਸ਼ਤਿਆਂ ਦਾ ਵਰਣਨ ਕਰਦਿਆਂ, ਦੇਸ਼ ਦੇ ਸੰਵਿਧਾਨ ਦੀ ਵਿਆਖਿਆ ਕਰਦਿਆਂ, ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਡਾ ਸੰਵਿਧਾਨ ਅਨੇਕਤਾ ਨੂੰ ਪ੍ਰਵਾਨ ਕਰਦਾ ਹੈ

ਨਾਲ ਹੀ ਉਹਨਾਂ ਅਸਲ ਰਾਸ਼ਟਰਵਾਦ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਰਾਸ਼ਟਰ, ਰਾਸ਼ਟਰਵਾਦ, ਦੇਸ਼ਭਗਤੀ, ਇਹ ਸੱਭ ਸਿਧਾਂਤ ਆਪਸ ਵਿਚ ਜੁੜੇ ਹੋਏ ਹਨ। ਉਹਨਾਂ ਸਪਸ਼ਟ ਕੀਤਾ ਕਿ ਸਾਡਾ ਰਾਸ਼ਟਰਵਾਦ ਕਿਸੇ ਖੇਤਰ, ਭਾਸ਼ਾ ਜਾਂ ਧਰਮ ਨਾਲ ਬੰਨ੍ਹਿਆਂ ਹੋਇਆ ਨਹੀਂ ਹੈ। ਉਹਨਾਂ ਕਿਹਾ ਦਰਅਸਲ ਸਾਡੇ ਰਾਸ਼ਟਰਵਾਦ ਦਾ ਪ੍ਰਵਾਹ ਸੰਵਿਧਾਨ ਵਿੱਚੋਂ ਹੁੰਦਾ ਹੈ ਤੇ ਦੇਸ਼ ਦੀ ਆਤਮ ਵੰਨ- ਸੁਵੰਨਤਾ ਸਹਿਨਸ਼ੀਲਤਾ ਵਿਚ ਵਸਦੀ ਹੈ। ਸਾਡੇ ਲਈ ਜਮਹੂਰੀਅਤ ਹੀ ਸਭ ਤੋਂ ਅਹਿਮ ਮਾਰਗਦਰਸ਼ਕ ਹੈ ਨਾਲ ਹੀ ਉਹਨਾਂ ਕਿਹਾ ਕਿ ਨਫਰਤ, ਅਸਿਹਣਸ਼ੀਲਤਾ ਸਿਰਫ ਤੋੜਨ ਦਾ ਕੰਮ ਕਰਦੀ ਹੈ, ਜੋੜਨ ਦਾ ਨਹੀਂ!

ਪ੍ਰਣਬ ਮੁਖਰਜੀ ਨੇ ਰਾਸ਼ਟਰੀਆ ਸੋਇਅਮ ਸੇਵਕ ਸੰਘ ਦੇ ਗੜ੍ਹ ਭਾਵ ਨਾਗਪੁਰ ਦੇ ਸਮਾਗਮ ਵਿਚ ਜਿਸ ਬਿੰਦਾਸ ਅਤੇ ਦਬੰਗ-ਮਈ ਅੰਦਾਜ਼ ਵਿਚ ਭਾਰਤ ਦੇ ਇਕ ਰੰਗ, ਇਕ ਭਾਸ਼ਾ, ਇੱਕ ਧਰਮ ਵਾਲਾ ਦੇਸ਼ ਦੀ ਹੋਛੀ ਅਤੇ ਥੋਥੀ ਸੋਚ ਵਾਲੀ ਥਿਊਰੀ ਤੋਂ ਇਨਕਾਰ ਕੀਤਾ, ਉਹ ਯਕੀਨਨ ਦੇਸ਼ ਦੇ ਅਮਨ ਪਸੰਦ ਅਤੇ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦਾ ਪੈਗਾਮ ਦੇਣ ਵਾਲੇ ਲੋਕਾਂ ਲਈ ਇਕ ਸ਼ਲਾਘਾਯੋਗ ਕਦਮ ਹੈ। ਉਹਨਾਂ ਦੇ ਇਹਨਾਂ ਸਮੇਂ ਦੀ ਲੋੜ ਅਨੁਸਾਰ ਕਹੇ ਵਿਚਾਰਾਂ ਦੀ ਜਿੰਨੀ ਵੀ ਤਾਅਰੀਫ ਕੀਤੀ ਜਾਵੇ ਘੱਟ ਹੈ। ਬਿਨਾਂ ਸ਼ੱਕ ਉਕਤ ਵਿਚਾਰਾਂ ਦੀ ਪੇਸ਼ਕਾਰੀ ਲਈ ਪ੍ਰਣਬ ਮੁਖਰਜੀ ਮੁਬਾਰਕਬਾਦ ਦੇ ਹੱਕਦਾਰ ਹਨ।

ਵੇਖਿਆ ਜਾਵੇ ਤਾਂ ਦੇਸ ਦੇ ਲੋਕਾਂ ਨੇ ਫਿਰਕੂਪੁਣੇ ਅਤੇ ਨਫਰਤ ਦੀਆਂ ਹਨੇਰੀਆਂ ਵਿਚਕਾਰ ਹੁਣ ਤੱਕ ਬਹੁਤ ਸਾਰੇ ਤਸੀਹੇ ਅਤੇ ਥਪੇੜੇ ਬਰਦਾਸ਼ਤ ਕੀਤੇ ਹਨ ਅਤੇ ਕਿੰਨਾ ਹੀ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕੀਤਾ ਹੈ ਜਦਕਿ ਧਾਰਮਿਕ ਦੰਗਿਆਂ ਦੀ ਲਪੇਟ ਵਿਚ ਕਿੰਨੀਆਂ ਮਾਵਾਂ ਨੇ ਆਪਣੇ ਲਾਲ (ਪੁੱਤਰ ) ਖੋਏ ਹਨ ਅਤੇ ਕਿੰਨੀਆਂ ਹੀ ਭੈਣਾਂ ਨੇ ਅਪਣੇ ਭਰਾ ਅਤੇ ਕਿੰਨੀਆਂ ਔਰਤਾਂ ਨੇ ਆਪਣੇ ਸੁਹਾਗ ਗੁਆਏ ਹਨ ਅਤੇ ਕਿੰਨੇ ਹੀ ਬੱਚੇ ਬੇਸਹਾਰਾ ਅਤੇ ਯਤੀਮ ਹੋਏ ਹਨ। ਭਾਵ ਕਿ ਫਿਰਕੂ ਨਫਰਤ ਦੇ ਕਿੰਨੇ ਜ਼ਖਮ ਅੱਜ ਵੀ ਮਨੁੱਖਤਾ ਦੇ ਜਿਸਮ ਤੇ ਅੱਲੇ ਤੇ ਹਰੇ ਹਨ ਇਹ ਜ਼ਖਮ ਨਾਸੂਰ ਨਾ ਬਣ ਜਾਣ, ਇਸ ਲਈ ਇਹਨਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਜਿਹੇ ਮੱਲ੍ਹਮ ਦੀ ਬੇਹੱਦ ਜ਼ਰੂਰਤ ਹੈ।

ਦਰਅਸਲ ਸਾਬਕਾ ਰਾਸ਼ਟਰਪਤੀ ਦੇ ਉਕਤ ਨਾਗਪੁਰ ਵਿਚਲੇ ਭਾਸ਼ਣ ਤੇ ਅੱਜ ਸਾਰੇ ਦੇਸ਼ ਨਿਵਾਸੀਆਂ ਨੂੰ ਹੀ ਵਿਚਾਰ ਕਰਨ ਦੀ ਲੋੜ ਹੈ ਅਸਲ ਵਿਚ ਉਕਤ ਭਾਸ਼ਣ ਸਾਨੂੰ ਪ੍ਰੇਰਤ ਕਰਦਾ ਹੈ ਕਿ ਸਾਡਾ ਦੇਸ ਅਸਲ ਵਿਚ ਇੱਕ ਬਹੁਤ ਵੱਡਾ ਬਾਗ਼ ਹੈ ਜਿਸ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਪਾਰਸੀ, ਜੈਨੀ, ਬੋਧੀ ਜਿਹੇ ਅਲੱਗ-ਅਲੱਗ ਧਰਮਾਂ ਰੂਪੀ ਕਿਸਮ ਦੇ ਫੁੱਲ ਆਪਣੀਆਂ ਆਪਣੀਆਂ ਖੁਸ਼ਬੂਆਂ ਬਿਖੇਰ ਰਹੇ ਹਨ। ਕਿਸੇ ਵੀ ਬਾਗ ਦੀ ਖੂਬਸੂਰਤੀ ਦਾ ਰਾਜ਼ ਹਮੇਸ਼ਾ ਉਸ ਵਿਚ ਖਿੜੇ ਵੰਨ-ਸੁਵੰਨੇ ਫੁੱਲਾਂ ਦੀ ਤਰੋ-ਤਾਜ਼ਗੀ ਵਿਚ ਛੁਪਿਆ ਹੈ। ਬਾਗ ਦੇ ਫੁੱਲਾਂ ਨੂੰ ਜੇਕਰ ਕੋਈ ਨਫਰਤ-ਨੁਮਾ ਕੀੜਾ ਲਗਦਾ ਹੈ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਇਸ ਨਾਲ ਕਿਸੇ ਇੱਕ ਕਿਸਮ ਦੇ ਫੁੱਲ ਨੂੰ ਖਤਰਾ ਪੈਦਾ ਹੋਵੇਗਾ ਸਗੋਂ ਜੇਕਰ ਬਾਗ਼ ਦਾ ਮਾਲੀ ਇਸ ਨਫਰਤ ਨੁਮਾ ਕੀੜੇ ਦਾ ਵਕਤ ਰਹਿੰਦੇ ਇਲਾਜ ਨਹੀਂ ਕਰਦਾ ਤਾਂ ਇਸਦਾ ਖਤਰਾ ਸਮੁੱਚੇ ਬਾਗ਼ ਦੀ ਹੋਂਦ ਨੂੰ ਹੀ ਹੋ ਸਕਦਾ ਹੈ। ਇਸ ਲਈ ਬਾਗ਼ ਦੇ ਮਾਲੀ ਦਾ ਫਰਜ਼ ਬਣਦਾ ਹੈ ਕਿ ਉਹ ਵੇਲੇ ਸਿਰ ਇਸ ਨਫਰਤ-ਨੁਮਾ ਕੀੜੇ ਦਾ ਪੱਕਾ ਇਲਾਜ ਕਰੇ ਤਾਂ ਕਿ ਸਮੁੱਚੇ ਬਾਗ਼ ਦੇ ਵਜੂਦ ’ਤੇ ਕੋਈ ਆਂਚ ਨਾ ਆਵੇ। ਸੱਭ ਤਰ੍ਹਾਂ ਦੇ ਫੁੱਲ ਆਪਣੀਆਂ ਖੁਸ਼ਬੂਆਂ ਤੇ ਸੁਗੰਧਾਂ ਫਿਜ਼ਾ ਵਿਚ ਬਿਖੇਰ ਬਿਖੇਰ ਬਾਗ਼ ਦੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਰੱਖ ਸਕਣ ਵਿਚ ਆਪਣੀ ਸਾਕਾਰਤਮਕ ਭੂਮਿਕਾ ਨਿਭਾ ਸਕਣ। ਯਕੀਨਨ ਇਸੇ ਵਿਚ ਸਭ ਤਰ੍ਹਾਂ ਦੇ ਫੁੱਲਾਂ ਅਤੇ ਸਮੁੱਚੇ ਬਾਗ਼ ਦੀ ਬਿਹਤਰੀ ਅਤੇ ਤਰੱਕੀ ਦਾ ਰਾਜ਼ ਛੁਪਿਆ ਹੈ ...!

ਅੰਤ ਵਿਚ ਕਿਸੇ ਸ਼ਾਇਰ ਦੇ ਇਸ ਸ਼ਿਅਰ ਨਾਲ ਆਪਣੀ ਬਾਤ ਸੰਪਨ ਕਰਾਂਗਾ ਕਿ:

ਬਕ ਗਿਆ ਹੂੰ, ਜਨੂੰ ਮੇਂ ਕਿਯਾ ਕੁੱਛ,
ਕੁੱਛ ਨਾ ਸਮਝੇ, ਖੁਦਾ ਕਰੇ ਕੋਈ …!

*****

(1186)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author