MohdAbbasDhaliwal7ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ...
(31 ਜੁਲਾਈ 2018)

MohdRafi2

ਜਨਮ: 24 ਦਸੰਬਰ 1924, ਕੋਟਲਾ ਸੁਲਤਾਨ ਸਿੰਘ, ਅਮ੍ਰਿਤਸਰ, ਪੰਜਾਬ।
ਅਲਵਿਦਾ: 31 ਜੁਲਾਈ 1980, ਮੁੰਬਈ, ਮਹਾਰਾਸ਼ਟਰ।

 

ਰੱਬ ਨੇ ਇਸ ਕਾਇਨਾਤ ਵਿਚ ਮਨੁੱਖ ਨੂੰ ਆਪਣਾ ਨਾਇਬ ਬਣਾ ਕੇ ਭੇਜਿਆ ਹੈ। ਇਹਨਾਂ ਮਨੁੱਖਾਂ ਵਿੱਚੋਂ ਹੀ ਕੁਝ ਅਜਿਹੇ ਵਿਅਕਤੀ ਪੈਦਾ ਕੀਤੇ ਜੋ ਉਸ ਰੱਬ ਦੀ ਰਹਿਮਤ ਸਦਕਾ ਸੰਸਾਰ ਵਿੱਚ ਆਪਣੀ ਇਕ ਵਿਲੱਖਣ ਪਛਾਣ ਬਣਾ ਕੇ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਏ।

ਇਸੇ ਪ੍ਰਕਾਰ ਅੱਜ ਜਦੋਂ ਵੀ ਦੁਨੀਆ ਵਿੱਚ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚੱਲਦੀ ਹੈ ਤਾਂ ਬਿਨਾਂ ਸ਼ੱਕ ਇਕ ਨਾਮ ਆਪਣੇ ਆਪ ਸਾਹਮਣੇ ਆ ਖਲੋਂਦਾ ਹੈ, ਉਹ ਨਾਂ ਹੈ ਬੌਲੀਵੁੱਡ ਦੇ ਪ੍ਰਸਿੱਧ ਪਿਠਵਰਤੀ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਜੀ ਦਾ। ਗੀਤ ਹੋਵੇ ਚਾਹੇ ਕੋਈ ਗ਼ਜ਼ਲ ਜਾਂ ਫਿਰ ਕੋਈ ਕੱਵਾਲੀ ਹੋਵੇ ਯਾ ਫਿਰ ਨਾਅਤ ਜਾਂ ਸ਼ਬਦ, ਭਜਨ, ਰਫੀ ਸਾਹਿਬ ਨੇ ਹਰ ਤਰ੍ਹਾਂ ਦੀ ਗਾਇਕੀ ਵਿੱਚ ਆਪਣਾ ਲੋਹਾ ਮਨਵਾਇਆ।

ਅੱਜ ਭਾਵੇਂ ਰਫੀ ਸਾਹਿਬ ਨੂੰ ਸਾਥੋਂ ਵਿੱਛੜਿਆਂ ਲਗਭਗ ਚਾਰ ਦਹਾਕੇ ਬੀਤ ਚੁੱਕੇ ਹਨ ਫਿਰ ਵੀ ਰਫੀ ਸਾਹਿਬ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ, ਜਿਸ ਤਰ੍ਹਾਂ ਕਰੀਬ ਸੱਤ ਦਹਾਕੇ ਪਹਿਲਾਂ ਬੋਲਦਾ ਸੀ। ਅੱਜ ਵੀ ਉਹਨਾਂ ਦੀ ਆਵਾਜ਼ ਜਦੋਂ ਕਦੀ ਰੇਡੀਓ ਤੋਂ ਸੁਣਾਈ ਦਿੰਦੀ ਹੈ ਤਾਂ ਬਿਨਾਂ ਸ਼ੱਕ ਕੰਨਾਂ ਵਿਚ ਇਕ ਪ੍ਰਕਾਰ ਦਾ ਸ਼ਹਿਦ ਘੋਲਦੀ ਮਹਿਸੂਸ ਹੁੰਦੀ ਹੈ ਅਤੇ ਨਾਲ ਹੀ ਰੂਹ ਨੂੰ ਇੱਕ ਤਰੋ ਤਾਜ਼ਗੀ ਮੁਹੱਈਆ ਕਰਵਾਉਂਦੀ ਜਾਪਦੀ ਹੈ।

ਮੁਹੰਮਦ ਰਫੀ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਹਾਜੀ ਅਲੀ ਮੁਹੰਮਦ ਇੱਕ ਬਹੁਤ ਹੀ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫੀ ਛੇ ਭਰਾਵਾਂ ਵਿੱਚੋਂ ਦੂਸਰੇ ਨੰਬਰ ’ਤੇ ਸੀ। ਮੁਹੰਮਦ ਰਫ਼ੀ, ਜਿਸਦਾ ਦਾ ਕੱਚਾ-ਨਾਂਅ ‘ਫੀਕੂ’ ਸੀ ਨੇ ਆਪਣੀ ਮੁਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਆਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਲਈ ਪਿੰਡ ਦੇ ਸਕੂਲ ਵਿਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕੇ।

ਰਫੀ ਸਾਹਿਬ ਨੇ ਆਪਣੇ ਗਾਉਣ ਦੀ ਪ੍ਰੇਰਣਾ ਦਾ ਖੁਲਾਸਾ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਦਸ-ਬਾਰਾਂ ਸਾਲ ਦੇ ਸਨ ਕਿ ਉਹਨਾਂ ਦੇ ਮੁਹੱਲੇ ਵਿੱਚ ਇੱਕ ਫਕੀਰ ਗੀਤ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ” ਗਾ ਕੇ ਭੀਖ ਮੰਗਿਆ ਕਰਦਾ ਸੀ। ਉਸੇ ਦੀ ਦੀ ਨਕਲ ਕਰਦਿਆਂ ਆਪ ਵੀ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦੇ ਸਨ ਤੇ ਕਈ ਵਾਰ ਉਸ ਫਕੀਰ ਦਾ ਪਿੱਛਾ ਕਰਦੇ ਹੋਏ ਬਹੁਤ ਦੂਰ ਨਿਕਲ ਜਾਂਦੇ ਸਨ।

ਇਸੇ ਵਿਚਕਾਰ ਰਫ਼ੀ ਦੇ ਪਿਤਾ 1935 ਵਿਚ ਲਾਹੌਰ ਚਲੇ ਗਏ, ਜਿੱਥੇ ਉਹਨਾਂ ਨੇ ਭੱਟੀ ਗੇਟ ਵਿੱਚ ਨੂਰ ਮਹਿਲਾਂ ਵਿੱਚ ਇੱਕ ਪੁਰਸ਼ਾਂ ਦਾ ਸੈਲੂਨ ਕੰਮ ਸ਼ੁਰੂ ਕਰ ਦਿੱਤਾ।

ਰਫ਼ੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਇੱਕ ਦੋਸਤ ਅਬਦੁਲ ਹਮੀਦ ਨੇ ਲਾਹੌਰ ਵਿਚ ਰਫ਼ੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ ਅਬਦੁਲ ਹਮੀਦ ਨੇ ਹੀ ਬਾਅਦ ਵਿੱਚ ਰਫ਼ੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫ਼ੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ ਉਹਨਾਂ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ਹੰਗਾਮਾ ਮਚ ਗਿਆ। ਇਸ ਵਿਚਕਾਰ ਮੁਹੰਮਦ ਰਫੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿਚ ਉਨ੍ਹਾਂ ਦੀ ਉੱਚੀ ਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ਵਿੱਚ ਜਿਵੇਂ ਕਬਰਾਂ ਵਰਗੀ ਚੁੱਪ ਛਾ ਗਈ।

ਇਸ ਉਪਰੰਤ 1941 ਵਿੱਚ ਰਫ਼ੀ ਨੇ ਸ਼ਿਆਮ ਸੁੰਦਰ ਦੇ ਅਧੀਨ ਜੋੜੀ ਵਿੱਚ ਗਾਣਾ ਗਾਇਆ। ਇਹ ਗਾਣਾ ਸੀ “ਸੋਹਣੀਏ ਨੀਂ, ਹੀਰੀਏ ਨੀਂ” ਜੋ ਕਿ ਜੀਨਤ ਬੇਗਮ ਨਾਲ ਲਾਹੌਰ ਵਿੱਚ ਪੰਜਾਬੀ ਫਿਲਮ ‘ਗੁਲ ਬਲੋਚ’ ਵਾਸਤੇ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਦੀ ਗਾਇਕ ਦੇ ਤੌਰ ’ਤੇ ਸ਼ੁਰੂਆਤ ਹੋ ਗਈ। ਇਸੇ ਦੌਰਾਨ ਮੁਹੰਮਦ ਰਫ਼ੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ।

1944 ਵਿੱਚ ਰਫ਼ੀ ਸਾਹਿਬ ਮੁੰਬਈ ਚਲੇ ਗਏ। ਉਹਨਾਂ ਨੇ ਅਬਦੁਲ ਹਮੀਦ ਸਹਿਤ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿੱਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫ਼ੀ ਨੂੰ ਫਿਲਮ ਪ੍ਰੋਡੀਊਸਰ ਅਬਦੁਰ ਰਸ਼ੀਦ ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਆਦਿ ਨਾਲ ਮਿਲਵਾਇਆ।

ਮੁਹੰਮਦ ਰਫ਼ੀ ਜੋ ਕਿ ਆਪਣੇ ਅਲੱਗ-ਅਲੱਗ ਗਾਣਿਆਂ ਦੇ ਅੰਦਾਜ਼ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।

ਆਪਣੀ ਜਾਦੂਈ ਆਵਾਜ਼ ਦੇ ਚਲਦਿਆਂ 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫਿਲਮ ਉਦਯੋਗ ਵਿਚ ਸਭ ਤੋ ਵੱਧ ਮੰਗ ਵਾਲੇ ਗਾਇਕ ਸਨ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ ਬੜੇ ਅਦਾਕਾਰ ਲਈ ਰਫੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫੀ ਦੀ ਮੌਤ ਉਪਰੰਤ ਇਕ ਵਾਰ ਯਾ-ਹੂ ਅਦਾਕਾਰ ਸ਼ਮੀ ਕਪੂਰ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ।

ਮੁਹੰਮਦ ਰਫ਼ੀ ਆਮ ਤੌਰ ’ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉੱਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਨ੍ਹਾਂ ਵਿੱਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ, ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ। ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿਚ ਇੰਨੀ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿਚ ਲਿਖ ਲੈਂਦੇ ਹਨ ਉਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰਦੇ ਹਨ ਫਿਰ ਉਸ ਗੀਤ ਨੂੰ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਸਫਰ ਦੌਰਾਨ ਰਫੀ ਸਾਹਿਬ ਨੇ ਲਗਭਗ 26000 ਹਜ਼ਾਰ ਗਾਣੇ ਗਾਏ।

ਇਕ ਵਾਰ ਇਕ ਅਖਬਾਰ ਵਿੱਚ ਖਬਰ ਛਪੀ ਕਿ ਕਿਸੇ ਸ਼ਹਿਰ ਵਿਚ ਇਕ ਫਾਂਸੀ ਦੇ ਮੁਜਰਿਮ ਤੋਂ ਜਦੋਂ ਉਸਦੀ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਕੋਈ ਵੀ ਇੱਛਾ ਜ਼ਾਹਿਰ ਨਹੀਂ ਕੀਤੀ ਜਦੋਂ ਉਸ ਤੋਂ ਦੁਬਾਰਾ ਤਿਬਾਰਾ ਪੁੱਛਿਆ ਗਿਆ ਤਾਂ ਉਸ ਨੇ ਮੁਹੰਮਦ ਰਫੀ ਦਾ ਇਕ ਗੀਤ:

“ਓ ਦੁਨੀਆ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਨਾਲੇ।
ਜੀਵਨ ਅਪਨਾ ਵਾਪਸ ਲੇ ਲੇ, ਜੀਵਨ ਦੇਨੇ ਵਾਲੇ।

ਸੁਣਨ ਦੀ ਤਮੰਨਾ ਜ਼ਾਹਿਰ ਕੀਤੀ ਤਾਂ ਇਸ ਉਪਰੰਤ ਜੇਲ ਵਿਚ ਟੇਪ ਰਿਕਾਰਡਰ ਦਾ ਪ੍ਰਬੰਧ ਕੀਤਾ ਗਿਆ ਤੇ ਮੁਹੰਮਦ ਰਫੀ ਦਾ ਉਕਤ ਰਾਗ ਦਰਬਾਰੀ ਵਿੱਚ ਗਾਇਆ ਗੀਤ ਸੁਣਾ ਕੇ ਮੁਜਰਿਮ ਦੀ ਆਖਰੀ ਇੱਛਾ ਪੂਰੀ ਕਰਨ ਉਪਰੰਤ ਸਜ਼ਾ ਦੇ ਹੁਕਮ ਦੀ ਤਾਮੀਲ ਕੀਤੀ ਗਈ।

ਰਫੀ ਸਾਹਿਬ ਦੀ ਸ਼ਖ਼ਸੀਅਤ ਵਿਚ ਕਿਸ ਕਦਰ ਸਾਦਗੀ ਸੀ, ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹਾਂ ਕਿ ਫਿਲਮ ਨਸੀਬ ਦੇ ਗੀਤ “ਚਲ ਚਲ ਮੇਰੇ ਭਾਈ” ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਬੇਟੇ ਸ਼ਾਹਿਦ ਰਫੀ ਨੂੰ ਬਹੁਤ ਹੀ ਪੁਰ ਜੋਸ਼ ਅੰਦਾਜ਼ ਵਿਚ ਕਿਹਾ ਕਿ ਬੇਟਾ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਹਾਲਾਂਕਿ ਅਸੀਂ ਸਭ ਜਾਣਦੇ ਹਾਂ ਕਿ ਰਫੀ ਸਾਹਿਬ ਆਪਣੇ ਆਪ ਵਿੱਚ ਇੱਕ ਮਹਾਨ ਕਲਾਕਾਰ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਅਮਿਤਾਭ ਬੱਚਨ ਦੀ ਬੇਹੱਦ ਕਦਰ ਸੀ।

ਰਫੀ ਸਾਹਿਬ ਦੇ ਹਿੱਟ ਗੀਤਾਂ ਵਿੱਚੋਂ ਕੁੱਝ ਕੁ ਇਸ ਪ੍ਰਕਾਰ ਹਨ, ਜਿਵੇਂ ਕਿ ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ,ਕਿਆ ਹੂਆ ਤੇਰਾ ਵਾਅਦਾ, ਵੋ ਕਸਮ ਵੋ ਇਰਾਦਾ’, ‘ਓ ਦੁਨੀਆਂ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨੀਹੀਂਓ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਤੇ ਧਾਰਮਿਕ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜ਼ਹਾਜ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਉਪਰ ਤੂੰ ਸੁਆਮੀ’, ‘ਮੈਂ ਤੇਰੇ ਦਰ ਪੇ ਆਇਆ ਹੂੰ’, ‘ਯਾ ਖੁਦਾ ਸੋਈ ਕਿਸਮਤ ਜਗ੍ਹਾ ਦੇ, ਹਰ ਮੁਸਲਮਾਂ ਕੋ ਹਾਜੀ ਬਨ ਦੇ’ ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ।

ਰਫੀ ਸਾਹਿਬ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ। 1967 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਮਹਾਨ ਸਿਤਾਰਾ (ਹਾਜੀ ਮੁਹੰਮਦ ਰਫੀ) 31 ਜੁਲਾਈ 1980 ਨੂੰ ਹਾਰਟ ਅਟੈਕ ਕਾਰਨ ਮੁੰਬਈ ਦੇ ਹਸਪਤਾਲ ਵਿੱਚ ਰਾਤੀਂ 10 ਵੱਜਕੇ 20 ਮਿੰਟ ’ਤੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੀ ਦੁਨੀਆਂ ਵਿੱਚ ਇੱਕ ਅਜਿਹਾ ਖਲਾਅ ਪੈਦਾ ਕਰ ਗਿਆ ਜਿਸ ਦੀ ਪੂਰਤੀ ਹੋਣੀ ਮੁਮਕਿਨ ਨਹੀਂ। ਬਿਨਾਂ ਸ਼ੱਕ ਕਲਾ ਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ। ਪਰ ਆਪਣੇ ਬੇ-ਮਿਸਾਲ ਗੀਤਾਂ ਤੇ ਲਾ-ਜਵਾਬ ਹੱਸਮੁਖ ਤੇ ਮਿਲਣਸਾਰ ਸ਼ਖਸੀਅਤ ਕਾਰਨ ਰਫੀ ਸਾਹਿਬ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਰਹਿਣਗੇ। ਸ਼ਾਇਦ ਇਸੇ ਲਈ ਮੁਹੰਮਦ ਰਫੀ ਨੇ ਆਪਣੇ ਗਾਏ ਗੀਤ ਵਿੱਚ ਕਿਹਾ ਸੀ:

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,
ਜਬ ਕਭੀ ਭੀ ਸੁਨੋਗੇ ਗੀਤ ਮੇਰੇ,
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ

*****

(1246)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author