MohdAbbasDhaliwal7ਇਹ ਵੀ ਯਥਾਰਥ ਹੈ ਕਿ ਉਕਤ ਦੋਵੇਂ ਘਟਨਾਵਾਂ ਨਾਲ ਸੰਬੰਧਤ ਨਾਮਜ਼ਦ ਮੁਲਜ਼ਿਮ ਕਿਸੇ ਨਾ ਕਿਸੇ ਰੂਪ ਵਿੱਚ ...
(17 ਅਪਰੈਲ 2018)

 

AasifaB2

AasifaD2

AasifaA2

ਪਿਛਲੇ ਦਿਨੀਂ ਜੋ ਕਠੂਆ ਅਤੇ ਉਨਾਵ ਵਿਖੇ ਦੁਖਾਂਤ ਵਾਪਰਿਆ ਉਸ ਨੂੰ ਲੈ ਕੇ ਪੂਰੀ ਇਨਸਾਨੀ ਬਰਾਦਰੀ ਵਿੱਚ ਇੱਕ ਕਿਸਮ ਦਾ ਮਾਤਮ ਪਸਰਿਆ ਹੋਇਆ ਹੈ ਅਤੇ ਸਮੁੱਚੀ ਮਨੁੱਖਤਾ ਬੇਹੱਦ ਸ਼ਰਮਸਾਰ ਅਤੇ ਇੱਕ ਅਕਹਿ ਸੋਗ ਵਿਚ ਡੁੱਬੀ ਹੋਈ ਪ੍ਰਤੀਤ ਹੁੰਦੀ ਹੈਕਿਉਂਕਿ ਜੋ ਦੁਖਾਂਤ ਵਾਪਰਿਆ ਹੈ, ਉਸਦੀ ਚੜ੍ਹਦੇ ਤੋਂ ਲਹਿੰਦੇ ਤਕ ਸ਼ਾਇਦ ਕਿਸੇ ਵੀ ਪਾਸੇ ਕੋਈ ਉਦਾਹਰਨ ਨਹੀਂ ਮਿਲਦੀ। ਡਾਢੇ ਅਫਸੋਸ ਦਾ ਮੁਕਾਮ ਇਹ ਵੀ ਹੈ ਕਿ ਇਹ ਸੱਭ ਉਸ ਮੁਲਕ ਵਿੱਚ ਵਾਪਰਿਆ ਹੈ, ਜਿੱਥੇ ਬੱਚੀਆਂ ਦੀ ਕੰਜਕਾਂ ਦੇ ਰੂਪ ਵਿਚ ਪੂਜਾ ਕੀਤੀ ਜਾਂਦੀ ਹੈ।

ਜਿਸ ਪਰਕਾਰ 8 ਸਾਲਾ ਮਾਸੂਮ ਨੂੰ ਬੰਧਕ ਬਣਾ ਕੇ ਇੱਕ ਤੋਂ ਬਾਅਦ ਇੱਕ ਵਹਿਸ਼ੀ ਦਰਿੰਦਿਆਂ ਨੇ ਜ਼ੁਲਮ ਦੀਆਂ ਤਮਾਮ ਹੱਦਾਂ ਪਾਰ ਕਰਦਿਆਂ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਉਸਦੀ ਕਲਪਨਾ ਕਰਦਿਆਂ ਹੀ ਸਾਨੂੰ ਆਪਣੇ ਮਨੁੱਖ ਹੋਣ ਤੇ ਸ਼ਰਮ ਆਉਂਦੀ ਹੈ ਅਤੇ ਮੰਨ ਇੱਕ ਅਕਹਿ ਘ੍ਰਿਣਾ ਨਾਲ ਭਰ ਜਾਂਦਾ ਹੈ ਅਸੀਂ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਮਨੁੱਖ ਇੰਨੇ ਨਿਰਲੱਜ, ਨਿਰਦਈ, ਦੁਸ਼ਟ ਤੇ ਪਾਪੀ ਵੀ ਹੋ ਸਕਦੇ ਹਨ ਕਿ ਜਿਨ੍ਹਾਂ ਫੁੱਲਾਂ (ਮਾਸੂਮ ਬੱਚਿਆਂ) ਰਾਹੀਂ ਅਸੀਂ ਭਗਵਾਨ ਦੀ ਅਰਾਧਨਾ ਕਰਦੇ ਹਾਂ, ਉਹਨਾਂ ਨੂੰ ਹੀ ਮੰਦਰ ਪਰਿਸਰ ਵਿੱਚ ਇੰਨੀ ਬੇਰਹਿਮੀ ਨਾਲ ਕਿਵੇਂ ਮਸਲ ਸਕਦੇ ਹਾਂ।

ਹਾਂ... ਮਾਸੂਮ ਆਸਿਫਾ ਨੂੰ ਵਹਿਸ਼ੀ ਦਰਿੰਦਿਆਂ ਨੇ ਜਿਸ ਬੇਰਹਿਮੀ ਨਾਲ ਉਸਦੀ ਅਸਮਤ-ਦਰੀ ਕਰ ਮਾਰ ਮੁਕਾਇਆ ਹੈ, ਸ਼ਾਇਦ ਇੰਨੀ ਬੇਦਰਦੀ ਨਾਲ ਤਾਂ ਕੋਈ ਬੱਚਾ, ਆਪਣਾ ਖਿਡੌਣਾ ਵੀ ਨਹੀਂ ਤੋੜਦਾ ਹੋਵੇਗਾ...!

ਆਪਣੇ ਦਿਲ ਤੇ ਹੱਥ ਧਰ ਕੇ ਕਲਪਨਾ ਕਰੋ ਉਕਤ ਜ਼ੁਲਮ ਸਮੇਂ ਮਾਸੂਮ ਬੱਚੀ ਨਾਲ ਕੀ ਬੀਤੀ ਹੋਵੇਗੀ ਅਤੇ ਉਸਨੇ ਇਸ ਦੌਰਾਨ ਜ਼ਾਲਿਮਾਂ ਦੇ ਕਿਹੋ ਜਿਹੇ ਤਸੀਹੇ ਸਹੇ ਹੋਣਗੇ ਪਤਾ ਨਹੀਂ ਉਸਨੇ ਆਪਣੇ ਮਾਂ-ਬਾਪ ਦੇ ਨਾਲ-ਨਾਲ ਕਿਸ ਕਿਸ ਨੂੰ ਮਦਦ ਵਾਸਤੇ ਪੁਕਾਰਿਆ ਹੋਵੇਗਾ ...! ਉਹ ਕਿਸ ਕਦਰ ਚੀਖੀ ਤੇ ਚਿੱਲਾਈ ਹੋਵੇਗੀ ...! ਹਾਂ... ਸ਼ਾਇਦ ਮੰਦਰ ਵਿਚਲੇ ਭਗਵਾਨ ਨੇ ਵੀ ਉਸ ਦੀ ਬੇਬਸੀ ਵੇਖ ਕੇ ਅੱਖਾਂ ਮੀਟ ਲਈਆਂ ਹੋਣਗੀਆਂ ਅਤੇ ਕੰਨਾਂ ਵਿੱਚ ਉਂਗਲੀਆਂ ਦੇ ਲਈਆਂ ਹੋਣਗੀਆਂ ਤਦੇ ਤਾਂ ਭਗਵਾਨ ਦਾ ਘਰ ਸਮਝੇ ਜਾਂਦੇ ਪਵਿਤਰ ਮੰਦਰ ਵਿੱਚ ਹੀ ਉਸਦੀ ਅਸਮਤ ਤਾਰ-ਤਾਰ ਹੋਈ ਹੋਵੇਗੀ।

ਉਕਤ ਮੰਦਭਾਗੀ ਘਟਨਾ ਦੇ ਦੁਖਾਂਤ ਵਿੱਚ ਸੁਹਾਸ ਤਪਸ ਆਪਣੇ ਇੱਕ ਸਟੇਟਸ ਵਿਚ ਲਿਖਦੇ ਹਨ ਕਿ ਫਰਿੱਜ ਦੇ ਅੰਦਰ ਮਾਸ ਰੱਖਿਆ ਹੈ, ਇਸ ਦੀ ਖਬਰ ਖੁਫੀਆ ਏਜੰਸੀਆਂ ਨੂੰ ਹੋ ਜਾਂਦੀ ਹੈ ਪਰੰਤੂ ਸੱਤ ਦਿਨ ਤੱਕ ਮਾਸੂਮ ਬਾਲੜੀ ਨਾਲ ਬਲਾਤਕਾਰ ਹੁੰਦਾ ਰਿਹਾ, ਇਸ ਦੀ ਖਬਰ ਨਹੀਂ ਲਗਦੀ।

ਇਸੇ ਪ੍ਰਕਾਰ ਦੂਜੀ ਘਟਨਾ ਉਨਾਵ ਬਲਾਤਕਾਰ ਦੀ ਹੈ ਜਿਸ ਵਿਚ ਇੱਕ ਬੜੇ ਸੰਘਰਸ਼ ਉਪਰੰਤ ਆਖਿਰਕਾਰ ਹਾਈਕੋਰਟ ਦੀ ਸਖਤੀ ਤੋਂ ਬਾਅਦ ਇੱਕ ਸਥਾਨਕ ਵਿਧਾਇਕ ਦੀ ਗ੍ਰਿਫਤਾਰੀ ਸੰਭਵ ਹੋਈ ਪਰ ਨਾਲ ਹੀ ਦੁਖਾਂਤ ਇਹ ਵੀ ਹੈ ਕਿ ਇਸ ਗ੍ਰਿਫਤਾਰੀ ਲਈ ਸਿਸਟਮ ਦੀ ਨਾ-ਅਹਿਲੀ ਅਤੇ ਢਿੱਲੇ ਰਵਈਏ ਕਾਰਨ ਪੀੜਤਾ ਦੇ ਪਿਤਾ ਨੂੰ ਆਪਣੇ ਪ੍ਰਾਣਾਂ ਦੀ ਆਹੂਤੀ ਤੱਕ ਦੇਣੀ ਪਈ ਹੈ। ਜਿਵੇਂ ਕਿ ਅਸੀਂ ਸੋਸ਼ਲ ਮੀਡੀਆ ’ਤੇ ਵਾਇਰਲ ਲੜਕੀ ਦੇ ਬਜ਼ੁਰਗ ਪਿਤਾ ਨਾਲ ਸਿਸਟਮ ਦੇ ਮੁਹਾਫਿਜ਼ਾਂ ਵਲੋਂ ਹੁੰਦੀ ਬਦਸਲੂਕੀ ਵੇਖਦੇ ਹਾਂ ਕਿ ਪੀੜਤਾ ਦਾ ਪਿਤਾ, ਜਿਸਦੀ ਬੇ-ਤਹਾਸ਼ਾ ਮਾਰ-ਕੁੱਟ ਹੋਈ ਹੈ, ਕਿਸ ਪਰਕਾਰ ਦਰਦ ਨਾਲ ਅੱਧ ਖੁੱਲ੍ਹੀਆਂ ਅੱਖਾਂ ਨਾਲ ਕਰਾਹ ਰਿਹਾ ਹੈ ਅਤੇ ਕਿਵੇਂ ਮੈਡੀਕਲ ਸਮੇਂ ਮੌਜੂਦ ਖਾਕੀ ਵਰਦੀ ਵਾਲੇ ਉਸਦੀ ਤਕਲੀਫ ਤੋਂ ਬੇ-ਪਰਵਾਹ ਹਕਾਰਤ ਭਰੀ ਹੰਸੀ ਹੱਸ ਰਹੇ ਹਨ ਤੇ ਮਜ਼ਾਕ ਉਡਾ ਰਹੇ ਹਨ ਕਿਸ ਪ੍ਰਕਾਰ ਮਰਨ ਕਿਨਾਰੇ ਪਏ ਬਲਾਤਕਾਰ ਪੀੜਤਾ ਦੇ ਪਿਤਾ ਦੀਆਂ ਉਂਗਲਾਂ ਦੇ ਨਿਸ਼ਾਨ ਲੈ ਰਹੇ ਹਨ। ਜਿਵੇਂ ਕਿ ਮੁੱਖ ਮੁਜਰਿਮ ਪੀੜਤਾ ਦਾ ਬਾਪ ਹੀ ਹੋਵੇ। ਯਕੀਨਨ ਇਹ ਸੱਭ ਦ੍ਰਿਸ਼ ਜੋ ਸਾਡੇ ਸਿਸਟਮ ਵਿਚ ਪ੍ਰਚਲਿਤ ਹੈ, ਜੋ ਚੀਜ਼ਾਂ ਸਾਡੇ ਇਸ ਦੇਸ ਦੀਆਂ ਬੁਨਿਆਦਾਂ ਨੂੰ ਖੋਖਲਾ ਕਰਦੀਆਂ ਜਾ ਰਹੀਆਂ ਹਨ, ਉਕਤ ਸਭਨਾ ਦਾ ਮੂੰਹ ਬੋਲਦਾ ਸਬੂਤ ਹਨ।

ਘਟਨਾ ਵਾਪਰਨ ਉਪਰੰਤ ਪੀੜਤਾ ਦੇ ਪਰਿਵਾਰ ਤੇ ਜੋ ਮੁਸੀਬਤਾਂ ਦਾ ਕਹਿਰ ਟੁੱਟਿਆ, ਉਹ ਸਭ ਘਟਨਾ-ਚੱਕਰ ਦੱਸਦਾ ਹੈ ਕਿ ਸੱਚ-ਮੁੱਚ ਅੱਜ ਇੱਕ ਗ਼ਰੀਬ ਲਈ ਇਨਸਾਫ ਦੀ ਪ੍ਰਾਪਤੀ ਵਾਸਤੇ ਲੜਨਾ, ਇੱਕ ਭੁੱਖੇ ਅਤੇ ਖੂੰ-ਖਾਰ ਜੰਗਲੀ ਸ਼ੇਰ ਦੇ ਮੂੰਹ ਵਿੱਚੋਂ ਨਿਵਾਲਾ (ਖਾਣੇ ਦਾ ਟੁਕੜਾ) ਖੋਹਣ ਦੇ ਬਰਾਬਰ ਹੈ।

ਇਹ ਵੀ ਯਥਾਰਥ ਹੈ ਕਿ ਉਕਤ ਦੋਵੇਂ ਘਟਨਾਵਾਂ ਨਾਲ ਸੰਬੰਧਤ ਨਾਮਜ਼ਦ ਮੁਲਜ਼ਿਮ ਕਿਸੇ ਨਾ ਕਿਸੇ ਰੂਪ ਵਿੱਚ ਸਿਆਸਤ ਵਿਚ ਆਪਣਾ ਖਾਸ ਅਸਰਉ-ਰਸੂਖ ਰੱਖਦੇ ਹਨ ਸ਼ਾਇਦ ਇਸੇ ਕਾਰਨ ਦੋਵੇਂ ਰਾਜਾਂ ਦੀ ਪੁਲਿਸ ਦਾ ਰਵੱਈਆ ਪਹਿਲੇ-ਪਹਿਲ ਮੁਜਰਿਮਾਂ ਨੂੰ ਬਚਾਉਣ ਵਾਲਾ ਨਜ਼ਰ ਆਉਂਦਾ ਹੈ। ਦੇਸ਼ ਅੰਦਰ ਇਸ ਸਮੇਂ ਰਾਜਨੀਤੀ ਅਤੇ ਪੁਲਿਸ ਵਿਚਲੀ ਜੁਗਲ-ਬੰਦੀ ਕਾਰਨ ਜਨਤਾ ਨੂੰ ਜਿਹਨਾਂ ਗੰਭੀਰ ਪ੍ਰਸਥਿਤੀਆਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ, ਉਸਦਾ ਦ੍ਰਿਸ਼ ਪੇਸ਼ ਕਰਦਿਆਂ ਪ੍ਰਸਿੱਧ ਸ਼ਾਇਰ ਨਿਦਾ ਫਾਜ਼ਲੀ ਨੇ ਕਿਹਾ ਹੈ ਕਿ:

ਹਮਾਰੇ ਯਾਹਾਂ ਕੀ ਸਿਆਸਤ ਕਾ ਹਾਲ ਮੱਤ ਪੂਛੋ,
ਘਿਰੀ ਹੂਈ ਹੈ ਤਵਾਇਫ ਤਮਾਸ਼-ਬੀਨੋਂ ਮੇਂ।

ਉਕਤ ਹਾਦਸਿਆਂ ਦੇ ਵਾਪਰਨ ਉਪਰੰਤ ਜਿਹਨਾਂ ਹਾਲਾਤ ਵਿੱਚੋਂ ਦੀ ਪੀੜਤ ਪਰਿਵਾਰਾਂ ਨੂੰ ਲੰਘਣਾ ਪਿਆ ਹੈ, ਨਿਰ-ਸੰਦੇਹ ਉਸਨੇ ਸਮਾਜ ਵਿੱਚ ਵਸਦੇ ਸੱਚੇ ਇਨਸਾਨਾਂ ਦੇ ਦਿਲਾਂ ਨੂੰ ਜ਼ਖਮੀ ਕੀਤਾ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਜਿਸ ਪ੍ਰਕਾਰ ਮਾਸੂਮ ਆਸਿਫਾ ਦੀਆਂ ਤਸਵੀਰਾਂ ਅਤੇ ਉਨਾਵ ਪੀੜਤਾ ਦੇ ਬੇ-ਹੱਦ ਨਾਜ਼ੁਕ ਹਾਲਤ ਵਾਲੀਆਂ ਉਸਦੇ ਪਿਤਾ ਦੀਆਂ ਵੀਡੀਉ ਕਲਿੱਪ ਵਾਇਰਲ ਹੋਈਆਂ ਹਨ, ਉਹਨਾਂ ਨੂੰ ਵੇਖ ਕੇ ਜਿੱਥੇ ਦਿਲ ਪਸੀਜਦਾ ਅਤੇ ਵਿਆਕੁਲ ਹੁੰਦਾ ਹੈ, ਉੱਥੇ ਹੀ ਖੁਦ ਨੂੰ ਇਨਸਾਨ ਕਹਾਉਂਦੇ ਸ਼ਰਮ ਮਹਿਸੂਸ ਹੁੰਦੀ ਹੈ ਅਤੇ ਆਪਣੇ ਹੀ ਘਰ ਵਿੱਚ ਬਾਪ ਆਪਣੀ ਧੀ, ਭਾਈ ਆਪਣੀ ਭੈਣ ਨਾਲ ਨਜ਼ਰ ਮਿਲਾਉਂਦੇ ਸ਼ਰਮ ਮਹਿਸੂਸ ਕਰਦਾ ਹੈ।

ਭਾਵੇਂ ਅੱਜ ਅਸੀਂ ਮਨੁੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਮਨੁੱਖੀ ਅਧਿਕਾਰ ਕਮਿਸ਼ਨ ਕਾਇਮ ਕਰ ਲਏ ਹਨ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੁਮੇਨ ਸੈੱਲ ਜਾਂ ਵੁਮੇਨ ਕਮਿਸ਼ਨ ਗਠਿਤ ਕੀਤੇ ਹਨ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਹਰ ਸਾਲ 8 ਮਾਰਚ ਨੂੰ “ਵਿਸ਼ਵ ਔਰਤ ਦਿਵਸ” ਵਜੋਂ ਮਨਾਉਂਦੇ ਹਾਂ, ਲੇਕਿਨ ਇਸ ਦੇ ਬਾਵਜੂਦ ਜਦ ਕਦੀ ਉਕਤ ਬਲਾਤਕਾਰ ਜਿਹੀਆਂ ਵਹਿਸ਼ੀਆਨਾ ਘਟਨਾਵਾਂ ਵਾਪਰਦੀਆਂ ਹਨ ਤਾਂ ਸਭ ਉਪਰਾਲੇ ਨਾਕਾਮ ਹੁੰਦੇ ਨਜ਼ਰ ਆਉਂਦੇ ਹਨ

ਅਸੀਂ ਅੱਜ ਲੱਖ ਵਿਕਾਸ ਦੇ ਦਾਅਵੇ ਕਰਦੇ ਫਿਰੀਏ ਅਤੇ ਆਪਣੀ ਤੱਰਕੀ ਦਾ ਢੰਡੋਰਾ ਪਿੱਟੀਏ, ਪਰੰਤੂ ਸਮਾਜ ਨੂੰ ਅਜਿਹੀਆਂ ਤਰੱਕੀਆ ਅਤੇ ਵਿਕਾਸਾਂ ਦਾ ਭਲਾ ਕੀ ਲਾਭ, ਜਿਸ ਵਿੱਚ ਇਕ ਮਾਸੂਮ ਨੂੰ ਸੱਤ ਦਿਨ ਤੱਕ ਜੰਗਲੀ ਜਾਨਵਰਾਂ ਨਾਲੋਂ ਵੀ ਖਤਰਨਾਕ ਵਹਿਸ਼ੀਆਂ ਦੁਆਰਾ ਨੋਚਿਆ ਜਾਂਦਾ ਹੈ ਅਤੇ ਉਸ ਵਿਚਾਰੀ ਨੂੰ ਆਖਰੀ ਸਾਹਾਂ ਤੱਕ ਆਪਣੇ ਵਜੂਦ ਦੀ ਕੀਮਤ ਚੁਕਾਉਣੀ ਪੈਂਦੀ ਹੈ।

ਵੱਡੀ ਟ੍ਰੈਜਡੀ ਹੈ ਕਿ ਉਕਤ ਆਸਿਫਾ ਕੇਸ ਦੇ ਅਫਸਰ ਜਦ ਮੈਜਿਸਟ੍ਰੇਟ ਦੇ ਸਾਹਮਣੇ ਚਾਰਜ-ਸ਼ੀਟ ਪੇਸ਼ ਕਰਨ ਲਈ ਜਾ ਰਹੇ ਸਨ ਤਾਂ ਕੁਝ ਸਥਾਨਕ ਵਕੀਲਾਂ ਨੇ ਉਕਤ ਰਿਪੋਰਟ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ, ਇਸ ਦੌਰਾਨ ਤਿਰੰਗੇ ਝੰਡੇ ਲਹਿਰਾਏ ਗਏ ਅਤੇ ‘ਭਾਰਤ ਮਾਤਾ ਦੀ ਜੈ’ ਵਰਗੇ ਨਾਅਰੇ ਲਗਾਏ ਗਏ ਵਕੀਲਾਂ ਦੇ ਉਕਤ ਰਵਈਏ ਦਾ ਮਾਨਯੋਗ ਸਪਰਿਮ ਕੋਰਟ ਨੇ ਸਖਤ ਨੋਟਿਸ ਲੈਂਦਿਆਂ ਬੀਤੇ ਦਿਨ ਜਿੱਥੇ ਉਕਤ ਵਕੀਲਾਂ ਨੂੰ ਜੁਡੀਸ਼ੀਅਲ ਪਰਕਿਰਿਆ ਵਿਚ ਵਿਘਨ ਪਾਉਣ ਲਈ ਝਾੜ ਪਾਈ ਹੈ, ਉੱਥੇ ਹੀ ਸੰਬੰਧਤ ਨੂੰ ਨੋਟਿਸ ਜਾਰੀ ਕਰਦਿਆਂ ਜਵਾਬੀ ਹਲਫੀਆ ਬਿਆਨ ਦਾਇਰ ਕਰਨ ਲਈ ਕਿਹਾ ਹੈ। ਯਕੀਨਨ ਉਕਤ ਕਾਰਵਾਈ ਲਈ ਮਾਨਯੋਗ ਸੁਪਰਿਮ ਕੋਰਟ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ, ਘੱਟ ਹੈ।

ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਉਕਤ ਘਟਨਾਵਾਂ ਨੂੰ ਅੱਜ ਵੀ ਅਸੀਂ ਹਿੰਦੂ-ਮੁਸਲਿਮ ਦੇ ਚਸ਼ਮੇ ਨਾਲ ਹੀ ਵੇਖਦੇ ਹਾਂ ਤਾਂ ਸਮਝ ਲਵੋ ਸਾਡੀਆਂ ਜ਼ਮੀਰਾਂ ਮਰ ਚੁੱਕੀਆਂ ਹਨ ਅਤੇ ਸਾਡੇ ਸਰੀਰ ਭਾਵੇਂ ਜ਼ਿੰਦਾ ਵਿਖਾਈ ਦਿੰਦੇ ਹੋਣ ਪਰ ਇਹ ਸਿਰਫ ਤੇ ਸਿਰਫ ਸਾਡੀਆਂ ਚਲਦੀਆਂ ਫਿਰਦੀਆਂ ਲੋਥਾਂ ਹਨ।

ਉਕਤ ਘਟਨਾਵਾਂ ਦਾ ਦੁਖਾਂਤ ਜੇਕਰ ਸਾਨੂੰ ਮਹਿਸੂਸ ਨਹੀਂ ਹੁੰਦਾ ਤਾਂ ਸਮਝੋ, ਅਸੀਂ ਜਾਂ ਤਾਂ ਪੱਥਰ ਹਾਂ ਜਾਂ ਸਾਨੂੰ ਆਪਣੇ ਆਪ ਨੂੰ ਕਿਸੇ ਮਨੋ-ਚਕਿਤਸਕ ਨੂੰ ਵਿਖਾਉਣ ਦੀ ਲੋੜ ਹੈ ...!

ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹਨਾਂ ਦੁਸ਼ਟ, ਪਾਪੀਆਂ ਦੇ ਹੱਕ ਵਿੱਚ ਅੱਜ ਅਸੀਂ ਖੜ੍ਹੇ ਹਾਂ, ਕਲ੍ਹ ਨੂੰ ਉਹੋ ਜਿਹੇ ਦਰਿੰਦੇ ਸਾਡੀਆਂ ਧੀਆਂ ਭੈਣਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ। ਕਿੰਨਾ ਨਸੀਹਤ ਭਰਿਆ ਸ਼ਿਅਰ ਕਿਹਾ:

ਗ਼ੈਰ ਲੜਕੀ ਕੀ ਤਰਫ, ਬਦ-ਨਜ਼ਰ ਸੇ ਦੇਖਣੇ ਵਾਲੇ।
ਤੇਰੀ ‘ਬੇਟੀ’ ਭੀ ਇੱਕ ਰੋਜ਼ ਸਿਆਣੀ ਹੋਗੀ।।

ਅੱਜ ਅਸੀਂ ਸੱਭਿਅਕ ਤੇ ਵਿਕਸਤ ਮਨੁੱਖ ਹੋਣ ਦਾ ਦਾਅਵਾ ਕਰਦੇ ਹਾਂ, ਜਦੋਂ ਕਿ ਸਾਡਾ ਕਿਰਦਾਰ ਦਿਨ ਬ ਦਿਨ ਪਤਨ (ਨਿਘਾਰ) ਵੱਲ ਨੂੰ ਜਾ ਰਿਹਾ ਹੈ। ਅਸੀਂ ਇਸ ਕਦਰ ਖੁਦਗ਼ਰਜ਼ ਹੋ ਚੁੱਕੇ ਹਾਂ ਕਿ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਆਪਣਾ ਜ਼ਮੀਰ ਅਤੇ ਈਮਾਨ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸਾਡੀ ਅਜਿਹੀ ਕਥਿਤ ਤਰੱਕੀ ਦੇ ਦਾਅਵਿਆਂ ਅਤੇ ਕਿਰਦਾਰ ਦੀ ਤਸਵੀਰ ਪੇਸ਼ ਕਰਦਿਆਂ ਇਕ ਕਵੀ ਨੇ ਕਿਹਾ ਹੈ:

ਬੜ੍ਹਨੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜ੍ਹਾ ਹੈ।
ਯੇ ਸੋਚੀਏ ਕਿਰਦਾਰ ਘਟਾ ਹੈ ਕਿ ਬੜ੍ਹਾ ਹੈ।

ਸੱਚਮੁੱਚ ਆਚਰਣ ਦੀ ਗੱਲ ਕਰੀਏ ਤਾਂ ਮਨੁੱਖ ਦਾ ਕਿਰਦਾਰ ਅੱਜ ਪਤਾਲ ਤੋਂ ਵੀ ਕਿਸੇ ਹੇਠਲੇ ਪੱਧਰ ’ਤੇ ਡਿਗਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਪ੍ਰਕਾਰ ਔਰਤ ਜ਼ਾਤੀ, ਵਿਸ਼ੇਸ਼ ਕਰ ਛੋਟੀਆਂ ਬੱਚੀਆਂ ਨਾਲ ਬਲਾਤਕਾਰਾਂ ਦੀਆਂ ਇਕ ਤੋਂ ਬਾਅਦ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜੇਕਰ ਉਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਹਿਸ਼ੀ ਦਰਿੰਦਿਆਂ ਦੇ ਖਿਲਾਫ ਸਮਾਂ ਰਹਿੰਦਿਆਂ ਠੋਸ ਕਦਮ ਨਾ ਚੁੱਕੇ ਗਏ ਜਾਂ ਇਹਨਾਂ ਨੂੰ ਨੱਥ ਨਾ ਪਾਈ ਗਈ ਤਾਂ ਇਸ ਦੀ ਸਾਨੂੰ ਭਾਰੀ ਕੀਮਤ ਚੁਕਾਉਣ ਦੇ ਨਾਲ ਨਾਲ ਬਹੁਤ ਹੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਉਕਤ ਦੋਵੇਂ ਘਟਨਾਵਾਂ ਨੂੰ ਲੈ ਕੇ ਇਸ ਦੇ ਖਿਲਾਫ ਜਿਸ ਪਰਕਾਰ ਸੋਸ਼ਲ ਮੀਡੀਆ ਤੇ ਜਸਟਿਸ ਫਾਰ ਆਸਿਫਾ ਅਤੇ ਜਸਟਿਸ ਫਾਰ ਊਨਾਵ ਦੇ ਸਟੇਟਸ ਪਾ ਪਾ ਲੋਕਾਂ ਨੇ ਆਪਣੀ ਸੰਵੇਦਨਾ ਅਤੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਸੂਬਾਈ ਸਰਕਾਰਾਂ ਅਤੇ ਕੇਂਦਰ ਸਰਕਾਰ ਪਾਸੋਂ ਇਨਸਾਫ ਦੀ ਗੁਹਾਰ ਲਗਾਈ, ਉਸਦਾ ਯਕੀਨਨ ਸਰਕਾਰਾਂ ਨੇ ਪ੍ਰਭਾਵ ਕਬੂਲਿਆ ਅਤੇ ਜਿਸਦੇ ਨਤੀਜੇ ਵਜੋਂ ਘਟਨਾਵਾਂ ਵਿੱਚ ਸ਼ਾਮਿਲ ਮੁਲਜ਼ਿਮਾਂ ਖਿਲਾਫ ਕਾਰਵਾਈ ਫੌਰੀ ਤੌਰ ’ਤੇ ਅਮਲ ਵਿੱਚ ਆਈ।

ਇਸੇ ਸੰਦਰਭ ਵਿੱਚ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਮੇਨਿਕਾ ਗਾਂਧੀ ਨੇ ਜੋ ਕਿਹਾ ਹੈ, ਉਹ ਕਾਬਿਲ ਏ ਤਾਰੀਫ ਹੈ, “ਮੈਂ ਕਠੂਆ ਅਤੇ ਉਨਾਵ ਸੈਕਸ ਮਾਮਲਿਆਂ ਨੂੰ ਲੈ ਕੇ ਬੇਹੱਦ ਨਿਰਾਸ਼ ਹਾਂ। ਮੈਂ ਅਤੇ ਮੇਰਾ ਮੰਤਰਾਲਾ ਮਿਲ ਕੇ ਪੋਕਸੋ ਐਕਟ ਵਿਚ ਸੋਧ ਦਾ ਪ੍ਰਸਤਾਵ ਰੱਖੇਗਾ ਇਸ ਮੁਤਾਬਿਕ 12 ਸਾਲ ਤੋਂ ਘੱਟ ਉਮਰ ਦੇ ਮਾਮਾਲਿਆਂ ਵਿਚ ਮੁਲਜ਼ਮ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੋਵੇਗਾ।” ਜਦ ਕਿ ਦੇਸ ਦੇ ਪ੍ਰਧਾਨ ਮੰਤਰੀ ਨੇ ਬਹੁਤ ਦੇਰ ਬਾਅਦ ਆਪਣੀ ਚੁੱਪੀ ਤੋੜਦਿਆਂ ਕਿਹਾ, “ਜਿਹੜੀਆਂ ਘਟਨਾਵਾਂ ਚਰਚਾ ਵਿਚ ਹਨ, ਉਹ ਯਕੀਨੀ ਤੌਰ ਤੇ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹਨ।” ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਕੋਈ ਅਪਰਾਧੀ ਬਚੇਗਾ ਨਹੀਂ। ਜਿਨ੍ਹਾਂ ਬੇਟੀਆਂ ਨਾਲ ਜ਼ੁਲਮ ਹੋਇਆ ਹੈ, ਉਨ੍ਹਾਂ ਨੂੰ ਨਿਆਂ ਮਿਲੇਗਾ।” ਅਸੀਂ ਇਹੋ ਕਾਮਨਾ ਕਰਦੇ ਹਾਂ ਕਿ ਰੱਬ ਕਰੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਯਕੀਨ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨ।

ਉੱਧਰ ਕਠੂਆ ਮਾਮਲੇ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਯੂਨਾਈਟਡ ਨੇਸ਼ਨਜ਼ ਦੇ ਜਨਰਲ ਸਕੱਤਰ ਅੰਤੋਨੀਉ ਗਤਰਸ ਨੇ “ਆਸਿਫਾ ਦੀ ਅਸਮਤ-ਦਰੀ (ਬਲਾਤਕਾਰ) ਅਤੇ ਉਸਦੇ ਵਹਿਸ਼ੀਅਨਾ ਕਤਲ ਦੇ ਮਾਮਲੇ ਨੂੰ ‘ਖੌਫਨਾਕ ਅਤੇ ਸੰਗੀਨ’ ਕਰਾਰ ਦਿੰਦਿਆਂ ਹੋਇਆਂ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਮੁਲਜ਼ਮਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ

ਅੰਤ ਵਿੱਚ ਅਸੀਂ ਰਾਮੇਸ਼ ਕੁਮਾਰ ਜੱਲਾ, ਜੋ ਕਿ ਆਸਿਫਾ ਦੇ ਕੇਸ ਦੇ ਜਾਂਚ ਕਰਤਾ ਅਫਸਰ ਹਨ, ਜਿਹਨਾਂ ਦੀ ਬਹਾਦਰੀ ਅਤੇ ਈਮਾਨਦਾਰੀ ਸਦਕਾ ਹੀ ਮੁਲਜ਼ਿਮਾਂ ਦੇ ਖਿਲਾਫ ਚਾਰਜ-ਸ਼ੀਟ ਅਦਾਲਤ ਪੇਸ਼ ਹੋ ਸਕੀ। ਇਸੇ ਤਰ੍ਹਾਂ ਆਸਿਫਾ ਦੀ ਵਕੀਲ ਦੀਪਕਾ ਸਿੰਘ ਰਾਜਵਤ, ਜਿਸਨੇ ਆਪਣੇ ਸਾਥੀ ਵਕੀਲਾਂ ਵਲੋਂ ਮਿਲ ਰਹੀਆਂ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਮਾਸੂਮ ਆਸਿਫਾ ਦਾ ਕੇਸ ਦੀ ਪੈਰਵੀ ਕਰਨ ਦਾ ਫੈਸਲਾ ਕਰਦਿਆਂ, ਲਗਾਤਾਰ ਸੰਬੰਧਤ ਦੋਸ਼ੀਆਂ ਨੂੰ ਉਹਨਾਂ ਦੀ ਬਣਦੀ ਸਜ਼ਾ ਦਿਵਾ ਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਲਈ ਜੁਟੇ ਹੋਏ ਹਨ, ਉਕਤ ਮਹਿਲਾ ਵਕੀਲ ਵੀ ਅੱਜ ਲੋਕਾਂ ਦੇ ਦਿਲਾਂ ਵਿੱਚ ਬਿਨਾਂ ਸ਼ੱਕ ਇੱਜ਼ਤ ਦੀ ਪਾਤਰ ਬਣ ਚੁੱਕੀ ਹੈ ਕਿਉਂਕਿ ਅੱਜ ਜਦ ਹਰ ਪਾਸੇ ਅੰਧਕਾਰ ਦੇ ਬੱਦਲ ਛਾਏ ਵਿਖਾਈ ਦਿੰਦੇ ਹਨ, ਅਜਿਹੇ ਵਿੱਚ ਉਕਤ ਜਾਂਚਕਰਤਾ ਅਫਸਰ ਅਤੇ ਵਕੀਲ ਦੀਪਕਾ ਸਿੰਘ ਰਾਜਵਤ ਦੇਸ ਲਈ ਇੱਕ ਉਮੀਦ ਦੀ ਕਿਰਨ ਹਨ ...!

*****

(1115)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author