“ਸ਼ਹਿਰ ਦੇ ਸੱਤ ਦਰਵਾਜ਼ੇ ਸਨ, ਜਿਨ੍ਹਾਂ ਵਿੱਚ ਸ਼ੇਰਵਾਨੀ ਗੇਟ, ਸੁਨਾਮੀ ਗੇਟ, ਦਿੱਲੀ ਗੇਟ ...”
(9 ਜੂਨ 2021)
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 14 ਮਈ ਨੂੰ ਈਦ-ਉਲ-ਫਿਤਰ ਦੇ ਸ਼ੁਭ ਅਵਸਰ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਲੇਰਕੋਟਲਾ ਦੀ ਵਿਧਾਇਕਾਂ ਬੀਬੀ ਰਜ਼ੀਆ ਸੁਲਤਾਨਾ (ਕੈਬਨਿਟ ਮੰਤਰੀ) ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਲਕੇ ਦੇ ਲੋਕਾਂ ਨਾਲ ਇਸ ਤਹਿਸੀਲ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ। ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਕੇ ਉਸੇ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ।
ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਮਲੇਰਕੋਟਲਾ ਨੂੰ ਪੰਜਾਬ ਦੇ 23 ਵੇਂ ਜ਼ਿਲ੍ਹਾ ਵਜੋਂ ਮਾਨਤਾ ਦਿੱਤੀ ਜਾ ਚੁੱਕੀ ਹੈ। ਇਸਦੇ ਨਾਲ ਹੀ ਉਨ੍ਹਾਂ ਵਲੋਂ ਮਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ, ਗਰਲਜ਼ ਕਾਲਜ ਅਤੇ ਇੱਕ ਵੂਮੈਨ ਪੁਲਿਸ ਸਟੇਸ਼ਨ ਅਤੇ ਨਵੇਂ ਬੱਸ ਸਟੈਂਡ ਦੇ ਨਿਰਮਾਣ ਕਾਰਜਾਂ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। (ਜ਼ਿਕਰਯੋਗ ਹੈ ਕਿ ਮਲੇਰਕੋਟਲਾ ਵਿੱਚ ਨਵੇਂ ਬਣਨ ਜਾ ਰਹੇ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ, ਗਰਲਜ਼ ਕਾਲਜ ਅਤੇ ਨਵੇਂ ਵੂਮੈਨ ਪੁਲਿਸ ਸਟੇਸ਼ਨ ਦੇ ਲਿਆਉਣ ਵਿੱਚ ਤੇ ਇਸ ਤੋਂ ਪਹਿਲਾਂ ਇੱਥੇ ਪੰਜਾਬ ਉਰਦੂ ਅਕਾਦਮੀ ਅਤੇ ਬੀ. ਐੱਡ ਕਾਲਜ ਲਿਆਉਣ ਵਿੱਚ ਬੀਬੀ ਰਜ਼ੀਆ ਸੁਲਤਾਨਾ (ਕੈਬਨਿਟ ਮੰਤਰੀ) ਦੀ ਅਹਿਮ ਭੂਮਿਕਾ ਰਹੀ ਹੈ।
2 ਜੂਨ ਨੂੰ ਪੰਜਾਬ ਕੈਬਨਿਟ ਨੇ ਮਲੇਰਕੋਟਲਾ ਨੂੰ ਬਾਕਾਇਦਾ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਇਸ ਮੌਕੇ ਪੰਜਾਬ ਕੈਬਨਿਟ ਵੱਲੋਂ ਸਬ ਤਹਿਸੀਲ ਅਮਰਗੜ੍ਹ, ਜੋ ਕਿ ਮਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਨੂੰ ਵੀ ਤਹਿਸੀਲ ਬਣਾਉਣ ਦੀ ਮਨਜ਼ੂਰੀ ਦਿੱਤੀ। ਮਲੇਰਕੋਟਲਾ ਜ਼ਿਲ੍ਹੇ ਵਿੱਚ ਹੁਣ ਤਿੰਨ ਸਬ ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਵੀ ਸ਼ਾਮਲ ਹੋਣਗੇ। ਇਸਦੇ ਨਾਲ ਹੀ ਮੰਤਰੀ ਮੰਡਲ ਵੱਲੋਂ ਨਵੇਂ ਜ਼ਿਲ੍ਹੇ ਲਈ ਮੁੱਖ ਮੰਤਰੀ ਨੂੰ 12 ਵਿਭਾਗਾਂ ਪੁਲਿਸ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ ਅਤੇ ਘੱਟ ਗਿਣਤੀ, ਖੇਤੀਬਾੜੀ ਅਤੇ ਕਿਸਾਨ ਵਿਕਾਸ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ, ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਰੋਜ਼ਗਾਰ ਉਤਪਤੀ, ਉਦਯੋਗ ਅਤੇ ਵਣਜ, ਖੁਰਾਕ ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਤੋਂ ਇਲਾਵਾ ਵਿੱਤ ਦੇ ਦਫਤਰਾਂ ਲਈ ਨਵੀਆਂ ਅਸਾਮੀਆਂ ਸਿਰਜੇ ਜਾਣ ਨੂੰ ਮਨਜ਼ੂਰੀ ਦੇਣ ਲਈ ਅਧਿਕਾਰ ਸੌਂਪ ਦਿੱਤੇ। ਇਸ ਸੰਦਰਭ ਵਿੱਚ ਪਿਛਲੇ ਦਿਨੀਂ ਮਲੇਰਕੋਟਲਾ ਜ਼ਿਲ੍ਹਾ ਦੀ ਪਹਿਲੇ ਡੀ. ਸੀ. ਵਜੋਂ ਮੈਡਮ ਅੰਮ੍ਰਿਤ ਗਿੱਲ (ਆਈ ਏ ਐੱਸ) ਅਤੇ ਜਦੋਂ ਕਿ ਪਹਿਲੇ ਐੱਸ ਐੱਸ ਪੀ ਵਜੋਂ ਕੰਵਰਦੀਪ ਕੌਰ (ਆਈ ਪੀ ਐੱਸ) ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ।
ਮਲੇਰਕੋਟਲਾ ਦਾ ਇਤਿਹਾਸਕ ਪਿਛੋਕੜ
ਜਦ ਕਦੇ ਵੀ ਅਸੀਂ ਪੰਜਾਬ ਦੇ ਇਤਿਹਾਸਕ ਪੰਨਿਆਂ ਨੂੰ ਪਲਟਦੇ ਹਾਂ ਤਾਂ ਇਨ੍ਹਾਂ ਵਿੱਚੋਂ ਮਲੇਰਕੋਟਲਾ ਆਪਣੀ ਇੱਕ ਵੱਖਰੀ ਤੇ ਵਿਲੱਖਣ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਸਾਹਮਣੇ ਆ ਖਲੋਂਦਾ ਹੈ। ਮਲੇਰਕੋਟਲਾ ਦੇ ਇਤਿਹਾਸ ਤੇ ਝਾਤ ਮਾਰਨ ਤੋਂ ਪਹਿਲਾਂ ਆਓ ਪਹਿਲਾਂ ਸਮਝਦੇ ਹਾਂ ਕਿ ਉਕਤ ਰਿਆਸਤ ਦਾ ਨਾਂ ਮਲੇਰਕੋਟਲਾ ਕਿਵੇਂ ਪਿਆ। ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਇਸ ਸਬੰਧੀ ਲਿਖਦੇ ਹਨ ਕਿ ‘ਮਲੇਰਕੋਟਲਾ’ ਨਾਂ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ। ‘ਮਹਲੇਰ’ ਨਾਂ ਦਾ ਪਿੰਡ ਰਾਜਪੂਤ ਚੌਧਰੀ ਮਹਲੇਰ ਸਿੰਘ ਦਾ ਵਸਾਇਆ ਹੋਇਆ ਸੀ। ਇਸਦੇ ਬਰਬਾਦ ਹੋ ਜਾਣ ਤੋਂ ਬਾਅਦ ਪੁਰਾਣੇ ਥੇਹ ’ਤੇ ਇਸ ਨੂੰ ਨਵੇਂ ਸਿਰਿਓਂ ਵਸਾਇਆ ਗਿਆ ਅਤੇ ਉਸ ਦਾ ਨਾਂ ‘ਮਲੇਰ’ ਪ੍ਰਚਲਿਤ ਹੋਇਆ। ਇਸ ਪਿੰਡ ਦੇ ਨਾਲ ਹੀ ਸੰਨ 1657 ਈ. ਵਿੱਚ ਨਵਾਬ ਬਾਯਜ਼ੀਦ ਖ਼ਾਨ ਨੇ ‘ਕੋਟਲਾ’ ਨਾਂ ਦੀ ਆਬਾਦੀ ਬਣਾਈ। ਇਹ ਦੋਵੇਂ ਨਾਂ ਮਿਲ ਕੇ ‘ਮਲੇਰਕੋਟਲਾ’ ਬਣਿਆ।
ਇਸ ਤੋਂ ਪਹਿਲਾਂ ਰਿਆਸਤ ਦੇ ਬਾਨੀ ਸ਼ੇਖ਼ ਸਦਰ-ਉਦ-ਦੀਨ ਸਦਰ-ਏ-ਜਹਾਂ ਦਾ ਜਨਮ 1434 ਈ: ਨੂੰ ਅਫ਼ਗ਼ਾਨਿਸਤਾਨ ਦੇ ਦਰਾਬੰਦ ਵਿਖੇ ਹੋਇਆ। ਇਸ ਸੰਬੰਧੀ ਸ਼ੇਖ ਸਦਰ-ਉਦ-ਦੀਨ ਦੇ ਖਾਨਦਾਨ ਦੀ ਪੰਦਰਵੀਂ ਪੁਸ਼ਤ ਵਿੱਚੋਂ ਮੌਜੂਦ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਸਦਰ-ਉਦ-ਦੀਨ ਸ਼ੇਰਵਾਨੀ ਅਫ਼ਗ਼ਾਨ ਸਨ, ਜੋ ਕਿ ਅਫਗਾਨਿਸਤਾਨ ਦੇ ਦਰਾਬੰਦ ਵਿਖੇ ਪੈਦਾ ਹੋਏ ਤੇ ਜਵਾਨ ਹੋ ਕੇ ਫੌਜ ਵਿੱਚ ਭਰਤੀ ਹੋ ਗਏ। ਬਾਅਦ ਵਿੱਚ ਉਨ੍ਹਾਂ ਆਪਣੇ ਇੱਕ ਸੂਫ਼ੀ ਪੀਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣ ਕਰਦਿਆਂ ਫੌਜ ਦੀ ਨੌਕਰੀ ਛੱਡ ਪੰਜਾਬ ਦੀ ਧਰਤੀ ਉੱਪਰ ‘ਭੁਮਸੀ’ ਨਾਂ ਦੀ ਜਗ੍ਹਾ ’ਤੇ ਆ ਕੇ ਡੇਰਾ ਲਾ ਲਿਆ। ਇੱਥੇ ਜ਼ਿਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ ਵਹਾਓਦੀਨ ਜ਼ਿਕਰੀਆ ਦੇ ਪੋਤੇ ਰੁਕਨ-ਏ-ਆਲਮ ਨੂੰ ਆਪਣਾ ਪੀਰ-ਓ-ਮੁਰਸ਼ਦ ਮੰਨਦੇ ਸਨ ਜੋ ਕਿ ਸੋਹਰਾਵਰਦੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ। ਜਦੋਂ ਸ਼ੇਖ ਸਦਰ-ਉਦ-ਦੀਨ ਨੂੰ ਰੁਕਨ-ਏ-ਆਲਮ ਨੇ ਹੁਕਮ ਦਿੱਤਾ ਕਿ ਤੁਸੀਂ ਦੀਨ ਫੈਲਾਉਣ ਲਈ ਭਾਵ ਰੱਬ ਦੇ ਰਸਤੇ ਤੋਂ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਪੰਜਾਬ ਜਾਓ ਤਾਂ ਸ਼ੇਖ ਸਦਰ-ਉਦ-ਦੀਨ ਨੇ ਆਪਣੇ ਪੀਰ ਦੇ ਆਖੇ ਲੱਗਦਿਆਂ ਪੰਜਾਬ ਦੀ ਭੁਮਸੀ ਨਾਂ ਦੀ ਥਾਂ ’ਤੇ ਆ ਕੇ ਡੇਰਾ ਲਾ ਲਿਆ।
ਇਸ ਸੰਬੰਧੀ ਸ਼ੇਖ ਸਦਰ-ਉਦ-ਦੀਨ ਦੇ ਇੱਕ ਵਾਕਿਆ ਦਾ ਜ਼ਿਕਰ ਕਰਦਿਆਂ ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਇੱਕ ਵਾਰ ਸੁਲਤਾਨ ਬਹਿਲੋਲ ਲੋਧੀ, ਆਪਣੇ ਵਜ਼ੀਰ ਹਾਮਿਦ ਖ਼ਾਨ ਨਾਲ ਭੁਮਸੀ ਨਾਂ ਦੇ ਸਥਾਨ ਕੋਲੋਂ ਲੰਘਦੇ ਸਮੇਂ, ਸ਼ੇਖ ਸਦਰ-ਉਦ-ਦੀਨ ਦੇ ਕੋਲ ਕੁਝ ਸਮੇਂ ਲਈ ਠਹਿਰਿਆ ਅਤੇ ਉਸ ਪਾਸੋਂ ਦੁਆ ਮੰਗਵਾਈ ਕਿ ਉਸ ਨੂੰ ਦਿੱਲੀ ਉੱਤੇ ਜਿੱਤ ਪ੍ਰਾਪਤ ਹੋਏ। ਜਿੱਤ ਦਾ ਵਰਦਾਨ ਲੈ ਕੇ ਜਦੋਂ ਬਹਿਲੋਲ ਲੋਧੀ ਨੇ ਦਿੱਲੀ ਨੂੰ ਕਾਬੂ ਕਰ ਲਿਆ ਤਾਂ ਉਸ ਨੇ ਸੰਨ 1454 ਈ. ਵਿੱਚ ਆਪਣੀ ਪੁੱਤਰੀ ਤਾਜ ਮੁੱਰਸਾ ਬੇਗਮ ਦਾ ਵਿਆਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ। ਦਾਜ ਵਜੋਂ ਉਸ ਨੇ 68 ਪਿੰਡਾਂ ਦੀ ਜਾਗੀਰ ਸ਼ੇਖ ਦੇ ਨਾਂ ਲਗਵਾ ਦਿੱਤੀ। ਸੰਨ 1515 ਈ. ਵਿੱਚ ਸ਼ੇਖ ਸਦਰ-ਉਦ-ਦੀਨ ਦਾ ਦੇਹਾਂਤ (ਇੰਤਕਾਲ) ਹੋ ਗਿਆ।”
ਉੱਧਰ ਸ਼ੇਖ ਸਦਰ-ਉਦ-ਦੀਨ ਦੇ ਵਿਆਹ ਸੰਬੰਧੀ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਜਦੋਂ ਬਹਿਲੋਲ ਲੋਧੀ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਇਆ ਤਾਂ ਲੋਧੀ ਦੀ ਮਾਂ ਨੇ ਆਖਿਆ ਕਿ ਕਿਉਂ ਨਾ ਤੂੰ ਆਪਣੀ ਸਪੁੱਤਰੀ ਤਾਜ ਮੁਰੱਸਾ ਦਾ ਨਿਕਾਹ (ਵਿਆਹ) ਸ਼ੇਖ ਸਦਰ-ਉਦ-ਦੀਨ ਨਾਲ ਕਰਾ ਦੇਵੇਂ ਨਾਲੇ ਉਹ ਆਪਣੇ ਪਠਾਨ ਖਾਨਦਾਨ ਵਿੱਚੋਂ ਹੈ, ਤਾਂ ਬਹਿਲੋਲ ਨੇ ਮਾਂ ਨੂੰ ਕਿਹਾ ਕਿ ਉਹ (ਸਦਰ-ਉਦ-ਦੀਨ) ਤਾਂ ਇੱਕ ਦਰਵੇਸ਼ ਫਕੀਰ ਹੈ ਉਸ ਦੇ ਕੋਲ ਕੋਈ ਜਾਗੀਰ ਨਹੀਂ। ਇਸ ’ਤੇ ਬਹਿਲੋਲ ਦੀ ਮਾਂ ਨੇ ਕਿਹਾ ਕਿ ਤੇਰੇ (ਬਹਿਲੋਲ) ਪਾਸ ਤਾਂ ਰੱਬ ਦਾ ਦਿੱਤਾ ਸਭ ਕੁਝ ਹੈ, ਤੂੰ ਆਪਣੇ ਵੱਲੋਂ ਉਸ ਦੇ ਨਾਂ ਜਾਗੀਰ ਲਗਵਾ ਦੇ।
ਲਿਹਾਜ਼ਾ ਇਸ ਤੋਂ ਬਾਅਦ ਬਹਿਲੋਲ ਨੇ ਆਪਣੀ ਮਾਂ ਦੇ ਬੋਲ ਪੁਗਾਏ ਤੇ ਆਪਣੀ ਸਪੁੱਤਰੀ ਤਾਜ ਮੁਰੱਸਾ ਦਾ ਨਿਕਾਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ ਤੇ ਨਾਲ ਹੀ ਉਨ੍ਹਾਂ ਦੇ ਨਾਂ 68 ਪਿੰਡ ਕਰਦਿਆਂ ਤਿੰਨ ਲੱਖ ਰੁਪਏ ਨਕਦ ਦਿੱਤੇ। ਤਾਜ ਮੁਰੱਸਾ ਦੀ ਕੁੱਖੋਂ ਦੋ ਬੱਚਿਆਂ ਸ਼ੇਖ ਹਸਨ (ਲੜਕਾ) ਅਤੇ ਮਾਈ ਹਾਫਿਜ਼ਾ ਉਰਫ ਬੀਬੀ ਮਾਂਗੋ (ਲੜਕੀ) ਨੇ ਜਨਮ ਲਿਆ। (ਜ਼ਿਕਰਯੋਗ ਹੈ ਕਿ ਸ਼ੇਖ ਸਦਰ-ਉਦ-ਦੀਨ (ਹੈਦਰ ਸ਼ੇਖ) ਦੀ ਦਰਗਾਹ ਦੇ ਨੇੜੇ ਜੋ ਮੁੱਖ ਸੇਵਾਦਾਰ ਵਸਦੇ ਹਨ ਅਰਥਾਤ ਜਿਨ੍ਹਾਂ ਪਾਸ ਦਰਗਾਹ ਦੇ ਇੰਤਜ਼ਾਮ ਦੇ ਜ਼ਿੰਮੇਵਾਰੀ ਹੈ ਉਹ ਸਾਰੇ ਸ਼ੇਖ ਹਸਨ ਦੀ ਔਲਾਦ ਵਿੱਚੋਂ ਹਨ)
ਸ਼ੇਖ ਸਦਰ-ਉਦ-ਦੀਨ ਦਾ ਦੂਜਾ ਵਿਆਹ ਕਪੂਰਥਲੇ ਦੇ ਰਾਜਪੂਤ ਘਰਾਣੇ ਦੀ ਇੱਕ ਲੜਕੀ ਨਾਲ ਹੋਇਆ, ਇਸ ਦੀ ਕੁੱਖੋਂ ਦੋ ਲੜਕਿਆਂ ਸ਼ੇਖ ਮੂਸਾ ਅਤੇ ਸ਼ੇਖ ਈਸਾ ਨੇ ਜਨਮ ਲਿਆ। ਸ਼ੇਖ ਮੂਸਾ ਬੇ-ਔਲਾਦ (ਲਾ-ਵਲਦ) ਰਹੇ। ਜਦੋਂ ਕਿ ਸ਼ੇਖ ਈਸਾ ਦੀ ਔਲਾਦ ਵਿੱਚੋਂ ਪੈਦਾ ਹੋਏ ਬੱਚਿਆਂ ਨੇ ਅੱਗੇ ਚੱਲ ਕੇ ਨਵਾਬ ਬਣ ਰਿਆਸਤ ਮਲੇਰਕੋਟਲਾ ਦੀ ਵਾਗਡੋਰ ਸੰਭਾਲੀ। (ਜ਼ਿਕਰਯੋਗ ਹੈ ਕਿ ਤਾਜ ਮੁਰੱਸਾ ਬੇਗਮ ਸ਼ੇਖ ਹਸਨ, ਸ਼ੇਖ ਈਸਾ ਅਤੇ ਸ਼ੇਖ ਮੂਸਾ ਦੀਆਂ ਕਬਰਾਂ ਹੈਦਰ ਸ਼ੇਖ ਹੁਰਾਂ ਦੀ ਦਰਗਾਹ ਦੇ ਪਾਸ ਹੀ ਹਨ। ਜਦ ਕਿ ਸ਼ੇਖ ਸਦਰੁਦੀਨ ਦੀ ਬੇਟੀ ਬੀਬੀ ਮਾਂਗੋ ਦੀ ਕਬਰ ਮਲੇਰਕੋਟਲਾ ਦੀ ਵੱਡੀ ਈਦਗਾਹ ਦੇ ਨੇੜੇ ਸਥਿਤ ਹੈ। ਇਸਦੇ ਇਲਾਵਾ ਰਿਆਸਤ ਦੇ ਵੱਖ ਵੱਖ ਨਵਾਬਾਂ ਜਿਵੇਂ ਕਿ ਸ਼ੇਰ ਮੁਹੰਮਦ ਖਾਨ ਆਦਿ ਦੀਆਂ ਕਬਰਾਂ ਸਥਾਨਕ ਸਰਹੰਦੀ ਗੇਟ ਦੇ ਸ਼ਾਹੀ ਮਕਬਰਿਆਂ ਵਿੱਚ ਮੌਜੂਦ ਹਨ)
1656 ਈ: ਵਿੱਚ ਨਵਾਬ ਬਾਯਜ਼ੀਦ ਖ਼ਾਂ ਨੇ ਇੱਕ ਨਵੀਂ ਆਬਾਦੀ ਨੂੰ ਵਸਾਇਆ ਜਿਸ ਨੂੰ ‘ਕੋਟਲਾ’ ਦਾ ਨਾਂ ਦਿੱਤਾ ਗਿਆ ਇਸ ਤਰ੍ਹਾਂ ਮਲੇਰ ਅਤੇ ਕੋਟਲਾ ਮਿਲ ਕੇ ਰਿਆਸਤ ਮਲੇਰਕੋਟਲਾ ਵਜੂਦ ਵਿੱਚ ਆਈ। ਸ਼ਹਿਰ ਦੁਆਲੇ ਬਣੀ ਡੇਢ ਗਜ਼ ਚੌੜੀ ਫ਼ਸੀਲ ਵੀ 1657 ਈ: ਵਿੱਚ ਬਾਯਜ਼ੀਦ ਖ਼ਾਂ ਨੇ ਹੀ ਬਣਵਾਈ ਸੀ, ਜਿਸਦੇ ਸੱਤ ਦਰਵਾਜ਼ੇ (ਗੇਟ) ਸਨ। ਜਿਨ੍ਹਾਂ ਨੂੰ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਸੀ।
ਇਸ ਤੋਂ ਬਾਅਦ ਬਾਯਜ਼ੀਦ ਖਾਂ ਦੇ ਪੁੱਤਰ ਅਤੇ ਅੱਗੋਂ ਉਨ੍ਹਾਂ ਦੇ ਪੁੱਤਰ ਸਿਲਸਿਲੇਵਾਰ ਗੱਦੀ ’ਤੇ ਬੈਠਦੇ ਰਹੇ। ਇੱਥੇ ਜ਼ਿਕਰਯੋਗ ਹੈ ਕਿ ਰਿਆਸਤ ਦੇ ਨਵਾਬ ਆਲਮਗੀਰ ਸ਼ਹਿਨਸ਼ਾਹ ਨਾਲ ਬਿਹਾਰ ਦੀ ਲੜਾਈ ਵਿੱਚ ਵੀ ਸ਼ਾਮਿਲ ਹੋਏ ਤੇ ਨਤੀਜੇ ਵਜੋਂ ਇਨ੍ਹਾਂ ਨੂੰ ਇਨਾਮ ਦੇ ਤੌਰ ’ਤੇ 70 ਪਿੰਡ ਮਿਲੇ ਸਨ। ਨਵਾਬ ਸ਼ੇਰ ਮੁਹੰਮਦ ਖ਼ਾਨ ਜੋ ਕਿ 1672 ਈ:ਵਿੱਚ ਮਲੇਰਕੋਟਲਾ ਰਿਆਸਤ ਦੇ ਨਵਾਬ ਬਣੇ ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਜਿੱਤ ਕੇ ਰਿਆਸਤ ਦੇ ਸੀਮਾ-ਖੇਤਰ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ। ਜ਼ਿਕਰਯੋਗ ਹੈ ਕਿ ਸ਼ੇਰਪੁਰ ਦਾ ਇਲਾਕਾ ਵੀ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਜਦੋਂ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਇੰਤਕਾਲ ਹੋਇਆ ਉਸ ਸਮੇਂ ਈਸੜੂ, ਜਰਗ (ਲੁਧਿਆਣਾ), ਰੋਪੜ, ਖ਼ਿਜ਼ਰ ਆਬਾਦ (ਅੰਬਾਲਾ) ਖੁਮਾਣੋਂ, ਪਾਇਲ, ਢਮੋਟ, ਸ਼ੇਰਪੁਰ, ਬਾਲੀਆਂ, ਨੌਗਾਉਂ (ਪਟਿਆਲਾ) ਅਮਲੋਹ, ਕਪੂਰਗੜ੍ਹ (ਨਾਭਾ) ਅਤੇ ਮਲੇਰਕੋਟਲਾ ਆਦਿ ਸਾਰੇ ਹੀ ਇਲਾਕੇ ਇਨ੍ਹਾਂ ਦੇ ਕਬਜ਼ੇ ਅਧੀਨ ਸਨ। ਵੇਖਿਆ ਜਾਵੇ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਦੀ ਹਕੂਮਤ ਦੇ ਦੌਰ ਨੂੰ ਰਿਆਸਤ ਦੇ ਸੁਨਹਿਰੀ ਯੁਗ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।
ਸ਼ੇਰ ਮੁਹੰਮਦ ਖਾਨ ਦੇ ਨਵਾਬ ਹੁੰਦਿਆਂ ਹੀ ਸਰਹਿੰਦ ਦਾ ਸਾਕਾ ਵਾਪਰਿਆ ਜਿਸ ਕਰਕੇ ਅੱਜ ਵੀ ਸਿੱਖ ਕੌਮ ਉਨ੍ਹਾਂ ਨੂੰ “ਹਾਅ ਦਾ ਨਾਅਰਾ” ਮਾਰਨ ਵਾਲੇ ਨਵਾਬ ਵਜੋਂ ਯਾਦ ਕਰਦੀ ਹੈ। ਦਰਅਸਲ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਵਾ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਸਦਾ ਵਿਰੋਧ ਕਰਦਿਆਂ ਬੱਚਿਆਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ ਭਾਵੇਂ ਕਿ ਉਸ ਸਮੇਂ ਮੁਗਲ ਹਕੂਮਤ ਵਿਰੁੱਧ ਬੋਲਣਾ ਜਿਵੇਂ ਅੱਜ-ਕੱਲ੍ਹ ਦੀ ਕਿਸੇ ਵਿਸ਼ਵ ਸ਼ਕਤੀ ਵਿਰੁੱਧ ਬੋਲਣ ਦੇ ਤੁਲ ਸੀ। ਲੇਕਿਨ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਪਣੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਮਾਸੂਮ ਬੱਚਿਆਂ ਦੀ ਸਜ਼ਾ ਵਿਰੁੱਧ ਆਵਾਜ਼ ਉਠਾਈ ਤੇ ਸੂਬਾ ਸਰਹਿੰਦ ਨੂੰ ਤਾੜਨਾ ਕੀਤੀ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਸਜ਼ਾ ਦੇਣਾ ਗ਼ੈਰ-ਇਸਲਾਮੀ ਤੇ ਗ਼ੈਰ-ਇਨਸਾਨੀ ਹੈ। ਇਹੋ ਵਜ੍ਹਾ ਹੈ ਕਿ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਮ ਅੱਜ ਵੀ ਮਲੇਰਕੋਟਲਾ ਨੂੰ ਅਮਨ ਤੇ ਸ਼ਾਂਤੀ ਦਾ ਗੁਲਦਸਤਾ ਮੰਨਦਿਆਂ ਇਸਦਾ ਸਤਿਕਾਰ ਕਰਦੀ ਹੈ।
ਅੰਗਰੇਜ਼ਾਂ ਦਾ ਦੌਰ ਆਇਆ ਤਾਂ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਦੇ ਸੰਬੰਧ ਉਨ੍ਹਾਂ ਨਾਲ ਵੀ ਸੁਖਾਵੇਂ ਰਹੇ ਸ਼ਾਇਦ ਇਹੋ ਵਜ੍ਹਾ ਹੈ ਕਿ ਉਨ੍ਹਾਂ ਸਮਿਆਂ ਵਿੱਚ ਮਲੇਰਕੋਟਲਾ ਨੂੰ ਰਿਆਸਤਾਂ ਵਿੱਚੋਂ 10 ਵਾਂ ਦਰਜਾ ਹਾਸਲ ਸੀ। ਜਿਸਦੇ ਚੱਲਦਿਆਂ ਰਿਆਸਤ ਦੇ ਨਵਾਬਾਂ ਨੂੰ ਵਾਇਸਰਾਏ ਨਾਲ ਸਿੱਧੇ ਤੌਰ ’ਤੇ ਮਿਲਣ ਦਾ ਹੱਕ ਹਾਸਲ ਸੀ।
ਜੇਕਰ ਮਲੇਰਕੋਟਲਾ ਰਿਆਸਤ ਦੇ ਕੁਲ ਖੇਤਰਫਲ ਦੀ ਗੱਲ ਕਰੀਏ ਤਾਂ ਕੁਲ ਰਕਬਾ 167 ਵਰਗ ਮੀਲ, ਕੁਲ ਆਬਾਦੀ 71174, ਮਾਲੀਆ ਲਗਾਨ ਤਕਰੀਬਨ ਸਵਾ ਬਾਰਾਂ ਲੱਖ ਸੀ ਅਤੇ ਇਸਦੇ ਨਾਲ ਨਾਲ ਫ਼ੌਜ ਇੰਪੀਰੀਅਲ, ਰਸਾਲੇ ਦੇ 54 ਜਵਾਨ, ਪਲਟਨ ਵਿੱਚ 600 ਜਵਾਨ, ਦੋ ਤੋਪਾਂ ਅਤੇ 11 ਤੋਪਾਂ ਦੀ ਸਲਾਮੀ ਮਿਲਿਆ ਕਰਦੀ ਸੀ।
ਮੇਰੇ ਅੱਬਾ (ਹਾਜੀ ਮੁਹੰਮਦ ਮੁਸ਼ਤਾਕ) ਦੱਸਦੇ ਹਨ ਕਿ 1901 ਈ: ਵਿੱਚ ਜਦੋਂ ਲੁਧਿਆਣਾ-ਮਲੇਰਕੋਟਲਾ ਰੇਲਵੇ ਲਾਈਨ ਵਿਛਾਈ ਗਈ ਸੀ ਤਾਂ ਉਸ ਦੌਰਾਨ ਉਨ੍ਹਾਂ ਦੇ ਦਾਦਾ (ਉਮਰਾ) ਨੇ ਲਾਈਨ ਹੇਠਾਂ ਦੀ ਲੰਘਣ ਵਾਲੇ ਪੁਲਾਂ ਤੇ ਪੁਲੀਆਂ ਬਣਾਉਣ ਲਈ ਊਠਾਂ ਉੱਤੇ ਇੱਟਾਂ ਢੋਈਆਂ ਸਨ।
ਜੇ ਰਿਆਸਤ ਦੀਆਂ ਤਾਰੀਖ਼ੀ ਇਮਾਰਤਾਂ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਨੂੰ ਖੂਬਸੂਰਤ ਦਿਖ ਦੇਣ ਲਈ ਮੋਤੀ ਬਾਜ਼ਾਰ 1903 ਈ, ਜੈਪੁਰ ਦੀ ਤਰਜ਼ ’ਤੇ ਬਣਵਾਇਆ ਗਿਆ। ਇਸਦੇ ਇਲਾਵਾ ਲਾਲ ਬਾਜ਼ਾਰ, ਸਦਰ ਬਾਜ਼ਾਰ, ਲੋਹਾ ਬਾਜ਼ਾਰ, ਬਾਂਸ ਬਜ਼ਾਰ, ਸੱਟਾ ਬਜ਼ਾਰ ਅੱਜ ਵੀ ਮੌਜੂਦ ਹਨ।(ਪਰ ਰਿਆਸਤ ਖਤਮ ਹੋਣ ਦੇ ਚੱਲਦਿਆਂ ਹੁਣ ਮੋਤੀ ਬਾਜ਼ਾਰ ਨੂੰ ਕਾਫ਼ੀ ਹੱਦ ਤਕ ਢਾਹ ਕੇ ਲੋਕਾਂ ਨੇ ਆਪਣੀ ਸੁਵਿਧਾ ਅਨੁਸਾਰ ਦੁਕਾਨਾਂ ਬਣਾ ਲਈਆਂ ਹਨ।)
ਸ਼ਹਿਰ ਦੇ ਸੱਤ ਦਰਵਾਜ਼ੇ ਸਨ, ਜਿਨ੍ਹਾਂ ਵਿੱਚ ਸ਼ੇਰਵਾਨੀ ਗੇਟ, ਸੁਨਾਮੀ ਗੇਟ, ਦਿੱਲੀ ਗੇਟ, ਸਰਹਿੰਦੀ ਗੇਟ, ਮੰਡੀ ਗੇਟ, ਮਲੇਰੀ ਗੇਟ, ਢਾਬੀ ਗੇਟ ਸ਼ਾਮਲ ਹਨ। ਇਸਦੇ ਇਲਾਵਾ ਕਿਲਾ ਰਹਿਮਤ ਗੜ੍ਹ, ਜਾਮਾ ਮਸਜਿਦ, ਈਦ ਗਾਹ, ਦੀਵਾਨ ਖ਼ਾਨਾ, ਸ਼ੀਸ਼ ਮਹਿਲ, ਮੁਬਾਰਕ ਮੰਜ਼ਿਲ, ਦਰਗਾਹ ਬਾਬਾ ਸ਼ੇਖ਼ ਸਦਰ-ਉਦ-ਦੀਨ ਆਦਿ ਅੱਜ ਵੀ ਸ਼ਹਿਰ ਦੀਆਂ ਮਸ਼ਹੂਰ ਤਾਰੀਖ਼ੀ ਇਮਾਰਤਾਂ ਵਿੱਚ ਸ਼ੁਮਾਰ ਹੁੰਦੀਆਂ ਹਨ।
ਇਸ ਤੋਂ ਇਲਾਵਾ ਡੇਰਾ ਆਤਮਾ ਰਾਮ, ਕੂਕਾ ਸਮਾਰਕ, ਗੁਰਦੁਆਰਾ ਹਾਅ ਦਾ ਨਾਅਰਾ, ਗੁਰਦੁਆਰਾ ਸ਼ਹੀਦਾਂ, ਕਾਲੀ ਮਾਤਾ ਮੰਦਿਰ ਆਦਿ ਧਾਰਮਿਕ ਇਮਾਰਤਾਂ ਸ਼ਹਿਰ ਦੀ ਭਾਈਚਾਰਕ ਸਾਂਝ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।
ਵਿੱਦਿਅਕ ਅਦਾਰਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ ਇਸਲਾਮੀਆ ਸੀ. ਸੈ. ਸਕੂਲ, ਐਸ. ਡੀ. ਪੀ. ਪੀ. ਸਕੂਲ, ਜੈਨ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਗੇਟ, ਅਹਿਲ-ਏ-ਹਦੀਸ ਸਕੂਲ ਮੋਤੀ ਬਾਜ਼ਾਰ, ਸਰਕਾਰੀ ਕਾਲਜ, ਕੇ. ਆਰ. ਡੀ. ਜੈਨ ਕਾਲਜ, ਅਲ-ਫ਼ਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਾਹਿਬਜ਼ਾਦਾ ਫ਼ਤਹਿ ਸਿੰਘ ਸੀ. ਸੈ. ਸਕੂਲ, ਟਾਊਨ ਸਕੂਲ, ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਫ ਪੰਜਾਬੀ ਯੂਨੀਵਰਸਿਟੀ ਆਦਿ ਤਾਲੀਮ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਇਸਦੇ ਇਲਾਵਾ ਮਲੇਰਕੋਟਲਾ ਸਬਜ਼ੀ ਪੈਦਾਵਰ ਦੇ ਖੇਤਰ ਵਿੱਚ ਵੀ ਆਪਣੀ ਮਿਸਾਲ ਆਪ ਹੈ। ਇੱਥੋਂ ਸਬਜ਼ੀਆਂ ਰੋਜ਼ਾਨਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਅਤੇ ਵੱਡੀ ਗਿਣਤੀ ਵਿੱਚ ਦੂਜੇ ਸੂਬਿਆਂ ਨੂੰ ਭੇਜੀਆਂ ਜਾਂਦੀਆਂ ਹਨ।
ਇਸਦੇ ਇਲਾਵਾ ਸ਼ਹਿਰ ਸਮਾਲ ਸਕੇਲ ਇੰਡਸਟਰੀ ਦਾ ਇੱਕ ਵੱਡਾ ਹੱਬ ਹੈ। ਸਾਈਕਲ ਪਾਰਟਸ ਸਿਲਾਈ ਮਸ਼ੀਨਾਂ ਦੇ ਪੁਰਜ਼ੇ ਦੇ ਨਾਲ ਧਾਗਾ, ਵੱਡੇ ਰੂਲੇ ਅਤੇ ਲੀਫ ਸਪਰਿੰਗ (ਕਮਾਨੀ) ਆਦਿ ਦੀਆਂ ਮਿੱਲਾਂ ਤੇ ਫੈਕਟਰੀਆਂ ਹਨ।
ਇਸਦੇ ਨਾਲ ਹੀ ਸ਼ਹਿਰ ਦੇਸ਼ ਦੇ ਆਰਮੀ ਅਤੇ ਪੁਲਿਸ ਵਾਲਿਆਂ ਦੀ ਯੂਨੀਫਾਰਮ ਦੇ ਮੋਢਿਆਂ ’ਤੇ ਲੱਗਣ ਵਾਲੀਆਂ ਫੀਤੀਆਂ, ਬੈਜ ਅਤੇ ਨੇਮ ਪਲੇਟਾਂ ਆਦਿ ਬਣਾਉਣ ਦੇ ਕੰਮ ਲਈ ਵੀ ਮਲੇਰਕੋਟਲਾ ਪੂਰੇ ਦੇਸ਼ ਵਿੱਚ ਮਸ਼ਹੂਰ ਹੈ।
ਅੰਤ ਵਿੱਚ ਇਹੋ ਉਮੀਦ ਕਰਦੇ ਹਾਂ ਕਿ ਹੁਣ ਮਲੇਰਕੋਟਲਾ ਦੇ ਜ਼ਿਲ੍ਹਾ ਬਣਨ ਨਾਲ ਜਿੱਥੇ ਇਸ ਦਿਖ ਤੇ ਨੁਹਾਰ ਵਿੱਚ ਹੋਰ ਵਧੇਰੇ ਸੁਧਾਰ ਵੇਖਣ ਨੂੰ ਮਿਲੇਗਾ ਉੱਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵੀ ਨਵੇਂ ਦਰਵਾਜ਼ੇ ਖੁੱਲ੍ਹਣ ਦੀਆਂ ਵੀ ਵੱਡੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2834)
(ਸਰੋਕਾਰ ਨਾਲ ਸੰਪਰਕ ਲਈ: