“ਵਾਤਾਵਰਣ ਨੂੰ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ...”
(16 ਅਕਤੂਬਰ 2018)
ਬੇਸ਼ਕ ਕੁਦਰਤ ਦੇ ਕਾਨੂੰਨ ਬਹੁਤ ਅਟੱਲ ਹਨ ਜੇਕਰ ਅਸੀਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਾਂ ਤਾਂ ਉਹ ਇੰਨੀ ਬਲਵਾਨ ਤੇ ਸ਼ਕਤੀਸ਼ਾਲੀ ਹੈ ਕਿ ਉਸ ਦੀ ਸਜ਼ਾ ਵੀ ਉਹ ਸਾਨੂੰ ਖੁਦ ਹੀ ਨਿਯਮਤ ਕਰਦੀ ਹੈ। ਹੜ੍ਹ, ਭੂਚਾਲ ਅਤੇ ਹੋਰ ਕੁਦਰਤ ਦੀਆਂ ਆਫਤਾਂ ਦਾ ਆਉਣਾ ਕੁਦਰਤੀ ਅਜ਼ਾਬ ਦੀਆਂ ਪ੍ਰਤੱਖ ਉਦਾਹਰਣਾਂ ਹਨ। ਸੰਸਾਰ ਵਿਚ ਜੋ ਵੀ ਅਸੀਂ ਵੇਖਦੇ ਹਾਂ, ਉਹ ਕੁਦਰਤ ਦੇ ਨਿਯਮਾਂ ਵਿਚ ਬੰਨ੍ਹਿਆ ਹੋਇਆ ਹੈ। ਇਹ ਵੀ ਇੱਕ ਕੜਵੀ ਸੱਚਾਈ ਹੈ ਕਿ ਮਨੁੱਖ ਜਾਤੀ ਤੋਂ ਇਲਾਵਾ ਕੋਈ ਵੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਜ਼ੁਰਅਤ ਨਹੀਂ ਕਰਦਾ। ਅਸੀਂ ਇਹ ਵੀ ਵੇਖਦੇ ਹਾਂ ਕਿ ਜਦੋਂ ਵੀ ਮਨੁੱਖ ਕੁਦਰਤ ਦੇ ਨਿਯਮਾਂ ਦੀ ਅਣਦੇਖੀ ਜਾਂ ਉਸਦੇ ਨਿਯਮਾਂ ਵਿਚ ਆਪਣੀ ਜ਼ਰੂਰਤ ਤੋਂ ਜ਼ਿਆਦਾ ਦਖਲਅੰਦਾਜ਼ੀ ਕਰਦਾ ਹੈ ਤਾਂ ਕੁਦਰਤ ਮਨੁੱਖ ਨੂੰ ਆਪਣੇ ਹਿਸਾਬ ਨਾਲ ਬਣਦੀ ਸਜ਼ਾ ਦਿੰਦੀ ਹੈ।
ਕੁਦਰਤ ਨੇ ਜਿਨ੍ਹਾਂ ਅਨਮੋਲ ਜੜੀ-ਬੂਟੀਆਂ ਅਤੇ ਪੇੜ-ਪੌਦਿਆਂ ਨਾਲ ਸਾਨੂੰ ਇਸ ਧਰਤੀ ’ਤੇ ਨਿਵਾਜਿਆ ਹੈ ਉਨ੍ਹਾਂ ਸਭਨਾਂ ਵਿਚ ਮਨੁੱਖ ਦੀ ਭਲਾਈ ਲਈ ਕੋਈ ਨਾ ਕੋਈ ਹਿਕਮਤ ਛੁਪੀ ਹੋਈ ਹੈ। ਇਹ ਅਲੱਗ ਗੱਲ ਹੈ ਕਿ ਸਾਨੂੰ ਉਸਦਾ ਗਿਆਨ ਨਾ ਹੋਵੇ ਪਰ ਰੱਬ ਨੇ ਕੋਈ ਵੀ ਚੀਜ਼ ਬੇਕਾਰ ਪੈਦਾ ਨਹੀਂ ਕੀਤੀ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਆਪਣੇ ਸਭਨਾਂ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰਰੇਨਾ ਦੇਣ ਲਈ ਲਈ ਬਹੁਤ ਸਾਰੀਆ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ। ਪਰੰਤੂ ਇਸ ਸਭ ਦੇ ਬਾਵਜੂਦ ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ ਧਰਾਏ ਹੀ ਰਹਿ ਜਾਂਦੇ ਹਨ। ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੁਕ ਦੇ ਲਈ ਇਸ਼ਤਿਹਾਰਾਂ ਆਦਿ ਉੱਪਰ ਖਰਚ ਕੀਤੀਆਂ ਜਾਣ ਵਾਲੀਆਂ ਭਾਰੀ ਭਰਕਮ ਰਕਮਾਂ ਅਜਾਈਂ ਜਾਂਦੀਆਂ ਹਨ। ਸੜਕ ਹਾਦਸਿਆਂ ਵਿਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ। ਹਾਲੇ ਪਿਛਲੇ ਸਾਲ ਦੀ ਗੱਲ ਹੈ ਜਦੋਂ ਧੂਏਂ ਦੇ ਬਣੇ ਬੱਦਲਾਂ ਕਾਰਨ ਪੂਰੇ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿਚ ਵੀ ਕਈ ਦਿਨਾਂ ਤੱਕ ਹਨੇਰਾ ਛਾਇਆ ਰਿਹਾ। ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਵਾਪਰੇ ਹਾਦਸੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ।
ਸਾਡਾ ਪੰਜਾਬ, ਇਕ ਖੇਤੀ ਪ੍ਰਧਾਨ ਪ੍ਰਦੇਸ ਹੈ। ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸੂਬੇ ਵਿਚ ਲਗਭਗ 65 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫਸਲ ਦੀ ਪਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ ਖੂਹੰਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ, ਉਸਦੇ ਤੱਥ ਯਕੀਨਨ ਚਿੰਤਾ ਜਨਕ ਹਨ। ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪੁਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਬੇ-ਤਹਾਸ਼ਾ ਕਮੀ ਆਉਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫਸਲਾਂ ਦੇ ਵਧੇਰੇ ਵਧਣ ਫੁੱਲਣ ਲਈ ਜ਼ਰੂਰੀ ਤੱਤਾਂ ਦੇ ਨਾਲ ਨਾਲ ਲਗਭਗ 38 ਲੱਖ ਟਨ ਆਰਗੇਨਿਕ ਕਾਰਬਨ ਸੜ ਜਾਂਦੇ ਹਨ, ਜਿਸਦੇ ਕਾਰਨ ਧਰਤੀ ਦੀ ਜ਼ਰਖੇਜ਼ੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਊਂਦੀ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰਖਤ ਪਰਾਲੀ ਨੂੰ ਲਗਾਈ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਪਹਿਲੇ ਸਮਿਆਂ ਵਿੱਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਇਆ ਕਰਦਾ ਸੀ, ਲੇਕਿਨ ਜਦ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ, ਉਦੋਂ ਤੋਂ ਸ਼ਹਿਦ ਦੀਆਂ ਅਣਗਿਣਤ ਮੱਖੀਆਂ ਮਰ ਚੁੱਕੀਆਂ ਹਨ। ਅੱਜ ਸ਼ੁੱਧ ਸ਼ਹਿਦ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਛੋਟੇ ਛੋਟੇ ਪੰਛੀ ਜਿਵੇਂ ਕਿ ਚਿੜੀਆਂ ਆਦਿ ਸਾਡੇ ਪੰਜਾਬ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਪੰਛੀਆਂ ਅਤੇ ਜੀਵ ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ।
ਦੂਸਰੇ ਪਾਸੇ ਪਰਾਲੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ, ਕਾਰਬਨ ਮੋਨੋਅਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰਕੇ ਖੂਨ ਦੀ ਆਕਸੀਜ਼ਨ ਲੈ ਜਾਣ ਦੀ ਸਮਰਥਾ ਘਟਾਉਂਦੀ ਹੈ ਇਸ ਦੇ ਨਾਲ ਹੀ ਕਾਰਬਨ ਡਾਇਔਕਸਈਡ ਅੱਖਾਂ ਅਤੇ ਸਾਹ ਦੀ ਨਾਲੀ ਵਿੱਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫਰ ਔਕਸਾਈਡ ਅਤੇ ਨਾਈਟਰੋਜਨ ਔਕਸਾਈਡ ਫੇਫੜਿਆਂ, ਖੂਨ, ਚਮੜੀ ਅਤੇ ਸਾਹ ਕਿਰਿਆ ਉੱਤੇ ਸਿੱਧਾ ਅਸਰ ਕਰਦੇ ਹਨ ਜੋ ਕਿ ਕੈਂਸਰ ਵਰਗੀਆਂ ਮੂਜ਼ੀ-ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਉਕਤ ਜ਼ਹਿਰੀਲੀਆਂ ਗੈਸਾਂ ਦੇ ਪਰਕੋਪ ਦਾ ਸ਼ਿਕਾਰ ਸਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ, ਕਿਉਂਕਿ ਬੱਚਿਆਂ ਵਿੱਚ ਮੈਟਾਬੋਲਿਕ ਐਕਟਿਵਿਟੀ ਹੋਣ ਕਾਰਨ, ਉਨ੍ਹਾਂ ਵਿਚ ਗੈਸ ਨੂੰ ਸਮੋਹਣ ਦੀ ਸਮੱਰਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀ ਔਰਤਾਂ ਉੱਤੇ ਵੀ ਬਹੁਤ ਮਾੜਾ ਪਰਭਾਵ ਪਾਉਂਦੀਆਂ ਹਨ। ਇਸ ਤੋਂ ਇਲਾਵਾ ਹਰ ਪ੍ਰਕਾਰ ਦਾ ਪ੍ਰਦੂਸ਼ਣ ਸਾਡੀ ਧਰਤੀ ਦੁਆਲੇ ਘੇਰਾ ਪਾਈ ਬੈਠੀ ਓ-ਜ਼ੋਨ ਪਰਤ ਵਿਚਕਾਰ ਸੁਰਾਖ ਕਰਦਾ ਹੈ, ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਸੂਰਜੀ ਕਿਰਨਾਂ ਓ-ਜ਼ੌਨ ਪਰਤ ਵਿੱਚੋਂ ਦੀ ਪੁਣ ਪੁਣ ਕੇ ਸਾਡੇ ਜ਼ਮੀਨ ਰੁਸ਼ਨਾਉਂਦੀਆਂ ਹਨ ਅਤੇ ਸਾਨੂੰ ਵਿਟਾਮਿਨ ਡੀ ਪ੍ਰਦਾਨ ਕਰਦੀਆਂ ਹਨ, ਉਹ ਸਿੱਧੇ ਰੂਪ ਵਿਚ ਧਰਤੀ ਤੇ ਪੈਣ ਲੱਗਦੀਆਂ ਹਨ ਜਿਸਦਾ ਮਨੁੱਖ ਜ਼ਾਤੀ ਦੇ ਨਾਲ ਸਾਡੇ ਪਸ਼ੂਆਂ ਅਤੇ ਪੰਛੀਆਂ ਨੂੰ ਵੀ ਖਤਰਨਾਕ ਹੱਦ ਤੱਕ ਨੁਕਸਾਨ ਪੁੱਜਦਾ ਹੈ।
ਇਕ ਹੋਰ ਅਧਿਅਨ ਅਨੁਸਾਰ ਜਿਹੜੇ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ ਵਿੱਚ ਵਾਤਾਵਰਨ ਵਿਚ ਲਗਭਗ 60 ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਪਾਈ ਜਾਂਦੀ ਹੈ। ਉਨ੍ਹਾਂ ਦੀ ਤਾਅਦਾਦ ਵਿਚ ਪਰਾਲੀ ਸਾੜਨ ਦੇ ਦਿਨਾਂ ਵਿੱਚ 425 ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਤਕ ਦਾ ਵਾਧਾ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਕਾਰਨ ਲੋੜੀਂਦੀ ਸਰਦੀ ਦੇ ਮੌਸਮ ਵਿਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਰਦੀ ਦਾ ਘੱਟ ਪੈਣਾ ਕਣਕ ਉੱਤੇ ਮਾੜੇ ਪ੍ਰਭਾਵ ਪਾਉਣ ਕਾਰਨ ਬਣਦਾ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲਗਭਗ 500 ਕਰੋੜ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਧੂੰਏਂ ਅਤੇ ਅੱਗ ਦੇ ਕਾਰਨ ਸੜਕਾਂ ਉੱਪਰ ਸਫਰ ਕਰ ਰਹੇ ਕਿੰਨੇ ਹੀ ਮੁਸਾਫਿਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਜਾਨੀ ਮਾਲੀ ਨੁਕਸਾਨ ਦਾ ਘਾਣ ਹੁੰਦਾ ਹੈ।
ਇਸ ਵਿਚ ਕੋਈ ਸੱਕ ਨਹੀਂ ਕਿ ਪਰਾਲੀ ਸਾੜਨ ਦੀ ਸਮੱਸਿਆਵਾਂ ਨਾਲ ਨਜਿੱਠਣਾ ਇਕੱਲੀ ਪ੍ਰਦੇਸ਼ ਸਰਕਾਰ ਦੇ ਵੱਸ ਦੀ ਗੱਲ ਨਹੀਂ, ਸਗੋਂ ਇਹ ਸਮੁੱਚੇ ਦੇਸ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹੱਲ ਲਈ ਸੂਬਾਈ ਅਤੇ ਕੇਂਦਰੀ ਸਰਕਾਰ, ਦੋਵਾਂ ਨੂੰ ਹੀ ਸਾਂਝੇ ਰੂਪ ਵਿਚ ਆਪਸ ਵਿਚ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਨਾਲ ਹੀ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਦੇ ਤਮਾਮ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਸੁਚਾਰੂ ਅਤੇ ਯੋਗ ਹੱਲ ਲੱਭਣੇ ਚਾਹੀਦੇ ਹਨ। ਸਾਨੂੰ ਸਭ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਜਿਸ ਧਰਤੀ ’ਤੇ ਅਸੀਂ ਰਹਿੰਦੇ ਹਾਂ, ਇਸਦੇ ਚੌਗਿਰਦੇ ਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਇਕੱਲੀਆਂ ਸਰਕਾਰਾਂ ਦਾ ਕੰਮ ਨਹੀਂ ਹੈ, ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰ ਕੇ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
ਚਲੋ ਆਓ, ਅਸੀਂ ਸਭ ਵੀ ਇਹੋ ਨਾਹਰਾ ਅਪਣਾਈਏ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ, ਸਗੋਂ ਇਸ ਨੂੰ ਆਪਣੇ ਖੇਤਾਂ ਵਿਚ ਹੀ ਮਿਲਾਓ ਅਤੇ ਵਾਤਾਵਰਣ ਨੂੰ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਬਣਾਓ।
*****
(1347)