MohdAbbasDhaliwal7ਮਜ਼ਦੂਰ ਦਿਵਸ (ਇੱਕ ਮਈ) ਦੇ ਸੰਦਰਭ ਵਿੱਚ ...
(1 ਮਈ 2018)

 

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਮਈ ਦਾ ਦਿਨ ਪੂਰੇ ਸੰਸਾਰ ਵਿੱਚ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈਇਸਦੀ ਸ਼ੁਰੂਆਤ ਇੱਕ ਮਈ 1886 ਤੋਂ ਮੰਨੀ ਜਾਂਦੀ ਹੈ, ਜਦ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ ਅੱਠ ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀਇਸ ਦੌਰਾਨ ਸ਼ਿਕਾਗੋ ਦੀ ਹੇਅ ਮਾਰਕਿਟ ਵਿਖੇ ਬੰਬ ਧਮਾਕਾ ਹੋਇਆਇਸ ਬੰਬ ਨੂੰ ਕਿਸ ਨੇ ਚਲਾਇਆ, ਉਸ ਸਮੇਂ ਇਸਦਾ ਕੋਈ ਪਤਾ ਨਹੀਂ ਸੀ ਲੱਗਾ ਪਰ ਪੁਲਿਸ ਦੁਆਰਾ ਮਜ਼ਦੂਰਾਂ ’ਤੇ ਬੇ-ਤਹਾਸ਼ਾ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਟੇ ਵਜੋਂ ਸੱਤ ਮਜ਼ਦੂਰ ਮਾਰੇ ਗਏਉਕਤ ਘਟਨਾਵਾਂ ਦੇ ਸੰਬੰਧੀ ਭਾਵੇਂ ਕੋਈ ਤੁਰੰਤ ਰੱਦੇ-ਅਮਲ ਵੇਖਣ ਨੂੰ ਨਹੀਂ ਮਿਲਿਆ, ਪਰ ਕੁੱਝ ਸਮਾਂ ਬੀਤਣ ਬਾਅਦ ਅਮਰੀਕਾ ਵਿਖੇ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਅਤੇ ਇਹ ਇੱਕ ਤਰ੍ਹਾਂ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਵੱਡੀ ਜਿੱਤ ਸੀਮੌਜੂਦਾ ਸਮੇਂ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿਚ ਵੀ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ

ਅੱਜ ਜਦ ਅਸੀਂ ਮਜ਼ਦੂਰਾਂ ਦੇ ਹੱਕਾਂ ਜਾਂ ਅਧਿਕਾਰਾਂ ਦੀ ਗੱਲ ਕਰਦੇ ਹਾਂ, ਤਾਂ ਮੈਂ ਸਮਝਦਾ ਹਾਂ ਉਕਤ ਅਧਿਕਾਰਾਂ ਵਲ ਅੱਜ ਤੋਂ ਕਰੀਬ 1450 ਸੌ ਸਾਲ ਪਹਿਲਾਂ ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸ) ਨੇ ਮਜ਼ਦੂਰਾਂ ਦੇ ਨਾ ਸਿਰਫ ਹੱਕਾਂ ਦੀ ਗੱਲ ਕੀਤੀ ਬਲਕਿ ਵਿਸ਼ੇਸ਼ ਰੂਪ ਵਿੱਚ ਦੁਨੀਆਂ ਦੇ ਤਮਾਮ ਲੋਕਾਂ ਨੂੰ ਇਹ ਦਿਸ਼ਾ ਨਿਰਦੇਸ਼ ਵੀ ਦਿੱਤੇ ਕਿ ਮਜ਼ਦੂਰ ਦੀ ਮਜ਼ਦੂਰੀ ਉਸ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿੱਤੀ ਜਾਵੇ ਆਪਣੇ ਆਖਰੀ ਸੰਬੋਧਨ ਦੌਰਾਨ ਵੀ ਉਹਨਾਂ ਪੂਰੇ ਵਿਸ਼ਵ ਦੇ ਸਰਮਾਏਦਾਰ ਜਾਂ ਅਮੀਰ ਲੋਕਾਂ ਨੂੰ ਅਪਣੇ ਮਾਤਹਿਤ ਕੰਮ ਕਰਦੇ ਕਾਰਿੰਦਿਆਂ (ਖਾਦਿਮਾਂ) ਭਾਵ ਮਜ਼ਦੂਰਾਂ ਦੇ ਹੱਕਾਂ ਨੂੰ ਪੂਰਾ ਕਰਦੇ ਰਹਿਣ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਮਜ਼ਦੂਰਾਂ ਦਾ ਸੋਸ਼ਣ ਕਰਨ ਵਾਲਿਆਂ ਨੂੰ ਉਸ ਸੱਚੇ ਰੱਬ ਦੀ ਦਰਗਾਹ ਵਿੱਚ ਆਪਣੇ ਅੰਜਾਮ ਭੁਗਤਣ ਦੀ ਵੀ ਚਿਤਾਵਨੀ ਦਿੱਤੀ

ਇਸੇ ਪਰਕਾਰ ਭਾਰਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਪਹਿਲਾਂ ਪਹਿਲ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਉਦੋਂ ਆਵਾਜ਼ ਬੁਲੰਦ ਕੀਤੀ, ਜਦ ਉਹਨਾਂ ਨੇ ਉਸ ਸਮੇਂ ਦੇ ਹੰਕਾਰੀ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਅਤੇ ਇਸ ਦੀ ਥਾਂ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ

ਜੇਕਰ ਉਰਦੂ ਸ਼ਾਇਰੀ ਦੇ ਸੰਦਰਭ ਵਿੱਚ ਮਜ਼ਦੂਰ ਤਬਕੇ ਦੇ ਹੱਕਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਰਦੂ ਦੇ ਸੱਭ ਤਰੱਕੀ ਪਸੰਦ ਸ਼ਾਇਰਾਂ ਨੇ ਮਜ਼ਦੂਰਾਂ ਦੇ ਜੀਵਨ ’ਤੇ ਵੱਖੋ-ਵੱਖਰੇ ਢੰਗ ਨਾਲ ਆਪਣੇ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ ਹੈ

ਗੱਲ ਸ਼ੁਰੂ ਕਰਦੇ ਹਾਂ ਮੁਹੱਬਤ ਦੀ ਨਿਸ਼ਾਨੀ ਭਾਵ “ਤਾਜ ਮਹਿਲ” ਤੋਂ ਜੋ ਕਿ ਪੂਰੀ ਦੁਨੀਆਂ ਵਿੱਚ ਪਿਆਰ ਦੀ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਹੈ, ਪਰੰਤੂ ਜਦ ਕਵੀ ਦਾ ਮਹਿਬੂਬ ਉਸੇ ਤਾਜ ਮਹਿਲ ਵਿੱਚ ਮਿਲਣ ਦੀ ਜ਼ਿੱਦ ਕਰਦਾ ਹੈ ਤਾਂ ਸਾਹਿਰ ਲੁਧਿਆਨਵੀ ਨਜ਼ਮ “ਤਾਜ ਮਹਿਲ” ਵਿਚ ਆਪਣੇ ਮਹਿਬੂਬ ਨੂੰ ਮਿਲਣ ਤੋਂ ਗੁਰੇਜ਼ ਕਰਦਾ ਹੋਇਆ ਇਹ ਤਾਕੀਦ ਕਰਦਾ ਹੈ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਨਹੀਂ, ਸਗੋਂ ਇਹ ਸਰਮਾਏਦਾਰਾਨਾ ਨਿਜ਼ਾਮ ਵਲੋਂ ਸਾਡੇ ਜਿਹੇ ਗ਼ਰੀਬ (ਮਜ਼ਦੂਰ) ਲੋਕਾਂ ਦੀ ਮੁਹੱਬਤ ਦਾ ਇੱਕ ਕਿਸਮ ਦਾ ਮਜ਼ਾਕ ਹੈ, ਕਿਉਂਕਿ ਤਾਜ ਮਹਿਲ ਨੂੰ ਇੰਨੀ ਸੁੰਦਰ ਅਤੇ ਬਿਹਤਰੀਨ ਸ਼ਕਲ ਦੇਣ ਵਾਲੇ ਕਾਰੀਗਰ ਜਾਂ ਮਜ਼ਦੂਰਾਂ ਨੂੰ ਵੀ ਆਪਣੀਆਂ ਪਤਨੀਆਂ ਨਾਲ ਜ਼ਰੂਰ ਸ਼ਹਿਨਸ਼ਾਹ ਵਾਂਗ ਹੀ ਪਿਆਰ ਹੋਵੇਗਾ ਪਰ ਦੁਖਾਂਤ ਇਹ ਹੈ ਕਿ ਉਹਨਾਂ ਪਾਸ ਅਪਣੀ ਪਤਨੀ ਦੀ ਯਾਦਗਾਰ ਬਣਾਉਣ ਲਈ ਇੰਨਾ ਪੈਸਾ ਜਾਂ ਸਾਧਨ ਨਹੀਂ ਕਿਉਂਕਿ ਉਹ ਵੀ ਆਪਣੀ ਹੀ ਤਰ੍ਹਾਂ ਗਰੀਬ ਸਨ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਪੂਰੇ ਦੇ ਪੂਰੇ ਜੀਵਨ ਇੱਕ ਕਦੀ ਨਾ ਖਤਮ ਹੋਣ ਵਾਲੇ ਅੰਧਕਾਰ ਅਤੇ ਗੁੰਮਨਾਮੀ ਦੀ ਨਜ਼ਰ ਹੋ ਗਏ, ਇਸੇ ਲਈ ਸਾਹਿਰ ਆਪਣੀ ਮਹਿਬੂਬ ਨੂੰ ਤਾਕੀਦ ਕਰਦਾ ਆਖਦਾ ਹੈ ਕਿ:

ਤਾਜ ਤੇਰੇ ਲੀਏ ਇੱਕ ਮਜ਼ਹਿਰੇ ਉਲਫਤ ਹੀ ਸਹੀ,
ਤੁਝ ਕੋ ਇਸ ਵਾਦੀਏ ਰੰਗੀਂ ਸੇ ਅਕੀਦਤ ਹੀ ਸਹੀ,

ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ। ।
ਬਜ਼ਮ-ਏ-ਸ਼ਾਹੀ ਮੇਂ ਗਰੀਬੋਂ ਕਾ ਗੁਜ਼ਰ ਕਿਯਾ ਮਾਅਨੀ,

ਸਬਤ ਜਿਸ ਰਾਹ ਮੇਂ ਹੋਂ ਸਤੂਤੇ-ਸ਼ਾਹੀ ਕੇ ਨਿਸ਼ਾਂ,
ਉਸਪੇ ਉਲਫਤ ਭਰੀ ਰੂਹੋਂ ਕਾ ਸਫਰ ਕਿਯਾ ਮਾਅਨੀ,

ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ
ਹਮ ਗਰੀਬੋਂ ਕੀ ਮੁਹੱਬਤ ਕਾ ਉਡਾਯਾ ਹੈ ਮਜ਼ਾਕ

ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ

ਜਿਵੇਂ ਕਿ ਅਸੀਂ ਸਾਰੇ ਅਨੁਭਵ ਕਰਦੇ ਹਾਂ ਕਿ ਅੱਜ ਮਜ਼ਦੂਰ ਦੀ ਅਣਥੱਕ ਮਿਹਨਤ ਦੇ ਬਾਵਜੂਦ ਉਸਦੇ ਰੋਜ਼ਾਨਾ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲਦੀ ਅਤੇ ਕਈ ਵਾਰ ਤਾਂ ਹਾਲਾਤ ਦੀ ਸਿਤਮ-ਜ਼ਰੀਫੀ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇਹਨਾਂ ਦੇ ਘਰਾਂ ਦੇ ਚੁੱਲ਼੍ਹੇ ਠੰਢੇ ਪੈ ਜਾਂਦੇ ਹਨ ਅਤੇ ਕਈ ਕਈ ਦਿਨ ਦੇ ਫਾਕੇ ਤੱਕ ਕੱਟਣੇ ਪੈ ਜਾਂਦੇ ਹਨਸ਼ਾਇਦ ਇਸੇ ਸੰਦਰਭ ਵਿੱਚ ਇੱਕ ਕਵੀ ਨੇ ਵਿਅੰਗ-ਮਈ ਅੰਦਾਜ਼ ਕਿਹਾ ਹੈ ਕਿ:

ਅਗਰ ਮਿਹਨਤ ਸੇ ਦੁਨੀਆ ਮੇਂ ਬਦਲ ਸਕਤੀ ਹੈਂ ਤਕਦੀਰੇਂ
ਪਰੇਸ਼ਾਂ ਹਾਲ ਫਿਰ ਮਜ਼ਦੂਰ ਕਿਉਂ ਹੈ ਹਮ ਨਹੀਂ ਸਮਝੇ...!

ਅੱਜ ਜਿਸ ਪਰਕਾਰ ਵੱਖ ਵੱਖ ਦਫਤਰਾਂ ਵਿਚ ਜੋ ਮੁਲਾਜ਼ਮਾਂ ਦੇ ਹਾਲਾਤ ਹਨ, ਉਸਦੀ ਤਸਵੀਰ ਇੱਕ ਆਧੁਨਿਕ ਸ਼ਾਇਰ ਨੇ ਕੁੱਝ ਇਸ ਤਰ੍ਹਾਂ ਪੇਸ਼ ਕੀਤੀ ਹੈ ਕਿ:

ਵੋਹ ਮੁਲਾਜ਼ਿਮ ਹੈ ਉਸੇ ਹੁਕਮ ਹੈ ਘਰ ਜਾਏ ਨਾ,
ਮੁੱਝ ਕੋ ਡਰ ਹੈ ਕਿ ਵੋਹ ਦਫਤਰ ਹੀ ਮੇਂ ਮਰ ਜਾਏ ਨਾ

ਇਸੇ ਪਰਕਾਰ ਇਕ ਥਾਂ ਹੋਰ ਕਹਿੰਦੇ ਹਨ ਕਿ:

ਆਜ ਭੀ ਦੌਰ-ਏ-ਹਕੂਮਤ ਵਹੀ ਪਹਿਲੇ ਸਾ ਹੈ
ਆਜ ਭੀ ਗੁਜ਼ਰੇ ਹੂਏ ਵਕਤ ਕਾ ਖਾਦਿਮ ਹੂੰ ਮੇਂ

ਸਖਤ ਮਿਹਨਤ ਦੇ ਬਾਵਜੂਦ ਵੀ ਜਦ ਇਕ ਮਜ਼ਦੂਰ ਅਪਣੇ ਬੱਚਿਆਂ ਦੇ ਦਿਲੀ ਅਰਮਾਨ ਪੂਰੇ ਕਰਨ ਜੋਗੇ ਪੈਸੇ ਨਹੀਂ ਜੁਟਾ ਪਾਉਂਦਾ ਤਾਂ ਅਜਿਹੇ ਹਾਲਾਤ ਵਿੱਚ ਇੱਕ ਬੱਚਾ ਜਦ ਅਪਣੇ ਗ਼ਰੀਬ ਮਜ਼ਦੂਰ ਪਿਤਾ ਨਾਲ ਬਾਜ਼ਾਰ ਜਾਂਦਾ ਹੈ ਤਾਂ ਬੱਚੇ ਅਤੇ ਪਿਤਾ ਦੀ ਮਨੋਵਿਰਤੀ ਦੀ ਤਸਵੀਰ ਇੱਕ ਕਵੀ ਨੇ ਇਸ ਪਰਕਾਰ ਪੇਸ਼ ਕੀਤੀ ਹੈ ਕਿ:

ਉਸੇ ਭੀ ਮੇਰੀ ਮੁਆਸ਼ੀ ਹੈਸੀਅਤ ਕਾ ਇਲਮ ਹੈ ਸ਼ਾਇਦ,
ਮੇਰਾ ਬੱਚਾ ਅੱਬ ਮਹਿੰਗੇ ਖਿਲੌਣੇ ਛੋੜ ਜਾਤਾ ਹੈ

ਇੱਕ ਹੋਰ ਕਵੀ ਅਪਣੇ ਭਾਵ ਕੁੱਝ ਇਸ ਪ੍ਰਕਾਰ ਪੇਸ਼ ਕਰਦਾ ਹੈ ਕਿ:

ਮੁੱਝ ਕੋ ਥਕਨੇ ਨਹੀਂ ਦੇਤੇ ਹੈਂ ਜ਼ਰੂਰਤ ਕੇ ਪਹਾੜ,
ਮੇਰੇ ਬੱਚੇ, ਮੁਝੇ ਬੂੜ੍ਹਾ ਨਹੀਂ ਹੋਣੇ ਦੇਤੇ

ਇੱਕ ਮਜ਼ਦੂਰ ਦੇ ਮਿਹਨਤ ਸਦਕਾ ਜੋ ਉਸ ਦੇ ਹੱਥਾਂ ਤੇ ਅੱਟਣ ਪੈ ਜਾਂਦੇ ਹਨ, ਉਸ ਸੰਬੰਧੀ ਕਵੀ ਜਾਂ-ਨਿਸਾਰ ਅਖਤਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੁੱਝ ਇਸ ਪਰਕਾਰ ਕਰਦਾ ਹੈ ਕਿ:

ਔਰ ਤੋ ਮੁੱਝ ਕੋ ਮਿਲਾ ਕਿਯਾ ਮੇਰੀ ਮਿਹਨਤ ਕਾ ਸਿਲਾ
ਚੰਦ ਸਿੱਕੇ ਹੈਂ, ਮੇਰੇ ਹਾਥ ਮੇਂ ਛਾਲੋਂ ਕੀ ਤਰਹਾਂ

ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ

ਪਰੰਤੂ ਅੱਜ ਜੋ ਕਿਸਾਨਾਂ ਅਤੇ ਕਾਮਿਆਂ ਦੀ ਹਾਲਤ ਹੈ, ਉਹ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈਹਾਲਾਤ ਇਹ ਹਨ ਕਿ ਦਿਨ ਰਾਤ ਦੀ ਵਧਦੀ ਮਹਿੰਗਾਈ ਨੇ ਜਿੱਥੇ ਸਾਧਾਰਨ ਮੱਧ ਵਰਗ ਦੀ ਕਮਰ ਤੋੜ ਰੱਖੀ ਹੈ, ਉੱਥੇ ਹੀ ਮਜ਼ਦੂਰ ਤਬਕੇ ਲਈ ਅਪਣੇ ਜੀਵਨ ਦਾ ਇੱਕ ਇੱਕ ਦਿਨ ਕੱਟਣਾ ਮੁਹਾਲ ਜਾਪਦਾ ਹੈ ਜਦੋਂ ਕਿ ਮਜ਼ਦੂਰ ਕਿਸਾਨਾਂ ਵਿੱਚ ਆਪਣੇ ਭਵਿਖ ਨੂੰ ਲੈ ਕੇ ਵਧੇਰੇ ਨਿਰਾਸ਼ਾ ਪਾਈ ਜਾ ਰਹੀ ਹੈ। ਇੱਥੋਂ ਤੱਕ ਕਿ ਕਈ ਤਾਂ ਖੁਦਕਸ਼ੀਆਂ ਕਰਕੇ ਅਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋ ਰਹੇ ਹਨਸ਼ਾਇਦ ਉਕਤ ਕਿਸਮ ਦੀਆਂ ਪ੍ਰਸਥਿਤੀਆਂ ਦੇ ਫਲਸਰੂਪ ਹੀ ਕਦੀ ਪ੍ਰਸਿੱਧ ਕਵੀ ਇਕਬਾਲ ਨੇ ਇਹ ਕਿਹਾ ਸੀ ਕਿ:

ਉੱਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ
ਕਾਖ-ਏ-ਉਮਰਾ ਕੇ ਦਰ-ਉ-ਦੀਵਾਰ ਹਿਲਾ ਦੋ

ਜਿਸ ਖੇਤ ਸੇ ਦਹਿਕਾਨ ਕੋ ਮੁਯੱਸਰ ਨਹੀਂ ਰੋਜ਼ੀ
ਉਸ ਖੇਤ ਹਰ ਖੂਸ਼ਾ-ਏ-ਗੰਦੁਮ ਕੋ ਜਲਾਦੋ

*****

(1136)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author