MohdAbbasDhaliwal7ਚੋਣ ਰੈਲੀਆਂ ਦੌਰਾਨ ਜੋ ਦੇਸ਼ ਦੀ ਅਵਾਮ ਨਾਲ ਵਾਅਦੇ ਕੀਤੇ ਗਏ ਸਨ,ਉਹਨਾਂ ਵਿੱਚੋਂ ਇਕ ਵੀ ...
(29 ਮਾਰਚ 2018)

 

ਬੇਸ਼ੱਕ ਅੱਜ ਸਾਡਾ ਦੇਸ਼ ਅਬਾਦੀ ਪੱਖੋਂ ਸੰਸਾਰ ਦੇ ਸੱਭ ਤੋਂ ਵੱਡੇ ਲੋਕਤੰਤਰੀ ਦੇਸ਼ ਦਾ ਮਾਣ ਪ੍ਰਾਪਤ ਕਰਦਾ ਹੈ, ਜਿੱਥੇ ਇਹ ਖੁਸ਼ੀ ਵਾਲੀ ਗੱਲ ਹੈ, ਉੱਥੇ ਹੀ ਸਾਨੂੰ ਇਹ ਕਹਿਣ ਵਿੱਚ ਵੀ ਸੰਕੋਚ ਨਹੀਂ ਕਿ ਪਿਛਲੇ ਕੁਝ ਸਮੇਂ ਤੋਂ ਬੇਕਾਬੂ ਹੋਏ ਫਿਰਕਾਪ੍ਰਸਤੀ ਦੇ ਜਨੂਨ ਨੇ ਜਿਸ ਪ੍ਰਕਾਰ ਅੰਤਰ-ਰਾਸ਼ਟਰੀ ਪੱਧਰ ’ਤੇ ਸਾਡੇ ਮੁਲਕ ਦੀ ਸਾਖ ਨੂੰ ਵੱਟਾ ਲਾਇਆ ਹੈ ਅਤੇ ਪੂਰੀ ਦੁਨੀਆਂ ਵਿੱਚ ਅਸੀਂ ਦੇਸ਼ ਵਾਸੀ ਸ਼ਰਮਿੰਦਾ ਹੋਏ ਹਾਂ, ਉਸਦੀ ਨੇੜਲੇ ਇਤਿਹਾਸ ਵਿਚ ਉਦਾਹਰਣ ਨਹੀਂ ਮਿਲਦੀ।

ਇੱਥੇ ਜ਼ਿਕਰਯੋਗ ਹੈ ਕਿ ਲੋਕਤੰਤਰੀ ਪ੍ਰਣਾਲੀ ਦੀ ਇਹ ਇੱਕ ਖੂਬਸੂਰਤੀ ਹੀ ਕਹੀ ਜਾ ਸਕਦੀ ਹੈ ਕਿ ਅੰਤਿਮ ਰੂਪ ਵਿਚ ਸਰਕਾਰ ਲੋਕਾਂ ਪ੍ਰਤੀ ਜਵਾਬ-ਦੇਹ ਹੁੰਦੀ ਹੈ,ਪਰੰਤੂ ਦੁਖਾਂਤ ਇਹ ਹੈ ਕਿ ਪਿਛਲੇ ਦਿਨੀਂ ਜੋ ਸੰਸਦ ਦੇ ਇਜਲਾਸਾਂ ਦੌਰਾਨ ਹਾਕਿਮ ਧਿਰ ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਨਾ ਦੇ ਕੇ, ਉਸਦੀ ਥਾਂ ਹਾਊਸ ਨੂੰ ਇਤਹਾਸਿਕ ਘਟਨਾਵਾਂ ਦਾ ਫਰਜ਼ੀ ਵਖਿਆਨ ਕਰਦਿਆਂ ਭੰਬਲਭੂਸੇ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਜਿਸ ਪ੍ਰਕਾਰ ਨਾਲ ਇੱਕ ਮਹਿਲਾ ਮੈਂਬਰ ਦੀ ਹੰਸੀ ਦਾ ਭਰੀ ਮਹਿਫਲ ਵਿੱਚ ਮਜ਼ਾਕ ਉਡਾਇਆ ਗਿਆ, ਉਸ ਦੀ ਕੋਈ ਵੀ ਸਭਿਅਕ ਸਮਾਜ ਇਜਾਜ਼ਤ ਨਹੀਂ ਦਿੰਦਾ। ਇਹ ਸਭ ਕਿਸੇ ਵਿਅਕਤੀ ਵਿਸ਼ੇਸ਼ ਦਾ ਮਜ਼ਾਕ ਨਹੀਂ ਸਗੋਂ ਇਹ ਸਮੁੱਚੀ ਜਮਹੂਰੀਅਤ ਦਾ ਮਜ਼ਾਕ ਹੈ।

ਉਕਤ ਘਟਨਾਵਾਂ ’ਤੇ ਜਿੱਥੇ ਸਿਆਸੀ ਮਾਹਿਰੀਨ ਨੇ ਚਿੰਤਾ ਪ੍ਰਗਟਾਈ ਹੈ, ਉੱਥੇ ਹੀ ਦੇਸ਼ ਦੀ ਜਨਤਾ ਨੂੰ ਵੀ ਡਾਢੇ ਦੁੱਖ ਅਤੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਜਨਤਾ ਤਾਂ ਆਪਣੇ ਮੈਂਬਰਾਂ ਨੂੰ ਇਹ ਸੋਚ ਕੇ ਹਾਊਸ ਵਿੱਚ ਭੇਜਦੀ ਹੈ ਕਿ ਉਹ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਸਦਨ ਵਿਚ ਉਠਾ ਕੇ ਉਹਨਾਂ ਦਾ ਸਰਕਾਰ ਪਾਸੋਂ ਕੋਈ ਹੱਲ ਜਾਂ ਨਿਵਾਰਣ ਕਰਵਾੳਣਗੇ। ਪਰ ਜੇਕਰ ਉਹਨਾਂ ਦੇ ਚੁਣੇ ਮੈਂਬਰਾਨ ਦੁਆਰਾ ਜਾਂ ਵਿਰੋਧੀ ਧਿਰ ਰਾਹੀਂ ਉਠਾਏ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਹਕੂਮਤ ਦੀ ਪ੍ਰਤੀਨਿਧਤਾ ਕਰਨ ਵਾਲੇ ਹਾਊਸ ਨੂੰ ਭੰਬਲਭੂਸੇ, ਗੁਮਰਾਹ ਕਰਨ ਵਾਲੀਆਂ ਅਜਿਹੀਆਂ ਕੋਝੀਆਂ ਅਤੇ ਛਛੋਰੀਆਂ ਹਰਕਤਾਂ ’ਤੇ ਉੱਤਰ ਆਉਣ ਤਾਂ ਲੋਕਤੰਤਰੀ ਪ੍ਰਣਾਲੀ ਦਾ ਕਿਸ ਹੱਦ ਖਿਲਵਾੜ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਇੱਕ ਸੁਲਝਿਆ ਹੋਇਆ ਦੁਖੀ ਹਿਰਦੇ ਵਾਲਾ ਨਾਗਰਿਕ ਬਾਖੂਬੀ ਲਗਾ ਸਕਦਾ ਹੈ! ਕਹਿਣ ਦਾ ਭਾਵ ਇਹ ਹੈ ਕਿ ਜਿਸ ਢੰਗ ਨਾਲ ਵਿਰੋਧੀ ਧਿਰ ਦੇ ਜਵਾਬ ਦੇਣ ਦੀ ਥਾਂ ਚੁਣਾਵੀ ਰੈਲੀਆਂ ਦੀ ਤਰਜ਼ ’ਤੇ ਸਿਰਫ ਤੇ ਸਿਰਫ ਦੂਸ਼ਣਬਾਜ਼ੀ ਕਰਕੇ ਇਕ ਵਾਰ ਫਿਰ ਤੋਂ ਆਪਣੇ ਡੰਗ ਟਪਾਊ ਰਵਈਏ ਅਤੇ ਖੋਖਲੀ ਜ਼ਹਾਨਤ ਦਾ ਮਜ਼ਾਹਿਰਾ ਕੀਤਾ ਗਿਆ, ਉਹ ਲੋਕਤੰਤਰੀ ਪ੍ਰਣਾਲੀ ਲਈ ਕੋਈ ਵਧੀਆ ਪਿਰਤ ਨਹੀਂ ਹੈ। ਹਾਊਸ ਵਿੱਚ ਵਾਪਰੀਆਂ ਉਕਤ ਘਟਨਾਵਾਂ ਨਾਲ ਜਿੱਥੇ ਲੋਕਤੰਤਰੀ ਪ੍ਰਣਾਲੀ ਵਿਚ ਲੋਕਾਂ ਪ੍ਰਤੀ ਜਵਾਬਦੇਹੀ ਦੇ ਮੁੱਢਲੇ ਅਧਿਕਾਰ ਦਾ ਹਨਨ ਹੋਇਆ ਹੈ, ਉੱਥੇ ਹੀ ਇਸਤਰੀ ਜ਼ਾਤੀ ਦਾ ਅਪਮਾਨ ਹੋਇਆ ਹੈ, ਜਿਸ ਦੇ ਚਲਦਿਆਂ ਪੂਰੀ ਦੁਨੀਆਂ ਵਿੱਚ ਦੇਸ਼ ਦੀ ਸਾਖ ਨੂੰ ਵੱਟਾ ਲੱਗਾ ਹੈ।

ਅੱਜਕਲ੍ਹ ਉਕਤ ਬੈਠਕਾਂ ਵਿਚ ਜੋ ਕੁਝ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਅਦਨੇ ਤੋਂ ਅਦਨੇ ਅਤੇ ਆਹਲਾ ਤੋਂ ਆਹਲਾ ਰਹਿਨੁਮਾਵਾਂ ਦੁਆਰਾ ਅਸਭਿਅਕ ਅਤੇ ਬਾਜ਼ਾਰੂ ਕਿਸਮ ਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਨੂੰ ਕਦੀ ਵੀ ਦਰੁਸਤ ਨਹੀਂ ਕਿਹਾ ਜਾ ਸਕਦਾ। ਅਸੀਂ ਭਾਵੇਂ ਕਿਸੇ ਨਾਲ ਕਿੰਨਾ ਹੀ ਵਿਰੋਧ ਕਿਉਂ ਨਾ ਰੱਖਦੇ ਹੋਈਏ, ਸਾਡੇ ਵਿਚਾਰਾਂ ਵਿਚਕਾਰ ਭਾਵੇਂ ਕਿੰਨੇ ਹੀ ਮਤਭੇਦ ਕਿਉਂ ਨਾ ਹੋਣ, ਪਰ ਕਿਸੇ ਦੀ ਆਲੋਚਨਾ ਕਰਦੇ ਹੋਏ ਸਾਡੇ ਵਿਆਕਰਨ ਦੇ ਅਨੂਕੂਲ ਹੋਣੇ ਚਾਹੀਦੇ ਹਨ

ਚਾਹੀਦਾ ਇਹ ਸੀ ਕਿ ਲੋਕਤੰਤਰ ਦੇ ਮੰਦਰ ਵਿਚ ਰੁਜ਼ਗਾਰ ਪ੍ਰਾਪਤੀ ਲਈ ਜੂਝ ਰਹੇ ਬੇ-ਰੁਜ਼ਗਾਰ ਨੌਜਵਾਨਾਂ ਨੂੰ ਕਿਸੇ ਪਾਸੇ ਰੋਜ਼ਗਾਰ ਦੇਣ ਦੀ ਸਾਕਾਰਤਮਕ ਚਰਚਾ ਹੁੰਦੀ,ਜਾਂ ਕਿਸਾਨਾਂ ਦੀਆਂ ਸਮੱਸਿਆਵਾ ਦੇ ਹੱਲ ਲਈ ਕੋਈ ਹਕੀਕੀ ਉਪਰਾਲਾ ਹੁੰਦਾ, ਜਾਂ ਮੁਲਕ ਨੂੰ ਦਰਪੇਸ਼ ਗੁਆਂਢੀ ਦੇਸ਼ਾਂ ਨਾਲ ਪੇਚੀਦਾ ਮਸਾਇਲ ਦੇ ਹੱਲ ਲਈ ਕੋਈ ਠੋਸ ਗੱਲ ਹੁੰਦੀ, ਜਾਂ ਦੇਸ਼ ਵਿੱਚ ਵਧ ਰਹੀਆਂ ਫਿਰਕਾ-ਪ੍ਰਸਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਵਾਲੀਆਂ ਕਾਰਵਾਈਆਂ ਆਦਿ ਜਿਹੇ ਵਿਸ਼ਿਆਂ ਤੇ ਖੁੱਲ੍ਹੇ ਦਿਮਾਗ਼ ਨਾਲ ਗੱਲ ਹੁੰਦੀ ਤਾਂ ਯਕੀਨਨ ਇਸ ਦੇ ਫਲਸਰੂਪ ਦੇਸ਼ ਅੰਦਰ ਅੱਜ ਇਨਕਲਾਬੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ। ਪਰੰਤੂ ਉਕਤ ਸਮਲਿਆਂ ਆਦਿ ’ਤੇ ਵਾਰਤਾਲਾਪ ਜਾਂ ਬਹਿਸ ਦਾ ਨਾ ਹੋਣਾ ਸਾਡੀ ਲੋਕਤੰਤਰੀ ਵਿਵਸਥਾ ਨੂੰ ਲਗਾਤਾਰ ਅਸਮਰੱਥ ਅਤੇ ਕਮਜ਼ੋਰ ਕਰਦਾ ਜਾਪਦਾ ਹੈ।

ਜੇਕਰ ਗੰਭੀਰਤਾ ਨਾਲ ਵਾਚੀਏ ਤਾਂ ਪਿਛਲੇ ਕੁਝ ਸਾਲਾਂ ਤੋਂ ਸੰਸਦ ਦੀਆਂ ਕਦਰਾਂ-ਕੀਮਤਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀਆਂ ਜਿਸ ਪਰਕਾਰ ਨਾਲ ਸ਼ਰੇ-ਆਮ ਧੱਜੀਆਂ ਉੱਡ ਰਹੀਆਂ ਹਨ ਅਤੇ ਦੋਨਾਂ ਸਦਨਾ ਵਿਚ ਲੋਕ-ਹਿਤ ਮੁੱਦਿਆਂ ’ਤੇ ਸੁਚਾਰੂ ਬਹਿਸ ਦੀ ਥਾਂ ਆਲੋਚਨਾ ਬਰਾਏ ਆਲੋਚਨਾ ਦੀ ਨੀਤੀ ਤੇ ਲਗਾਤਾਰ ਅਮਲ-ਦਰ-ਆਮਦ ਹੋ ਰਿਹਾ ਹੈ, ਉਸ ਨਾਲ ਜਿੱਥੇ ਦੇਸ਼ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਲੋਕਾਂ ਦੁਆਰਾ ਟੈਕਸਾਂ ਦੇ ਰੂਪ ਵਿਚ ਦਿੱਤੀ ਆਪਣੀ ਗਾੜ੍ਹੇ ਖੂਨ-ਪਸੀਨੇ ਦੀ ਕਮਾਈ ਵੀ ਅਜਾਈਂ ਜਾ ਰਹੀ ਹੈ।

ਕੁਝ ਕੁ ਸਾਲ ਪਹਿਲਾਂ ਜਿਨ੍ਹਾਂ ਢੇਰ ਚਾਵਾਂ ਅਤੇ ਉਮੀਦਾਂ ਨਾਲ ਲੋਕਾਂ ਨੇ ਨਵੇਂ ਹਾਕਿਮਾਂ ਦੇ ਹੱਥ ਵਿੱਚ ਦੇਸ਼ ਦੀ ਵਾਗ-ਡੋਰ ਸੌਂਪੀ ਸੀ, ਅੱਜ ਉਹੀੳ ਲੋਕ ਆਪਣੇ ਆਪ ਨੂੰ ਠਗਿਆ-ਠਗਿਆ ਅਨੁਭਵ ਕਰ ਰਹੇ ਹਨ ਅਤੇ ਇਸ ਸਮੇਂ ਉਹਨਾਂ ਦੀਆਂ ਸਾਰੀਆਂ ਉਮੀਦਾਂ ਅਤੇ ਸੱਧਰਾਂ ਇੱਕ ਇੱਕ ਕਰਕੇ ਢਹਿਢੇਰੀ ਹੋ ਰਹੀਆਂ ਹਨ ਕਿਉਂਕਿ ਚੋਣ ਰੈਲੀਆਂ ਦੌਰਾਨ ਜੋ ਦੇਸ਼ ਦੀ ਅਵਾਮ ਨਾਲ ਵਾਅਦੇ ਕੀਤੇ ਗਏ ਸਨ, ਉਹਨਾਂ ਵਿੱਚੋਂ ਇਕ ਵੀ ਵਾਅਦਾ ਅਜੇ ਤੱਕ ਵਫਾ ਹੁੰਦਾ ਵਿਖਾਈ ਨਹੀਂ ਦੇ ਰਿਹਾ। ਸ਼ਾਇਰ ਰਮਜ਼ਾਨ ਸਈਦ ਨੇ ਕਿਯਾ ਖੂਬ ਕਿਹਾ ਹੈ:

ਉਸਕੇ ਵਾਅਦੇ ਲਾਲ ਕਿਲ੍ਹੇ ਕੀ ਦੀਵਾਰੋਂ ਸੇ ਊਂਚੇ ਥੇ।
ਅੱਬ ਪੂਛੋ ਤੋ ਆਂਏਂ, ਬਾਂਏਂ, ਸ਼ਾਂਏਂ ਕਰਨੇ ਲਗਤਾ ਹੈ॥

ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇਹੋ ਕਹਾਂਗਾ ਕਿ ਸਾਨੂੰ ਕਿਸੇ ਵੀ ਭੁਲੇਖੇ ਅਤੇ ਘੁਮੰਡ ਵਿਚ ਨਹੀਂ ਰਹਿਣਾ ਚਾਹੀਦਾ। ਕੋਈ ਵੀ ਜਿੱਤ ਹਮੇਸ਼ਾ ਲਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਹਾਰ ਸਦੀਵੀ ਹੋਇਆ ਕਰਦੀ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰ ਵਿਚ ਅਸਲ ਤਾਕਤ ਲੋਕਾਂ ਪਾਸ ਹੁੰਦੀ ਹੈ। ਲੋਕ ਜਿਸ ਨੂੰ ਚਾਹੁਣ ਰਾਜਾ ਬਣਾ ਦੇਣ ਅਤੇ ਜਿਸ ਨੂੰ ਚਾਹੁਣ ਅਰਸ਼ੋਂ ਲਾਹ ਕੇ ਫਰਸ਼ ’ਤੇ ਲੈ ਆਉੇਣ ...!

ਅੱਜ ਜੋ ਅਸੀਂ ਬੀਜ ਰਹੇ ਹਾਂ, ਸਾਨੂੰ ਉਹੋ ਕੱਲ੍ਹ ਨੂੰ ਵੱਢਣਾ ਪੈਣਾ ਹੈ। ਜੇਕਰ ਅਸੀਂ ਨਫਰਤ ਦਾ ਬੀਜਕੇ ਕੱਲ਼੍ਹ ਨੂੰ ਪਿਆਰ-ਮੁਹਬਤ ਦੀ ਫਸਲ ਵੱਢਣ ਦੀ ਇੱਛਾ ਰੱਖੀਏ ਤਾਂ ਇਹ ਸਾਡੀ ਮੂਰਖਤਾ ਹੀ ਸਮਝੀ ਜਾਵੇਗੀ। ਇਹ ਵੀ ਇੱਕ ਯਥਾਰਤ ਹੈ ਕਿ ਬਾਰੂਦ ਦਾ ਵਿਉਪਾਰ ਕਰਨ ਵਾਲੇ ਅਕਸਰ ਅਪਣਾ ਘਰ-ਬਾਰ ਤਾਂ ਜਲਾ ਹੀ ਬਹਿੰਦੇ ਹਨ ਨਾਲ ਹੀ ਕਈ ਵਾਰ ਉਸ ਦੀ ਲਪੇਟ ਵਿੱਚ ਆਕੇ ਖੁਦ ਵੀ ਛਲਣੀ ਹੋ ਬਹਿੰਦੇ ਹਨ!

*****

(1084)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author