MohdAbbasDhaliwal7ਦਰਅਸਲ ਉਕਤ ਵਿਅੰਗ, ਵਿਅੰਗ ਨਹੀਂ ਸਗੋਂ ਅਵਾਮ ਦੀਆਂ ਅੰਦਰੂਨੀ ਦੁੱਖਾਂ ਦੀਆਂ ਪੀੜਾਂ ਦਾ ਉਹ ਸੈਲਾਬ ...
(31 ਮਈ 2018)

 

ਮਹਿੰਗਾਈ ਦੀ ਮਾਰ ਨੇ ਅੱਜ ਗਰੀਬਾਂ ਦੇ ਨਾਲ ਨਾਲ ਮੱਧ ਵਰਗ ਦੇ ਲੋਕਾਂ ਦੀ ਵੀ ਕਮਰ ਤੋੜ ਰੱਖੀ ਹੈ ਅਤੇ ਹਾਲਾਤ ਇਸ ਕਦਰ ਗੰਭੀਰ ਹਨ ਕਿ ਹਰ ਆਦਮੀ ਨੂੰ ਆਪਣੇ ਜੀਵਨ ਦਾ ਇਕ ਇਕ ਦਿਨ ਗੁਜ਼ਾਰਨਾ ਮੁਹਾਲ ਹੋਇਆ ਪਿਆ ਹੈ।

ਇਹਨਾਂ ਹਾਲਾਤ ਦੇ ਵਿਚਕਾਰ ਆਏ ਦਿਨ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੇ ਜੀਵਨ ਨੂੰ ਹੋਰ ਵਧੇਰੇ ਮੁਸ਼ਕਿਲਾਂ ਵਿੱਚ ਲਿਆ ਖੜ੍ਹਾ ਕੀਤਾ ਹੈ ਭਾਵ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ, ਵਧਦੀ ਮਹਿੰਗਾਈ ਵਿੱਚ ਬਲਦੀ ਵਿੱਚ ਘਿਓ ਦਾ ਕੰਮ ਕਰਦਾ ਹੈ, ਜਿਸ ਦੇ ਚਲਦਿਆਂ ਬਾਜ਼ਾਰ ਵਿਚ ਹਰ ਚੀਜ਼ ਮਹਿੰਗੀ ਹੋਈ ਜਾ ਰਹੀ ਹੈ। ਅਰਥਾਤ ਹੁਣ ਗਰੀਬ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਜੀਵਨ ਦੀਆਂ ਛੋਟੀਆਂ ਛੋਟੀ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਇਕ ਵੱਡਾ ਸੰਘਰਸ਼ ਕਰਨਾ ਪੈ ਰਿਹਾ ਹੈ

ਅੱਜ ਤੋਂ ਲਗਭਗ ਚਾਰ ਸਾਲ ਪਹਿਲਾਂ ਮੌਜੂਦਾ ਸਰਕਾਰ ਜਦੋਂ ਵਜੂਦ ਵਿੱਚ ਆਈ ਸੀ ਤਾਂ ਉਸ ਸਮੇਂ ਦੇਸ਼ ਦੇ ਲੋਕਾਂ ਨੂੰ ਇਸ ਸਰਕਾਰ ਤੋਂ ਢੇਰਾਂ ਉਮੀਦਾਂ ਸਨ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਲੋਕਾਂ ਦੀਆਂ ਤਮਾਮ ਉਮੀਦਾਂ ਇਕ ਇਕ ਕਰ ਕੇ ਚਕਨਾਚੂਰ ਹੁੰਦੀਆਂ ਗਈਆਂ ਅੱਜ ਹਾਲਾਤ ਇਹ ਹਨ ਕਿ ਲੋਕੀ ਆਪਣੇ ਆਪ ਨੂੰ ਠਗਿਆ ਠਗਿਆ ਮਹਿਸੂਸ ਰਹੇ ਹਨ ਅਤੇ ਅੱਜ ਅਕਸਰ ਲੋਕ ਇਕ ਪੁਰਾਣੇ ਗੀਤ ਦੇ ਇਹੋ ਬੋਲ ਗੁਣਗੁਣਾਉਂਦੇ ਨਜ਼ਰ ਆਉਂਦੇ ਹਨ ...“ਕੋਈ ਲੌਟਾ ਦੇ ਮੇਰੇ ਬੀਤੇ ਹੂਏ ਦਿਨ ...!”

ਮੌਜੂਦਾ ਸਮੇਂ ਜੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਤੇ ਜੇਕਰ ਝਾਤ ਮਾਰੀਏ ਤਾਂ ਚਿੱਤ ਘਾਊਂ ਮਾਊਂ ਕਰਦਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਇਹਨੀ ਦਿਨੀਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਜੋ ਬੇਤਹਾਸ਼ਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਉਸ ਦੀ ਦੇਸ਼ ਦੇ ਇਤਿਹਾਸ ਵਿਚ ਪਹਿਲਾਂ ਕਦੀ ਉਦਾਹਰਣ ਨਹੀਂ ਮਿਲਦੀ ਮੌਜੂਦਾ ਸਰਕਾਰ ਨੇ ਜਦ 26 ਮਈ 2014 ਨੂੰ ਦੇਸ ਦੀ ਵਾਗਡੋਰ ਸੰਭਾਲੀ ਸੀ ਤਦ ਜੂਨ ਵਿੱਚ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 57.28 ਸੀ ਅੱਜ ਉਹੀਓ ਡੀਜ਼ਲ 68.57 ਰੁਪਏ ਦੀ ਰਿਕਾਰਡ ਕੀਮਤ ਤੱਕ ਪਹੁੰਚ ਚੁੱਕਾ ਹੈ

ਇਸ ਸਮੇਂ ਕੇਂਦਰ ਸਰਕਾਰ ਵਲੋਂ ਪੈਟਰੋਲ ਉੱਤੇ ਟੈਕਸ ਦੇ ਰੂਪ ਵਿਚ ਪ੍ਰਤੀ ਲੀਟਰ 19.48 ਰੁਪਏ ਅਤੇ ਡੀਜ਼ਲ ਤੇ ਪ੍ਰਤੀ ਲੀਟਰ 15.33 ਰੁਪਏ ਵਸੂਲੇ ਜਾ ਰਹੇ ਹਨ। ਇਸ ਦੇ ਇਲਾਵਾ ਵੱਖ ਵੱਖ ਸੂਬਾਈ ਸਰਕਾਰਾਂ ਵਲੋਂ ਵੈਟ ਦੇ ਰੂਪ ਵਿਚ ਅਲੱਗ ਤੀਰ ’ਤੇ ਟੈਕਸਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਅਰਥਾਤ ਮਜਮੂਈ ਰੂਪ ਵਿਚ ਜਨਤਾ ਦਾ ਦੋਵਾਂ ਦੁਆਰਾ ਕਚੂੰਮਰ ਕੱਢਿਆ ਜਾ ਰਿਹਾ ਹੈ, ਯਾਨੀ ਅਵਾਮ ਵਿਚਾਰੇ ਉਹ ਦਾਣੇ ਹਨ ਜੋ ਉਕਤ ਚੱਕੀ ਦੇ ਦੋਵੇਂ ਪਾਟਾ ਵਿਚਕਾਰ ਪਿਸ ਰਹੇ ਹਨ ਉਹ ਚੀਖ ਰਹੇ ਹਨ ਤੇ ਅਕਹਿ ਦਰਦ ਨਾਲ ਤੜਪ ਰਹੇ ਹਨ ਪਰ ਉਨ੍ਹਾਂ ਦੀ ਆਵਾਜ ਸ਼ਾਇਦ ਕਿਸੇ ਨੂੰ ਵੀ ਸੁਣਾਈ ਨਹੀਂ ਦੇ ਰਹੀ। ਕਿਉਂਕਿ ਸ਼ਾਇਦ ਹਾਲੇ ਵੀ 2019 ਬਹੁਤ ਦੂਰ ਹੈ

ਜੇਕਰ ਦੇਸ਼ ਦੇ ਮਹਾਨਗਰਾਂ ਅੰਦਰ ਮਿਲ ਰਹੇ ਪੈਟਰੋਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਮੁੰਬਈ 85.29, ਭੋਪਾਲ 83.08, ਪਟਨਾ 82.94, ਹੈਦਰਾਬਾਦ, 82.07, ਜਲੰਧਰ 82.71 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਮਿਲ ਰਿਹਾ ਹੈ ਇਹੋ ਹਾਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਹੈ। ਜਿਸ ਦੇ ਚਲਦਿਆਂ ਟ੍ਰਾਂਸਪੋਰਟ ਨਾਲ ਜੁੜੇ ਹੋਏ ਲੋਕੀ ਵੀ ਅੰਦਰੋ ਅੰਦਰੀ ਧਾਹਾਂ ਮਾਰ ਰੋ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਡਾਢੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਅਫਸੋਸ ਉਨ੍ਹਾਂ ਦਾ ਦਰਦ ਸਮਝਣ ਵਾਲਾ ਵੀ ਕੋਈ ਨਜ਼ਰ ਨਹੀਂ ਆ ਰਿਹਾ

ਇੱਥੇ ਇਹ ਵੀ ਦੁਖਾਂਤ ਹੈ ਕਿ ਲੋਕਾਂ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਹਾਕਮ ਧਿਰ ਦੇ ਨਾਲ ਨਾਲ ਵਿਰੋਧੀ ਧਿਰ ਵੀ ਖਾਮੋਸ਼ - ਤਮਾਸ਼ਾਈ ਬਣੀ ਵਿਖਾਈ ਦੇ ਰਹੀ ਹੈ

ਇਕ ਕਵੀ ਨੇ ਕਿਯਾ ਖੂਬ ਕਿਹਾ ਹੈ ਕਿ:

ਦਰਦ ਏ ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ ਜਾਣੇ।

ਇਸੇ ਤਰ੍ਹਾਂ ਇਲੈਕਟ੍ਰਾਨਿਕ ਮੀਡੀਆ ਦੇ ਕੁੱਝ ਇਕ ਨਿਊਜ਼ ਚੈਨਲਾਂ ਨੂੰ ਛੱਡ ਕੇ ਬਾਕੀ ਸਭ ਚੈਨਲਾਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਹੋਏ ਮੁੱਦੇ ਗਾਇਬ ਹਨ ਭਾਵ ਜਿਵੇਂ ਵਧ ਰਹੀਆਂ ਕੀਮਤਾਂ, ਮਹਿੰਗਾਈ ਅਤੇ ਬੇਰੁਜ਼ਗਾਰੀ ਜਿਹੇ ਚਲੰਤ ਮੁੱਦੇ ਬਰੇਕਿੰਗ ਨਿਊਜ਼ ਵਿੱਚੋਂ ਅਕਸਰ ਗਾਇਬ ਹੁੰਦੇ ਹਨ ਬਲਕਿ ਵਧੇਰੇ ਚੈਨਲ ਆਪਣੇ ਵੱਖ ਵੱਖ ਪਰੋਗਰਾਮਾਂ ਅਧੀਨ ਧਾਰਮਿਕ ਮਾਮਲਿਆਂ ’ਤੇ ਬਹਿਸ ਕਰਵਾ ਕੇ ਅਲੱਗ ਅਲੱਗ ਫਿਰਕਿਆਂ ਵਿੱਚ ਨਫਰਤ ਫੈਲਾਉਂਦੇ ਨਜ਼ਰ ਆਉਂਦੇ ਹਨ ਬਿਨਾਂ ਸ਼ੱਕ ਅੱਜ ਵਧੇਰੇ ਮੇਨ ਸਟਰੀਮ ਮੀਡੀਆ ਦੇ ਨਿਊਜ਼ ਚੈਨਲਾਂ ਉੱਤੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਬਰਾਂ ਵਰਗੀ ਖਾਮੋਸ਼ੀ ਛਾਈ ਹੈ

ਪਰ ਇਸ ਦੇ ਵਿਪਰੀਤ ਸੋਸ਼ਲ ਮੀਡੀਆ ਉੱਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ’ਤੇ ਕਾਰਟੂਨਾਂ ਰਾਹੀਂ ਜਾਂ ਵਿਅੰਗਮਈ ਜੁਮਲਿਆਂ ਰਾਹੀਂ ਲੋਕਾਂ ਅੰਦਰਲਾ ਦਰਦ ਫੁੱਟ - ਫੁੱਟ ਬਾਹਰ ਆ ਰਿਹਾ ਹੈ। ਇਹਨਾਂ ਵਿਅੰਗਾਂ ਰਾਹੀਂ ਨਿਵੇਕਲੇ ਰੂਪ ਵਿਚ ਲੋਕਾਂ ਨੂੰ ਮਹਿੰਗਾਈ ਨੂੰ ਲੈ ਕੇ ਬੇਦਾਰ ਜਾਂ ਜਾਗਰੂਕ ਕਰ ਰਿਹਾ ਹੈ ਉਹ ਯਕੀਨਨ ਕਾਬਿਲ ਏ ਤਾਰੀਫ ਹੈ ਅਤੇ ਸ਼ਲਾਘਾ ਯੋਗ ਹੈ

ਮਾਹਿਰਾਂ ਦੇ ਖਿਆਲ ਵਿੱਚ ਅੱਜ ਸੋਸ਼ਲ ਮੀਡੀਆ ਵਿਰੋਧੀ ਧਿਰ ਅਤੇ ਮੇਨ ਸਟਰੀਮ ਮੀਡੀਆ ਦੋਵਾਂ ਦੀ ਹੀ ਭਰਪੂਰ ਜ਼ਿੰਮੇਵਾਰੀ ਇਕੱਲਾ ਆਪਣੇ ਆਪ ਨਿਭਾ ਰਿਹਾ ਹੈ

ਪਿਛਲੇ ਦਿਨੀਂ ਇਕ ਕਾਰਟੂਨ ਵੇਖਿਆ ਜਿਸ ਵਿਚ ਇਕ ਸਕੂਟਰ ਸਵਾਰ ਪੈਟਰੋਲ ਪੰਪ ਤੇ ਖੜ੍ਹਾ ਪੈਟਰੋਲ ਪਾਉਣ ਵਾਲੇ ਕਰਿੰਦੇ ਨੂੰ ਕਹਿ ਰਿਹਾ ਹੈ ਕਿ ਦਸ ਰੁਪਏ ਦਾ ਪੈਟਰੋਲ ਮੇਰੇ ਸਕੂਟਰ ’ਤੇ ਛਿੜਕ ਦੇ (ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ) ਬੱਸ ਅੱਜ ਇਸ ਨੂੰ ਅੱਗ ਲੱਗਾ ਦੇਣੀ ਹੈ

ਇਕ ਹੋਰ ਸੋਸ਼ਲ ਮੀਡੀਆ ਤੇ ਵਿਅੰਗ ਦੇਖਣ ਨੂੰ ਮਿਲਿਆ ਜਿਸ ਵਿਚ ਇਕ ਬੋਰਡ ’ਤੇ ਲਿਖਿਆ ਸੀ - ਬੱਬੂ ਪੈਂਚਰਾਂ ਵਾਲਾ, ਇਸ ਦੇ ਹੇਠਾਂ ਲਿਖਿਆ ਸੀ ਕਿ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਇੱਥੇ ਮੋਟਰਸਾਈਕਲਾਂ ਦੇ ਪੈਡਲ ਲਗਾਏ ਜਾਂਦੇ ਹਨ। ਦਰਅਸਲ ਉਕਤ ਵਿਅੰਗ, ਵਿਅੰਗ ਨਹੀਂ ਸਗੋਂ ਅਵਾਮ ਦੀਆਂ ਅੰਦਰੂਨੀ ਦੁੱਖਾਂ ਦੀਆਂ ਪੀੜਾਂ ਦਾ ਉਹ ਸੈਲਾਬ ਜਾਂ ਹੜ੍ਹ ਹਨ ਜੋ ਕਈ ਵਾਰ ਹਕੂਮਤਾਂ ਦੇ ਤਖਤਾਂ ਨੂੰ ਵਹਾ ਕੇ ਆਪਣੇ ਨਾਲ ਲੈ ਤੁਰਦਾ ਹੈ ...!

*****

(1170)

ਫੇਸਬੁੱਕ ’ਤੇ ਲਾਈਵ ਹੋ ਕੇ ਨੌਜਵਾਨ ਨੇ ਆਪਣੇ ਆਪ ਨੂੰ ਮਾਰੀ ਗੋਲੀ

 

ਜਸਬੀਰ ਸਿੰਘ ਚਾਨਾ (ਫਗਵਾੜਾ, 30 ਮਈ)

SandeepSinghA1ਇੱਥੇ ਪਿੰਡ ਚਾਚੋਕੀ ਵਿਖੇ ਇੱਕ 30 ਸਾਲਾ ਨੌਜਵਾਨ ਨੇ ਆਪਣੇ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਉਸਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਅਰਬਨ ਅਸਟੇਟ ਚੌਕੀ ਦੇ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਉਰਫ਼ ਸੈਂਡੀ ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਇਸ ਨੌਜਵਾਨ ਦੇ ਮਾਤਾ-ਪਿਤਾ ਅਤੇ ਭਰਾ ਕੈਨੇਡਾ ’ਚ ਰਹਿੰਦੇ ਹਨ ਅਤੇ ਉਹ ਘਰ ਵਿੱਚ ਇਕੱਲਾ ਰਹਿੰਦਾ ਸੀ। ੳਹ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਸੀ। ਕੱਲ੍ਹ ਜਿਮ ਵਿੱਚ ਵੀ ਉਸ ਨੇ ਆਪਣੇ ਦੋਸਤਾਂ ਨੂੰ ਆਖਰੀ ਵਾਰ ਮਿਲਣ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਉਸ ਨੇ ਆਤਮਹੱਤਿਆ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਕੀਤੀ। ਉਸ ਦਾ ਪੇਜ ਕਰੀਬ ਇੱਕ ਘੰਟਾ ਅੱਠ ਮਿੰਟ ਲਾਈਵ ਰਿਹਾ। ਗੋਲੀ ਮਾਰਨ ਤੋਂ ਪਹਿਲਾਂ ਉਸ ਨੇ ਆਪਣੇ ਕੁੱਤੇ ਨੂੰ ਦੁੱਧ ਪਿਲਾਇਆ ਤੇ ਉਸ ਨੂੰ ਆਪਣਾ ਬੱਚਾ ਦੱਸਿਆ। ਲਾਈਵ ਦੇਖ ਕੇ ਉਸ ਦੇ ਦੋਸਤ ਅਤੇ ਮੁਹੱਲੇ ਵਾਲੇ ਜਦ ਉਸਦੇ ਘਰ ਪੁੱਜੇ ਤਾਂ ਉਹ ਗੋਲੀ ਮਾਰ ਚੁੱਕਾ ਸੀ। ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ। ਨੌਜਵਾਨ ਕਾਂਗਰਸ ਪਾਰਟੀ ਨਾਲ ਸਬੰਧਤ ਸਾਬਕਾ ਪੰਚ ਵੀ ਰਹਿ ਚੁੱਕਾ ਹੈ।

(ਧੰਨਵਾਦ ਸਹਿਤ ਪੰਜਾਬੀ ਟ੍ਰਿਬਿਊਨ ਵਿੱਚੋਂ।)

**

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author