“ਅੱਜ ਦੇ ਬਹੁਤੇ ਮੁੰਡੇ ਕੁੜੀਆਂ ਵਿੱਚ ਰਾਤੋ-ਰਾਤ ਅਮੀਰ ਹੋਣ ਦੀ ਹੋੜ ਇਸ ਕਦਰ ਹਾਵੀ ਹੈ ਕਿ ਉਹ ...”
(3 ਮਾਰਚ 2021)
(ਸ਼ਬਦ 1990)
ਪੰਜਾਬੀਅਤ ਦਾ ਸੰਕਲਪ ਪੰਜਾਬੀ ਸੱਭਿਆਚਾਰ ਨਾਲ ਜੁੜੀ ਇੱਕ ਵਿਲੱਖਣ ਤੇ ਭਰਪੂਰ ਜੀਵਨ ਸ਼ੈਲੀ ਦੀ ਅਜਿਹੀ ਵਿਚਾਰਧਾਰਾ ਹੈ, ਜਿਸਦਾ ਕੋਈ ਸਾਨੀ ਨਹੀਂ ਹੈ। ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਅਸੀਂ ਅਕਸਰ ਇੱਕ ਦੂਜੇ ਦੇ ਸਮਾਨਾਰਥਕ ਸੰਕਲਪਾਂ ਵਜੋਂ ਵਰਤ ਲੈਂਦੇ ਹਾਂ। ਲੇਕਿਨ ਵੇਖਿਆ ਜਾਏ ਤਾਂ ਪੰਜਾਬੀ ਸੱਭਿਆਚਾਰ ਇੱਕ ਵਿਸ਼ਾਲ, ਵਿਆਪਕ ਤੇ ਬਹੁ-ਬਣਤਰੀ ਰੂਪ ਵਾਲਾ ਅਜਿਹਾ ਪ੍ਰਬੰਧ ਹੈ ਜਿਸ ਦੀ ਬੁਨਿਆਦ ਤੇ ਪੰਜਾਬੀਅਤ ਮਾਨਸਿਕਤਾ ਦੀ ਇੱਕ ਬੇਹੱਦ ਵਿਸ਼ਾਲ ਤੇ ਗੌਰਵਮਈ ਇਮਾਰਤ ਖੜ੍ਹੀ ਹੈ। ਦਰਅਸਲ ਪੰਜਾਬੀਅਤ ਇੱਕ ਅਜਿਹਾ ਇਹਸਾਸ ਹੈ ਜਿਸ ਵਿੱਚੋਂ ਇੱਕ ਵਿਸ਼ੇਸ਼ ਕਿਸਮ ਦੀ ਵਿਲੱਖਣਤਾ ਦੀ ਝਲਕ ਪੈਂਦੀ ਹੈ। ਪੰਜਾਬੀਅਤ ਦੀ ਇਸ ਵਿਲੱਖਣਤਾ ਦਾ ਅਰਥ ਪੰਜਾਬੀ ਜੁੱਸੇ ਅਤੇ ਰੂਹ ਦੀ ਤਾਸੀਰ ਤੋਂ ਹੈ; ਉਹ ਜੁੱਸਾ ਜੋ ਇੱਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿੱਚ ਉਪਜਿਆ ਹੈ।
ਪੰਜਾਬੀ ਲੋਕਾਂ ਦੇ ਸੁਭਾਅ ਸੰਬੰਧੀ ਪ੍ਰਿੰਸੀਪਲ ਤੇਜਾ ਸਿੰਘ ਇੱਕ ਥਾਂ ਆਖਦੇ ਹਨ ਕਿ ‘ਪੰਜਾਬੀ ਆਚਰਣ ਪੰਜਾਬ ਦੇ ਭੂਗੋਲਿਕ ਆਲੇ ਦੁਆਲੇ ਅਤੇ ਇਤਿਹਾਸਕ ਪਿਛਵਾੜੇ ਤੋਂ ਬਣਿਆ ਹੈ। ਪੰਜਾਬੀਆਂ ਦੇ ਸੁਭਾਅ, ਇਨ੍ਹਾਂ ਦੇ ਦਿਲ, ਪੰਜਾਬ ਦੇ ਪਹਾੜਾਂ, ਦਰਿਆਵਾਂ, ਵਾਂਗ ਡੂੰਘੇ, ਠੰਢੇ, ਲੰਮੇ ਜਿਗਰੇ ਵਾਲੇ, ਵੱਡੇ-ਵੱਡੇ ਦਿਲ ਵਾਲੇ ਛੇਤੀ-ਛੇਤੀ ਵਲ ਨਾ ਖਾਣ ਵਾਲੇ, ਦਿੱਤੇ ਵਚਨ ਤੋਂ ਨਾ ਮੁੜਨ ਵਾਲੇ, ਸਿੱਧ ਪੱਧਰੇ, ਸਾਦਗੀ ਅਪਨਾਉਣ ਵਾਲੇ ਖੁੱਲ੍ਹੇ ਤੇ ਚੌੜੇ ਹੁੰਦੇ ਹਨ।’
ਪੰਜਾਬੀ ਸੱਭਿਆਚਾਰ ਤੇ ਚਰਚਾ ਕਰਨ ਤੋਂ ਪਹਿਲਾਂ ਆਓ ਸ਼ਬਦ ‘ਪੰਜਾਬ’ ਦੀ ਉਤਪਤੀ ਬਾਰੇ ਜਾਣੀਏ। ਦਰਅਸਲ ਸ਼ਬਦ ਪੰਜਾਬ ਦੋ ਸ਼ਬਦਾਂ ‘ਪੰਜ’ ਤੇ ‘ਆਬ’ ਦੇ ਸੁਮੇਲ ਤੋਂ ਬਣਿਆ ਹੈ। ਪੰਜ ਦਾ ਅਰਥ ਗਿਣਤੀ ਦੇ ਪੰਜ ਜਦੋਂ ਕਿ ‘ਆਬ’ ਫਾਰਸੀ ਵਿੱਚ ਪਾਣੀ ਨੂੰ ਆਖਦੇ ਹਨ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਪੰਜ ਪਾਣੀਆਂ ਦੀ ਧਰਤੀ (ਸਤਲੁਜ, ਜਿਹਲਮ, ਚਨਾਬ, ਰਾਵੀ ਅਤੇ ਬਿਆਸ) ਦੇ ਬਾਸ਼ਿੰਦਿਆਂ ਨੂੰ ਹੀ ਅਸਲ ਵਿੱਚ ਪੰਜਾਬੀ ਕਿਹਾ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਜਾਂ ਪੰਜਾਬੀਅਤ ਨੂੰ ਸਮਝਣ ਲਈ ਪੰਜਾਬ ਦੀਆਂ ਭੂਗੋਲਿਕ ਪ੍ਰਸਥਿਤੀਆਂ ਬਾਰੇ ਜਾਣਕਾਰੀ ਹਾਸਲ ਕਰਨਾ ਜ਼ਰੂਰੀ ਹੈ। ਇਸ ਸੰਦਰਭ ਵਿੱਚ ਪੰਜਾਬ ਦੇ ਇਤਿਹਾਸ ਨੂੰ ਆਰੀਆ ਲੋਕਾਂ ਦੇ ਵਸਣ ਤੋਂ ਬਾਅਦ ਜਾਣਨਾ ਬਣਦਾ ਹੈ। ਆਰੀਆ ਲੋਕਾਂ ਦੇ ਸਮੇਂ ਦੌਰਾਨ ਪੰਜਾਬ ਦੀਆਂ ਹੱਦਾਂ ਇੱਕ ਵਾਰ ਨਹੀਂ ਸਗੋਂ ਕਈ ਵਾਰ ਬਦਲੀਆਂ। ਪੂਰਵ ਇਤਿਹਾਸ ਵਿੱਚ ਜਦੋਂ ਆਰੀਅਨ ਲੋਕ ਪੰਜਾਬ ਵਿੱਚ ਆਦਿ ਵਾਸੀਆਂ ਨੂੰ ਅੱਗੇ ਧਕੇਲ ਕੇ ਵਸੇ ਸਨ ਤਾਂ ਉਸ ਸਮੇਂ ਪੰਜਾਬ ਦਾ ਨਾਂ ਪੰਜਾਬ ਨਹੀਂ, ਬਲਕਿ ‘ਸਪਤ ਸਿੰਧੂ’ ਸੀ। ਉਨ੍ਹਾਂ ਸਮਿਆਂ ਵਿੱਚ ਪੰਜਾਬ ਨੂੰ ਸਪਤ ਸਿੰਧੂ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਸਪਤ ਸਿੰਧੂ ਨਾਉਂ ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਜਮਨਾ ਤੋਂ ਲੈ ਕੇ ਅਟਕ ਤਕ ਦੇ ਇਲਾਕੇ ਨੂੰ ਸੱਤਾਂ ਦਰਿਆਵਾਂ ਦਾ ਇਲਾਕਾ ਸਮਝਿਆ ਜਾਂਦਾ ਸੀ। ਇਹ ਤਾਂ ਸੀ ਪੰਜਾਬ ਅਤੇ ਸਪਤ ਸਿੰਧੂ ਦੇ ਇਤਿਹਾਸਕ ਪਹਿਲੂ, ਹੁਣ ਅਸੀਂ ਸੱਭਿਆਚਾਰ ਦੇ ਸ਼ਾਬਦਿਕ ਅਰਥਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
ਸੱਭਿਆਚਾਰ ਮੂਲ ਰੂਪ ਵਿੱਚ ਦੋ ਸ਼ਬਦਾਂ “ਸਭਿਯ+ਆਚਾਰ” ਦਾ ਸਮਾਸ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ ‘Culture’ ਹੈ। “Culture” ਵੀ ਮੂਲ ਰੂਪ ਵਿੱਚ ਲਾਤੀਨੀ ਭਾਸ਼ਾ ਦੇ ਸ਼ਬਦ “Cultura” ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿੱਚ ਆਇਆ। ਸੱਭਿਆਚਾਰ ਦਰਅਸਲ ਤਿੰਨ ਸਬਦਾਂ “ਸ+ਭੈ+ਆਚਾਰ” ਦਾ ਮੇਲ ਹੈ। ‘ਸ’ ਦਾ ਅਰਥ ਪੂਰਵ, ‘ਭੈ’ ਦਾ ਅਰਥ ਨਿਯਮ, ‘ਆਚਾਰ’ ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਹੀ ਸੱਭਿਆਚਾਰ ਅਖਵਾਉਂਦਾ ਹੈ।
ਆਓ ਹੁਣ ਵੱਖ ਵੱਖ ਵਿਦਵਾਨਾਂ ਦੀ ਸੱਭਿਆਚਾਰ ਦੇ ਸੰਦਰਭ ਵਿੱਚ ਰਾਇ ਵੇਖਦੇ ਹਾਂ। ਇਸ ਸੰਦਰਭ ਵਿੱਚ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ. ਟਾਈਲਰ ਦਾ ਕਹਿਣਾ ਹੈ, “ਸੱਭਿਆਚਾਰ ਉਹ ਜਟਿਲ ਸਮੂਹ ਹੈ, ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ ਸਮਾਜ ਦਾ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।”
ਇੱਕ ਹੋਰ ਪ੍ਰਸਿੱਧ ਵਿਦਵਾਨ ਵਿਲੀਅਮ. ਆਰ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਦਿਆਂ ਆਖਦੇ ਹਨ, “ਸੱਭਿਆਚਾਰ ਮਨੁੱਖ ਦੀ ‘ਸਮਾਜਿਕ ਵਿਰਾਸਤ’ ਅਤੇ ‘ਲੋੜਾਂ ਦਾ ਮਨੁੱਖ-ਸਿਰਜਿਤ ਭਾਗ’ ਹੈ। ਇਸ ਵਿੱਚ ਵਿਵਹਾਰ ਦੇ ਸਾਰੇ ਰੂਪ, ਜੋ ਕਿ ਸਿਖਲਾਈ ਰਾਹੀਂ ਗ੍ਰਹਿਣ ਕੀਤੇ ਹੋਣ ਅਤੇ ਖਾਸ ਪੈਟਰਨ ਜੋ ਪ੍ਰਵਾਣਿਤ ਪ੍ਰਤਿਮਾਨਾਂ ਅਨੁਰੂਪ ਬਣੇ ਹੋਣ, ਲਾਜ਼ਾਮੀ ਤੌਰ ’ਤੇ ਵਿਦਮਾਨ ਹੁੰਦੇ ਹਨ।”
ਉੱਧਰ ਇਸ ਸੰਦਰਭ ਵਿੱਚ ਲੇਸਾਇਲ ਏ ਵਾਈਟ ਦਾ ਕਹਿਣਾ ਹੈ, “ਸਭਿਆਚਾਰ ਤੋਂ ਭਾਵ ਅਜਿਹੀਆਂ ਵਿਸ਼ੇਸ਼ ਸਥੂਲ ਸੰਸਾਰੀ ਵਸਤਾਂ ਅਤੇ ਘਟਨਾਵਾਂ ਤੋਂ ਹੈ, ਜੋ ਕਿ ਪ੍ਰਤੀਕ ਯੋਗਤਾ ਉੱਤੇ ਆਧਾਰਿਤ ਹਨ, ਇਨ੍ਹਾਂ ਦਾ ਅਧਾਰ ਵੱਖ-ਵੱਖ ਸੰਦ, ਹਥਿਆਰ, ਭਾਂਡੇ, ਵਸਤਰ, ਗਹਿਣੇ, ਰਸਮਾਂ, ਸੰਸਥਾਵਾਂ, ਵਿਸ਼ਵਾਸ, ਰੀਤੀ-ਰਿਵਾਜ਼, ਮੌਜ-ਮੇਲੇ ਵਾਲੀਆਂ ਖੇਡਾਂ, ਕਲਾ-ਕ੍ਰਿਤਾਂ ਅਤੇ ਭਾਸ਼ਾਵਾਂ ਆਦਿ ਹਨ।”
ਪ੍ਰੋ. ਗੁਰਬਖ਼ਸ਼ ਸਿੰਘ ਫਰੈਂਕ ਮੁਤਾਬਿਕ, “ਸਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚੱਲਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਲ ਹੁੰਦੇ ਹਨ।”
ਜਦੋਂ ਕਦੇ ਪੰਜਾਬੀ ਸੱਭਿਆਚਾਰ ਦੀ ਗੱਲ ਚੱਲਦੀ ਹੈ ਤਾਂ ਵਧੇਰੇ ਕਰਕੇ ਅਸੀਂ ਇਸ ਨੂੰ ਗਿੱਧਾ, ਭੰਗੜਾ ਅਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਤਕ ਹੀ ਮਹਿਦੂਦ ਕਰਕੇ ਰਹਿ ਜਾਂਦੇ ਹਾਂ। ਵੇਖਿਆ ਜਾਵੇ ਤਾਂ ਪੰਜਾਬ ਦੀਆਂ ਵਿਸ਼ੇਸ਼ ਭੂਗੋਲਿਕ ਪ੍ਰਸਥਿਤੀਆਂ, ਵੱਖਰੀ ਕਿਸਮ ਦੇ ਜਲਵਾਯੂ ਤੇ ਕਿੰਨੇ ਹੀ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਦੇ ਦੌਰ ਵਿੱਚੋਂ ਲੰਘਦਿਆਂ ਪੰਜਾਬੀ ਸੱਭਿਆਚਾਰ ਨੂੰ ਵਿਕਸਿਤ ਹੋਣ ਲਈ ਇੱਕ ਲੰਮਾ ਸਮਾਂ ਲੱਗਾ ਹੈ ਅਰਥਾਤ ਇੱਕ ਲੰਮੀ ਜੱਦੋਜਹਿਦ ਤੋਂ ਬਾਅਦ ਜੋ ਪੰਜਾਬੀ ਸੱਭਿਆਚਾਰ ਵਿੱਚ ਵਜੂਦ ਵਿੱਚ ਆਇਆ ਹੈ ਉਹ ਨਿਰਸੰਦੇਹ ਬੇਹੱਦ ਅਮੀਰ ਤੇ ਪ੍ਰਭਾਵਸ਼ਾਲੀ ਹੈ। ਇਹੋ ਵਜ੍ਹਾ ਹੈ ਕਿ ਇਸ ਪੰਜਾਬੀ ਸੱਭਿਆਚਾਰ ਨੇ ਅੱਜ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਤੇ ਧਾਕ ਜਮਾ ਰੱਖੀ ਹੈ। ਆਪਣੀ ਵੱਖਰੀ ਤਾਸੀਰ, ਉੱਚੇ ਚਰਿੱਤਰ, ਆਦਰਸ਼ਾਂ, ਸੇਵਾ ਭਾਵਨਾ (ਲੰਗਰ ਪ੍ਰਥਾ) ਅਤੇ ਮਿਹਨਤੀ ਜਜ਼ਬੇ ਸਦਕਾ ਪੰਜਾਬੀਆਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਹੋਂਦ ਦਾ ਡੰਕਾ ਬਜਾਇਆ ਹੈ।
ਪੰਜਾਬੀ ਸੱਭਿਆਚਾਰ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਵਿੱਚ ਬਹਾਦਰੀ, ਪ੍ਰਾਹੁਣਚਾਰੀ, ਸਖੀਪੁਣਾ, ਧਾਰਮਿਕਤਾ ਆਦਿ ਜਿਹੇ ਗੁਣ ਜਿਵੇਂ ਕੁਟ-ਕੁਟ ਕੇ ਭਰੇ ਹੋਏ ਹਨ। ਗੁਰਬਖ਼ਸ਼ ਸਿੰਘ ਫ਼ਰੈਂਕ ਮੁਤਾਬਕ ਪੰਜਾਬ ਦੇ ਇਤਿਹਾਸ, ਪੰਜਾਬ ਦੇ ਜੀਵਨ ਅਤੇ ਪੰਜਾਬੀ ਸੱਭਿਆਚਾਰ ਉੱਤੇ ਨਜ਼ਰ ਮਾਰ ਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਿੱਚ ਜਿਹੜੀ ਕਦਰ ਕੇਂਦਰੀ ਮਹੱਤਤਾ ਰੱਖਦੀ ਦਿਸਦੀ ਹੈ, ਉਹ ਉਹੀ ਹੈ ਜਿਸ ਨੂੰ ਕਦੀ ਬਾਬਾ ਸ਼ੇਖ ਫਰੀਦ ਨੇ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਇਆ ਸੀ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ।
ਜੇ ਤੂੰ ਏਵੇ ਰਖਸੀ ਜੀਉ ਸਰੀਰਹੁ ਲੇਹਿ। 42।
ਇਹ ‘ਬਾਰਿ ਪਰਾਇ ਬੈਸਣ’ ਦਾ ਸੰਤਾਪ ਪੰਜਾਬੀ ਆਚਰਣ ਲਈ ਮੌਤ ਤੋਂ ਵੀ ਮਾੜਾ ਹੈ। ਦੂਜੇ ਦੇ ਆਸਰੇ ਜਿਊਣ ਨਾਲੋਂ ਤਾਂ ਨਾ ਜਿਊਣਾ ਵਧੇਰੇ ਚੰਗਾ ਹੈ। ਕਿਸੇ ਹੋਰ ਤਰੀਕੇ ਨਾਲ ਲੋਕ ਗੀਤ ਦੀ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ:
ਦੋ ਪੈਰ ਘੱਟ ਤੁਰਨਾ
ਪਰ ਤੁਰਨਾ ਮਟਕ ਦੇ ਨਾਲ।
ਸੱਭਿਆਚਾਰ ਦਾ ਦਾਇਰਾ ਬੜਾ ਵਿਸ਼ਾਲ ਹੈ। ਗੱਲ ਜੇਕਰ ਪੰਜਾਬੀ ਸੱਭਿਆਚਾਰ ਵਿੱਚ ਬੋਲੀ ਦੀ ਕਰੀਏ ਤਾਂ ਬਾਬਾ ਫਰੀਦ ਦੇ ਸ਼ਲੋਕਾਂ ਵਿਚਲੀ ਮਾਖਿਓਂ ਮਿੱਠੀ ਪੰਜਾਬੀ ਅੱਜ ਵੀ ਜਿਵੇਂ ਪੜ੍ਹਨ-ਸੁਣਨ ਵਾਲਿਆਂ ਦੇ ਕੰਨਾਂ ਵਿੱਚ ਰਸ ਘੋਲ, ਦਿਲਾਂ ਨੂੰ ਰਾਹਤ ਦਿੰਦੀ ਮਹਿਸੂਸ ਹੁੰਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਜੇਕਰ ਗੱਲ ਅਧਿਆਤਮਿਕਤਾ ਦੀ ਕਰੀਏ ਤਾਂ ਗੁਰੂਆਂ ਦੀ ਬਾਣੀ ਸਾਨੂੰ ਸਭਨਾਂ ਨੂੰ ਸਾਂਝੀਵਾਲਤਾ ਦਾ ਸਬਕ ਦਿੰਦਿਆਂ ਇੱਕ ਰੱਬ ਦੀ ਉਸਤਤ ਕਰਨ ਤੇ ਮਨੁੱਖਤਾ ਦੀ ਸੇਵਾ ਹਰ ਵਕਤ ਸਮਰਪਿਤ ਰਹਿਣ ਦਾ ਪਾਠ ਪੜ੍ਹਾਉਂਦੀ ਨਜ਼ਰ ਆਉਂਦੀ ਹੈ।
ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਜਦੋਂ ਤਜ਼ਕਰਾ ਇਸ਼ਕ ਦਾ ਹੋਵੇ ਤਾਂ ਵਾਰਸ ਦੀ ਹੀਰ ਸਹਿਜੇ ਹੀ ਸਾਹਮਣੇ ਆ ਖਲੋਂਦੀ ਹੈ ਤੇ ਕਿੱਸਾ ਹੀਰ ਰਾਂਝਾ ਦੇ ਕਿਰਦਾਰ ਅੱਜ ਵੀ ਸਾਡੇ ਗੀਤਾਂ ਅਤੇ ਬੋਲੀਆਂ ਦਾ ਮਹੱਤਵਪੂਰਣ ਅੰਗ ਬਣੇ ਹੋਏ ਹਨ। ਵਾਰਿਸ ਸ਼ਾਹ ਦੀ ਹੀਰ ਦੀਆਂ ਤੁਕਾਂ ਤਾਂ ਜਿਵੇਂ ਪੰਜਾਬੀ ਸੱਭਿਆਚਾਰ ਦੇ ਮੁਹਾਵਰੇ ਹੋ ਨਿੱਬੜੇ ਹਨ ਜਿਵੇਂ ਕਿ:
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ।
ਪੰਜਾਬੀ ਸੱਭਿਆਚਾਰ ਵਿੱਚ ਗੱਲ ਬਹਾਦੁਰੀ ਦੀ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਘੇਲ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਵਰਗੇ ਸੂਰਮੇ ਸਾਡੇ ਦਿਲਾਂ ’ਤੇ ਅੱਜ ਵੀ ਰਾਜ ਕਰਦੇ ਹਨ ਅਤੇ ਇਹ ਸਭ ਸੂਰਮੇ ਸਾਡੇ ਹਕੀਕੀ ਮਾਅਨਿਆਂ ਵਿੱਚ ਆਦਰਸ਼ ਹਨ। ਜਦੋਂ ਵੀ ਅਸੀਂ ਆਪਣੇ ਆਦਰਸ਼ਾਂ ਨੂੰ ਅਖੋਂ ਪਰੋਖੇ ਕਰਦੇ ਹਾਂ ਤਾਂ ਸਾਡਾ ਹਸ਼ਰ ਸ਼ਾਹ ਮੁਹੰਮਦ ਦੀ ਵਾਰ “ਜੰਗਨਾਮਾ ਸਿੰਘਾਂ ਤੇ ਫਰੰਗੀਆਂ” ਦੀਆਂ ਇਨ੍ਹਾਂ ਤੁਕਾਂ ਵਾਲਾ ਹੁੰਦਾ ਹੈ ਜਿਵੇਂ ਕਿ ਉਹ ਆਖਦੇ ਹਨ ਕਿ:
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਵਿਸ਼ਵੀਕਰਨ ਦੇ ਅਸਰ ਨੇ ਦੁਨੀਆ ਦੇ ਲਗਭਗ ਹਰ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਪ੍ਰਕਾਰ ਇਸ ਪ੍ਰਭਾਵ ਤੋਂ ਪੰਜਾਬ ਵੀ ਅਛੂਤਾ ਨਹੀਂ ਰਹਿ ਸਕਿਆ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬ ਦੇ ਸੱਭਿਆਚਾਰ ਅਤੇ ਕਲਾ ਦਾ ਉਦਯੋਗੀਕਰਨ ਹੋਇਆ।
ਵਿਸ਼ਵੀਕਰਨ ਦੇ ਸੰਕਲਪ ਨੇ ਪੰਜਾਬੀਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਤੇ ਇੱਕ ਵੱਡਾ ਪ੍ਰਭਾਵ ਪਾਇਆ ਹੈ। ਅੱਜ ਦੇ ਇਸ ਪਦਾਰਥਵਾਦੀ ਯੁਗ ਵਿੱਚ ਹਰ ਕਿਸੇ ਨੂੰ ਸਮੇਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਨਾਲ, ਭੱਜ ਨੱਠ, ਪੈਸੇ ਦੀ ਬਹੁਤਾਤ, ਰਸੋਈ ਘਰਾਂ ਵਿੱਚ ਬਾਕਾਇਦਾ ਭੋਜਨ ਤਿਆਰ ਨਾ ਹੋਣ ਕਰਕੇ ਫਾਸਟ ਫੂਡ ਨੇ ਜਨਮ ਲਿਆ ਹੈ।
ਕੋਈ ਸਮਾਂ ਸੀ ਜਦੋਂ ਪੰਜਾਬੀ ਘਰਾਂ ਵਿੱਚ ਰਸੋਈ ਦਾ ਪਰੰਪਰਾਗਤ ਰੂਪ, ਖਾਣਾ ਬਣਾਉਣ ਦੇ ਤੌਰ ਤਰੀਕਿਆਂ ਉੱਤੇ ਪੰਜਾਬੀ ਲੋਕਾਂ ਦੀ ਖ਼ੁਰਾਕ ਅੱਜ ਨਾਲੋਂ ਬਹੁਤ ਵੱਖਰੀ ਸੀ। ਉਨ੍ਹਾਂ ਸਮਿਆਂ ਵਿੱਚ ਪੰਜਾਬ ਦੇ ਅਕਸਰ ਘਰਾਂ ਵਿੱਚ ਮਿੱਟੀ ਦੇ ਬਣੇ ਚੁੱਲ੍ਹਿਆਂ ਵਿੱਚ ਪਾਥੀਆਂ ਜਾਂ ਅੱਗ ਬਾਲਣ ਲਈ ਲੱਕੜਾਂ ਦੀ ਵਰਤੋਂ ਹੋਇਆ ਕਰਦੀ ਸੀ। ਸਾਗ, ਮੱਕੀ ਦੀ ਰੋਟੀ, ਖੱਟੀ ਲੱਸੀ ਪੰਜਾਬੀਆਂ ਦੀ ਮਨਭਾਉਂਦੀਆਂ ਖੁਰਾਕਾਂ ਸਨ। ਭਾਂਡੇ ਮਾਂਜਣ ਲਈ ਚੁੱਲ੍ਹੇ ਦੀ ਸੁਆਹ ਵਰਤੀ ਜਾਂਦੀ ਸੀ। ਫਿਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਹੌਲੀ ਹੌਲੀ ਚੁੱਲ੍ਹੇ ਦੀ ਥਾਂ ਸਟੋਵ, ਚਾਟੀਆਂ ਤੇ ਤੌੜੀਆਂ ਦੀ ਥਾਂ ਪ੍ਰੈੱਸ਼ਰ ਕੁੱਕਰਾਂ ਨੇ ਲੈ ਲਈ। ਪਿਛਲੇ ਲਗਭਗ ਵੀਹ ਪੱਚੀ ਸਾਲ ਤੋਂ ਪੱਛਮੀ ਪ੍ਰਭਾਵ ਕਾਰਨ ਗੈਸ ਦੇ ਚੁੱਲ੍ਹਿਆ ਦਾ ਰਿਵਾਜ ਆਮ ਹੋ ਗਿਆ ਹੈ। ਹੁਣ ਭਾਂਡੇ ਧੋਣ ਲਈ ਸੁਆਹ ਦੀ ਥਾਂ ਡਿਟਰਜੈਂਟ ਪਾਊਡਰ ਆ ਗਏ ਹਨ। ਇਸਦੇ ਨਾਲ ਹੀ ਤਰੱਕੀ ਦੇ ਨਾਂ ’ਤੇ ਮਾਈਕਰੋਵੇਵ ਫਰਿੱਜ ਆਦਿ ਹੁਣ ਰਸੋਈ ਦਾ ਸ਼ਿੰਗਾਰ ਬਣ ਗਏ ਹਨ। ਲੱਸੀ ਦੀ ਥਾਂ ਕੋਕ, ਪੈਪਸੀ ਆਦਿ ਸੌਫਟ ਡਰਿੰਕਸ ਨੇ ਲੈ ਲਈ ਹੈ। ਘਰ ਦੇ ਬਣੇ ਖਾਣੇ ਦੀ ਥਾਂ ਅੱਜ ਲੋਕ, ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਮੈਕਡਾਨਲਡ, ਡਾਮੀਨੋਜ਼, ਪੀਜ਼ਾ ਹੱਟ ਆਦਿ ਨੂੰ ਵਧੇਰੇ ਤਰਜੀਹ ਦੇਣ ਲੱਗੀ ਹੈ। ਸੱਚ ਤਾਂ ਇਹ ਹੈ ਕਿ ਅੱਜ ਪੱਛਮੀ ਸੱਭਿਆਚਾਰ ਨੂੰ ਅਪਨਾਉਣ ਦੀ ਹੋੜ ਵਿੱਚ ਪੰਜਾਬੀ ਲੋਕ ਆਪਣੇ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਪਦਾਰਥਵਾਦ ਦੇ ਇਸ ਯੁਗ ਵਿੱਚ ਇਸ ਵਰਗ ਨੇ ਫ਼ਰੀਦ ਦੇ ਪੈਗ਼ਾਮ “ਰੁੱਖੀ ਮਿੱਸੀ ਖਾਇ ਕੇ ਠੰਢਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਈ ਜੀਅ” ਨੂੰ ਵਿਸਾਰ ਕੇ ਸਾਦਾ ਜੀਵਨ ਤਿਆਗ ਦਿੱਤਾ।
ਵਿਸ਼ਵੀਕਰਨ ਦੇ ਇਸ ਪ੍ਰਕੋਪ ਵਿੱਚ ਪੰਜਾਬੀ ਸਮਾਜ ਵਿੱਚਲੇ ਰਿਸ਼ਤਿਆਂ ਨਾਤਿਆਂ ਦਾ ਵੀ ਬੇਹੱਦ ਘਾਣ ਹੋਇਆ ਹੈ। ਅੱਜ ਹਰ ਰਿਸ਼ਤਾ ਨਾਤਾ ਇੱਕ ਤਰ੍ਹਾਂ ਗਰਜ਼ ਨਾਲ ਬੱਝਿਆ ਮਹਿਸੂਸ ਹੁੰਦਾ ਹੈ। ਇੱਥੋਂ ਤਕ ਕਿ ਅੱਜ ਖ਼ੂਨ ਦੇ ਰਿਸ਼ਤੇ ਵੀ ਤਿੜਕਦੇ ਮਹਿਸੂਸ ਹੁੰਦੇ ਹਨ।
ਬਦਲਦੇ ਹਾਲਾਤ ਵਿੱਚ ਅਸੀਂ ਆਪਣੇ ਸਭਿਆਚਾਰਕ ਪਹਿਰਾਵੇ ਤੋਂ ਵਿਰਵੇ ਹੁੰਦੇ ਜਾ ਰਹੇ ਹਾਂ। ਪਿਛਲੇ ਕੁਝ ਸਾਲਾਂ ਤੋਂ ਪਹਿਨਣ ਵਾਲੇ ਕੱਪੜਿਆਂ ਵਿੱਚ ਬੇਹੱਦ ਤਬਦੀਲੀਆਂ ਆਈਆਂ ਹਨ। ਜੇਕਰ ਇਹ ਕਹੀਏ ਕਿ ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਲਿਬਾਸਾਂ ਵਿੱਚ ਵੀ ਨੰਗਾ ਕਰਕੇ ਰੱਖ ਦਿੱਤਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਅੱਜ ਲਿਬਾਸ ਦਾ ਇਸਤੇਮਾਲ ਸਰੀਰ ਨੂੰ ਢਕਣ ਲਈ ਨਹੀਂ, ਸਗੋਂ ਸਰੀਰ ਦੀ ਨੁਮਾਇਸ਼ ਕਰਨ ਲਈ ਹੋ ਰਿਹਾ ਹੈ। ਪੰਜਾਬ ਵਿੱਚ ਨਵੇਂ ਸ਼ੌਕੀਨ ਮੁੰਡਿਆਂ ਵਿੱਚ ਕੈਜ਼ੂਅਲ ਫ਼ੈਸ਼ਨ ਦਾ ਅਸਰ ਵਧਦਾ ਜਾ ਰਿਹਾ ਹੈ ਅਤੇ ਰਸਮੀ ਕਿਸਮ ਦੀ ਕਮੀਜ਼ ਤੇ ਪੈਟਾਂ ਨਾਲੋਂ ਡਿਜ਼ਾਈਨਰ ਕਿਸਮ ਦੀਆਂ ਟੀ ਸ਼ਰਟਾਂ ਅਤੇ ਜੀਨਾਂ ਤੇ ਕਾਰਗੋ ਪੈਟਾਂ ਦਾ ਰਿਵਾਜ ਵਧ ਰਿਹਾ ਹੈ। ਕੈਪਰੀ ਪਹਿਨਣ ਦਾ ਰਿਵਾਜ ਵੀ ਆਮ ਹੋ ਰਿਹਾ ਹੈ। ਦੂਜੇ ਪਾਸੇ ਲੜਕੀਆਂ ਦੇ ਪਹਿਰਾਵੇ ਵਿੱਚ ਵੀ ਬਹੁਤ ਜ਼ਿਆਦਾ ਤਬਦੀਲੀ ਆਈ ਹੈ। ਅੱਜਕੱਲ੍ਹ ਲੜਕੀਆਂ ਨੇ ਡਿਜ਼ਾਈਨਰ ਟਾਪਸ ਤੇ ਜੀਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇੱਕ ਸਮਾਂ ਸੀ ਜਦੋਂ ਸਾਰਾ ਕੋੜਮਾ ਕਬੀਲਾ ਇੱਕ ਛੱਤ ਥੱਲੇ ਰਹਿੰਦਾ ਤੇ ਇਸ ਵਿੱਚ ਪਤੀ-ਪਤਨੀ, ਬੱਚੇ, ਮਾਂ-ਬਾਪ, ਚਾਚੇ-ਚਾਚੀਆਂ, ਤਾਏ-ਤਾਈਆਂ ਉਹਨਾਂ ਦੇ ਬੱਚੇ, ਦਾਦਾ-ਦਾਦੀ, ਪੜਦਾਦਾ-ਪੜਦਾਦੀ ਆਦਿ - ਇਨ੍ਹਾਂ ਸਾਰਿਆਂ ਦਾ ਸਾਂਝਾ ਚੁੱਲ੍ਹਾ ਹੁੰਦਾ ਸੀ। ਘਰ ਕਮਾਊ ਜੀਆਂ ਦੀ ਸਾਰੀ ਪੂੰਜੀ ਸਭ ਤੋਂ ਵੱਡੇ ਪੁਰਖ ਅਤੇ ਉਸ ਦੀ ਘਰਵਾਲੀ ਦੇ ਹੱਥ ਹੁੰਦੀ ਸੀ ਤੇ ਪਰਿਵਾਰ ਦੇ ਜੀਆਂ ਦੇ ਰੋਟੀ ਕੱਪੜੇ ਅਤੇ ਹੋਰ ਲੋੜਾਂ ਦਾ ਪ੍ਰਬੰਧ ਕਰਨਾ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਸੀ।
ਪਰ ਅਜੋਕੇ ਸਮੇਂ ਵਿੱਚ ਸੰਯੁਕਤ ਪਰਿਵਾਰ ਟੁੱਟ ਰਹੇ ਹਨ। ਅੱਜ ਹਰ ਬੱਚਾ ਚਾਹੁੰਦਾ ਹੈ ਕਿ ਉਸ ਦਾ ਆਪਣਾ ਇੱਕ ਵੱਖਰਾ ਕਮਰਾ ਹੋਵੇ, ਜਿਸ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਟੀ.ਵੀ, ਮਿਊਜ਼ਿਕ ਸਿਸਟਮ, ਕੰਪਿਊਟਰ ਅਤੇ ਖਾਸ ਕਰ ਮੋਬਾਇਲ ਫ਼ੋਨ ਆਦਿ ਮੌਜੂਦ ਹੋਣ, ਕਿਸੇ ਹੋਰ ਮੈਂਬਰ ਦੀ ਦਖਲ ਅੰਜ਼ਾਦੀ ਨਾ ਹੋਵੇ।
ਪਹਿਲਾਂ ਬੱਚੇ ਰਾਤ ਨੂੰ ਦਾਦੇ ਦਾਦੀਆਂ ਕੋਲੋਂ ਕਹਾਣੀਆਂ ਸੁਣਿਆ ਕਰਦੇ ਸਨ। ਉਹ ਕਹਾਣੀਆਂ ਬੱਚਿਆਂ ਦੇ ਮਨਾਂ ਵਿੱਚ ਚੰਗੇ ਗੁਣ ਪੈਦਾ ਕਰਦੀਆਂ ਸਨ। ਬੱਚਿਆਂ ਨੂੰ ਬਾਤਾਂ ਸੁਣਨ ਦਾ ਇੰਨਾ ਚਾਅ ਹੁੰਦਾ ਸੀ ਕਿ ਰਾਤ ਪੈਂਦੀ ਸਾਰ ਹੀ ਬੱਚੇ ਦਾਦੇ ਦਾਦੀਆਂ ਦੁਆਲੇ ਹੋ ਜਾਂਦੇ ਸਨ। ਲੇਕਿਨ ਇੰਟਰਨੈੱਟ ਦੇ ਇਸ ਯੁਗ ਨੇ ਉਕਤ ਤਮਾਮ ਕਹਾਣੀਆਂ ਤੇ ਬਾਤਾਂ ਤੋਂ ਬੱਚਿਆਂ ਨੂੰ ਇੱਕ ਤਰ੍ਹਾਂ ਨਾਲ ਨਿਖੇੜ ਕੇ ਰੱਖ ਦਿੱਤਾ ਹੈ। ਅੱਜ ਦੇ ਬਹੁਤੇ ਮੁੰਡੇ ਕੁੜੀਆਂ ਵਿੱਚ ਰਾਤੋ-ਰਾਤ ਅਮੀਰ ਹੋਣ ਦੀ ਹੋੜ ਇਸ ਕਦਰ ਹਾਵੀ ਹੈ ਕਿ ਉਹ ਆਪਣੇ ਮਿਸ਼ਨ ਵਿੱਚ ਅਸਫਲ ਹੋਣ ਦੀ ਸੂਰਤ ਵਿੱਚ ਝਟ ਮਾਨਸਿਕ ਤਣਾਉ ਦਾ ਸ਼ਿਕਾਰ ਹੋ ਜਾਂਦੇ ਹਨ। ਇਸਦੇ ਨਾਲ ਨਾਲ ਕਦਰਾਂ-ਕੀਮਤਾਂ ਤੇ ਅਖਲਾਕ ਅੱਜ ਦੇ ਲੋਕਾਂ ਵਿੱਚ ਜਿਸ ਕਦਰ ਡਿਗ ਚੁੱਕੇ ਹਨ, ਉਸ ਦੀ ਸ਼ਾਇਦ ਪਹਿਲਾਂ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਅੱਜ ਦਾ ਮਨੁੱਖ ਤਰੱਕੀ ਕਰਨ ਦੀਆਂ ਜਿੰਨੀਆਂ ਮਰਜ਼ੀ ਫੜ੍ਹਾਂ ਮਾਰੀ ਜਾਵੇ, ਭਾਵੇਂ ਅਜੋਕੇ ਮਨੁੱਖ ਨੇ ਚੰਦ ਨੂੰ ਫਤਿਹ ਕਰਨ ਉਪਰੰਤ ਮੰਗਲ ਗ੍ਰਹਿ ਵਲ ਚਾਲੇ ਪਾ ਦਿੱਤੇ ਹਨ, ਪਰ ਜਦੋਂ ਅਸੀਂ ਆਪਣੇ ਅਖਲਾਕ ਅਤੇ ਨੈਤਿਕ ਕਦਰਾਂ-ਕੀਮਤਾਂ ਵਲ ਨਜ਼ਰ ਮਾਰਦੇ ਹਾਂ ਤਾਂ ਬੇਹੱਦ ਨਿਰਾਸ਼ਾ ਹੁੰਦੀ ਹੈ। ਸ਼ਾਇਦ ਇਸੇ ਲਈ ਉਰਦੂ ਦੇ ਇੱਕ ਕਵੀ ਨੇ ਕਿਹਾ ਹੈ:
ਬੜ੍ਹਨੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜਾ ਹੈ।
ਯੇਹ ਸੋਚੀਏ ਕਿਰਦਾਰ ਘਟਾ ਹੈ ਕਿ ਬੜਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2618)
(ਸਰੋਕਾਰ ਨਾਲ ਸੰਪਰਕ ਲਈ: