“ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਦਾ ਮੁੱਦਾ ਹੈ, ਜੇ ਇਸ ਨੂੰ ਕਾਨੂੰਨੀ ਰੂਪ ...”
(18 ਮਾਰਚ 2021)
(ਸ਼ਬਦ: 1610)
ਜਦੋਂ ਵੀ ਕੋਈ ਇਨਸਾਨ ਦਿਲੋਂ ਬੋਲਦਾ ਹੈ ਤਾਂ ਸੁਭਾਵਿਕ ਹੈ ਕਿ ਉਸ ਦਾ ਪ੍ਰਭਾਵ ਫੌਰਨ ਲੋਕਾਂ ਦੇ ਦਿਲਾਂ ’ਤੇ ਪੈਂਦਾ ਹੈ। ਇਸ ਸੰਦਰਭ ਵਿੱਚ “ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ” ਤਰਾਨਾ ਲਿਖਣ ਵਾਲੇ ਪ੍ਰਸਿੱਧ ਸ਼ਾਇਰ ਇਕਬਾਲ ਦਾ ਆਖਣਾ ਹੈ:
ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ,
ਪਰ ਨਹੀਂ ਤਾਕਤ-ਏ-ਪਰਵਾਜ਼ ਮਗਰ ਰੱਖਤੀ ਹੈ।
ਅਰਥਾਤ ਜਿਹੜੀ ਗੱਲ ਦਿਲੋਂ ਨਿਕਲਦੀ ਹੈ ਉਸ ਦਾ ਸਿੱਧਾ ਪ੍ਰਭਾਵ ਮਨੁੱਖ ਦੇ ਦਿਲ ਤੇ ਪੈਂਦਾ ਹੈ। ਦੂਜੀ ਪੰਕਤੀ ਚ’ ਇਕਬਾਲ ਆਖਦੇ ਹਨ ਕਿ ਭਾਵੇਂ ਦਿਲੋਂ ਨਿਕਲਣ ਵਾਲੀ ਉਸ ਗੱਲ ਦੇ ਖੰਭ ਨਹੀਂ ਹੁੰਦੇ ਪਰ ਫਿਰ ਵੀ ਪਰਵਾਜ਼ ਭਾਵ ਉਡਾਣ ਭਰਨ ਦੀ ਅਥਾਹ ਤਾਕਤ ਤੇ ਸ਼ਕਤੀ ਰੱਖਦੀ ਹੈ। ਦਰਅਸਲ ਇਕਬਾਲ ਦਾ ਉਕਤ ਸ਼ੇਅਰ ਸਹਿਜੇ ਹੀ ਧਿਆਨ ਵਿੱਚ ਉਸ ਸਮੇਂ ਆ ਗਿਆ ਜਦੋਂ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਦਾ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਇੱਕ ਸਕਾਰਾਤਮਕ ਬਿਆਨ ਸਾਹਮਣੇ ਆਇਆ।
ਰਾਜਪਾਲ ਮਲਿਕ ਭਾਜਪਾ ਦੇ ਸ਼ਾਸਨਕਾਲ ਦੌਰਾਨ ਹੀ ਵੱਖ ਵੱਖ ਸੂਬਿਆਂ ਬਿਹਾਰ, ਜੰਮੂ ਕਸ਼ਮੀਰ ਅਤੇ ਗੋਆ ਦੇ ਗਵਰਨਰ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਆਪਣੇ ਬੇਬਾਕ ਅਤੇ ਸਚਾਈ ਭਰੇ ਬਿਆਨਾਂ ਨਾਲ ਅਕਸਰ ਚਰਚਾਵਾਂ ਵਿੱਚ ਰਹੇ ਹਨ। ਬੀਤੇ ਦਿਨੀਂ ਉਹਨਾਂ ਵਲੋਂ ਦਿੱਤੇ ਇੱਕ ਬਿਆਨ ਦੇ ਚੱਲਦਿਆਂ ਅੱਜ-ਕੱਲ੍ਹ ਫਿਰ ਉਹ ਚਰਚਾਵਾਂ ਵਿੱਚ ਹਨ।
ਜੇਕਰ ਵੇਖਿਆ ਜਾਵੇ ਤਾਂ ਰਾਜਪਾਲ ਦੇ ਅਹੁਦੇ ’ਤੇ ਬੈਠਣ ਵਾਲਾ ਹਰੇਕ ਵਿਅਕਤੀ ਰਾਜਨੀਤਕ ਬਿਆਨ ਦੇਣ ਤੋਂ ਜਾਂ ਆਪਣੇ ਵਲੋਂ ਨਿੱਜੀ ਤੌਰ ’ਤੇ ਪਬਲਿਕ ਜਲਸਿਆਂ ਵਿੱਚ ਸਰਕਾਰ ਨੂੰ ਸਲਾਹ ਦੇਣ ਤੋਂ ਗੁਰੇਜ਼ ਕਰਦਾ ਹੈ। ਇਹੋ ਵਜ੍ਹਾ ਹੈ ਕਿ ਸੰਵਿਧਾਨਕ ਅਹੁਦੇ ’ਤੇ ਬਿਰਾਜਮਾਨ ਮਲਿਕ ਦਾ ਤਾਜ਼ਾ ਬਿਆਨ ਮੀਡੀਆ ਅਤੇ ਦੇਸ਼ ਦੇ ਲੋਕਾਂ ਵਿਚਕਾਰ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ ਅੰਦੋਲਨਕਾਰੀ ਕਿਸਾਨਾਂ ਦੇ ਸੰਦਰਭ ਵਿੱਚ ਮੇਘਾਲਿਆ ਦੇ ਰਾਜਪਾਲ ਮਲਿਕ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ। ਕਿਸਾਨਾਂ ਉੱਤੇ ਕੋਈ ਅੱਤਿਆਚਾਰ ਨਹੀਂ ਹੋਣਾ ਚਾਹੀਦਾ। ਸਤਿਆਪਾਲ ਮਲਿਕ ਨੇ ਇਹ ਵੀ ਕਿਹਾ, “ਪਿਛਲੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਕਿਸਾਨਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਬਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ।”
ਮਲਿਕ ਨੇ ਜੋ ਅੱਗੇ ਕਿਹਾ ਉਹ ਯਕੀਨਨ ਉਰਦੂ ਸ਼ਾਇਰ ਦੇ ਵਿਚਾਰਾਂ ਦੀ ਤਰਜਮਾਨੀ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ:
ਦਰਦ-ਏ-ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ ਜਾਣੇ।
ਉਕਤ ਸ਼ੇਅਰ ਵਿੱਚ ਕਵੀ ਦਾ ਆਖਣਾ ਹੈ ਕਿ ਦਰਅਸਲ ਲੋਕਾਈ ਦੇ ਦਰਦ ਅਤੇ ਦੁੱਖਾਂ-ਤਕਲੀਫਾਂ ਨੂੰ ਓਹੋ ਮਹਿਸੂਸ ਕਰਦਾ ਹੈ ਜਿਸ ਨੇ ਦਰਦਾਂ ਨੂੰ ਖੁਦ ਹੰਢਾਇਆ ਹੋਵੇ। ਇਸਦੇ ਵਿਪਰੀਤ ਜਿਸ ਨੇ ਕਦੀ ਕੋਈ ਪੀੜ ਨਾ ਝੱਲੀ ਹੋਵੇ ਉਹ ਕਿਸੇ ਬੇਗਾਨੇ ਦੀ ਪੀੜ ਕਿੰਝ ਮਹਿਸੂਸ ਕਰ ਸਕਦਾ ਹੈ! ਸ਼ਾਇਦ ਸ਼ਾਇਰ ਦੇ ਉਕਤ ਸ਼ਬਦਾਂ ਦੀ ਤਰਜਮਾਨੀ ਕਰਦਿਆਂ ਮਲਿਕ ਨੇ ਕਿਹਾ ਕਿ “ਜਿੱਥੋਂ ਤਕ ਸੰਭਵ ਹੋਵੇਗਾ, ਮੈਂ ਕਿਸਾਨਾਂ ਦੀ ਮਦਦ ਕਰਾਂਗਾ। ਮੈਂ ਕਿਸਾਨਾਂ ਦਾ ਦਰਦ ਸਮਝ ਸਕਦਾਂ ਹਾਂ।”
ਉਕਤ ਬਿਆਨ ਰਾਜਪਾਲ ਮਲਿਕ ਨੇ ਉੱਤਰ ਪ੍ਰਦੇਸ਼ ਦੇ ਬਾਗ਼ਪਤ ਵਿਖੇ ਇੱਕ ਪ੍ਰੋਗਰਾਮ ਦੌਰਾਨ ਦਿੱਤਾ। ਇਸ ਮੌਕੇ ਮਲਿਕ ਨੇ ਕਿਹਾ ਕਿ ਕਿਸਾਨਾਂ ਨੂੰ ਖਾਲੀ ਹੱਥ ਭੇਜਣਾ ਕੋਈ ਚੰਗਾ ਕਦਮ ਨਹੀਂ ਹੋਵੇਗਾ। ਉਨ੍ਹਾਂ ਕਿਹਾ, “ਮੈਂ ਪ੍ਰਧਾਨ ਮੰਤਰੀ ਦੇ ਇੱਕ ਕਰੀਬੀ ਪੱਤਰਕਾਰ ਨੂੰ ਕਿਹਾ ਕਿ ਮੈਂ ਤਾਂ ਕੋਸ਼ਿਸ਼ ਕਰ ਲਈ ਹੁਣ ਤੁਸੀਂ ਉਨ੍ਹਾਂ ਨੂੰ ਸਮਝਾਓ ਕਿ ਇਹ ਗ਼ਲਤ ਰਸਤਾ ਹੈ। ਕਿਸਾਨਾਂ ਨੂੰ ਬੇਇੱਜ਼ਤ ਕਰਕੇ ਦਿੱਲੀ ਤੋਂ ਭੇਜਣਾ ਠੀਕ ਨਹੀਂ ਹੈ।”
ਸਤਿਆਪਾਲ ਮਲਿਕ ਨੇ ਆਪਣੇ ਇਤਿਹਾਸਕ ਅਧਿਐਨ ਅਤੇ ਅਨੁਭਵ ਦੀ ਰੋਸ਼ਨੀ ਵਿੱਚ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਪੰਜਾਬੀ ਸਿੱਖਾਂ ਦੇ ਸੰਦਰਭ ਵਿੱਚ ਇਹ ਗੱਲ ਵਿਸ਼ੇਸ਼ ਤੌਰ ’ਤੇ ਆਖੀ, “ਪਹਿਲਾਂ ਤਾਂ ਇਹ ਜਾਣਗੇ ਨਹੀਂ ਅਤੇ ਜੇਕਰ ਚਲੇ ਗਏ ਤਾਂ 300 ਸਾਲ ਤਕ ਭੁੱਲਣਗੇ ਨਹੀਂ। ਐੱਮਐੱਸਪੀ ਨੂੰ ਕਾਨੂੰਨੀ ਮਾਨਤਾ ਦੇ ਦਿਓ ਅਤੇ ਅੰਦੋਲਨ ਖ਼ਤਮ ਹੋ ਜਾਵੇਗਾ। ਜੇਕਰ ਇਹ ਜ਼ਿਆਦਾ ਦਿਨ ਤਕ ਚੱਲੇਗਾ ਤਾਂ ਠੀਕ ਨਹੀਂ ਹੋਵੇਗਾ। ਮੈਂ ਸਿੱਖਾਂ ਨੂੰ ਜਾਣਦਾ ਹਾਂ। ਇਨ੍ਹਾਂ ਦੇ ਖ਼ਿਲਾਫ਼ ਗ਼ਲਤ ਸ਼ਬਦਾਂ ਦੀ ਵਰਤੋਂ ਨਾ ਕਰੋ।”
ਇਸ ਮੌਕੇ ਉਨ੍ਹਾਂ ਨੇ ਇੱਕ ਰਾਜਪਾਲ ਅਤੇ ਉਸ ਦੀ ਭੂਮਿਕਾ ਅਤੇ ਉਸ ਦੀਆਂ ਮਜਬੂਰੀਆਂ ਦਾ ਬਿਆਨ ਕਰਦਿਆਂ ਕਿਹਾ ਕਿ ਰਾਜਪਾਲ ਬੱਸ ਦਸਤਖਤ ਕਰਦਾ ਹੈ, ਰਾਜਪਾਲ ਕੁਝ ਬੋਲਦਾ ਨਹੀਂ ਹੈ, ਲੇਕਿਨ ਮੇਰੀ ਆਦਤ ਹੈ ਕਿ ਮੈਂ ਚੁੱਪ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਮੈਂਨੂੰ ਕਈ ਲੋਕ ਆਖਦੇ ਹਨ ਕਿ ਚੁੱਪ ਰਹੇਂਗਾ ਤਾਂ ਬਹੁਤ ਕੁਝ ਬਣ ਜਾਵੇਂਗਾ, ਲੇਕਿਨ ਮੇਰਾ ਮੰਨਣਾ ਹੈ ਕਿ ਮੈਂ ਜੋ ਕੁਝ ਬਣਨਾ ਸੀ ਬਣ ਚੁੱਕਾ ਹਾਂ।
ਉਨ੍ਹਾਂ ਦੇ ਉਕਤ ਬੇਬਾਕ ਬੋਲ ਸੁਣਦਿਆਂ ਮੇਰੇ ਉਰਦੂ ਦੇ ਇੱਕ ਸ਼ਾਇਰ ਦਾ ਬਹੁਤ ਹੀ ਢੁੱਕਵਾਂ ਸ਼ੇਅਰ ਚੇਤੇ ਆ ਗਿਆ ਹੈ:
ਜ਼ਮੀਰ ਬੇਚ ਦੇ ਅਪਨੀ ਖੁਦੀ ਕਾ ਸੌਦਾ ਕਰ,
ਮੁਝੇ ਯੇਹ ਮਸ਼ਵਰਾ ਖੁਸ਼ਹਾਲ ਲੋਕ ਦੇਤੇ ਹੈਂ।
ਲੇਕਿਨ ਇੱਥੇ ਕਹਿਣਾ ਬਣਦਾ ਹੈ ਕਿ ਕੁਝ ਲੋਕ ਅਜਿਹੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਭਾਵੇਂ ਕਿੰਨੇ ਹੀ ਲੋਭ ਲਾਲਚ ਦਿੱਤੇ ਜਾਣ ਪਰ ਉਹ ਆਪਣੀ ਜ਼ਮੀਰ ਦਾ ਸੌਦਾ ਨਹੀਂ ਕਰਦੇ। ਭਾਵੇਂ ਉਨ੍ਹਾਂ ਨੂੰ ਇਸਦੀ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ।
ਉੱਧਰ ਕੱਲ੍ਹ ਇੱਕ ਵਾਰ ਫਿਰ ਰਾਜਸਥਾਨ ਦੇ ਝੁਨਝੁਨੂ ਵਿੱਚ ਇੱਕ ਨਿੱਜੀ ਪ੍ਰੋਗਰਾਮ ਵਿੱਚ ਪੁੱਜੇ ਗਵਰਨਰ ਸਤਿਆਪਾਲ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਤੀ ਵੀ ਮਰ ਜਾਂਦੀ ਹੈ ਤਾਂ ਉਸ ਲਈ ਵੀ ਸਾਡੇ ਆਗੂਆਂ ਦਾ ਸ਼ੋਕ ਸੰਦੇਸ਼ ਆ ਜਾਂਦਾ ਹੈ, ਪਰ 250 ਕਿਸਾਨ ਮਰ ਚੁੱਕੇ ਹਨ, ਹੁਣ ਤਕ ਕੋਈ ਬੋਲਿਆ ਨਹੀਂ। ਇਹ ਸਭ ਮੇਰੀ ਆਤਮਾ ਨੂੰ ਦਰਦ ਦਿੰਦਾ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਕੋਈ ਸਮੱਸਿਆ ਨਹੀਂ ਹੈ। ਬੱਸ ਇਸ ਨੂੰ ਸਮਝਣ ਤੇ ਸੁਲਝਾਉਣ ਦੀ ਲੋੜ ਹੈ। ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਦਾ ਮੁੱਦਾ ਹੈ, ਜੇ ਇਸ ਨੂੰ ਕਾਨੂੰਨੀ ਰੂਪ ਦੇ ਦਿੱਤਾ ਜਾਵੇ ਤਾਂ ਇਹ ਮਾਮਲਾ ਆਸਾਨੀ ਨਾਲ ਹੱਲ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਸੰਵਿਧਾਨਕ ਅਹੁਦੇ ’ਤੇ ਹਾਂ, ਇਸ ਕਰਕੇ ਸਾਲਸ ਬਣ ਕੇ ਕੰਮ ਨਹੀਂ ਕਰ ਸਕਦਾ। ਕਿਸਾਨ ਆਗੂਆਂ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਸਿਰਫ ਸਲਾਹ ਦੇ ਸਕਦਾ ਹਾਂ। ਮੇਰਾ ਸਿਰਫ ਇੰਨਾ ਕੁ ਹੀ ਰੋਲ ਹੈ।
ਉਨ੍ਹਾਂ ਅੱਗੇ ਹੋਰ ਦੱਸਿਆ ਕਿ ਕਿਸਾਨਾਂ ਨੂੰ ਵਾਜਬ ਭਾਅ ਨਾ ਮਿਲਣ ਦਾ ਮੁੱਦਾ ਅੱਜ ਦਾ ਨਹੀਂ, ਇਹ ਅੰਗਰੇਜ਼ਾਂ ਦੇ ਵੇਲਿਆਂ ਤੋਂ ਚੱਲਿਆ ਆ ਰਿਹਾ ਹੈ। ਬ੍ਰਿਟਿਸ਼ ਰਾਜ ਦੌਰਾਨ ਮੰਤਰੀ ਰਹੇ ਸਰ ਛੋਟੂ ਰਾਮ ਤੇ ਵਾਇਸਰਾਇ ਦਾ ਕਿੱਸਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਦੂਜੀ ਸੰਸਾਰ ਜੰਗ ਦੌਰਾਨ ਵਾਇਸਰਾਇ ਛੋਟੂ ਰਾਮ ਨੂੰ ਮਿਲੇ ਤੇ ਉਨ੍ਹਾਂ ਤੋਂ ਅਨਾਜ ਦੀ ਮੰਗ ਕੀਤੀ। ਛੋਟੂ ਰਾਮ ਨੇ ਪੁੱਛਿਆ ਅਨਾਜ ਕਿਸ ਭਾਅ ਉੱਤੇ ਦੇਣਾ ਹੈ, ਇਹ ਮੈਂ ਤੈਅ ਕਰਾਂਗਾ। ਵਾਇਸਰਾਇ ਨੇ ਕਿਹਾ ਅਨਾਜ ਤਾਂ ਮੇਰੇ ਵੱਲੋਂ ਤੈਅ ਭਾਅ ’ਤੇ ਹੀ ਦੇਣਾ ਪਵੇਗਾ, ਨਹੀਂ ਦਿਓਗੇ ਤਾਂ ਫੌਜ ਘੱਲ ਕੇ ਜਬਰੀ ਲੈ ਲਵਾਂਗਾ। ਇਸ ’ਤੇ ਛੋਟੂ ਰਾਮ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਕਹਿ ਦੇਵਾਂਗਾ ਕਿ ਖੜ੍ਹੀ ਫਸਲ ਨੂੰ ਅੱਗ ਲਾ ਦਿਓ, ਪਰ ਵਾਇਸਰਾਇ ਨੂੰ ਘੱਟ ਭਾਅ ’ਤੇ ਹਰਗਿਜ਼ ਨਾ ਦਿਓ।
ਜ਼ਿਕਰਯੋਗ ਹੈ ਕਿ ਰਾਜਪਾਲ ਮਲਿਕ ਇਸ ਤੋਂ ਪਹਿਲਾਂ ਵੀ ਆਪਣੇ ਹਕੀਕਤ ਪਸੰਦਾਨਾ ਬਿਆਨਾਂ ਨੂੰ ਲੈ ਕੇ ਮੀਡੀਆ ਅਤੇ ਬੁੱਧੀਜੀਵੀ ਵਰਗ ਦੇ ਵਿੱਚ ਚਰਚਾਵਾਂ ਵਿੱਚ ਰਹਿ ਚੁੱਕੇ ਹਨ। ਮਲਿਕ ਇਸ ਤੋਂ ਪਹਿਲਾਂ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਦੀ ਗੋਆ ਦੇ ਗਵਰਨਰ ਹੁੰਦਿਆਂ ਇੱਕ ਵੀਡੀਓ ਵਾਇਰਲ ਹੋਈ ਸੀ। ਉਸ ਸਮੇਂ ਉਹ ਕੌਮਾਂਤਰੀ ਭਾਰਤੀ ਫਿਲਮ ਮੇਲੇ ‘ਇਫੀ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਕਿਹਾ ਸੀ ਕਿ “ਹਿੰਦੋਸਤਾਨ ਵਿੱਚ ਸਿਰਫ ਉਹ ਨਹੀਂ ਹੋ ਰਿਹਾ ਹੈ, ਜੋ ਵਿਖਾਇਆ ਜਾ ਰਿਹਾ ਹੈ, ਬਹੁਤ ਕੁਝ ਹੋ ਰਿਹਾ ਹੈ, ਉਹ ਦਿਖ ਨਹੀਂ ਰਿਹਾ। … ਹਿੰਦੋਸਤਾਨ ਵਿੱਚ ਹਾਲੇ ਵੀ ਗੁਰਬਤ ਹੈ, ਬੇਰੁਜ਼ਗਾਰੀ ਹੈ, ਸ਼ਹਿਰਾਂ ਵਿੱਚ ਬੈਗਪੈਕ ਲਟਕਾਈ ਹਜ਼ਾਰਾਂ ਲੜਕੇ ਰੋਜ਼ੀ-ਰੋਟੀ ਦੀ ਭਾਲ ਵਿੱਚ ਭਟਕਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਅਸੀਂ ਕੋਈ ਵਧੀਆ ਨੌਕਰੀ ਦੀ ਗਾਰੰਟੀ ਨਹੀਂ ਦੇ ਸਕਦੇ।”
ਇਸੇ ਵੀਡੀਓ ਵਿੱਚ ਉਨ੍ਹਾਂ ਅੱਗੇ ਕਿਹਾ ਸੀ ਕਿ ਕਿਸਾਨਾਂ ਦੀ ਵੀ ਅਜਿਹੀ ਹੀ ਸਥਿਤੀ ਹੈ, ਜਵਾਨਾਂ ਦੇ ਹਾਲਾਤ ਤਾਂ ਮੈਂ ਵੇਖ ਕੇ ਆਇਆ ਹਾਂ। ਉਨ੍ਹਾਂ ਕਿਹਾ ਸੀ ਕਿ ਇੱਥੇ ਬੈਠ ਕੇ ਭਾਸ਼ਣ ਸਭ ਕਰਦੇ ਹਨ ਕਿ ਅਸੀਂ ਜਵਾਨਾਂ ਲਈ ਇਹ ਹਾਂ, ਅਸੀਂ ਉਹ ਹਾਂ। ਆਪਣੇ ਦੇਸ਼ ਵਿੱਚ ਤਾਂ ਅਜਿਹੇ ਲੋਕ ਹਨ, ਜਿਨ੍ਹਾਂ ਪਾਸ 14-14 ਮੰਜ਼ਿਲਾਂ ਮਕਾਨ ਹਨ। ਇੱਕ ਮੰਜ਼ਿਲ ਵਿੱਚ ਕੁੱਤਾ ਰਹਿੰਦਾ ਹੈ, ਇੱਕ ਵਿੱਚ ਡਰਾਈਵਰ ਰਹਿੰਦੇ ਹਨ ਅਤੇ ਇੱਕ ਵਿੱਚ ਕੋਈ ਹੋਰ, ਪਰ ਇੱਕ ਪੈਸਾ ਵੀ ਚੈਰਿਟੀ ਨਹੀਂ ਕਰਦੇ ਭਾਰਤੀ ਫੌਜ ਲਈ। ਉਸ ਦੌਰਾਨ ਮਲਿਕ ਨੇ ਫੌਜ ਦੇ ਦਰਦ ਨੂੰ ਬਿਆਨ ਕਰਦਿਆਂ ਇਹ ਵੀ ਆਖਿਆ ਸੀ ਕਿ “ਹਿੰਦੋਸਤਾਨ ਦੇ ਫੌਜੀਆਂ ਦੀ ਜਿਸ ਦਿਨ ਅਰਥੀ ਆਉਂਦੀ ਹੈ, ਉਸ ਦਿਨ ਸਾਰਾ ਜ਼ਿਲ੍ਹਾ ਜੁਟ ਜਾਂਦਾ ਹੈ, ਡੀ. ਐੱਮ. ਆ ਜਾਂਦਾ ਹੈ, ਐੱਸ ਐੱਸ ਪੀ. ਆ ਜਾਂਦਾ ਹੈ, ਐੱਮ. ਐੱਲ ਏ. ਆ ਜਾਂਦਾ ਹੈ, ਐੱਮ. ਪੀ. ਆ ਜਾਂਦਾ ਹੈ। ਉਸ ਮੌਕੇ ’ਤੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਵਿੱਚ ਮੇਰੀਆਂ ਕਈ ਰਿਸ਼ਤੇਦਾਰੀਆਂ ਹਨ। ਕੋਈ ਵੀ ਪਿੰਡ ਅਜਿਹਾ ਨਹੀਂ ਹੈ ਜਿਸਦੇ ਦਰਵਾਜੇ ’ਤੇ ਸ਼ਹੀਦ ਦੀ ਮੂਰਤੀ ਨਹੀਂ ਹੈ। ਪਰ ਸ਼ਹੀਦ ਦੇ ਦਾਹ-ਸੰਸਕਾਰ ਪਿੱਛੋਂ ਵਿਧਵਾ ਅਤੇ ਬੱਚਿਆਂ ਨੂੰ ਪੁੱਛਣ ਤਕ ਕੋਈ ਨਹੀਂ ਜਾਂਦਾ।”
ਸੰਸਾਰ ਦੇ ਦੂਜੇ ਦੇਸ਼ਾਂ ਦੇ ਅਮੀਰ ਲੋਕਾਂ ਦਾ ਹਵਾਲਾ ਦਿੰਦਿਆਂ ਗਵਰਨਰ ਮਲਿਕ ਨੇ ਆਖਿਆ ਸੀ ਕਿ “ਦੁਨੀਆਂ ਦੇ ਸਭ ਵੱਡੇ ਲੋਕ, ਚਾਹੇ ਉਹ ਲਾਰਡ ਗਿਲਡ ਹੋਣ, ਮਿਊਜ਼ਿਕ ਦੇ ਲੋਕ ਹੋਣ, ਮਾਈਕ੍ਰੋਸੋਫਟ ਵਾਲੇ ਹੋਣ - ਸਭ ਲੋਕ ਆਪਣੀ ਆਮਦਨੀ ਦਾ ਵੱਡਾ ਹਿੱਸਾ ਚੈਰਿਟੀ ਕਰਦੇ ਹਨ, ਲੇਕਿਨ ਸਾਡੇ ਇੱਥੇ ਦੇ ਜੋ ਅਮੀਰ ਹਨ, ਮੈਂ ਉਨ੍ਹਾਂ ਨੂੰ ਇਨਸਾਨ ਵੀ ਨਹੀਂ ਮੰਨਦਾ … ਮੈਂ ਉਨ੍ਹਾਂ ਨੂੰ ਸੜੇ ਹੋਏ ਆਲੂਆਂ ਦੀ ਬੋਰੀ ਮੰਨਦਾ ਹਾਂ, ਜਿਨ੍ਹਾਂ ਦੀ ਜੇਬ ਵਿੱਚੋਂ ਇੱਕ ਪੈਸਾ ਵੀ ਨਹੀਂ ਨਿਕਲਦਾ। ਮੈਂ ਆਪਣੇ ਫਿਲਮਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਸਮਾਜ ਦੇ ਇਸ ਵਰਗ ਵੱਲ ਵੀ ਥੋੜ੍ਹਾ ਧਿਆਨ ਦੇਣ।”
ਜੇਕਰ ਸਤਿਆਪਾਲ ਮਲਿਕ ਦੇ ਰਾਜਨੀਤਕ ਜੀਵਨ ’ਤੇ ਝਾਤ ਮਾਰੀਏ ਤਾਂ ਆਪ ਬਾਗ਼ਵਤ ਦੇ ਹਿਸਵਾੜਾ ਦੇ ਰਹਿਣ ਵਾਲੇ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਜਾਟ ਭਾਈਚਾਰੇ ਨਾਲ ਸਬੰਧਤ ਰਾਜਪਾਲ ਮਲਿਕ ਲਗਭਗ ਸਾਰੀਆਂ ਮੁੱਖ ਵਿਚਾਰਧਾਰਾ ਵਾਲੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਰਹੇ ਹਨ। ਰਾਮ ਮਨੋਹਰ ਲੋਹੀਆ ਤੋਂ ਪ੍ਰੇਰਿਤ ਦੱਸੇ ਜਾਂਦੇ ਸਤਿਆਪਾਲ ਮਲਿਕ ਨੇ ਦਰਅਸਲ ਮੇਰਠ ਯੂਨੀਵਰਸਿਟੀ ਵਿਖੇ ਇੱਕ ਵਿਦਿਆਰਥੀ ਵਜੋਂ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਉਹ 1974 ਵਿੱਚ ਯੂ.ਪੀ. ਦੇ ਬਾਗਪਤ ਵਿੱਚ ਚਰਨ ਸਿੰਘ ਦੇ ਭਾਰਤੀ ਕ੍ਰਾਂਤੀ ਦਲ ਤੋਂ ਵਿਧਾਇਕ ਚੁਣੇ ਗਏ ਸਨ। ਜਦ ਕਿ 1980 ਤੋਂ 1992 ਤਕ ਆਪ ਰਾਜ ਸਭਾ ਦੇ ਸੰਸਦ ਮੈਂਬਰ ਵੀ ਰਹੇ।
ਸਾਲ 2004 ਵਿੱਚ ਮਲਿਕ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਇਸ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਚੋਣ ਲੜੀ। ਲੇਕਿਨ ਇਸ ਮੌਕੇ ਉਹ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਤੋਂ ਹਾਰ ਗਏ। ਸਾਲ 2018 ਵਿੱਚ, ਸਤਿਆਪਾਲ ਮਲਿਕ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਦਾ ਰਾਜਪਾਲ ਬਣਾਇਆ ਗਿਆ ਸੀ।
ਸਰਕਾਰ ਨੂੰ ਚਾਹੀਦਾ ਹੈ ਕਿ ਰਾਜਪਾਲ ਮਲਿਕ ਦੇ ਬਿਆਨ ਨੂੰ ਗੰਭੀਰਤਾ ਨਾਲ ਲਵੇ ਅਤੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਹੋਰ ਵਧੇਰੇ ਲੰਮੇਰਾ ਨਾ ਹੋਣ ਦੇਵੇ ਸਗੋਂ ਵਕਤ ਰਹਿੰਦਿਆਂ ਜਲਦ ਤੋਂ ਜਲਦ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇ ਤੇ ਪਿਛਲੇ ਚਾਰ ਮਹੀਨਿਆਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਨਸਾਫ ਕਰੇ। ਕਿਸਾਨਾਂ ਅਤੇ ਸਰਕਾਰ ਵਿਚਕਾਰ ਬਣਿਆ ਡੈੱਡਲਾਕ ਜਾਂ ਟਕਰਾ ਕਦਾਚਿਤ ਦੇਸ਼ ਅਤੇ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਹੋਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2653)
(ਸਰੋਕਾਰ ਨਾਲ ਸੰਪਰਕ ਲਈ: