“ਸਾਡੀ ਨਿਆਇਕ ਪ੍ਰਕਿਰਿਆ ਇਸ ਕਦਰ ਨਰਮ ਅਤੇ ਧੀਮੀ ਹੈ ਕਿ ...”
(9 ਦਸੰਬਰ 2019)
ਔਰਤ ਸਦੀਆਂ ਤੋਂ ਇਸ ਮਰਦ ਪ੍ਰਧਾਨ ਸਮਾਜ ਵਿੱਚ ਜ਼ੁਲਮ-ਓ-ਤਸ਼ੱਦਦ ਅਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਇਸ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਫੈਲੇ ਜਿੱਥੇ ਵਹਿਮਾਂ ਭਰਮਾਂ ਅਤੇ ਪਾਖੰਡਾਂ ਖਿਲਾਫ ਆਵਾਜ਼ ਉਠਾਈ ਉੱਥੇ ਹੀ ਉਨ੍ਹਾਂ ਆਪਣੀ ਬਾਣੀ ਵਿੱਚ ਔਰਤਾਂ ਦੇ ਹੱਕਾਂ ਲਈ ਵੀ ਆਵਾਜ਼ ਬੁਲੰਦ ਕੀਤੀ। ਉਹਨਾਂ ਔਰਤ ਨੂੰ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਮੰਨਿਆ ਤੇ ਫਰਮਾਇਆ:
ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ॥
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸ) ਦੇ ਪਾਸ ਇੱਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸਨੇ ਹਜ਼ਰਤ ਮੁਹੰਮਦ (ਸ) ਨੂੰ ਜਿਊਂਦੇ ਜੀਅ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਤੇ ਉਨ੍ਹਾਂ ਦੁਆਰਾ ਦਿੱਤੀਆਂ ਹਦਾਇਤਾਂ ਉੱਤੇ ਅਮਲ ਕੀਤਾ ਹੋਵੇ) ਆਇਆ ਤੇ ਆਪ ਨੂੰ ਪੁੱਛਣ ਲੱਗਾ ਕਿ ਮੈਂਨੂੰ (ਅੱਲਾਹ ਅਤੇ ਰਸੂਲ ਤੋਂ ਬਾਅਦ) ਦੁਨੀਆਂ ਵਿੱਚ ਸਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਜਾਂ ਸਭ ਤੋਂ ਵੱਧ ਮੇਰੇ ਹੁਸਨੇ-ਸਲੂਕ ਦਾ ਹੱਕਦਾਰ ਕੌਣ ਹੈ, ਤਾਂ ਆਪ ਨੇ ਕਿਹਾ ਤੇਰੀ ਮਾਂ। ਤਾਂ ਉਸਨੇ ਫਿਰ ਦੁਬਾਰਾ ਪੁੱਛਿਆ ਕਿ ਉਸ ਤੋਂ ਬਾਅਦ, ਆਪ ਨੇ ਫਿਰ ਫਰਮਾਇਆ ਤੇਰੀ ਮਾਂ। ਉਸਨੇ ਤੀਜੀ ਵਾਰ ਪੁੱਛਿਆ ਤਾਂ ਆਪ ਨੇ ਤੀਜੀ ਵਾਰ ਵੀ ਫਰਮਾਇਆ, ਤੇਰੀ ਮਾਂ। ਜਦ ਉਸਨੇ ਚੌਥੀ ਵਾਰ ਪੁੱਛਿਆ ਕਿ ਉਸ ਤੋਂ ਬਾਅਦ ਤਾਂ ਆਪਨੇ ਫਰਮਾਇਆ ਤੇਰਾ ਬਾਪ। ਕਹਿਣ ਦਾ ਭਾਵ ਇਹ ਹੈ ਕਿ ਔਰਤ ਦੀ ਵਿਸ਼ੇਸ਼ ਰੂਪ ਵਿੱਚ ਜੋ ਕੁਰਬਾਨੀ ਆਪਣੇ ਬੱਚਿਆਂ ਲਈ ਮਾਂ ਦੇ ਰੂਪ ਵਿੱਚ ਹੁੰਦੀ ਹੈ, ਉਸਦਾ ਅਹਿਸਾਨ ਇੱਕ ਬੰਦਾ ਆਪਣੀ ਤਮਾਮ ਉਮਰ ਵੀ ਮਾਂ ਦੀ ਖਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ।
ਇਸੇ ਪਰਕਾਰ ਇੱਕ ਹੋਰ ਮੌਕੇ ਉੱਤੇ ਹਜ਼ਰਤ ਮੁਹੰਮਦ (ਸ) ਨੇ ਆਪਣੇ ਸਹਾਬੀਆਂ ਨੂੰ ਫਰਮਾਇਆ, ਜਿਸਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ਤੇ ਉਸਨੇ ਉਹਨਾਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਤੇ ਉਨ੍ਹਾਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜੰਨਤ ਵਿੱਚ ਮੇਰੇ ਨਾਲ ਇਸ ਪਰਕਾਰ ਹੋਵੇਗਾ ਜਿਵੇਂ ਇਹ ਦੋ ਉਂਗਲਾਂ (ਵਿਕਟਰੀ ਵਾਲੀਆਂ) ਹਨ। ਸਹਾਬੀ ਦਾ ਆਖਣਾ ਹੈ ਕਿ ਜੇਕਰ ਅਸੀਂ ਇੱਕ ਲੜਕੀ ਲਈ ਪੁੱਛਦੇ ਤਾਂ ਯਕੀਨਨ ਹਜ਼ਰਤ ਮੁਹੰਮਦ (ਸ) ਦਾ ਉਕਤ ਉੱਤਰ ਹੀ ਹੋਣਾ ਸੀ।
ਉਪਰੋਕਤ ਵਿਆਖਿਆ ਮਕਸਦ ਇਹ ਹੈ ਕਿ ਜਿਸ ਔਰਤ ਨੂੰ ਸਾਡੇ ਪੀਰ ਪੈਗੰਬਰਾਂ, ਅਵਤਾਰਾਂ, ਰਿਸ਼ੀਆਂ, ਮੁਨੀਆਂ ਨੇ ਇੰਨੀ ਇੱਜ਼ਤ ਦਿੱਤੀ ਸੀ, ਅੱਜ ਉਸੇ ਇੰਨੀ ਔਰਤ ਨੂੰ ਜ਼ਿੱਲਤ ਸਹਿਣੀ ਪੈ ਰਹੀ ਹੈ, ਜਿਸ ਦੀ ਉਦਾਹਰਣ ਸ਼ਾਇਦ ਉਸ ਦੌਰ ਵਿੱਚੋਂ ਵੀ ਨਹੀਂ ਮਿਲਦੀ, ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ।
ਤਾਜ਼ਾ ਘਟਨਾਵਾਂ ਉਨਾਓ ਅਤੇ ਹੈਦਰਾਬਾਦ ਦੇ ਗੈਂਗ ਰੇਪ ਅਤੇ ਹੱਤਿਆ ਮਾਮਲੇ ਦੀਆਂ ਹਨ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਹੈਦਰਾਬਾਦ ਮਾਮਲੇ ਵਿੱਚ ਲੜਕੀ ਡਾਕਟਰ ਨੂੰ ਜਿਸ ਤਰ੍ਹਾਂ ਨਾਲ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਗਿਆ, ਉਸ ਨਾਲ ਲੜਕੀਆਂ ਦੇ ਸਕੇ ਸੰਬੰਧੀਆਂ ਦੇ ਨਾਲ ਨਾਲ ਆਮ ਲੋਕਾਂ ਦੇ ਜਜ਼ਬਾਤ ਵੀ ਵਲੂੰਧਰ ਕੇ ਰੱਖ ਦਿੱਤੇ। ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਬਲਾਤਕਾਰ ਤੋਂ ਬਾਅਦ ਇੱਕ ਵੈਟਰਨਰੀ ਡਾਕਟਰ ਦੀ ਬੀਤੇ ਦਿਨੀਂ ਬੇਹੱਦ ਨਿਰਦਈਪੁਣੇ ਨਾਲ ਹੱਤਿਆ ਕਰਨ ਉਪਰੰਤ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ ਸੀ। ਉਕਤ ਬਲਾਤਕਾਰ ਤੇ ਹੱਤਿਆ ਦੀ ਸ਼ਿਕਾਰ ਹੋਈ 27 ਸਾਲਾ ਵੇਟਰਨਟੀ ਡਾਕਟਰ ਦੀ ਹੱਤਿਆ ਦਾ ਮਾਮਲਾ ਜਿਵੇਂ ਹੀ ਦੇਸ਼ ਦੇ ਲੋਕਾਂ ਸਾਹਮਣੇ ਆਇਆ ਤਾਂ ਮੰਨੋ ਪੂਰੇ ਦੇਸ਼ ਇਸ ਦਰਦਨਾਕ ਹਾਦਸੇ ਨੂੰ ਲੈ ਕੇ ਇੱਕ ਕੌਹਰਾਮ ਮਚ ਗਿਆ ਸੀ। ਤੇ ਦੇਸ਼ ਵਿੱਚ ਇੱਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵਾਦ-ਵਿਵਾਦ ਛਿੜ ਗਿਆ। ਇਹ ਕਿ ਹਾਲੇ ਹੈਦਰਾਬਾਦ ਵਾਲੀ ਡਾਕਟਰ ਦਾ ਮਾਮਲਾ ਸੁਰਖੀਆਂ ਵਿੱਚ ਹੀ ਹੈ ਕਿ ਉਨਾਓ ਵਿੱਚ ਇੱਕ ਬਲਾਤਕਾਰ ਦੀ ਪੀੜਤਾਂ ਨੂੰ ਜ਼ਮਾਨਤ ’ਤੇ ਆਏ ਮੁਲਜ਼ਮਾਂ ਨੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਤੇ ਉਕਤ ਪੀੜਤਾਂ ਜੋ ਲਗਭਗ 85 % ਝੁਲਸ ਚੁੱਕੀ ਸੀ ਨੂੰ ਦਿੱਲੀ ਵਿਖੇ ਇਲਾਜ ਲਈ ਲਿਆਂਦਾ ਗਿਆ ਪਰ ਜੀਵਨ ਅਤੇ ਮੌਤ ਦੀ ਜੰਗ ਵਿੱਚ ਅਖੀਰ ਉਹ ਜੀਵਨ ਦੀ ਜੰਗ ਹਾਰ ਗਈ ਤੇ ਮੌਤ ਦੀ ਆਗੋਸ਼ ਵਿੱਚ ਜਾ ਪਈ।
ਹੈਦਰਾਬਾਦ ਦੀ ਘਟਨਾ ਦੇ ਕੁਝ ਅਰਸੇ ਬਾਅਦ ਤੇਲੰਗਾਨਾ ਪੁਲਸ ਨੇ ਉਕਤ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਚਾਰ ਯੁਵਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਅਦਾਲਤ ਨੇ ਇਨ੍ਹਾਂ ਨੂੰ 9 ਦਸੰਬਰ ਤੱਕ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਸੀ। ਪ੍ਰੰਤੂ 6 ਦਸੰਬਰ ਦਿਨ ਸ਼ੁੱਕਰਵਾਰ ਦੀ ਸਵੇਰ ਨੂੰ ਤੇਲੰਗਾਨਾ ਪੁਲਸ ਦੇ ਦਾਅਵੇ ਅਨੁਸਾਰ ਡਾਕਟਰ ਕੁੜੀ ਦੀ ਹੱਤਿਆ ਵਾਲੀ ਥਾਂ ’ਤੇ ਉਕਤ ਚਾਰੋਂ ਗ੍ਰਿਫਤਾਰ ਮੁਲਜ਼ਮ ਨੌਜਵਾਨਾਂ ਨੂੰ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਐਨਕਾਊਂਟਰ ਕਰਦਿਆਂ ਮੌਕੇ ’ਤੇ ਹੀ ਮਾਰ ਮੁਕਾਇਆ ਗਿਆ। ਇਸਦੇ ਵਿਵਰਣ ਵਿੱਚ ਸਾਇਬਰਾਬਾਦ ਪੁਲਿਸ ਕਮਿਸ਼ਨਰ ਵੀ ਸੀ ਸੱਜਨਾਰ ਨੇ ਦੱਸਿਆ ਕਿ ਇਹ ਐਨਕਾਊਂਟਰ ਕਿਵੇਂ ਅਤੇ ਕਿਉਂ ਕੀਤਾ ਗਿਆ ਸੀ। ਉਨ੍ਹਾਂ ਪ੍ਰੈੱਸ ਦੇ ਸਾਹਮਣੇ ਖੁਲਾਸਾ ਕਰਦਿਆਂ ਕਿਹਾ ਕਿ ਉਕਤ ਘਟਨਾ ਸਵੇਰੇ 5:45 ਤੋਂ 6:15 ਵਿਚਕਾਰ ਹੋਈ। ਸਭ ਤੋਂ ਪਹਿਲਾਂ ਤਾਂ ਇੱਕ ਮੁਲਜ਼ਮ ਨੇ ਹਮਲਾ ਕੀਤਾ ਇਸ ਤੋਂ ਬਾਅਦ ਦੂਜੇ ਮੁਲਜ਼ਮਾਂ ਨੇ ਵੀ ਹਮਲਾ ਕੀਤਾ। ਅਸੀਂ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਉੱਤੇ ਲੈ ਕੇ ਆਏ ਸੀ, ਉੱਥੇ ਮੁਲਜ਼ਮਾਂ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ ਹੈ। ਸਾਡੇ ਦਸ ਪੁਲਿਸ ਮੁਲਾਜ਼ਮ ਮੌਕੇ ਉੱਤੇ ਮੌਜੂਦ ਸਨ।
ਚਾਰੇ ਮੁਲਜ਼ਮਾਂ ਨੇ ਲੱਕੜ ਅਤੇ ਪੱਥਰ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਸਾਡੇ ਦੋ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਖੋਹ ਲਏ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਡੀ ਚਿਤਾਵਣੀ ਤੋਂ ਬਾਅਦ ਵੀ ਉਹ ਰੁਕੇ ਨਹੀਂ। ਜਵਾਬੀ ਕਾਰਵਾਈ ਵਿੱਚ ਚਾਰਾਂ ਦੀ ਮੌਤ ਹੋ ਗਈ। ਸਾਡੇ ਦੋ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। - ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਕਾਨੂੰਨ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ।
ਉੱਧਰ ਐਨਕਾਊਂਟਰ ਦੀ ਖਬਰ ਨਸ਼ਰ ਹੁੰਦੇ ਹੀ ਹੈਦਰਾਬਾਦ ਸਮੇਤ ਪੂਰੇ ਦੇਸ਼ ਦੇ ਲੋਕਾਂ, ਵਿਸ਼ੇਸ਼ ਤੌਰ ਉੱਤੇ ਔਰਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ। ਇੱਥੋਂ ਤਕ ਕਿ ਉਕਤ ਪੁਲਸ ਵਾਲਿਆਂ ਉੱਤੇ ਲੋਕ ਫੁੱਲਾਂ ਦੀ ਵਰਖਾ ਕਰਦੇ ਵੀ ਦਿਖਾਈ ਦਿੱਤੇ ਤੇ ਔਰਤਾਂ ਉਤਸ਼ਾਹ ਨਾਲ ਪੁਲਿਸ ਵਾਲਿਆਂ ਨਾਲ ਹੱਥ ਮਿਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਅਤੇ ਵਧਾਈਆਂ ਦਿੰਦੀਆਂ ਵੇਖੀਆਂ ਗਈਆਂ। ਪਰ ਦੂਜੇ ਪਾਸੇ ਕੁਝ ਲੋਕਾਂ ਨੇ ਇਸ ਨੂੰ ਝੂਠਾ ਅਤੇ ਮੰਦਭਾਗਾ ਵੀ ਕਰਾਰ ਦਿੱਤਾ।
ਐਨਕਾਊਂਟਰ ਮਾਮਲੇ ਵਿੱਚ ਤੇਲੰਗਾਨਾ ਹਾਈ ਕੋਰਟ ਨੇ ਫੌਰਨ ਦਖਲ ਦਿੰਦਿਆਂ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਚਾਰੇ ਮੁਲਜ਼ਮਾਂ ਦੀਆਂ ਲਾਸ਼ਾਂ 9 ਦਸੰਬਰ ਰਾਤ 8 ਵਜੇ ਤੱਕ ਸਾਂਭ ਕੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਵੀ ਕੋਰਟ ਵਿੱਚ ਜਮ੍ਹਾਂ ਕਰਵਾਈ ਜਾਵੇ।
ਉੱਧਰ ਇਸ ਮਾਮਲੇ ਉੱਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਹੈ ਕਿ ਨਿਆਂ ਕਦੇ ਵੀ ਤੁਰੰਤ ਨਹੀਂ ਹੋ ਸਕਦਾ। ਜੇਕਰ ਇਹ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ ਤਾਂ ਨਿਆਂ ਕਦੇ ਵੀ ਨਿਆਂ ਨਹੀਂ ਹੋ ਸਕਦਾ ਹੈ। ਬਦਲੇ ਦੀ ਭਾਵਨਾ ਨਾਲ ਨਿਆਂ ਆਪਣਾ ਮੂਲ ਰੂਪ ਗੁਆ ਦਿੰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਸਵੀਕਾਰ ਕੀਤਾ ਕਿ ਦੇਸ਼ ਵਿੱਚ ਹਾਲ ਦੀਆਂ ਘਟਨਾਵਾਂ ਨੇ ਨਵੇਂ ਜੋਸ਼ ਨਾਲ ਇੱਕ ਪੁਰਾਣੀ ਬਹਿਸ ਮੁੜ ਛੇੜ ਦਿੱਤੀ ਹੈ, ਜਿੱਥੇ ਕੋਈ ਸ਼ੱਕ ਨਹੀਂ ਕਿ ਅਪਰਾਧਕ ਨਿਆਂ ਪ੍ਰਣਾਲੀ ਨੂੰ ਆਪਣੀ ਸਥਿਤੀ ਅਤੇ ਰਵੱਈਏ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਮਾਮਲੇ ਨੂੰ ਨਿਪਟਾਉਣ ਲਈ ਕਿੰਨਾ ਸਮਾਂ ਲੈਂਦਾ ਹੈ ਪਰ ਮੈਂਨੂੰ ਨਹੀਂ ਲੱਗਦਾ ਕਿ ਨਿਆਂ ਤੁਰੰਤ ਹੋ ਸਕਦਾ ਹੈ, ਜਾਂ ਹੋਣਾ ਚਾਹੀਦਾ ਹੈ ਅਤੇ ਨਿਆਂ ਨੂੰ ਕਦੇ ਵੀ ਬਦਲੇ ਦਾ ਰੂਪ ਨਹੀਂ ਧਾਰਨਾ ਚਾਹੀਦਾ।
ਜਦੋਂ ਕਿ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਕਾਟਜੂ ਨੇ ਉਕਤ ਐਨਕਾਊਂਟਰ ਦੇ ਸੰਦਰਭ ਵਿੱਚ ਆਪਣਾ ਇੱਕ ਟਵੀਟ ਕਰਦਿਆਂ ਲਿਖਦਿਆਂ, “ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਏ ਐਨ ਮੁੱਲਾ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਸੀ ਕਿ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਸਾਰੇ ਦੇਸ਼ ਵਿੱਚ ਇੱਕ ਵੀ ਅਜਿਹੀ ਗੈਰ-ਕਾਨੂੰਨੀ ਜਥੇਬੰਦੀ ਜਾਂ ਗਰੁੱਪ ਨਹੀਂ ਜਿਸ ਨੇ ਭਾਰਤੀ ਪੁਲਿਸ ਵਜੋਂ ਜਾਣੇ ਜਾਂਦੇ ਅਪਰਾਧੀਆਂ ਦੇ ਸੰਗਠਿਤ ਗੈਂਗ ਜਿੰਨੇ ਅਪਰਾਧ ਕੀਤੇ ਹੋਣ?” ਕਾਟਜੂ ਨੇ ਪੁਲਸ ਅਧਿਕਾਰੀਆਂ ਉੱਤੇ ਵਰਦਿਆਂ ਹੋਇਆਂ ਇਹ ਵੀ ਕਿਹਾ ਕਿ ਇਹ ਹੱਤਿਆਵਾਂ ਸਪਸ਼ਟ ਤੌਰ ਉੱਤੇ ਝੂਠੇ ਮੁਕਾਬਲਿਆਂ ਦਾ ਨਤੀਜਾ ਹਨ।”
ਐਨਕਾਊਂਟਰ ਦੇ ਸੰਬੰਧੀ ਵੱਖ ਵੱਖ ਰਾਜਨੀਤਕ ਅਤੇ ਸਮਾਜਿਕ ਸ਼ਖਸੀਅਤਾਂ ਦੇ ਵੱਖ ਵੱਖ ਆਪਾ ਵਿਰੋਧੀ ਬਿਆਨ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਘਟਨਾਕ੍ਰਮ ’ਤੇ ਲੋਕ ਸਭਾ ਮੈਂਬਰ ਮੇਨਕਾ ਗਾਂਧੀ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ “ਜੋ ਵੀ ਹੋਇਆ ਹੈ ਬਹੁਤ ਭਿਆਨਕ ਹੋਇਆ ਹੈ ਇਸ ਦੇਸ਼ ਵਿੱਚ, ਕਿਉਂਕਿ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ। ਕਾਨੂੰਨ ਵਿੱਚ ਉਂਝ ਵੀ ਉਨ੍ਹਾਂ ਨੂੰ ਫਾਂਸੀ ਹੀ ਮਿਲਦੀ।” ਮੇਨਕਾ ਗਾਂਧੀ ਨੇ ਅੱਗੇ ਕਿਹਾ ਕਿ “ਜੇ ਉਨ੍ਹਾਂ ਤੋਂ ਪਹਿਲਾਂ ਹੀ ਤੁਸੀਂ ਉਨ੍ਹਾਂ ਨੂੰ ਬੰਦੂਕਾਂ ਨਾਲ ਮਾਰ ਦਿਉਗੇ ਤਾਂ ਫਾਇਦਾ ਕੀ ਹੈ ਅਦਾਲਤ ਦਾ, ਪੁਲਿਸ ਦਾ, ਕਾਨੂੰਨ ਦਾ। ਫਿਰ ਤਾਂ ਤੁਸੀਂ ਬੰਦੂਕ ਚੁੱਕੋ ਤੇ ਜਿਸ ਨੂੰ ਵੀ ਮਾਰਨਾ ਹੈ, ਮਾਰੋ।”
ਮਹਾਰਾਸ਼ਟਰ ਦੇ ਅਮਰਾਵਤੀ ਤੋਂ ਅਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਉਕਤ ਐਨਕਾਊਂਟਰ ਦਾ ਸਵਾਗਤ ਕਰਦਿਆਂ ਕਿਹਾ ਕਿ, “ਇੱਕ ਮਾਂ, ਇੱਕ ਧੀ ਤੇ ਪਤਨੀ ਹੋਣ ਦੇ ਨਾਤੇ ਮੈਂ ਇਸਦਾ ਸਵਾਗਤ ਕਰਦੀ ਹਾਂ, ਨਹੀਂ ਤਾਂ ਉਹ ਸਾਲਾਂ ਬੱਧੀ ਜੇਲ ਵਿੱਚ ਪਏ ਰਹਿੰਦੇ?” ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ “ਨਿਰਭਿਆ ਦਾ ਨਾਮ ਵੀ ਨਿਰਭਿਆ ਨਹੀਂ ਸੀ, ਲੋਕਾਂ ਨੇ ਦਿੱਤਾ ਸੀ। ਮੈਂਨੂੰ ਲਗਦਾ ਹੈ ਕਿ ਉਸ ਨੂੰ ਨਾਮ ਦੇਣ ਨਾਲੋਂ ਇਨ੍ਹਾਂ ਨੂੰ ਅਜਿਹਾ ਅੰਜਾਮ ਦੇਣਾ ਜ਼ਰੂਰੀ ਹੈ?”
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਨਕਾਊਂਟਰ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ “ਹਾਲ ਹੀ ਵਿੱਚ ਸਾਹਮਣੇ ਆਏ ਰੇਪ ਦੇ ਮਾਮਲਿਆਂ ਕਾਰਨ ਉਹ ਭਾਵੇਂ ਉਨਾਓ ਦਾ ਹੋਵੇ ਜਾਂ ਹੈਦਰਾਬਾਦ ਦਾ, ਲੋਕਾਂ ਵਿੱਚ ਗੁੱਸਾ ਹੈ। ਇਸ ਲਈ ਲੋਕ ਮੁਕਾਬਲੇ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ।” ਉਨ੍ਹਾਂ ਨਾਲ ਹੀ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹੋਏ ਕਿਹਾ ਕਿ “ਇਹ ਚਿੰਤਾ ਦਾ ਵੀ ਵਿਸ਼ਾ ਹੈ ਕਿ ਕਿਵੇਂ ਲੋਕਾਂ ਦਾ ਨਿਆਂ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਹੈ। ਸਾਰੀਆਂ ਸਰਕਾਰਾਂ ਨੂੰ ਇਕੱਠੇ ਹੋ ਕੇ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਹੋਵੇਗਾ।”
ਕੌਮੀ ਮਹਿਲਾ ਆਯੋਗ ਦੀ ਚੇਅਰਪਰਸਨ ਰੇਖਾ ਸ਼ਰਮਾ ਦਾ ਕਹਿਣਾ ਸੀ ਕਿ “ਇੱਕ ਨਾਗਰਿਕ ਵਜੋਂ ਮੈਂ ਖ਼ੁਸ ਹਾਂ। ਅਸੀਂ ਸਾਰੇ ਉਨ੍ਹਾਂ ਲਈ ਅਜਿਹੇ ਹੀ ਅੰਤ ਦੀ ਮੰਗ ਕਰ ਰਹੇ ਸੀ। ਪਰ ਇਹ ਕਾਨੂੰਨੀ ਪ੍ਰਕਿਰਿਆ ਰਾਹੀਂ ਹੋਣਾ ਚਾਹੀਦਾ ਸੀ। ਇਹ ਯੋਗ ਪ੍ਰਣਾਲੀ ਰਾਹੀਂ ਹੋ ਸਕਦਾ ਸੀ।”
ਪ੍ਰਸਿੱਧ ਪੱਤਰਕਾਰ ਨਿਧੀ ਰਾਜਦਾਨ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ “ਪੁਲਿਸ ਮੁਕਾਬਲਿਆਂ ਦਾ ਇਸ ਤਰ੍ਹਾਂ ਸਾਧਰਨੀਕਰਣ ਨਹੀਂ ਕੀਤਾ ਜਾਣਾ ਚਾਹੀਦਾ। ਸਾਡੀਆਂ ਅਦਾਲਤਾਂ ਅਤੇ ਕਾਨੂੰਨ ਪ੍ਰਣਾਲੀ ਕਿਸ ਕੰਮ ਲਈ ਬਣਾਈਆਂ ਗਈਆਂ ਹਨ।”
ਐਨਕਾਊਂਟਰ ਦੇ ਸੰਦਰਭ ਵਿੱਚ ਇੱਕ 1993 ਦੇ ਮੁੰਬਈ ਬੰਬ ਧਮਾਕਿਆ ਅਤੇ 26/11 ਦੇ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਵਾਲੇ ਵਕੀਲ ਉੱਜਵਲ ਨਿਕਮ ਹੁਰਾਂ ਨੇ ਕਿਹਾ ਕਿ “ਇੱਕ ਆਮ ਸ਼ਹਿਰੀ ਵਾਂਗ ਭਾਵੇਂ ਮੈਂ ਇਸ ਗੱਲ ਦਾ ਸਵਾਗਤ ਕਰਦਾ ਹਾਂ ਕਿ ਘਿਨਾਉਣਾ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲ ਗਈ ਪਰ ਇੱਕ ਕਾਨੂੰਨ ਦੇ ਵਿਦਿਆਰਥੀ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਜੇਕਰ ਇਸ ਪ੍ਰਕਾਰ ਅਸੀਂ ਖੁਸ਼ੀਆਂ ਮਨਾਉਣ ਲੱਗੇ ਤਾਂ ਸ਼ਾਇਦ ਆਮ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠ ਜਾਵੇਗਾ। ਸਜ਼ਾ ਦੇਣ ਦਾ ਹੱਕ ਅਦਾਲਤ ਨੂੰ ਹੈ।” ਉਨ੍ਹਾਂ ਪੁਲਿਸ ਦੀ ਕਾਰਜਸ਼ੈਲੀ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹੋਏ ਕਿਹਾ ਕਿ “ਇਹ ਠੀਕ ਹੈ ਕਿ ਪੁਲਿਸ ਜਾਂ ਕਿਸੇ ਵਿਅਕਤੀ ਨੂੰ ਆਤਮ ਰੱਖਿਆ ਲਈ ਕਿਸੇ ਨੂੰ ਮਾਰਨ ਦਾ ਹੱਕ ਹੈ ਪਰ ਇਹ ਅਧਿਕਾਰ ਸੀਮਤ ਹੈ। ਜਿਵੇਂ ਹੈਦਰਾਬਾਦ ਪੁਲਿਸ ਨੇ ਕਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਵਾਰਦਾਤ ਵਾਲੀ ਥਾਂ ਉੱਤੇ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਲਈ ਲੈ ਗਏ ਸਨ ਅਤੇ ਉਨ੍ਹਾਂ ਦੀ ਪਿਸਟਲ ਖੋਹ ਕੇ ਹੀ ਮੁਲਜ਼ਮਾਂ ਨੇ ਫਾਇਰਿੰਗ ਕੀਤੀ, ਇਸ ਉੱਤੇ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਤਿਆਰੀ ਨਾਲ ਉੱਥੇ ਨਹੀਂ ਗਈ ਸੀ?” ਉਨ੍ਹਾਂ ਅੱਗੇ ਹੋਰ ਵੀ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ “ਮੇਰਾ ਡਰ ਸਿਰਫ ਇਹ ਹੈ ਕਿ ਜੇਕਰ ਲੋਕ ਇਹ ਚਾਹੁਣ ਲੱਗੇ ਪਏ ਕਿ ਸਾਰੇ ਮੁਲਜ਼ਮਾਂ ਨਾਲ ਇਵੇਂ ਹੀ ਕੀਤਾ ਜਾਵੇ ਤੇ ਇੰਝ ਇਨਸਾਫ ਦਿੱਤਾ ਜਾਵੇ ਤਾਂ ਲੋਕਾਂ ਦਾ ਨਿਆਂ ਤੋਂ ਭਰੋਸਾ ਉੱਠ ਜਾਵੇਗਾ।”
ਉਕਤ ਐਨਕਾਊਂਟਰ ਦੇ ਸੰਦਰਭ ਇਹੋ ਕਹਿਣਾ ਹੈ ਕਿ ਜੇਕਰ ਝੂਠਾ ਹੈ ਤਾਂ ਇਹ ਅਜੋਕੇ ਸਮੇਂ ਦੀ ਇੱਕ ਵੱਡੀ ਤ੍ਰਾਸਦੀ ਹੈ ਪਰ ਜਿਸ ਤਰ੍ਹਾਂ ਨਾਲ ਆਮ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤਾਂ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਜਨਤਾ ਅਜਿਹੇ ਮਾਮਲਿਆਂ ਵਿੱਚ ਜਲਦੀ ਹੀ ਇਨਸਾਫ ਚਾਹੁੰਦੀ ਹੈ ਪਰ ਸਾਡੀ ਨਿਆਇਕ ਪ੍ਰਕਿਰਿਆ ਇਸ ਕਦਰ ਨਰਮ ਅਤੇ ਧੀਮੀ ਹੈ ਕਿ ਇੱਕ ਬਲਾਤਕਾਰੀ ਨੂੰ ਉਸ ਦੇ ਅੰਜਾਮ ਤੱਕ ਪਹੁੰਚਾਉਣ ਲਈ ਅਕਸਰ ਕਈ ਕਈ ਦਹਾਕੇ ਬੀਤ ਜਾਂਦੇ ਹਨ ਤੇ ਇਸ ਸਮੇਂ ਦੌਰਾਨ ਪੀੜਤਾ ਉੱਤੇ ਕੀ ਬੀਤਦੀ ਹੈ ਜਦੋਂ ਉਸ ਨੂੰ ਇਨਸਾਫ ਲਈ ਦਰ-ਦਰ ਭਟਕਣਾ ਪੈਂਦਾ ਹੈ ਤੇ ਅਦਾਲਤਾਂ ਦੀ ਪੇਚੀਦਾ ਅਤੇ ਥਕਾ ਦੇਣ ਵਾਲੀ ਕਾਰਵਾਈ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਉਹ ਆਪਣੇ ਆਪ ਨੂੰ ਵਾਰ ਵਾਰ ਜ਼ਲੀਲ ਹੁੰਦਾ ਅਨੁਭਵ ਕਰਦੀ ਹੈ ਤੇ ਯਕੀਨਨ ਇਸ ਦੌਰਾਨ ਪੀੜਤਾਂ ਦਾ ਅਸਤਿਤਵ ਕਿਸ ਕਦਰ ਅੰਦਰੋਂ ਛਲਣੀ ਹੋ ਜਾਂਦਾ ਹੈ।
ਮੌਜੂਦਾ ਦੌਰ ਵਿੱਚ ਔਰਤ ਦੀ ਜੋ ਹਾਲਤ ਹੈ ਉਸ ਦਾ ਨਕਸ਼ਾ ਸਾਹਿਰ ਨੇ ਆਪਣੀ ਨਜ਼ਮ ਵਿੱਚ ਇਨ੍ਹਾਂ ਸ਼ਬਦਾਂ ਵਿੱਚ ਪੇਸ਼ ਕੀਤਾ ਹੈ:
ਲੋਗ ਔਰਤ ਕੋ ਫਕਤ ਜਿਸਮ ਸਮਝ ਲੇਤੇ ਹੈਂ,
ਰੂਹ ਭੀ ਹੋਤੀ ਹੈ ਇਸ ਮੇਂ ਯੇ ਕਹਾਂ ਸੋਚਤੇ ਹੈਂ।
ਕਿਤਨੀ ਸਦੀਓਂ ਸੇ ਯੇ ਵਹਿਸ਼ਤ ਕਾ ਚਲਨ ਜਾਰੀ ਹੈ,
ਕਿਤਨੀ ਸਦੀਓਂ ਸੇ ਕਾਇਮ ਹੈ ਯੇ ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ ਕੋ ਨਗ਼ਮਾ ਸਮਝੇਂ,
ਵੋਹ ਕਬੀਲੋਂ ਕਾ ਜ਼ਮਾਨਾ ਹੋ ਕਿ ਸ਼ਹਿਰੋਂ ਕਾ ਰਿਵਾਜ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1839)
(ਸਰੋਕਾਰ ਨਾਲ ਸੰਪਰਕ ਲਈ: