MohdAbbasDhaliwal7ਗੁਆਂਢੀ ਦੇਸ਼ਾਂ ਵਿੱਚ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਭਾਰਤ ਨਾਲੋਂ ਬਿਹਤਰ ...
(3 ਨਵੰਬਰ 2019)

 

ਪ੍ਰਸਿੱਧ ਸ਼ਾਇਰ ਨਜ਼ੀਰ ਅਕਬਰ ਆਬਾਦੀ ਨੇ ਭੁੱਖੇ ਇਨਸਾਨ ਦੀ ਹਾਲਤ ਦਾ ਨਕਸ਼ਾ ਆਪਣੀ ਨਜ਼ਮ ‘ਰੋਟੀਆਂ’ ਵਿੱਚ ਕੁਝ ਇਸ ਤਰ੍ਹਾਂ ਖਿੱਚਿਆ ਸੀ ਕਿ :

ਰੋਟੀ ਨਾ ਪੇਟ ਮੇਂ ਹੋ ਤੋ ਫਿਰ ਕੁੱਛ ਜਤਨ ਨਾ ਹੋ
ਮੇਲੇ ਕੀ ਸੈਰ ਖਾਹਿਸ਼-ਏ-ਬਾਗ-ਓ-ਚਮਨ ਨਾ ਹੋ
ਭੂਖੇ ਗਰੀਬ ਦਿਲ ਕੀ ਖੁਦਾ ਸੇ ਲਗਨ ਨਾ ਹੋ
ਸੱਚ ਹੈ ਕਹਾ ਕਿਸੀ ਨੇ ਕਿ ਭੂਖੇ ਭਜਨ ਨਾ ਹੋ

ਅੱਲ੍ਹਾ ਕੀ ਭੀ ਯਾਦ ਦਿਲਾਤੀ ਹੈਂ ਰੋਟੀਆਂ!!

ਬੇਸ਼ੱਕ ਕਿਸਾਨਾਂ ਨੇ ਆਪਣੀ ਮਿਹਨਤ ਸਦਕਾ ਮੁਲਕ ਵਿੱਚ ਕਈ ਦਹਾਕੇ ਪਹਿਲਾਂ ਹਰੀ ਕ੍ਰਾਂਤੀ ਲਿਆਂਦੀ ਤੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਹੈ ਤੇ ਅੱਜ ਦੇਸ਼ ਦੇ ਭੰਡਾਰ ਅਨਾਜ ਨਾਲ ਭਰਪੂਰ ਹਨ ਪਰ ਤ੍ਰਾਸਦੀ ਇਹ ਹੈ ਕਿ ਜਿਸ ਕਿਸਾਨ ਨੇ ਦੇਸ਼ ਅੰਦਰ ਹਰੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਯੋਗਦਾਨ ਪਾਇਆ, ਉਹੋ ਕਿਸਾਨ ਕਾਸ਼ਤਕਾਰੀ ਦੇ ਪੇਸ਼ੇ ਵਿੱਚ ਅਤੇ ਹੋਰ ਰੋਜਾਨਾ ਜੀਵਨ ਵਿੱਚ ਆਉਣ ਵਾਲੀਆਂ ਵੱਖ ਵੱਖ ਪ੍ਰੇਸ਼ਾਨੀਆਂ ਦੇ ਚੱਲਦਿਆਂ ਅੱਜ ਖੁਦਕੁਸ਼ੀਆ ਕਰਨ ਲਈ ਮਜਬੂਰ ਹੈ

ਦੁਖਾਂਤ ਇਹ ਹੈ ਕਿ ਅੱਜ ਸਾਡੀ ਸੋਚ ਕੁਝ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਸਾਡੇ ਭੰਡਾਰਾਂ ਵਿੱਚ ਪਿਆ ਅਨਾਜ ਗਲਦਾ ਗਲ ਜਾਵੇ ਤੇ ਭਾਵੇਂ ਚੂਹਿਆਂ ਦੀ ਭੇਂਟ ਚੜ੍ਹਦਾ ਚੜ੍ਹ ਜਾਏ, ਪਰ ਉਹ ਕਿਸੇ ਗਰੀਬ ਦੇ ਮੂੰਹ ਵਿੱਚ ਪੈ ਜਾਵੇ, ਇਹ ਸਾਨੂੰ ਕਦਾਚਿਤ ਗਵਾਰਾ ਨਹੀਂ ਹੈਅੱਜ ਅਸੀਂ ਅਕਸਰ ਵਿਆਹਾਂ ਵਿੱਚ ਵੇਖਦੇ ਹਾਂ ਕਿ ਲੋਕ ਆਪਣੀ ਫੋਕੀ ਸ਼ੋਹਰਤ ਨੂੰ ਬਰਕਰਾਰ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਵਿਆਹ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕ ਉਨ੍ਹਾਂ ਦੀ ਤਾਅਰੀਫ ਕਰਨ ਪਰ ਸੱਚ ਤਾਂ ਇਹ ਹੈ ਕਿ ਅਜਿਹੇ ਵਿਆਹਾਂ ਵਿੱਚ ਜਿੰਨੀ ਖਾਣੇ ਦੀ ਬਰਬਾਦੀ ਹੁੰਦੀ ਹੈ, ਉਸਦਾ ਕੋਈ ਹਿਸਾਬ ਨਹੀਂ।

ਸੱਚਮੁੱਚ ਇਹ ਅੱਜ ਦੀ ਇੱਕ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਜਿਸ ਮੁਲਕ ਦੇ ਭੰਡਾਰ ਅਨਾਜ ਨਾਲ ਭਰਪੂਰ ਹੋਣ ਤੇ ਉਸ ਦੇਸ਼ ਦੇ ਬੱਚੇ ਫਿਰ ਵੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹੋਣ ਤਾਂ ਯਕੀਨਨ ਇਹ ਸਮੁੱਚੇ ਦੇਸ਼ ਦੀ ਲੀਡਰਸ਼ਿੱਪ ਲਈ ਤੇ ਅਵਾਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ

ਗਲੋਬਲ ਹੰਗਰ ਇੰਡੈਕਸ ਦੁਆਰਾ ਜਾਰੀ ਤਾਜ਼ਾ ਰਿਪੋਰਟ ਵਿੱਚ ਦੇਸ਼ ਦੀ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ ਉਸ ਨੂੰ ਵੇਖ ਕੇ ਜਿੱਥੇ ਇੱਕ ਸੱਚੇ ਭਾਰਤੀ ਦੀਆਂ ਅੱਖਾਂ ਟੱਢੀਆਂ ਰਹਿ ਜਾਂਦੀਆਂ ਹਨ, ਉੱਥੇ ਹੀ ਉਸ ਨੂੰ ਬੇਤਹਾਸ਼ਾ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਗਲੋਬਲ ਹੰਗਰ ਇੰਡੈਕਸ ਦਾ ਅਰਥ ਉਨ੍ਹਾਂ ਦੇਸ਼ਾਂ ਤੋਂ ਹੈ, ਜਿੱਥੇ ਬੱਚੇ ਪੇਟ ਭਰਕੇ ਖਾਣਾ ਨਹੀਂ ਖਾ ਪਾਉਂਦੇਗਲੋਬਲ ਇੰਡੈਕਸ ਦੀ ਸ਼ੁਰੂਆਤ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਨੇ ‘ਗਲੋਬਲ ਹੰਗਰ ਇੰਡੈਕਸ’ ਦੀ ਸ਼ੁਰੂਆਤ 2006 ਵਿੱਚ ਕੀਤੀ ਸੀ। ਵੇਲਟ ਹੰਗਰਲਾਈਫ ਨਾਂ ਦੀ ਇੱਕ ਜਰਮਨ ਸੰਸਥਾ ਨੇ ਸਾਲ 2006 ਵਿੱਚ ਪਹਿਲੀ ਵਾਰ ‘ਗਲੋਬਲ ਹੰਗਰ ਇੰਡੇਕਸ’ ਜਾਰੀ ਕੀਤਾ ਸੀ

ਉਕਤ ਰਿਪੋਰਟ ਵਿੱਚ ਹੋਏ ਖੁਲਾਸੇ ਅਨੁਸਾਰ ਭਾਰਤ ਏਸ਼ੀਆ ਦੀ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਇਸਦੇ ਬਾਵਜੂਦ ਗਲੋਬਲ ਹੰਗਰ ਇੰਡੈਕਸ ਵਿੱਚ ਉਸ ਦਾ ਸਥਾਨ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਵੀ ਹੇਠਾਂ ਹੈ। ਇਸਦਾ ਮਤਲਬ ਇਹ ਹੈ ਕਿ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਤੋਂ ਵੀ ਹੇਠਾਂ ਹੈ, ਜਿਹਨਾਂ ਦੀ ਰੈਂਕਿੰਗ ਕਰਮ ਅਨੁਸਾਰ 94, 88, 73, ਅਤੇ 66 ਹੈਇਸ ਤੋਂ ਪਹਿਲਾਂ ਭਾਰਤ ਲਿਸਟ ਵਿੱਚ 95 ਵੇਂ ਸਥਾਨ ਉੱਤੇ ਸੀ ਜੋ ਕਿ ਹੁਣ ਪਛੜ ਕੇ 102ਵੇਂ ਸਥਾਨ ’ਤੇ ਆ ਗਿਆ ਹੈ ਜਦੋਂ ਕਿ 2000 ਗੱਲ ਦੀ ਕਰੀਏ ਤਾਂ ਭਾਰਤ ਉਸ ਵਕਤ 113 ਦੇਸ਼ਾਂ ਦੀ ਸੂਚੀ ਵਿੱਚ 83ਵੇਂ ਸਥਾਨ ’ਤੇ ਸੀ

ਗਲੋਬਲ ਹੰਗਰ ਇੰਡੈਕਸ 2019 ਵਿੱਚ ਭਾਰਤ ਵਿਸ਼ਵ ਦੇ ਉਨ੍ਹਾਂ 117 ਦੇਸ਼ਾਂ ਵਿੱਚੋਂ 102ਵੇਂ ਨੰਬਰ ’ਤੇ ਰਿਹਾ ਹੈ ਜਿੱਥੇ ਬੱਚਿਆਂ ਦੀ ਲੰਬਾਈ ਦੇ ਅਨੁਸਾਰ ਵਜ਼ਨ ਨਹੀਂ ਹੈ ਤੇ ਬਾਲ ਮੌਤ ਦਰ ਵਧੇਰੇ ਹੈ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨਇਹ ਰਿਪੋਰਟ ਕਿਸੇ ਦੇਸ਼ ਵਿੱਚ ਕੁਪੋਸ਼ਣ ਦੇ ਅਨੁਪਾਤ, ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਜਿਨ੍ਹਾਂ ਦਾ ਵਜ਼ਨ ਜਾਂ ਲੰਬਾਈ ਉਮਰ ਦੇ ਹਿਸਾਬ ਤੋਂ ਘੱਟ ਹੈ ਅਤੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਿੱਚ ਮ੍ਰਿਤਕ ਦਰ ਦੇ ਆਧਾਰ ’ਤੇ ਤਿਆਰ ਕੀਤੀ ਜਾਂਦੀ ਹੈ

ਭਾਰਤ ਸਾਲ 2014 ਵਿੱਚ ਜਿੱਥੇ 55ਵੇਂ ਸਥਾਨ ਉੱਤੇ ਸੀ, ਉੱਥੇ ਭਾਰਤ ਸਾਲ 2015 ਵਿੱਚ 80ਵੇਂ ਸਥਾਨ ’ਤੇ, ਸਾਲ 2016 ਵਿੱਚ 97ਵੇਂ ਸਥਾਨ ’ਤੇ, ਸਾਲ 20 17 ਵਿੱਚ 100ਵੇਂ ਸਥਾਨ ’ਤੇ, ਅਤੇ ਸਾਲ 2018 ਵਿੱਚ 103ਵੇਂ ਸਥਾਨ ’ਤੇ ਸੀਜਦੋਂ ਕਿ ਸਾਲ 2010 ਵਿੱਚ 95ਵੇਂ ਸਥਾਨ ਉੱਤੇ ਸੀ

ਵਿਸ਼ਵ ਵਿੱਚ ਬੱਚਿਆਂ ਦੇ ਮਾਮਲੇ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਯਮਨ, ਜਿਬੂਤੀ ਅਤੇ ਭਾਰਤ ਦਾ ਰਿਹਾ ਜਿਨ੍ਹਾਂ ਦਾ 17.9 % ਤੋਂ 20.8% ਦੇ ਵਿਚਕਾਰ ਹੈਰਿਪੋਰਟ ਅਨੁਸਾਰ ਭਾਰਤ ਵਿੱਚ 6 ਤੋਂ 23 ਮਹੀਨੇ ਵਿਚਕਾਰਲੀ ਉਮਰ ਦੇ ਮਹਿਜ਼ 9.6 % ਬੱਚਿਆਂ ਨੂੰ ਹੀ “ਨਿਊਨਤਮ ਸਵੀਕਾਰਿਆ ਆਹਾਰ” ਦਿੱਤਾ ਜਾਂਦਾ ਹੈਰਿਪੋਰਟ ਵਿੱਚ 2016-18 ਦੇ ਵਿਚਕਾਰ ਕਰਵਾਏ ਇੱਕ ਸਰਵੇ ਦੇ ਆਧਾਰ ਉੱਤੇ ਦੱਸਿਆ ਹੈ ਕਿ ਭਾਰਤ 35 % ਬੱਚੇ ਛੋਟੇ ਕੱਦ ਦੇ ਹਨ ਜਦਕਿ 17 % ਫੀਸਦੀ ਬੱਚੇ ਕਮਜ਼ੋਰ ਪਾਏ ਗਏ ਸਨ

ਗਲੋਬਲ ਹੰਗਰ ਇੰਡੇਕਸ ਅੰਕੜਿਆਂ ਅਨੁਸਾਰ ਭਾਰਤ 117 ਦੇਸ਼ਾਂ ਦੀ ਸੂਚੀ ਵਿੱਚ 102ਵੇਂ ਸਥਾਨ ’ਤੇ ਹੈ ਜਦੋਂ ਕਿ ਗੁਆਂਢੀ ਦੇਸ਼ਾਂ ਵਿੱਚ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨਇਸੇ ਰਿਪੋਰਟ ਮੁਤਾਬਿਕ ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਮੇਤ 17 ਦੇਸ਼ ਪੰਜ ਤੋਂ ਘੱਟ ਵਾਲੇ ਅੰਕਾਂ ਵਿੱਚੋਂ ਉੱਪਰਲੇ ਸਥਾਨਾਂ ’ਤੇ ਹਨ। ਇਸ ਸੰਦਰਭ ਵਿੱਚ ਆਇਰਲੈਂਡ ਦੀ ਏਜੰਸੀ “ਕੰਸਰਨ ਵਰਲਡ ਵਾਈਡ” ਅਤੇ ਜਰਮਨੀ ਦੇ ਸੰਗਠਨ “ਵੇਲਟ ਹੰਗਰ ਹਿਲਫੇ“ ਦੁਆਰਾ ਸਾਂਝੇ ਰੂਪ ਵਿੱਚ ਤਿਆਰ ਕੀਤੀ ਰਿਪੋਰਟ ਵਿੱਚ ਭਾਰਤ ਦੀ ਭੁੱਖਮਰੀ ਦੀ ਸਮੱਸਿਆ ਨੂੰ ਗੰਭੀਰ ਗਰਦਾਨਿਆ ਗਿਆ ਹੈ

ਗਲੋਬਲ ਹੰਗਰ ਇੰਡੈਕਸ ਦੀ ਇਸ ਰਿਪੋਰਟ ਦੀ ਪੈਮਾਇਸ਼ ਵਿੱਚ 0 ਅੰਕ ਸਭ ਤੋਂ ਚੰਗਾ ਤੇ ਭੁੱਖ ਦੀ ਸਥਿਤੀ ਨਹੀਂ ਹੋਣਾ ਦਰਸਾਉਂਦਾ ਹੈ। ਰਿਪੋਰਟ ਵਿੱਚ 10 ਤੋਂ ਘੱਟ ਅੰਕ ਦਾ ਅਰਥ ਹੈ ਦੇਸ਼ ਵਿੱਚ ਭੁੱਖ ਦੀ ਸਮੱਸਿਆ ਬਹੁਤ ਘੱਟ ਹੈ। ਇਸੇ ਤਰ੍ਹਾਂ ਰਿਪੋਰਟ ਵਿੱਚ 20 ਤੋਂ 34.9 ਅੰਕ ਦਾ ਅਰਥ ਹੈ ਕਿ ਗੰਭੀਰ ਸੰਕਟ ਹੈ। ਰਿਪੋਰਟ ਵਿੱਚ 35 ਤੋਂ 49.9 ਅੰਕ ਦਾ ਅਰਥ ਹੈ ਹਾਲਤ ਬਹੁਤ ਹੀ ਚੁਣੌਤੀ ਪੂਰਨ ਹਨ ਅਤੇ 50 ਜਾਂ ਇਸ ਤੋਂ ਜ਼ਿਆਦਾ ਅੰਕ ਦਾ ਅਰਥ ਹੈ ਦੇਸ਼ ਵਿੱਚ ਭੁੱਖ ਦੀ ਸਥਿਤੀ ਬਹੁਤ ਖਰਾਬ ਹੈ। ਇਸ ਰਿਪੋਰਟ ਵਿੱਚ ਭਾਰਤ ਨੂੰ 30.3 ਅੰਕ ਪ੍ਰਾਪਤ ਹੋਏ ਹਨ

ਰਿਪੋਰਟ ਜਿਨ੍ਹਾਂ ਚਾਰ ਮਾਪਦੰਡਾਂ ਦੇ ਆਧਾਰ ’ਤੇ ਗੁਣਨਾ ਕੀਤੀ ਜਾਂਦੀ ਹੈ ਉਨ੍ਹਾਂ ਵਿੱਚ ਅਲਪੋਸ਼ਣ, ਬੱਚਿਆਂ ਦਾ ਕੱਦ ਦੇ ਹਿਸਾਬ ਨਾਲ ਘੱਟ ਵਜ਼ਨ ਹੋਣਾ, ਬਾਲ ਮ੍ਰਿਤਕ ਦਰ

ਰਿਪੋਰਟ ਮੁਤਾਬਿਕ ਭਾਰਤ ਵਿੱਚ ਕੱਦ ਦੇ ਹਿਸਾਬ ਨਾਲ ਘੱਟ ਵਜ਼ਨ ਹੋਣ ਦੀ ਭਾਗੀਦਾਰੀ 2008-2012 ਵਿੱਚ 16.5 ਪ੍ਰਤੀਸ਼ਤ ਤੋਂ ਵਧ ਕੇ 2014-2018 ਵਿੱਚ 20.8 ਪ੍ਰਤੀਸ਼ਤ ਹੋ ਗਈ ਇਸਦੇ ਨਾਲ ਹੀ ਛੇ ਮਹੀਨੇ ਤੋਂ 23 ਦੇ ਮਹੀਨਿਆਂ ਦੇ ਸਭ ਬੱਚਿਆਂ ਵਿੱਚ ਸਿਰਫ 9.6 % ਬੱਚਿਆਂ ਨੂੰ “ਨਿਊਨਤਮ ਸਵੀਕਾਰਿਆ ਆਹਾਰ” ਦਿੱਤਾ ਗਿਆਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੱਦ ਦੇ ਹਿਸਾਬ ਨਾਲ ਬੱਚਿਆਂ ਦਾ ਵਜ਼ਨ ਘੱਟ ਹੋਣ ਦੀ ਦਰ ਵਧੇਰੇ ਹੈਜਦ ਕਿ ਇਸ ਮਾਮਲੇ ਵਿੱਚ ਸੰਘਰਸ਼ ਪੀੜਤ ਅਤੇ ਜਲਵਾਯੂ ਪਰਿਵਰਤਨ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਯਮਨ ਅਤੇ ਜਿਬੂਤੀ ਵਰਗੇ ਦੇਸ਼ਾਂ ਨੇ ਵੀ ਇਸ ਮਾਮਲੇ ਵਿੱਚ ਭਾਰਤ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ

ਰਿਪੋਰਟ ਵਿੱਚ ਸ਼੍ਰੀਲੰਕਾ ਵਿੱਚ ਭੁੱਖਮਰੀ ਦੀ ਸਮੱਸਿਆ ਦਾ ਪੱਧਰ ਮਾਧਿਅਮ ਹੈ ਜਦ ਕਿ ਭਾਰਤ ਦੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ, ਕੱਦ ਦਾ ਛੋਟਾ ਹੋਣਾ ਅਤੇ ਭੋਜਨ ਦੀ ਅ-ਪ੍ਰਾਪਤੀ ਦੇ ਕਾਰਨ ਹੋਣ ਵਾਲਾ ਅਲਪਪੋਸ਼ਨ ਵਰਗੇ ਕਈ ਪੈਮਾਨਿਆਂ ਵਿੱਚ ਸੁਧਾਰ ਕੀਤਾ ਹੈ। ਇਸ ਰਿਪੋਰਟ ਵਿੱਚ ਅੱਗੇ ਕੇਂਦਰ ਸਰਕਾਰ ਦੇ ‘ਸਵੱਛ ਭਾਰਤ ਅਭਿਆਨ’ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਖੁੱਲ੍ਹੇ ਵਿੱਚ ਸ਼ੋਚ ਦੀ ਸਮੱਸਿਆ ਵੀ ਹਾਲੇ ਬਰਕਰਾਰ ਹੈ

ਇਸ ਰਿਪੋਰਟ ਵਿੱਚ ਬੇਲਾਰੂਸ, ਯੁਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਿਖਰ ’ਤੇ ਮੌਜੂਦ ਹਨ ਦੇਸ਼ ਵਿੱਚ 20.8% ਬੱਚਿਆਂ ਦਾ ਪੂਰਨ ਸਰੀਰਕ ਵਿਕਾਸ ਨਹੀਂ ਹੋ ਪਾਉਂਦਾ, ਤੇ ਇਸਦਾ ਸਭ ਤੋਂ ਵੱਡਾ ਮੁੱਖ ਕਾਰਨ 'ਕੁਪੋਸ਼ਣ' ਹੈਭਾਰਤ ਇਸ ਰਿਪੋਰਟ ਵਿੱਚ ਬਰਿਕਸ ਦੇਸ਼ਾਂ ਵਿੱਚੋਂ ਸਭ ਤੋਂ ਹੇਠਲੇ ਸਥਾਨ ’ਤੇ ਹੈ। ਇੱਥੋਂ ਤਕ ਕਿ ਅਸੀਂ ਨੇਪਾਲ ਤੋਂ ਵੀ ਪਿੱਛੇ ਹਾਂਸੂਚੀ ਵਿੱਚ ਦੱਖਣੀ ਅਫਰੀਕਾ 59 ਵੇਂ ਸਥਾਨ ’ਤੇ ਹੈ ਅਤੇ ਗੁਆਂਢੀ ਦੇਸ਼ ਚੀਨ 25ਵੇਂ ਸਥਾਨ ’ਤੇ ਬਿਰਾਜਮਾਨ ਹੈ

ਉਕਤ ਰਿਪੋਰਟ ਦੇ ਸੰਦਰਭ ਵਿੱਚ ਹੁਣ ਸਰਕਾਰ ਅਤੇ ਲੋਕਾਂ ਨੂੰ ਦੇਸ਼ ਦੇ ਬੱਚਿਆਂ ਦੇ ਸੰਤੁਲਿਤ ਭੋਜਨ ਅਤੇ ਖੁਰਾਕ ਵਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਵੈਸੇ ਵੀ ਜਿਸ ਕਿਸੇ ਕੌਮ ਦੇ ਬੱਚੇ ਸਿਹਤਮੰਦ ਅਤੇ ਤੰਦਰੁਸਤ ਹੋਣ, ਉਹੀਓ ਇੱਕ ਨਰੋਏ ਰਾਸ਼ਟਰ ਤੇ ਵਿਕਸਤ ਸਮਾਜ ਦਾ ਨਿਰਮਾਣ ਕਰ ਸਕਦੇ ਹਨਸਮੇਂ ਦੀ ਲੋੜ ਹੈ ਕਿ ਅੱਜ ਅਸੀਂ ਸੰਤੁਲਿਤ ਭੋਜਨ ਅਤੇ ਆਹਾਰ ਦੇ ਨਾਲ ਨਾਲ ਬੱਚਿਆਂ ਨੂੰ ਇੱਕ ਅਜਿਹਾ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਵਾਈਏ ਜਿਸ ਵਿੱਚ ਦੇਸ਼ ਦਾ ਹਰ ਇੱਕ ਬੱਚਾ ਬਿਨਾਂ ਕਿਸੇ ਡਰ ਅਤੇ ਖੌਫ ਦੇ ਆਪਣੀ ਪਰਵਰਿਸ਼ ਪਾ ਸਕੇ

ਲੋੜ ਹੈ ਅੱਜ ਨਫਰਤ ਦੀ ਰਾਜਨੀਤੀ ਨੂੰ ਤਿਆਗਣ ਦੀ ਅਤੇ ਮੁਹੱਬਤ ਦਾ ਵਾਤਾਵਰਣ ਮੁਹੱਈਆ ਕਰਵਾਉਣ ਦੀ, ਕਿਉਂਕਿ ਡਰ ਅਤੇ ਨਫਰਤ ਦੇ ਮਾਹੌਲ ਵਿੱਚ ਕੋਈ ਰਾਸ਼ਟਰ ਹਕੀਕੀ ਮਾਅਨਿਆਂ ਵਿੱਚ ਵਿਕਾਸ ਜਾਂ ਤਰੱਕੀ ਨਹੀਂ ਕਰ ਸਕਦਾ ਤੇ ਨਾ ਹੀ ਕੁਪੋਸ਼ਣ ਅਤੇ ਭੁੱਖਮਰੀ ਦੇ ਸ਼ਿਕਾਰ ਬੱਚਿਆਂ ਤੋਂ ਕਿਸੇ ਰਾਸ਼ਟਰ ਨਿਰਮਾਣ ਦੀ ਉਮੀਦ ਰੱਖੀ ਜਾ ਸਕਦੀ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1795)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author