“ਸਫਰ ਆਸਾਨ ਨਹੀਂ ਸੀ, ਲੇਕਿਨ ਬੇਟੇ ਨੂੰ ਵਾਪਸ ਲਿਆਉਣ ਦੀ ਮੇਰੀ ਇੱਛਾ ਸ਼ਕਤੀ ਦੇ ਅੱਗੇ ...”
(13 ਅਪਰੈਲ 2020)
ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਨੇ ਆਪਣਾ ਇੱਕ ਕਹਿਰ ਮਚਾਇਆ ਹੋਇਆ ਹੈ ਤੇ ਜਿਸ ਨਾਲ ਪ੍ਰਭਾਵਤ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਕਰੋਨਾ ਦੀ ਦਹਿਸ਼ਤ ਅੱਜ ਲੋਕਾਂ ਦੇ ਮਨਾਂ ਅੰਦਰ ਕਿਸ ਕਦਰ ਹਾਵੀ ਹੈ, ਉਸ ਦਾ ਅੰਦਾਜ਼ਾ ਇਸੇ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਆਪਣੇ ਢਿੱਡੋਂ ਜੰਮੇ ਬੱਚੇ ਵੀ ਕਰੋਨਾ ਨਾਲ ਮਰੇ ਆਪਣੇ ਮਾਂ ਪਿਉ ਦੀਆਂ ਲਾਸ਼ਾਂ ਲੈਣ ਨੂੰ ਤਿਆਰ ਨਹੀਂ ਹਨ ਅਰਥਾਤ ਕਿ ਜੇ ਕੋਈ ਕਰੋਨਾ ਨਾਲ ਮਰਦਾ ਹੈ ਤਾਂ ਕਈ ਵਾਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਜਿਵੇਂ ਕਿ ਉਸ ਦੇ ਧੀਆਂ ਪੁੱਤਰ ਹੀ ਆਪਣੇ ਮਾਤਾ-ਪਿਤਾ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਸੰਸਕਾਰ ਦੀਆਂ ਤਮਾਮ ਜ਼ਿੰਮੇਵਾਰੀ ਪ੍ਰਸ਼ਾਸਨ ਵਾਲਿਆਂ ਉੱਤੇ ਸੁੱਟ ਦਿੰਦੇ ਹਨ। ਅਜੋਕੇ ਸਮਾਜ ਵਿੱਚ ਕਦਰਾਂ-ਕੀਮਤਾਂ ਕਿਸ ਕਦਰ ਖਤਮ ਹੋ ਰਹੀਆਂ ਹਨ, ਇਹ ਅਹਿਸਾਸ ਇਨ੍ਹਾਂ ਖਬਰਾਂ ਤੋਂ ਵੀ ਹੁੰਦਾ ਹੈ ਕਿ ਕਿਤੇ ਕਿਸੇ ਸੋਸਾਇਟੀ ਵਾਲਿਆਂ ਨੇ ਕਰੋਨਾ ਨਾਲ ਮਰੇ ਵਿਅਕਤੀ ਨੂੰ ਦਫਨਾਉਣ ਤੋਂ ਮਨ੍ਹਾ ਕਰਦਿਆਂ ਕਬਰਿਸਤਾਨ ਨੂੰ ਜਿੰਦਰੇ ਮਾਰ ਦਿੱਤੇ ਅਤੇ ਕਿਸੇ ਥਾਂ ਸ਼ਮਸ਼ਾਨਘਾਟਾਂ ਨੂੰ ਬੰਦ ਕਰ ਦਿੱਤਾ ਗਿਆ।
ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੇ ਚੱਲਦਿਆਂ ਦੇਸ਼ ਵਿੱਚ ਵੱਖ-ਵੱਖ ਥਾਂਈਂ ਵੱਡੀ ਗਿਣਤੀ ਵਿੱਚ ਲੋਕ ਫਸੇ ਹੋਣ ਦੇ ਸਮਾਚਾਰ ਸਾਹਮਣੇ ਆਉਂਦੇ ਹਨ। ਬੀਤੇ ਦਿਨੀਂ ਇਸੇ ਦੌਰਾਨ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਵਾਕਈ ਮਾਂ ਦੇ ਦਿਲ ਵਿੱਚ ਜੋ ਆਪਣੀ ਔਲਾਦ ਲਈ ਮਮਤਾ ਦਾ ਜਜ਼ਬਾ ਹੈ, ਉਸ ਦਾ ਕੋਈ ਸਾਨੀ ਨਹੀਂ। ਦਰਅਸਲ 23 ਮਾਰਚ ਦੀ ਸ਼ਾਮ ਨੂੰ ਜਿਵੇਂ ਹੀ ਪ੍ਰਧਾਨ ਮੰਤਰੀ ਨੇ ਦੇਸ਼ ਅੰਦਰ ਲਾਕ-ਡਾਊਨ ਦਾ ਐਲਾਨ ਕੀਤਾ ਤਾਂ ਇੱਕ ਔਰਤ ਦਾ ਬੇਟਾ ਘਰ ਤੋਂ ਲਗਭਗ 700 ਕਿਲੋਮੀਟਰ ਦੀ ਦੂਰੀ ’ਤੇ ਫਸ ਗਿਆ। ਇਸ ਉਪਰੰਤ ਕੋਈ ਹੋਰ ਚਾਰਾ ਨਾ ਵੇਖਦਿਆਂ ਉਸ ਮਾਂ ਨੇ ਆਪਣੇ ਬੇਟੇ ਨੂੰ ਘਰ ਲਿਆਉਣ ਲਈ ਸਕੂਟੀ ’ਤੇ 1400 ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਅਖੀਰ ਬੇਟੇ ਨੂੰ ਘਰ ਲਿਆਉਣ ਵਿੱਚ ਸਫਲ ਹੋਈ।
ਇਹ ਸੱਚੀ ਕਹਾਣੀ ਹੈ ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੀ ਰਹਿਣ ਵਾਲੀ 48 ਸਾਲਾ ਵਿਧਵਾ ਔਰਤ ਰਜ਼ੀਆ ਬੇਗਮ ਦੀ. ਜਿਸ ਨੇ ਆਪਣੇ ਘਰ ਤੋਂ 700 ਕਿਲੋਮੀਟਰ ਦੂਰ ਨੈਲੌਰ ਦਾ ਆਪਣੀ ਸਕੂਟਰੀ ਤੇ ਸਫਰ ਤੈਅ ਕੀਤਾ, ਜਿੱਥੇ ਕਿ ਉਸ ਦਾ ਬੇਟਾ ਤਾਲਾਬੰਦੀ ਕਾਰਨ ਫਸ ਗਿਆ ਸੀ।
ਜ਼ਿਕਰਯੋਗ ਹੈ ਕਿ ਰਜ਼ੀਆ ਬੇਗਮ ਨਿਜ਼ਾਮਾਬਾਦ ਦੇ ਬੋਧਨ ਸ਼ਹਿਰ ਵਿੱਚ ਇੱਕ ਸਰਕਾਰੀ ਅਧਿਆਪਕਾ ਹੈ। ਉਹ ਆਪਣੇ ਬੇਟੇ ਨੂੰ ਲਿਆਉਣ ਲਈ ਸੋਮਵਾਰ 6 ਅਪਰੈਲ ਸਵੇਰੇ ਸਕੂਟੀ ’ਤੇ ਰਵਾਨਾ ਹੋਈ ਅਤੇ ਮੰਗਲਵਾਰ 7 ਅਪਰੈਲ ਦੁਪਹਿਰ ਨੂੰ ਆਂਧਰਾ ਪ੍ਰਦੇਸ਼ ਦੇ ਨੈਲੌਰ ਪਹੁੰਚ ਗਈ, ਜਿੱਥੋਂ ਉਸ ਨੇ ਆਪਣੇ 17 ਸਾਲਾ ਬੇਟੇ ਮੁਹੰਮਦ ਨਿਜ਼ਾਮੂਦੀਨ ਨੂੰ ਸਕੂਟਰੀ ’ਤੇ ਬਿਠਾਇਆ ਅਤੇ ਆਪਣੇ ਘਰ ਵਲ ਵਾਪਸੀ ਲਈ ਚਾਲੇ ਪਾ ਦਿੱਤੇ। ਕਰੀਬ 700 ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਹੋਇਆਂ ਬੁੱਧਵਾਰ ਸ਼ਾਮ 8 ਅਪਰੈਲ ਨੂੰ ਆਪਣੇ ਘਰ ਸਹੀ ਸਲਾਮਤ ਪਹੁੰਚ ਗਈ। ਇਸ ਦੌਰਾਨ ਰਜ਼ੀਆ ਨੇ ਤਿੰਨ ਦਿਨਾਂ ਵਿੱਚ ਕੁਲ 1400 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਦਰਅਸਲ ਰਜ਼ੀਆ ਦਾ ਬੇਟਾ ਨੈਲੌਰ ਵਿਖੇ ਆਪਣੇ ਇੱਕ ਦੋਸਤ ਦੇ ਘਰ ਫਸਿਆ ਹੋਇਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲਾਕਡਾਊਨ ਕਾਰਨ ਰਜ਼ੀਆ ਦੀ ਬੋਧਨ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਪੁਲਸ ਵੀ. ਜੈਪਾਲ ਰੈਡੀ ਨੇ ਇਸ ਅਸੰਭਵ ਕੰਮ ਵਿੱਚ ਮਦਦ ਕੀਤੀ। ਇਸ ਸਬੰਧੀ ਰਜ਼ੀਆ ਨੇ ਆਪਣੇ ਬੇਟੇ ਨੂੰ ਵਾਪਸ ਲਿਆਉਣ ਲਈ ਇੱਕ ਜਾਇਜ਼ ਕਾਰਨ ਦੱਸਿਆ ਅਤੇ ਉਨ੍ਹਾਂ ਤੋਂ ਪ੍ਰਵਾਨਗੀ ਮੰਗੀ। ਰਜ਼ੀਆ ਦੀ ਬੇਨਤੀ ਨੂੰ ਸੁਣਦਿਆਂ ਜੈਪਾਲ ਰੈਡੀ ਨੇ ਉਸ ਨੂੰ ਇੱਕ ਵਿਸ਼ੇਸ਼ ਪੱਤਰ ਜਾਰੀ ਕਰ ਦਿੱਤਾ। ਸਫਰ ਦੌਰਾਨ ਹਾਲਾਂਕਿ ਪੁਲਸ ਵੱਲੋਂ ਕਈ ਥਾਵਾਂ ’ਤੇ ਰਜ਼ੀਆ ਨੂੰ ਰੋਕਿਆ ਗਿਆ ਪਰ ਏ ਸੀ ਪੀ ਦੁਆਰਾ ਦਿੱਤੇ ਗਏ ਵਿਸ਼ੇਸ਼ ਪਾਸ ਕਾਰਨ ਉਸ ਨੂੰ ਬਹੁਤੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਿਆ ਅਤੇ ਉਹ ਆਪਣੇ ਬੇਟੇ ਨੂੰ ਸੁਰੱਖਿਅਤ ਘਰ ਲਿਆਉਣ ਵਿੱਚ ਕਾਮਯਾਬ ਰਹੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਜ਼ੀਆ ਦੇ ਪਤੀ ਦਾ 12 ਸਾਲ ਪਹਿਲਾਂ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੋ ਬੱਚੇ, ਇੱਕ ਬੇਟਾ ਅਤੇ ਇੱਕ ਬੇਟੀ ਹੈ। ਬੇਟਾ ਨਿਜ਼ਾਮੂਦੀਨ ਨੇ 2019 ਵਿੱਚ 12ਵੀਂ ਪਾਸ ਕਰ ਚੁੱਕਿਆ ਹੈ ਜੋ ਕਿ ਅੱਜ-ਕੱਲ੍ਹ ਹੈਦਰਾਬਾਦ ਵਿੱਚ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿੱਚ ਨਿਜ਼ਾਮੂਦੀਨ ਆਪਣੇ ਦੋਸਤ ਨਾਲ ਨੈਲੌਰ ਗਿਆ ਸੀ, ਜਿੱਥੇ ਉਸ ਦੇ ਦੋਸਤ ਦੇ ਪਿਤਾ ਕਿਸੇ ਬੀਮਾਰੀ ਦੇ ਚੱਲਦਿਆਂ ਹਸਪਤਾਲ ਵਿੱਚ ਦਾਖਲ ਸਨ। ਫਿਰ ਅਚਾਨਕ 23 ਮਾਰਚ ਨੂੰ ਲਾਕਡਾਊਨ ਹੋਣ ਦੀ ਘੋਸ਼ਣਾ ਹੋ ਜਾਂਦੀ ਹੈ ਅਤੇ ਉਹ ਆਪਣੇ ਦੋਸਤ ਦੇ ਘਰ ਹੀ ਫਸ ਜਾਂਦਾ ਹੈ।
ਆਪਣੇ ਸਫਰ ਦੀ ਗੱਲ ਕਰਦਿਆਂ ਰਜ਼ੀਆ ਨੇ ਕਿਹਾ ਕਿ ਮੈਂ ਲਗਾਤਾਰ ਚਲਦੀ ਰਹੀ। ਮੈਂਨੂੰ ਆਪਣੇ ਬੇਟੇ ਨੂੰ ਵਾਪਸ ਲਿਆਉਣਾ ਸੀ, ਇਸ ਲਈ ਮੈਂਨੂੰ ਕਿਤੇ ਵੀ ਡਰ ਨਹੀਂ ਲੱਗਿਆ। ਕਈ ਥਾਵਾਂ ’ਤੇ ਪੁਲਸ ਵਾਲਿਆਂ ਨੇ ਮੈਂਨੂੰ ਰੋਕਿਆ ਵੀ, ਪਰ ਮੈਂ ਏ ਸੀ ਪੀ ਸਾਹਿਬ ਵੱਲੋਂ ਦਿੱਤੀ ਪਰਮਿਸ਼ਨ ਲੈਟਰ ਨੂੰ ਵਿਖਾ ਦਿੰਦੀ ਸੀ ਅਤੇ ਉਨ੍ਹਾਂ ਨੇ ਮੈਂਨੂੰ ਜਾਣ ਦਿੱਤਾ। ਮੈਂ ਨੈਲੌਰ ਵਿੱਚ ਇੱਕ ਦਿਨ ਵੀ ਨਹੀਂ ਰੁਕੀ ਅਤੇ ਤੁਰੰਤ ਹੀ ਵਾਪਸੀ ਲਈ ਨਿਕਲ ਪਈ।
ਰਜ਼ੀਆ ਨੇ ਅੱਗੇ ਦੱਸਿਆ, “ਇੱਕ ਮਹਿਲਾ ਦੇ ਲਈ ਟੂ-ਵਹੀਲਰ ਦਾ ਸਫਰ ਆਸਾਨ ਨਹੀਂ ਸੀ, ਲੇਕਿਨ ਬੇਟੇ ਨੂੰ ਵਾਪਸ ਲਿਆਉਣ ਦੀ ਮੇਰੀ ਇੱਛਾ ਸ਼ਕਤੀ ਦੇ ਅੱਗੇ ਇਹ ਡਰ ਵੀ ਗਾਇਬ ਹੋ ਗਿਆ। ਮੈਂ ਰੋਟੀ ਪੈਕ ਕੀਤੀ ਅਤੇ ਸਫਰ ’ਤੇ ਨਿਕਲ ਪਈ। ਰਾਹ ਵਿੱਚ ਕੋਈ ਟ੍ਰੈਫਿਕ ਨਹੀਂ, ਸੜਕ ਤੇ ਕੋਈ ਲੋਕ ਨਹੀਂ, ਇਹ ਸਭ ਡਰਾਉਂਦਾ ਜ਼ਰੂਰ ਸੀ ਲੇਕਿਨ ਮੈਂ ਅੱਗੇ ਵਧਦੀ ਗਈ।”
ਰਜ਼ੀਆ ਦੀ ਉਕਤ ਦਲੇਰੀ ਦੀ ਕਹਾਣੀ ਅੱਜ ਜਿੱਥੇ ਸੋਸ਼ਲ ਮੀਡੀਆ ’ਤੇ ਖੂਬ ਚਰਚਾਵਾਂ ਵਿੱਚ ਹੈ, ਉੱਥੇ ਹੀ ਪ੍ਰਿੰਟ ਮੀਡੀਆ ਵਿੱਚ ਵੀ ਰਜ਼ੀਆ ਦੇ ਉਕਤ ਸਫਰ ਦੀ ਗਾਥਾ ਨੂੰ ਲਗਭਗ ਹਰੇਕ ਅਖਬਾਰ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ। ਯਕੀਨਨ ਰਜ਼ੀਆ ਦੀ ਇਸ ਦਲੇਰੀ ਅਤੇ ਮਮਤਾ ਨੂੰ ਹਰ ਕੋਈ ਸਲੂਟ ਕਰਦਾ ਹੈ ...!
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2054)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)