“ਅਸੀਂ ਭੇਡਾਂ ਹਾਂ ... ਜੋ ਕਿਸੇ ਮਗਰ ਲੱਗ ... ਆਪਣੇ ਭਵਿੱਖ ਨੂੰ ਅੰਧਕਾਰ ’ਚ ... ਡੁਬੋਣ ਤੋਂ ਗੁਰੇਜ਼ ਨਹੀਂ ਕਰਦੀਆਂ ...”
(7 ਅਕਤੂਬਰ 2021)
1. ਅਸੀਂ ਲਾਸ਼ਾਂ ਹਾਂ
ਅਸੀਂ ਲਾਸ਼ਾਂ ਹਾਂ,
ਉਹ ਨਹੀਂ ਜੋ ਕਬਰਸਤਾਨਾਂ, ਮੁਰਦਾ ਘਰਾਂ
ਤੇ ਨਦੀਆਂ ਕਿਨਾਰੇ ਦਫਨ ਨੇ।
ਅਸੀਂ ਗੂੰਗੀਆਂ-ਬੋਲ਼ੀਆਂ,
ਚਲਦੀਆਂ-ਫਿਰਦੀਆਂ,
ਜਿਊਂਦੀਆਂ-ਜਾਗਦੀਆਂ,
ਤੇ ਸਮਾਜ ’ਚ ਵਿਚਰਦੀਆਂ ਲਾਸ਼ਾਂ ਹਾਂ।
ਅਸੀਂ ਲਾਸ਼ਾਂ ਹਾਂ,
ਜਿਨ੍ਹਾਂ ਨੂੰ ਸਮਾਜ ਵਿਚਲੇ ਗਿੱਧ ਨੋਚ-ਨੋਚ ਖਾਂਦੇ ਨੇ,
ਤੇ ਚੁੰਬੜੀਆਂ ਜੋਕਾਂ ਸਰੇਆਮ ਰੱਤ ਪੀਂਦੀਆਂ ਨੇ।
ਸਾਡੀਆਂ ਮਾਵਾਂ, ਭੈਣਾਂ, ਧੀਆਂ,
ਘਰਾਂ, ਖੇਤਾਂ ਤੇ ਬੇਲਿਆਂ ’ਚ
ਰੋਜ਼ਾਨਾ ਮਨੁੱਖੀ ਸ਼ਕਲਾਂ ’ਚ ਛੁਪੇ
ਵਹਿਸ਼ੀ ਦਰਿੰਦਿਆਂ ਦਾ ਸ਼ਿਕਾਰ ਹੁੰਦੀਆਂ ਨੇ।
ਪਰ ਸਾਡੀਆਂ ਅਣਖਾਂ, ਗੈਰਤਾਂ ਮਰ ਮੁੱਕ ਚੁੱਕੀਆਂ ਨੇ!
ਅਸੀਂ ਲਾਸ਼ਾਂ ਧਰਮਾਂ ਦੀ ਰੱਖਿਆ ਕਰਨ ਦਾ
ਝੂਠਾ ਢਿੰਡੋਰਾ ਪਿੱਟਦੀਆਂ ਹਾਂ।
ਪਰ ਹੱਕੀ ਮੰਗਾਂ ਲਈ ਜੂਝਦੇ ਲੋਕਾਂ ਨਾਲ ਕਦਾਚਿਤ
ਖੜ੍ਹਨਾ ਪਸੰਦ ਨਹੀਂ ਕਰਦੀਆਂ।
ਤੇ ਅਸੀਂ ਮਨੁੱਖਤਾ ਦੇ ਹੋ ਰਹੇ ਸ਼ੋਸ਼ਣ ਵਿਰੁੱਧ
ਇੱਕ ਡੂੰਘੀ ਚੁੱਪ ਧਾਰੀ ਬੈਠੀਆਂ ਲਾਸ਼ਾਂ ਹਾਂ।
ਅਸੀਂ ਲਾਸ਼ਾਂ ਹਾਂ
ਸਾਡੇ ਸੁਪਨੇ ਤੇ ਉਮੰਗਾਂ ਮਰ ਚੁੱਕੀਆਂ ਨੇ।
ਸਾਡੇ ਅੰਦਰਲੇ ਰੋਸ ਮੁਜ਼ਾਹਰੇ
ਇੱਕ ਇੱਕ ਕਰਕੇ ਦਮ ਤੋੜ ਚੁੱਕੇ ਨੇ।
ਆਪਣੀ ਰੱਖਿਆ ਕਰਨੋ ਅਸਮਰੱਥ ... ਅਸੀਂ ਲਾਸ਼ਾਂ!
ਤੁਰਦੀਆਂ ਫਿਰਦੀਆਂ ... ਜਿਊਂਦੀਆਂ ਜਾਗਦੀਆਂ ਲਾਸ਼ਾਂ!
***
2. ਕਲਮ
ਕਲਮ ਮੁਰਦਾ ਜ਼ਮੀਰਾਂ ’ਚ ਜਾਨ ਪਾਵੇ,
ਮਨੁੱਖ ਨੂੰ ਮਨੁੱਖਤਾ ਦਾ ਪਾਠ ਪੜ੍ਹਾਵੇ,
ਬੇ-ਇਲਮਾਂ ਨੂੰ ਵਿਦਵਾਨ ਬਣਾਵੇ।
ਕਲਮ ’ਚੋਂ ਨਿਕਲੇ ਸ਼ਬਦ,
ਦਿਮਾਗਾਂ ’ਚ ਵਸੇ ਘੁੱਪ ਹਨੇਰੇ ਦੂਰ ਕਰਨ।
ਕਲਮ ਜੋ ਹੱਕ ਦੀ ਅਲਖ ਜਗਾਵੇ,
ਤਾਂ ਝੂਠ ਦੇ ਕਿਲ੍ਹੇ ਥਰ ਥਰ ਕੰਬਣ,
ਤੇ ਇਨਕਲਾਬ ਆਵੇ।
ਜਦ ਕਲਮਾਂ ਦੇ ਸਿਪਾਹੀ ਵਿੱਕ ਜਾਣ,
ਤਾਂ ਉਹ ਅਪਾਹਜ ਸਮਾਜ ਸਿਰਜਣ,
ਅਜਿਹੇ ਸਮਾਜ ਦੇ ਲੋਕ ਬੁਜ਼ਦਿਲ ਅਖਵਾਉਣ।
ਤੇ ਬੁਜ਼ਦਿਲ ਲੋਕ ਗੁਲਾਮਾਂ ਨੂੰ ਪੈਦਾ ਕਰਨ,
ਅੱਜ ਦੇ ਇਸ ਦੌਰ ਵਿੱਚ ਗੁਲਾਮੀ ਲਾਅਨਤ ਹੈ।
ਇੱਕ ਗਾਲ਼ ਹੈ ਇੱਕ ਤ੍ਰਿਸਕਾਰ ਹੈ।
ਕਲਮਾਂ ਨੂੰ ਕਹੋ ਕਿ ਉਹ ਨਾ ਵਿਕਣ,
ਉਹ ਨਾ ਝੁਕਣ, ਨਾ ਰੁਕਣ, ਨਾ ਥੱਕਣ,
ਕਿਉਂਕਿ ਕੌਮਾਂ ਦੀ ਆਜ਼ਾਦੀ ਲਈ,
ਕਲਮ ਦੇ ਸਿਪਾਹੀਆਂ ਦਾ,
ਅੱਜ ਦੇ ਯੁੱਗ ਵਿੱਚ ਹੱਕ ਤੇ ਸੱਚ ਲਿਖਣਾ,
ਬੇਹੱਦ ਜਰੂਰੀ ਹੈ ... ਬੇਹੱਦ ਜਰੂਰੀ ਹੈ .. ਬੇਹੱਦ ਜਰੂਰੀ ਹੈ!
***
3 ਭੇਡਾਂ
ਅਸੀਂ ਭੇਡਾਂ ਹਾਂ,
ਧਾਰਮਿਕ ਰੰਗਾਂ ਵਿੱਚ ਬੱਝੀਆਂ,
ਮੰਦਬੁੱਧੀ, ਵਿਵੇਕਹੀਣ ਭੇਡਾਂ।
ਜਿਹੜੀਆਂ ਆਪਣੇ ਹੱਕਾਂ ਤੋਂ ਅਵੇਸਲੇ ਹੋ,
ਝੂਠੇ ਆਜੜੀ ਮਗਰ ਲੱਗ ਤੁਰੀਆਂ।
ਅਸੀਂ ਭੇਡਾਂ ਹਾਂ।
ਜੋ ਕਿਸੇ ਮਗਰ ਲੱਗ
ਆਪਣੇ ਭਵਿੱਖ ਨੂੰ ਅੰਧਕਾਰ ’ਚ
ਡੁਬੋਣ ਤੋਂ ਗੁਰੇਜ਼ ਨਹੀਂ ਕਰਦੀਆਂ,
ਤੇ ਅਕਸਰ ਸਵਾਰਥੀ ਕਿਸਮ ਦੇ ਲੋਕ
ਸਾਨੂੰ ਮੁੰਨ-ਮੁੰਨ ਆਪਣੇ ਹਿੱਤਾਂ ਦੀ ਪੂਰਤੀ ਕਰਦੇ ਨੇ।
ਅਸੀਂ ਭੇਡਾਂ ਹਾਂ
ਸਾਡੀ ਸੋਚਣ ਸ਼ਕਤੀ
ਆਜੜੀ ਮੁਤਾਬਕ ਢਲ ਚੁੱਕੀ ਹੈ।
ਸਾਡੀਆਂ ਖੁਸ਼ੀਆਂ ਤੇ ਗਮ
ਬੇ-ਅਰਥ ਹੋ ਚੁੱਕੇ ਹਨ।
ਸਾਡੇ ਦੁੱਖ-ਦਰਦ
ਆਜੜੀ ਦੀ ਨਜ਼ਰ ’ਚ
ਕੋਈ ਮਾਅਨੇ ਨਹੀਂ ਰੱਖਦੇ
ਉਹ ਚਾਹੇ ਤਾਂ ਅਸੀਂ ਸੋਗਮਈ ਹਾਲਾਤ ’ਚ ਵੀ
ਠਹਾਕੇ ਲਗਾ ਸਕਦੀਆਂ ਹਾਂ।
ਆਜੜੀ ਚਾਹੇ ਤਾਂ ਅਸੀਂ ਮੌਤ ਦੇ ਖੂਹ ’ਚ ਵੀ
ਹੱਸਦੀਆਂ ਹੱਸਦੀਆਂ ਗੋਤਾ ਲਾ ਸਕਦੀਆਂ ਹਾਂ।
ਅਸੀਂ ਭੇਡਾਂ ਹਾਂ।
ਧਾਰਮਿਕ ਰੰਗਾਂ ਵਿੱਚ ਬੱਝੀਆਂ
ਮੰਦਬੁੱਧੀ, ਵਿਵੇਕਹੀਣ ਭੇਡਾਂ ...
***
4 ਸਮਾਂ
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
ਬੁੱਕਲ ਦੇ ਵਿੱਚ ਯਾਰੋ ਇਸ ਦੇ,
ਮੰਨੋ ਕੁੱਲ ਜਹਾਨ।
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
ਕਿਸੇ ਲਈ ਫੁੱਲਾਂ ਦੇ ਸੇਜ
ਕਿਸੇ ਲਈ ਕੰਡਿਆਲਾ ਤਾਜ
ਕਿਸੇ ਨੂੰ ਖੁਸ਼ੀਆਂ ਖੇੜੇ ਵੰਡੇ,
ਕਿਸੇ ਨੂੰ ਦੁੱਖਾਂ ਦੀ ਦਾਤ।
ਸਮਾਂ ਬੜਾ ਬਲਵਾਨ ਏ ਯਾਰੋ
ਸਮਾਂ ਬੜਾ ਬਲਵਾਨ!
ਰਾਜਾ ਹੋ ਜਾਂ ਰੰਕ ਕੋਈ,
ਸਮਾਂ ਆਏ ਟੁਰ ਜਾਏ।
ਇਸ ਦੀ ਮਾਰ ਤੋਂ ਹਰਗਿਜ਼ ਬੀਬਾ,
ਕਦੇ ਨਾ ਕੋਈ ਬਚ ਪਾਏ।
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
ਸਮਾਂ ਚਾਹੇ ਤਾਂ ਯੂਸੁਫ਼ ਨੂੰ ਵੀ,
ਵਿੱਚ ਬਾਜ਼ਾਰ ਵਿਕਾਏ।
ਇਹ ਚਾਹਵੇ ਤਾਂ ਜੇਲ੍ਹੋਂ ਕੱਢ,
ਹੱਥ ਰਾਜ ਭਾਗ ਸਮ੍ਹਾਏ।
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
***
5 ਉਲਟੇ ਜ਼ਮਾਨੇ
ਝੂਠ ਦੇ ਇਸ ਦੌਰ ਵਿੱਚ
ਸੱਚ ਕਹਿਣਾ ਮੁਹਾਲ ਹੈ।
ਜਿਊਣਾ ਦੁਸ਼ਵਾਰ ਹੈ
ਸਭ ਕੁਝ ਹੀ ਵਿਓਪਾਰ ਹੈ
ਉਲਟੇ ਜ਼ਮਾਨੇ ਆਏ ਨੇ।
ਦੇਸ਼ ਭਗਤ ਗੱਦਾਰ ਨੇ
ਤੇ ‘ਗੱਦਾਰ’ ਭਗਤ ਕਹਿਲਾਏ ਨੇ।
ਜ਼ਾਲਮ ਖੁੱਲ੍ਹਮ-ਖੁੱਲ੍ਹੇ ਫਿਰਨ
ਬੇਦੋਸ਼ੇ ਜੇਲ੍ਹੀਂ ਪਾਏ ਨੇ।
ਜਿੱਧਰ ਵੀ ਜਾਏ ਨਜ਼ਰ
ਆਪੋ-ਧਾਪੀ ਆਏ ਨਜ਼ਰ
ਪਦਾਰਥਵਾਦੀ ਯੁਗ ਵਿੱਚ
ਆਪਣੇ ਵੀ ਬੇਗਾਨੇ ਨਜ਼ਰ ਆਏ ਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3064)
(ਸਰੋਕਾਰ ਨਾਲ ਸੰਪਰਕ ਲਈ: