“‘ਟਾਈਮ’ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਕਿਰਨਜੀਤ ਕੌਰ ਦਾ ਆਖਣਾ ਸੀ ਕਿ ਸਾਰੀਆਂ ...”
(7 ਮਾਰਚ 2021)
(ਸ਼ਬਦ: 950)
ਦੁਨੀਆ ਦਾ ਮਸ਼ਹੂਰ ਅਮਰੀਕੀ ‘ਟਾਈਮ’ ਮੈਗਜ਼ੀਨ ਇਕ ਵਾਰ ਫਿਰ ਭਾਰਤ ਵਿੱਚ ਸੁਰਖੀਆਂ ਵਿੱਚ ਹੈ, ਵਜ੍ਹਾ ਇਹ ਹੈ ਕਿ ਇਸ ਵਾਰ ‘ਟਾਈਮ’ ਮੈਗਜ਼ੀਨ ਨੇ ਆਪਣੇ ਮਾਰਚ ਦੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਅੰਕ ਦੇ ਕਵਰ ਪੇਜ ’ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਬੀਬੀਆਂ ਦੀ ਫੋਟੋ ਛਾਪੀ ਹੈ। ਯਕੀਨਨ ਇਸ ਨਾਲ ਜੋ ਇਨ੍ਹਾਂ ਬੀਬੀਆਂ ਨੂੰ ਮਾਣ ਬਖਸ਼ਿਆ ਹੈ, ਉਸ ਨਾਲ ਆਪਣੇ ਹੱਕਾਂ ਲਈ ਲੜਨ ਵਾਲੇ ਹਰ ਇਕ ਵਿਅਕਤੀ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਆਪਣੇ ਇਸ ਅੰਕ ਵਿੱਚ ਟਾਈਮ ਮੈਗਜ਼ੀਨ ਨੇ ਭਾਰਤ ਦੇ ਕਿਸਾਨ ਪ੍ਰੋਟੈੱਸਟ ਦੇ ਮੋਰਚੇ ’ਤੇ ਇਕ ਲੰਮੀ-ਚੌੜੀ ਕਹਾਣੀ ਵੀ ਪ੍ਰਕਾਸ਼ਿਤ ਕੀਤੀ ਹੈ। ਇਸ ਸਬੰਧੀ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਡਟੀਆਂ ਬੀਬੀਆਂ ਦੇ ਇਕ ਗਰੁੱਪ ਬਾਰੇ ਮੈਗਜ਼ੀਨ ਨੇ ਲਿਖਿਆ ਹੈ ਕਿ ਕਿਵੇਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿਚ ਬੀਬੀਆਂ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਮੈਗਜ਼ੀਨ ਨੇ ਆਪਣੇ ਇਸ ਅੰਕ ਜੋ ਕਹਾਣੀ ਉਕਤ ਸੰਘਰਸ਼ ਨੂੰ ਲੈ ਕੇ ਲਿਖੀ ਹੈ ਉਸ ਦਾ ਟਾਈਟਲ ਹੈ ‘ਸਾਨੂੰ ਡਰਾਇਆ ਨਹੀਂ ਜਾ ਸਕਦਾ ਤੇ ਨਾ ਹੀ ਖਰੀਦਿਆ ਜਾ ਸਕਦਾ ਹੈ - ਭਾਰਤ ਦੇ ਕਿਸਾਨਾਂ ਦੇ ਵਿਰੋਧ ਦੀ ਅਗਵਾਈ ਕਰਨ ਵਾਲੀਆਂ ਬੀਬੀਆਂ।’ ਇਸ ਮੈਗਜ਼ੀਨ ਦੇ ਕਵਰ ਪੇਜ ਦੀ ਜੋ ਫੋਟੋ ਸਾਹਮਣੇ ਆਈ ਹੈ ਉਸ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਪਹਿਲੇ ਸਫੇ ’ਤੇ ਇਕ ਮਾਂ ਆਪਣੇ ਨਿੱਕੇ ਬੱਚੇ ਨੂੰ ਗੋਦ ਵਿੱਚ ਚੁੱਕੀ ਨਜ਼ਰ ਆ ਰਹੀ ਹੈ ਜਦੋਂ ਕਿ ਇਸੇ ਤਸਵੀਰ ਵਿੱਚ ਇਕ ਬੱਚੀ ਬੀਬੀਆਂ ਨਾਲ ਨਾਅਰੇ ਲਾਉਂਦੀ ਨਜ਼ਰ ਆ ਰਹੀ ਹੈ। ਇਕ ਨਿਊਜ਼ ਰਿਪੋਰਟ ਅਨੁਸਾਰ ਜਿਨ੍ਹਾਂ ਬੀਬੀਆਂ ਦੀ ਫੋਟੋ ਛਪੀ ਹੈ, ਉਨ੍ਹਾਂ ਵਿਚ 41 ਸਾਲ ਦੀ ਅਮਨਦੀਪ ਕੌਰ, ਕਿਰਨਜੀਤ ਕੌਰ, ਗੁਰਮਰ ਕੌਰ, ਜਸਵੰਤ ਕੌਰ, ਸੁਰਜੀਤ ਕੌਰ, ਦਿਲਬੀਰ ਕੌਰ, ਸਰਜੀਤ ਕੌਰ, ਬਿੰਦੂ ਅੰਮਾ, ਉਰਮਿਲਾ ਦੇਵੀ, ਸਾਹੂਮਤੀ ਪਾਧਾ, ਹੀਰਥ ਝਾੜੇ ਤੇ ਸੁਦੇਸ਼ ਗੋਇਤ ਸ਼ਮਾਲ ਹਨ। ਸਭ ਤੋਂ ਖੱਬੇ ਨਜ਼ਰ ਆ ਰਹੀ ਕਿਰਨਜੀਤ ਕੌਰ ਤਲਵੰਡੀ ਤੋਂ ਮੋਰਚੇ ’ਤੇ ਆਈ ਸੀ। ਉਸ ਨਾਲ ਬੱਚੇ ਤੇ ਸੱਸ ਵੀ 20 ਬੀਬੀਆਂ ਨਾਲ ਪੁੱਜੀ। ‘ਟਾਈਮ’ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਕਿਰਨਜੀਤ ਕੌਰ ਦਾ ਆਖਣਾ ਸੀ ਕਿ ਸਾਰੀਆਂ ਬੀਬੀਆਂ ਦਾ ਇੱਥੇ ਆਉਣਾ ਤੇ ਇਸ ਅੰਦੋਲਨ ਵਿਚ ਹਾਜ਼ਰੀ ਦਰਜ ਕਰਾਉਣਾ ਅਹਿਮ ਹੈ। ਮੇਰੀਆਂ ਦੋ ਬੇਟੀਆਂ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਉਨ੍ਹਾਂ ਮਜ਼ਬੂਤ ਬੀਬੀਆਂ ਵਿਚ ਪਲੇ-ਵਧੇ, ਜਿਨ੍ਹਾਂ ਨੂੰ ਉਹ ਇੱਥੇ ਦੇਖਦੀਆਂ ਹਨ।
ਵੈਸੇ ਮਹਿਲਾਵਾਂ ਦੁਆਰਾ ਆਪਣੇ ਹੱਕਾਂ ਲਈ ਕੀਤੇ ਸੰਘਰਸ਼ ਦਾ ਇਤਿਹਾਸ ਨਵਾਂ ਨਹੀਂ ਹੈ, ਸਗੋਂ ਜਦੋਂ ਦੀ ਦੁਨੀਆਂ ਵਿੱਚ ਥੋੜ੍ਹੀ ਬਹੁਤ ਜਾਗਰੂਕਤਾ ਆਉਣੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਇਹ ਸੰਘਰਸ਼ ਵੱਖੋ-ਵੱਖ ਢੰਗ ਤਰੀਕੇ ਨਾਲ ਚਲਦੇ ਆ ਰਹੇ ਹਨ। ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਉਹ ਅਮਰੀਕਾ ਜੋ ਖੁਦ ਨੂੰ ਅੱਜ ਸੱਭਿਅਕ ਅਖਵਾਉਣ ਦਾ ਦਮ ਭਰਦਾ ਨਹੀਂ ਥੱਕਦਾ, ਦੱਸਿਆ ਜਾਂਦਾ ਹੈ ਕਿ ਉਸੇ ਅਮਰੀਕਾ ਵਿਚ 8 ਮਾਰਚ 1857 ਤੋਂ ਮਹਿਲਾਵਾਂ ਦਾ ਇਕ ਪ੍ਰਦਰਸ਼ਨ ਉਸ ਸਮੇਂ ਸ਼ੁਰੂ ਹੋਇਆ ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਤਥਾ ਕਥਿਤ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਮਹਿਲਾ ਦਿਵਸ ਮਨਾਉਣ ਦਾ ਮੁੱਢ ਦਰਅਸਲ 1908 ਵਿਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਕ ਮਹਿਲਾ ਮਜ਼ਦੂਰ ਅੰਦੋਲਨ ਦੌਰਾਨ ਉਸ ਸਮੇਂ ਬੰਨਿਆ ਗਿਆ ਜਦੋਂ ਕਰੀਬ 15 ਹਜ਼ਾਰ ਬੀਬੀਆਂ ਆਪਣੇ ਅਧਿਕਾਰਾਂ ਦੀ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਉੱਤਰ ਆਈਆਂ ਸਨ। ਉਸ ਸਮੇਂ ਇਹ ਮਹਿਲਾਵਾਂ ਆਪਣੇ ਕੰਮ ਦੇ ਸਮੇਂ ਨੂੰ ਘੱਟ ਕਰਾਉਣ ਲਈ ਪ੍ਰਦਰਸ਼ਨ ਕਰ ਰਹੀਆਂ ਸਨ।
ਮਹਿਲਾਵਾਂ ਦੇ ਇਸ ਪ੍ਰਦਰਸ਼ਨ ਦੇ ਕਰੀਬ ਇਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਪਹਿਲੀ ਵਾਰ ਮਹਿਲਾ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਬਾਅਦ ਮਹਿਲਾ ਦਿਵਸ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮਨਾਉਣ ਦਾ ਇਕ ਪ੍ਰਸਤਾਵ ਕਲਾਰਾ ਜੇਟਕਿਨ, ਕੇਟ ਡੰਕਰ, ਪਾਉਲਾ ਥੀਡ ਹੁਰਾਂ ਦੁਆਰਾ ਰੱਖਿਆ ਗਿਆ। ਉਸ ਮੀਟਿੰਗ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਤੇ ਉਪਰੋਕਤ ਸੁਝਾਅ ਨੂੰ ਸਰਵ ਸੰਮਤੀ ਨਾਲ ਮਨਜ਼ੂਰ ਕੀਤਾ ਗਿਆ ਇਸ ਦੇ ਨਾਲ ਹੀ ਇਸ ਮੌਕੇ ਔਰਤਾਂ ਲਈ ਵੋਟ ਦੇ ਹੱਕ ਸਮੇਤ ਬਰਾਬਰੀ ਦੇ ਅਧਿਕਾਰਾਂ ਦੀ ਲੜਾਈ ਲਈ ਕਾਰਜਨੀਤੀ ਦੇ ਤੌਰ ਤੇ ਉਚਿਆਉਣ, ਵਧਾਉਣ ਦਾ ਵੀ ਫੈਸਲਾ ਕੀਤਾ ਗਿਆ।
ਇਸ ਤੋਂ ਪਹਿਲਾਂ ਜਿਹੜਾ ਔਰਤ ਦਿਵਸ 28 ਫਰਵਰੀ 1909 ਨੂੰ ਨਿਊਯਾਰਕ ਸਿਟੀ ਵਿੱਚ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਕਾਰਕੁਨ ਥੈਰੇਸਾ ਮਲਕੀਏਲ ਦੇ ਸੁਝਾਅ ਤੇ ਆਯੋਜਿਤ ਕੀਤਾ ਗਿਆ, ਉਸ ਨੂੰ ‘ਰਾਸ਼ਟਰੀ ਮਹਿਲਾ ਦਿਵਸ’ ਕਿਹਾ ਗਿਆ। ਇਸ ਤੋਂ ਕੁਝ ਦਿਨਾਂ ਬਾਅਦ 25 ਮਾਰਚ ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਫੈਕਟਰੀ ਵਿੱਚ ਸੁਰੱਖਿਆ ਉੱਪਰਾਲਿਆਂ ਦੀ ਕਮੀ ਦੇ ਕਾਰਨ 140 ਤੋਂ ਜ਼ਿਆਦਾ ਮਜਦੂਰ ਔਰਤਾਂ ਦੀ ਜਲਕੇ ਮੌਤ ਹੋ ਗਈ। ਔਰਤਾਂ ਦੇ ਸ਼ੋਸ਼ਣ ਦੀਆਂ ਭਿਅੰਕਰ ਪਰਿਸਥਿਤੀਆਂ ਅਤੇ ਉਹਨਾਂ ਨੂੰ ਉਹਨਾਂ ਦੀ ਰਾਜਨੀਤਕ ਅਜ਼ਾਦੀ ਤੋਂ ਵੰਚਿਤ ਰੱਖਣ ਦੇ ਬੁਰਜੁਆ ਸੰਸਦੀ ਯਤਨਾਂ ਦੇ ਖਿਲਾਫ ਬਗ਼ਾਵਤ ਨੂੰ ਇਸ ਘਟਨਾ ਨੇ ਲਾਂਬੂ ਲਾਉਣ ਦਾ ਕੰਮ ਦਿੱਤਾ। 1913 ਵਿੱਚ ਦੁਨੀਆ ਭਰ ਦੀਆਂ ਔਰਤਾਂ ਵੋਟ ਦੇ ਆਪਣੇ ਅਧਿਕਾਰ ਦੀ ਮੰਗ ਨੂੰ ਉਠਾ ਰਹੀਆਂ ਸਨ।
ਇਸੇ ਦੌਰਾਨ ਰੂਸ ਵਿੱਚ ਵੀ 1913 ਵਿੱਚ ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ। ਸੋਵੀਅਤ ਸੱਤਾ ਦੀ ਸਥਾਪਨਾ ਦੇ ਬਾਅਦ ਇਹ ਸਰਕਾਰੀ ਤਿਉਹਾਰ ਹੋ ਗਿਆ ਸੀ (ਫਿਰ 1965 ਤੋਂ ਇਸ ਨੂੰ ਬਾਕਾਇਦਾ ਛੁੱਟੀ ਦਾ ਦਿਨ ਵੀ ਬਣਾ ਦਿੱਤਾ ਗਿਆ।)
ਚੀਨ ਵਿੱਚ ਇਹ ਦਿਹਾੜਾ ਮਾਰਕਸਵਾਦੀਆਂ ਦੁਆਰਾ 1922 ਵਿੱਚ ਤੇ ਸਪੈਨਿਸ਼ ਮਾਰਕਸਵਾਦੀਆਂ ਦੁਆਰਾ 1936 ਵਿੱਚ ਮਨਾਇਆ ਗਿਆ ਸੀ। 1 ਅਕਤੂਬਰ 1949 ਈਸਵੀ ਨੂੰ ਚੀਨੀ ਗਣਤੰਤਰ ਤੋਂ ਬਾਅਦ 23 ਦਸੰਬਰ ਨੂੰ ਰਾਜ ਸਭਾ ਨੇ ਇਹ ਦਿਹਾੜਾ ਚੀਨ ਵਿੱਚ 8 ਮਾਰਚ ਨੂੰ ਛੁੱਟੀ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।
ਸੰਯੁਕਤ ਰਾਸ਼ਟਰ ਵਲੋਂ ਬਾਕਾਇਦਾ ਰੂਪ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਰਸਮੀ ਤੌਰ ’ਤੇ ਸੰਯੁਕਤ ਰਾਸ਼ਟਰ ਵਲੋਂ ਮਾਨਤਾ 1975 ਪ੍ਰਦਾਨ ਕਰਦਿਆਂ ਇਸ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ । ਇਸ ਤਰ੍ਹਾਂ ਹੁਣ 8 ਮਾਰਚ ਨੂੰ ਇਹ ਦਿਹਾੜਾ ਵਿਸ਼ਵ-ਭਰ ਵਿੱਚ ਮਨਾਇਆ ਜਾਂਦਾ ਹੈ।
ਆਓ ਹੁਣ ਅਸੀਂ ਉਸ ਗੀਤ ਨੂੰ ਵੇਖਦੇ ਹਾਂ ਜਿਸ ਵਿਚ ਸਾਹਿਰ ਲੁਧਿਆਣਵੀ ਨੇ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਜ਼ਿੰਦਗੀ ਦੇ ਦੁਖਾਂਤ ਨੂੰ ਬਹੁਤ ਹੀ ਬੇਬਾਕ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਉਸ ਗਾਣੇ ਦੀਆਂ ਕੁਝ ਕੁ ਪੰਕਤੀਆਂ ਵੇਖੋ, ਸਾਹਿਰ ਕਹਿੰਦੇ ਹਨ:
ਔਰਤ ਨੇ ਜਨਮ ਦੀਆ ਮਰਦੋਂ ਕੋ,
ਮਰਦੋਂ ਨੇ ਉਸੇ ਬਾਜ਼ਾਰ ਦੀਆ।
ਜਬ ਜੀ ਚਾਹਾ ਮਸਲਾ, ਖੇਲਾ,
ਜਬ ਜੀ ਚਾਹਾ ਧਿੱਕਾਰ ਦੀਆ।
ਤੁਲਤੀ ਹੈ ਕਹੀਂ ਦੀਨਾਰੋਂ ਮੇਂ,
ਬਿਕਤੀ ਹੈ ਕਹੀਂ ਬਾਜ਼ਾਰੋਂ ਮੇਂ।
ਨੰਗੀ ਨਚਵਾਈ ਜਾਤੀ ਹੈ,
ਅਯਾਸ਼ੋਂ ਕੇ ਦਰਬਾਰੋਂ ਮੇਂ।
ਯੇ ਵੋਹ ਬੇਇੱਜ਼ਤ ਚੀਜ਼ ਹੈ ਜੋ,
ਬੰਟ ਜਾਤੀ ਹੈ ਇੱਜ਼ਤਦਾਰੋਂ ਮੇਂ।
ਔਰਤ ਨੇ ਜਨਮ ਦੀਆ ਮਰਦੋਂ ਕੋ,
ਮਰਦੋਂ ਨੇ ਉਸੇ ਬਾਜ਼ਾਰ ਦੀਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2625)
(ਸਰੋਕਾਰ ਨਾਲ ਸੰਪਰਕ ਲਈ: