“ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ ਤੇ ਐਂਬੂਲੈਂਸ ਵਿੱਚ ਬੈਠ ਗਏ ...”
(23 ਅਪਰੈਲ 2020)
ਜਿੱਥੇ ਇਸ ਨਾਜ਼ੁਕ ਸਮੇਂ ਡਾਕਟਰ ਅਤੇ ਨਰਸਾਂ ਦੇ ਜਾਂਬਾਜ਼ੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਕੁਝ ਵੱਡੀਆਂ ਉਮਰਾਂ ਵਾਲੇ ਮਰੀਜ਼ਾਂ ਦੀਆਂ ਦਿਲਾਂ ਨੂੰ ਪਸੀਜ ਦੇਣ ਵਾਲੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਉਹ ਲੋਕ ਯਕੀਨਨ ਕਿੰਨੇ ਮਹਾਨ ਹੁੰਦੇ ਹਨ ਜਿਹੜੇ ਆਪਣੇ ਤੋਂ ਪਹਿਲਾਂ ਕਿਸੇ ਦੂਜੇ ਬਾਰੇ ਸੋਚਦੇ ਹਨ, ਉਹ ਵੀ ਜਦੋਂ ਮਸਲਾ ਜ਼ਿੰਦਗੀ ਮੌਤ ਦਾ ਹੋਵੇ ਤਾਂ ਮੌਤ ਚੁਣਕੇ ਦੂਜੇ ਨੂੰ ਜ਼ਿੰਦਗੀ ਦੇਣਾ ਸੱਚਮੁੱਚ ਹੀ ਇੱਕ ਵੱਡੀ ਗੱਲ ਹੋਇਆ ਕਰਦੀ ਹੈ। ਅਜਿਹੀ ਹੀ ਇੱਕ ਮਿਸਾਲ ਕਾਇਮ ਬੈਲਜੀਅਮ ਦੇ ਲੂਬੀਕ ਸ਼ਹਿਰ ਦੀ ਵਸਨੀਕ 90 ਸਾਲਾ ਸੁਜੈਨ ਹੋਏਲਾਰੇਟਸ ਨੇ ਕਾਇਮ ਕੀਤੀ ਹੈ, ਜਿਸਦੇ ਚੱਲਦਿਆਂ ਉਹ ਸੁਰਖੀਆਂ ਵਿੱਚ ਹੈ। 20 ਮਾਰਚ ਨੂੰ ਸੂਜੈਨ ਦੀ ਅਚਾਨਕ ਖੰਗ ਜ਼ੁਕਾਮ ਅਤੇ ਬੁਖ਼ਾਰ ਨਾਲ ਤਬੀਅਤ ਵਿਗੜ ਗਈ ਤਾਂ ਉਸਦੀ ਧੀ ਜੂਡੀਥ ਉਸ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਸੂਜੈਨ ਦੇ ਟੈਸਟ ਹੋਏ। ਸੂਜੈਨ ਕਰੋਨਾ ਪਾਜ਼ੇਟਿਵ ਪਾਈ ਗਈ। ਉਸੇ ਵਕਤ ਉਸਦੀ ਧੀ ਜੂਡੀਥ ਨੂੰ ਉਸ ਤੋਂ ਵੱਖ ਕਰਕੇ ਆਈਸੋਲੇਟ ਕਰ ਦਿੱਤਾ ਗਿਆ ਤਾਂ ਇਸ ਦੌਰਾਨ ਸੂਜੈਨ ਦਾ ਸਾਹ ਰੁਕਣਾ ਸ਼ੁਰੂ ਹੋ ਗਿਆ। ਡਾਕਟਰ ਨੇ ਵੈਂਟੀਲੇਟਰ ਮੰਗਵਾਕੇ ਜਦੋਂ ਸੂਜੈਨ ਨੂੰ ਦੱਸਿਆ ਕਿ ਉਸ ਨੂੰ ਆਕਸੀਜਨ ਦੀ ਜ਼ਰੂਰਤ ਹੈ ਤਾਂ ਸੂਜੈਨ ਨੇ ਵੈਂਟੀਲੇਟਰ ਦੀ ਵਰਤੋਂ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਸੰਦਰਭ ਵਿੱਚ ਸੂਜੈਨ ਨੇ ਜੋ ਤਰਕ ਪੇਸ਼ ਕੀਤਾ ਉਹ ਵਾਕਈ ਉਸ ਨੂੰ ਹਕੀਕੀ ਮਾਅਨਿਆਂ ਵਿੱਚ ਇੱਕ ਜਾਂਬਾਜ਼ ਔਰਤ ਸਾਬਤ ਕਰਨ ਵਾਲਾ ਸੀ। ਉਸ ਨੇ ਬੜੇ ਬੁਲੰਦ ਹੌਸਲੇ ਨਾਲ ਕਿਹਾ, “ਮੈਂ ਆਪਣੀ ਜ਼ਿੰਦਗੀ ਦੇ 90 ਸਾਲ ਬਹੁਤ ਵਧੀਆ ਬਤੀਤ ਕੀਤੇ ਹਨ। ਹੁਣ ਮੈਂਨੂੰ ਹੋਰ ਜ਼ਿੰਦਗੀ ਦੀ ਲੋੜ ਨਹੀਂ ਹੈ। ਇਸ ਲਈ ਬਿਹਤਰ ਹੈ ਤੁਸੀਂ ਇਸ ਵੈਂਟੀਲੇਟਰ ਦੀ ਕਿਸੇ ਨੌਜਵਾਨ ਪੀੜਿਤ ਲਈ ਵਰਤੋਂ ਕਰੋ ਤਾਂ ਕਿ ਉਸਦੀ ਜ਼ਿੰਦਗੀ ਬਚ ਜਾਏ। ਉਸ ਨੂੰ ਜ਼ਿੰਦਗੀ ਦੀ ਵਧੇਰੇ ਲੋੜ ਹੈ।”
ਸੂਜੈਨ ਨੇ ਆਪਣੀ ਧੀ ਨੂੰ ਵੀ ਇਹ ਸੁਨੇਹਾ ਭੇਜਿਆ, “ਤੂੰ ਬਿਲਕੁਲ ਰੋਣਾ ਨਹੀਂ। ਮੈਂ ਖ਼ੁਸ਼ੀ ਨਾਲ ਜ਼ਿੰਦਗੀ ਦਾ ਤਿਆਗ ਕਰ ਰਹੀ ਹਾਂ। ਇਸ ਵੈਂਟੀਲੇਟਰ ਨਾਲ ਸ਼ਾਇਦ ਕਿਸੇ ਹੋਰ ਦੀ ਜ਼ਿੰਦਗੀ ਬਚ ਜਾਏ।” ਇਸ ਤੋਂ ਬਾਅਦ ਅਗਲੇ ਹੀ ਦਿਨ 21 ਮਾਰਚ ਨੂੰ ਸੂਜੈਨ ਦੀ ਮੌਤ ਹੋ ਗਈ। ਸੂਜੈਨ ਜਾਂਦੇ ਜਾਂਦੇ ਇੱਕ ਸੁਨੇਹਾ ਦੇ ਗਈ ਕਿ ਜੇ ਜ਼ਿੰਦਗੀ ਜਿਊਣ ਦੀ ਕਲਾ ਹੋਵੇ ਤਾਂ ਇੱਕ ਜ਼ਿੰਦਗੀ ਹੀ ਬਹੁਤ ਹੁੰਦੀ ਹੈ। ਅਰਥਾਤ ਤੁਸੀਂ ਜੀਵਨ ਤੋਂ ਇੰਨਾ ਰੱਜ ਜਾਂਦੇ ਹੋ ਕਿ ਤੁਹਾਨੂੰ ਦੁਨੀਆਂ ਨੂੰ ਅਲਵਿਦਾ ਕਹਿਣ ਲੱਗਿਆ ਵੀ ਕੋਈ ਅਫ਼ਸੋਸ ਨਹੀਂ ਹੁੰਦਾ।
**
ਇਸੇ ਤਰ੍ਹਾਂ ਪਿਛਲੇ ਦਿਨੀਂ ਫੇਸਬੁੱਕ ਤੇ ਇੱਕ ਪੋਸਟ ਪੜ੍ਹੀ ਜੋ ਕਿ ਇੱਕ ਵਿਅਕਤੀ ਦੁਆਰਾ ਪੇਸ਼ ਕੀਤੀ ਗਈ ਸੀ। ਉਸ ਵਿੱਚ ਉਸਨੇ ਲਿਖਿਆ ਹੈ – ਰਣਧੀਰ ਅਨੰਦ (ਫਰਜ਼ੀ ਨਾਂ) ਇੱਕ ਰਿਟਾਇਰ ਅਧਿਆਪਕ ਹਨ। ਸਵੇਰੇ 10 ਵਜੇ ਉਹ ਬਿਲਕੁਲ ਠੀਕਠਾਕ ਲੱਗ ਰਹੇ ਸਨ, ਸ਼ਾਮ ਹੁੰਦੇ-ਹੁੰਦੇ ਤੇਜ਼ ਬੁਖਾਰ ਦੇ ਨਾਲ ਨਾਲ ਉਹ ਸਾਰੇ ਲੱਛਣ ਦਿਖਾਈ ਦੇਣ ਲੱਗ ਪਏ ਜੋ ਇੱਕ ਕਰੋਨਾ ਪਾਜ਼ੇਟਿਵ ਮਰੀਜ਼ ਵਿੱਚ ਦਿਖਾਈ ਦਿੰਦੇ ਹਨ।
ਪਰਿਵਾਰ ਵਾਲਿਆਂ ਦੇ ਚਿਹਰੇ ਉੱਤੇ ਖੌਫ਼ ਸਾਫ ਦਿਖਾਈ ਦੇ ਰਿਹਾ ਸੀ। ਉਨ੍ਹਾਂ ਅਨੰਦ ਸਾਹਬ ਦਾ ਮੰਜਾ ਘਰ ਦੇ ਬਾਹਰ ਵਾਲੇ ਕਮਰੇ ਵਿੱਚ ਰੱਖ ਦਿੱਤਾ, ਜਿਸ ਵਿੱਚ ਇੱਕ ਪਾਲਤੂ ਕੁੱਤੇ “ਮਾਰਸ਼ਲ” ਨੂੰ ਰੱਖਿਆ ਗਿਆ ਸੀ। ਅਨੰਦ ਸਾਹਿਬ ਜੀ ਕੁਝ ਸਾਲ ਪਹਿਲਾਂ ਇੱਕ ਜ਼ਖਮੀ ਕਤੂਰੇ ਨੂੰ ਸੜਕ ਤੋਂ ਚੁੱਕ ਲਿਆਏ ਸਨ, ਜਿਸ ਨੂੰ ਪਾਲ ਕੇ ਉਨ੍ਹਾਂ ਉਸ ਦਾ ਨਾਮ “ਮਾਰਸ਼ਲ” ਰੱਖ ਦਿੱਤਾ ਸੀ।
ਇਸ ਕਮਰੇ ਵਿੱਚ ਹੁਣ ਅਨੰਦ ਸਾਹਿਬ, ਇੱਕ ਮੰਜਾ ਤੇ ਉਨ੍ਹਾਂ ਦਾ ਪਿਆਰਾ ਕੁੱਤਾ ਮਾਰਸ਼ਲ ਹੈ। ਦੋਵਾਂ ਨੂੰਹਾਂ ਪੁੱਤਾਂ ਨੇ ਅਨੰਦ ਸਾਹਿਬ ਜੀ ਤੋਂ ਦੂਰੀ ਬਣਾ ਲਈ ਤੇ ਆਪਣੇ ਬੱਚਿਆਂ ਨੂੰ ਵੀ ਅਨੰਦ ਸਾਹਿਬ ਜੀ ਕੋਲ ਨਾ ਜਾਣ ਦੇ ਨਿਰਦੇਸ਼ ਦੇ ਦਿੱਤੇ ਹਨ।
ਸਰਕਾਰ ਵਲੋਂ ਜਾਰੀ ਕੀਤੇ ਗਏ ਨੰਬਰ ’ਤੇ ਫੋਨ ਕਰਕੇ ਸੂਚਨਾ ਦੇ ਦਿੱਤੀ ਗਈ। ਖਬਰ ਪੂਰੇ ਮੁਹੱਲੇ ਵਿੱਚ ਫੈਲ ਗਈ ਪਰ ਮਿਲਣ ਕੋਈ ਨਹੀਂ ਆਇਆ। ਮੂੰਹ ’ਤੇ ਚੁੰਨੀ ਲਪੇਟੀ ਇੱਕ ਗਵਾਂਢ ਦੀ ਔਰਤ ਆਈ ਤੇ ਅਨੰਦ ਸਾਹਿਬ ਜੀ ਦੀ ਘਰਵਾਲੀ ਨੂੰ ਕਿਹਾ, “ਕੋਈ ਇਹਨਾਂ ਨੂੰ ਦੂਰੋਂ ਰੋਟੀ ਹੀ ਫੜਾ ਦਿਓ, ਹਸਪਤਾਲ ਵਾਲੇ ਇਹਨੂੰ ਭੁੱਖੇ ਨੂੰ ਹੀ ਲੈ ਜਾਣਗੇ ਚੱਕ ਕੇ ...।”
ਹੁਣ ਸਵਾਲ ਇਹ ਸੀ ਕਿ ਅਨੰਦ ਸਾਹਿਬ ਨੂੰ ਖਾਣਾ ਕੌਣ ਫੜਾਵੇ? ਨੂੰਹਾਂ ਨੇ ਖਾਣਾ ਆਨੰਦ ਸਾਹਿਬ ਦੀ ਘਰਵਾਲੀ ਨੂੰ ਫੜਾ ਦਿੱਤਾ। ਖਾਣਾ ਫੜਦੇ ਹੀ ਅਨੰਦ ਸਾਹਿਬ ਜੀ ਦੀ ਘਰਵਾਲੀ ਦੇ ਹੱਥ ਪੈਰ ਕੰਬਣ ਲੱਗ ਪਏ। ਮੰਨੋ ਪੈਰ ਜਿਵੇਂ ਕਿਸੇ ਨੇ ਖੁੰਡ ਨਾਲ ਬੰਨ੍ਹ ਦਿੱਤੇ ਹੋਣ।
ਇੰਨਾ ਦੇਖ ਕੇ ਗਵਾਂਢ ਤੋਂ ਆਈ ਬਜ਼ੁਰਗ ਔਰਤ ਬੋਲੀ, “ਤੇਰੇ ਹੀ ਘਰਵਾਲਾ ਆ, ਮੂੰਹ ਬੰਨ੍ਹ ਕੇ ਚਲੀ ਜਾ, ਦੂਰੋਂ ਹੀ ਖਾਣੇ ਦੀ ਪਲੇਟ ਸਰਕਾ ਦੇਵੀਂ, ਉਹ ਆਪਣੇ ਆਪ ਉੱਠ ਕੇ ਖਾ ਲਊਗਾ।”
ਸਾਰੀ ਗੱਲਬਾਤ ਅਨੰਦ ਸਾਹਿਬ ਸੁਣ ਰਹੇ ਸਨ। ਉਹਨਾਂ ਦੀਆਂ ਅੱਖਾਂ ਭਰ ਆਈਆਂ ਸਨ, ਤੇ ਕੰਬਦੇ ਹੋਏ ਬੁੱਲ੍ਹਾਂ ਨਾਲ ਉਹਨਾਂ ਕਿਹਾ, “ਮੇਰੇ ਕੋਲ ਕੋਈ ਨਾ ਆਵੇ, ਮੈਂਨੂੰ ਭੁੱਖ ਨਹੀਂ ਹੈ।”
ਇਸੇ ਦੌਰਾਨ ਐਂਬੂਲੈਂਸ ਆ ਗਈ। ਅਨੰਦ ਸਾਹਿਬ ਨੂੰ ਐਂਬੂਲੈਂਸ ਵਿੱਚ ਬੈਠਣ ਲਈ ਕਿਹਾ ਗਿਆ। ਅਨੰਦ ਸਾਹਿਬ ਨੇ ਘਰ ਦੇ ਦਰਵਾਜ਼ੇ ’ਤੇ ਆ ਕੇ ਇੱਕ ਵਾਰੀ ਪਲਟ ਕੇ ਆਪਣੇ ਘਰ ਵੱਲ ਨੂੰ ਦੇਖਿਆ। ਪੋਤੀਆਂ ਪੋਤੇ ਫਸਟ ਫਲੋਰ ਦੀ ਖਿੜਕੀ ਵਿੱਚ ਮਾਸਕ ਲਗਾ ਕੇ ਖੜ੍ਹੇ ਹਨ ਤੇ ਆਪਣੇ ਦਾਦੇ ਨੂੰ ਵੇਖ ਰਹੇ ਹਨ। ਉਹਨਾਂ ਬੱਚਿਆਂ ਦੇ ਪਿੱਛੇ ਹੀ ਚੁੰਨੀਆਂ ਨਾਲ ਸਿਰ ਢਕੀ ਅਨੰਦ ਸਾਹਿਬ ਦੀਆਂ ਨੂੰਹਾਂ ਵੀ ਦਿਖਾਈ ਦਿੰਦੀਆਂ ਹਨ। ਗਰਾਊਂਡ ਫਲੋਰ ਤੇ ਦੋਵੇਂ ਪੁੱਤ ਆਪਣੀ ਮਾਂ ਨਾਲ ਕਾਫ਼ੀ ਦੂਰ ਖੜ੍ਹੇ ਦਿਸਦੇ ਹਨ।
ਵਿਚਾਰਾਂ ਦਾ ਤੂਫਾਨ ਅਨੰਦ ਸਾਹਿਬ ਦੇ ਅੰਦਰ ਉਛਾਲੇ ਮਾਰਨ ਲੱਗਾ। ਉਹਨਾਂ ਦੀ ਪੋਤੀ ਨੇ ਉਹਨਾਂ ਵੱਲ ਦੇਖਦੇ ਹੋਏ ਹੱਥ ਹਿਲਾਉਂਦੀ ਨੇ ‘ਬਾਏ’ ਕਿਹਾ, ਇੱਕ ਪੱਲ ਤਾਂ ਅਨੰਦ ਸਾਹਿਬ ਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਦੀ ਜ਼ਿੰਦਗੀ ਨੇ ਉਹਨਾਂ ਨੂੰ ਅਲਵਿਦਾ ਕਹਿ ਦਿੱਤਾ ਹੋਵੇ।
ਰਣਧੀਰ ਆਨੰਦ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ। ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ ਤੇ ਐਂਬੂਲੈਂਸ ਵਿੱਚ ਬੈਠ ਗਏ। ਉਹਨਾਂ ਦੀ ਘਰਵਾਲੀ ਨੇ ਜਲਦੀ-ਜਲਦੀ ਪਾਣੀ ਦੀ ਬਾਲਟੀ ਭਰ ਕੇ ਉਸ ਡਿਓੜੀ ’ਤੇ ਮਾਰੀ, ਜਿਸ ਨੂੰ ਅਨੰਦ ਸਾਹਿਬ ਚੁੰਮ ਕੇ ਐਂਬੂਲੈਂਸ ਵਿੱਚ ਬੈਠੇ ਸਨ।
ਇਹ ਦ੍ਰਿਸ਼ ਦੇਖ ਕੇ ਕੁੱਤਾ ਰੋ ਪਿਆ ਤੇ ਉਹ ਉਸੇ ਐਂਬੂਲੈਂਸ ਦੇ ਪਿੱਛੇ ਦੌੜਨ ਲੱਗ ਪਿਆ, ਜਿਸ ਵਿੱਚ ਅਨੰਦ ਸਾਹਿਬ ਹਸਪਤਾਲ ਜਾ ਰਹੇ ਸਨ।
ਰਣਧੀਰ ਆਨੰਦ ਜੀ 14 ਦਿਨ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ। ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਸਨ। ਉਹਨਾਂ ਨੂੰ ਸਿਹਤਮੰਦ ਐਲਾਨ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜਦੋਂ ਅਨੰਦ ਸਾਹਿਬ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਹਸਪਤਾਲ ਦੇ ਗੇਟ ‘ਤੇ ਬੈਠਾ ਆਪਣਾ ਕੁੱਤਾ “ਮਾਰਸ਼ਲ” ਦਿਖਾਈ ਦਿੱਤਾ। ਦੋਵੇਂ ਇੱਕ-ਦੂਜੇ ਨੂੰ ਚਿੰਬੜ ਗਏ। ਹੰਝੂ ਸਾਰੇ ਬੰਨ੍ਹ ਤੋੜ ਕੇ ਵਗਣ ਲੱਗੇ।
ਜਦ ਤੱਕ ਅਨੰਦ ਸਾਹਿਬ ਦੇ ਦੋਵਾਂ ਮੁੰਡਿਆਂ ਦੀ ਲੰਬੀ ਗੱਡੀ ਉਨ੍ਹਾਂ ਨੂੰ ਲੈਣ ਹਸਪਤਾਲ ਪੁੱਜਦੀ, ਉਦੋਂ ਤੱਕ ਉਹ ਆਪਣੇ ਮਾਰਸ਼ਲ ਨੂੰ ਲੈ ਕੇ ਦੂਜੀ ਦਿਸ਼ਾ ਵਿੱਚ ਨਿਕਲ ਚੁੱਕੇ ਸਨ। ਉਸ ਤੋਂ ਬਾਅਦ ਉਹ ਕਦੀ ਦਿਖਾਈ ਨਹੀਂ ਦਿੱਤੇ। ਅੱਜ ਉਹਨਾਂ ਦੀ ਗੁੰਮਸ਼ੁਦਗੀ ਦੀ ਫੋਟੋ ਅਖਬਾਰ ਵਿੱਚ ਛਪੀ ਹੈ, ਨਾਲ ਲਿਖਿਆ ਹੋਇਆ ਹੈ – ਸੂਚਨਾ ਦੇਣ ਵਾਲੇ ਨੂੰ 40 ਹਜ਼ਾਰ ਇਨਾਮ ਦਿੱਤਾ ਜਾਵੇਗਾ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2077)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)