“ਯਕੀਨਨ ਜੇਕਰ ਦੇਸ਼ ਵਿੱਚ ਹਰ ਨਾਗਰਿਕ ਭੈਅ ਮੁਕਤ ਹੋਵੇਗਾ ਤਾਂ ਉਹ ਦੇਸ਼ ਦੀ ਤਰੱਕੀ ਵਿੱਚ ...”
(23 ਮਾਰਚ 2021)
(ਸ਼ਬਦ: 1080)
ਦੇਸ਼ ਦੀ ਆਜ਼ਾਦੀ ਲਈ ਜਾਨਾਂ ਨਿਛਾਵਰ ਕਰਨ ਵਾਲੇ ਯੋਧਿਆਂ ਦੀ ਜਦੋਂ ਗੱਲ ਚਲਦੀ ਹੈ ਤਾਂ ਸੂਰਮਿਆਂ ਦੀ ਪਹਿਲੀ ਕਤਾਰ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਦੇ ਨਾਂ ਆਪ ਮੁਹਾਰੇ ਸਾਹਮਣੇ ਆ ਜਾਂਦੇ ਹਨ।
ਭਗਤ ਸਿੰਘ, ਜਿਨ੍ਹਾਂ ਨੂੰ ਫਾਂਸੀ ਲਗਾਏ ਜਾਣ ਬਾਅਦ ਦਿੱਲੀ ਵਿਖੇ ਇੱਕ ਜਲਸੇ ਵਿੱਚ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ‘ਭਗਤ ਸਿੰਘ ਇੱਕ ਵਿਅਕਤੀ ਨਹੀਂ - ਉਹ ਇੱਕ ਨਿਸ਼ਾਨ ਹੈ, ਇੱਕ ਚਿੰਨ੍ਹ ਹੈ, ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿੱਚ ਮਘਦੀ ਅੱਗ ਦੀ ਤਰ੍ਹਾਂ ਬਲ ਉੱਠਿਆ ਹੈ। ਜਦੋਂ ਕਿ ਪੰਡਤ ਜਵਾਹਰ ਲਾਲ ਨੇ ਲਿਖਿਆ ਸੀ ਕਿ ਇਹ ਨੌਜਵਾਨ ਗੱਭਰੂ ਅਚਨਚੇਤ ਇੰਨਾ ਹਰਮਨ ਪਿਆਰਾ ਹੋ ਗਿਆ ਹੈ, ਸਾਨੂੰ ਉਸਦੀ ਸ਼ਹਾਦਤ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਦੇਸ਼ ਤੇ ਕੌਮ ਦੀ ਆਜ਼ਾਦੀ ਲਈ ਕਿਵੇਂ ਹੱਸ ਹੱਸ ਕੇ ਮਰਿਆ ਜਾਂਦਾ ਹੈ।”
ਅੱਜ ਦੇਸ਼ ਨੂੰ ਆਜ਼ਾਦ ਹੋਇਆਂ ਬੇਸ਼ਕ 75 ਸਾਲ ਹੋਣ ਜਾ ਰਹੇ ਹਨ ਪਰ ਕੀ ਕਦੇ ਸੋਚਿਆ ਹੈ ਕਿ ਜਿਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਸਾਡੇ ਸੂਰਮਿਆਂ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਅੱਜ ਕੀ ਉਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਸਾਡੀ ਲੀਡਰਸ਼ਿੱਪ ਸਫਲ ਹੋਈ ਹੈ? ਤਾਂ ਯਕੀਨਨ ਇਸਦਾ ਜਵਾਬ ਨਹੀਂ ਵਿੱਚ ਹੋਵੇਗਾ।
ਹਰ ਸਾਲ 23 ਮਾਰਚ ਨੂੰ ਅਸੀਂ ਦੇਸ਼ ਵਾਸੀ ਵਿਸ਼ੇਸ਼ ਤੌਰ ’ਤੇ ਪੰਜਾਬੀ ਲੋਕ ਭਗਤ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਵਜੋਂ ਮਨਾਉਂਦੇ ਹਾਂ ਤੇ ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਾਂ ਪਰ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਜਿਸ ਮਕਸਦ ਲਈ ਉਨ੍ਹਾਂ ਦੇਸ਼ ਦੇ ਲਈ ਆਪਣੀ ਜਾਨ ਨੂੰ ਵਾਰਿਆ ਸੀ, ਉਸ ਮਕਸਦ ਨੂੰ ਪ੍ਰਾਪਤ ਕਰਨ ਵਿੱਚ ਕਿੰਨੇ ਕੁ ਸਫਲ ਹੋਏ ਹਾਂ? ਅਫਸੋਸ ਕਿ ਦੇਸ਼ ਉਹੋ ਜਿਹਾ ਨਹੀਂ ਬਣ ਸਕਿਆ ਜਿਹੋ ਜਿਹੇ ਦੀ ਭਗਤ ਸਿੰਘ ਹੁਰਾਂ ਨੇ ਕਲਪਨਾ ਕੀਤੀ ਸੀ।
ਮੌਜੂਦਾ ਸਮੇਂ ਜਿੱਥੇ ਦੇਸ਼ ਵਿੱਚ ਫਿਰਕਾਪ੍ਰਸਤੀ ਲੋਕਾਂ ਦੇ ਸਿਰ ਚੜ੍ਹ ਬੋਲਦੀ ਹੈ, ਉੱਥੇ ਹੀ ਦੇਸ਼ ਅੰਦਰ ਗ਼ਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਅੱਜ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਅੱਜ ਦਾ ਇੱਕ ਵੱਡਾ ਦੁਖਾਂਤ ਇਹ ਹੈ ਕਿ ਦੇਸ਼ ਦੀਆਂ ਔਰਤਾਂ ਆਪਣੇ ਹੀ ਮੁਲਕ ਵਿੱਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਲੇਕਿਨ ਅਫਸੋਸ ਕਿ ਉਕਤ ਗੰਭੀਰ ਹਾਲਾਤ ਹੋਣ ਦੇ ਬਾਵਜੂਦ ਵੀ ਸ਼ਾਸਕਾਂ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕਦੀ। ਇੰਝ ਲੱਗਦਾ ਹੈ ਜਿਵੇਂ ਸ਼ਾਸਕਾਂ ਨੂੰ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਨਾਲ ਕੋਈ ਸਰੋਕਾਰ ਹੀ ਨਾ ਹੋਵੇ।
ਪਿਛਲੇ ਕੁਝ ਕੁ ਸਾਲਾਂ ਤੋਂ ਵੇਖਣ ਵਿੱਚ ਆਇਆ ਹੈ ਕਿ ਦੇਸ਼ ਵਿੱਚ ਪ੍ਰਚਲਿਤ ਗੰਭੀਰ ਸਮੱਸਿਆਵਾਂ ਤੋਂ ਅਵਾਮ ਦਾ ਧਿਆਨ ਹਟਾਉਣ ਲਈ ਗੋਦੀ ਮੀਡੀਆ ਲੋਕਾਂ ਨੂੰ ਫਰਜ਼ੀ ਕਿਸਮ ਦੀਆਂ ਧਾਰਮਿਕ ਬਹਿਸਾਂ ਵਿੱਚ ਉਲਝਾ ਰਿਹਾ ਹੈ। ਜੇਕਰ ਵਿਸ਼ਲੇਸ਼ਣ ਕੀਤਾ ਜਾਏ ਤਾਂ ਕੁਝ ਸਾਲਾਂ ਤੋਂ ਮੀਡੀਆ ਦੇ ਰਵੱਈਏ ਤੋਂ ਜਾਪਦਾ ਹੈ ਕਿ ਜਿਵੇਂ ਮੌਜੂਦਾ ਮੇਨ ਸਟਰੀਮ ਮੀਡੀਆ ਲਗਾਤਾਰ ਕਿਸੇ ਦੁਆਰਾ ਦਿੱਤੀ ਹੋਈ ਸਕਰਿਪਟ ’ਤੇ ਕੰਮ ਕਰ ਰਿਹਾ ਹੋਵੇ ਤੇ ਲੋਕਾਂ ਦੇ ਜ਼ਰੂਰੀ ਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕਰ ਬੇਲੋੜੇ ਅਤੇ ਆਧਾਰਹੀਣ ਮੁੱਦੇ ਪੈਦਾ ਕਰ ਰਿਹਾ ਹੋਵੇ। ਅੱਜਕਲ੍ਹ ਮੇਨ ਸਟਰੀਮ ਮੀਡੀਆ ਵਿੱਚ ਅਕਸਰ ਬਹਿਸਾਂ ਦੇ ਵਿਸ਼ੇ ਹਿੰਦੂ ਮੁਸਲਮ ਦੇ ਇਰਦ-ਗਿਰਦ ਘੁੰਮਦੇ ਹਨ। ਇਨ੍ਹਾਂ ਬਹਿਸਾਂ ਦਾ ਹੀ ਨਤੀਜਾ ਹੈ ਕਿ ਅੱਜ ਬਹੁ ਗਿਣਤੀ ਦੇ ਮਨਾਂ ਵਿੱਚ ਘੱਟ ਗਿਣਤੀਆਂ ਲਈ ਇਸ ਕਦਰ ਘਿਰਣਾ ਤੇ ਜ਼ਹਿਰ ਭਰ ਦਿੱਤਾ ਗਿਆ ਹੈ ਕਿ ਅਸੀਂ ਆਏ ਦਿਨ ਅਜਿਹੀਆਂ ਘਟਨਾਵਾਂ ਵੇਖਦੇ ਹਾਂ ਜਿਨ੍ਹਾਂ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਾ ਸਿਰਫ ਨਿਸ਼ਾਨਾ ਬਣਾਇਆ ਜਾਂਦਾ ਹੈ ਬਲਕਿ ਉਸ ਘਟਨਾਕ੍ਰਮ ਦੀ ਮੌਕੇ ’ਤੇ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ। ਯਕੀਨਨ ਇਸਦੇ ਚੱਲਦਿਆਂ ਦੇਸ਼ ਦੀ ਸਾਖ ਨੂੰ ਜੋ ਦੁਨੀਆ ਵਿੱਚ ਵੱਟਾ ਲੱਗਦਾ ਹੈ ਉਸ ਦੀ ਉਦਾਹਰਣ ਮਿਲ ਪਾਉਣਾ ਮੁਸ਼ਕਲ ਹੈ।
ਇਸਦੇ ਨਾਲ ਹੀ ਜਿੱਥੋਂ ਤਕ ਸਰਕਾਰ ਦੁਆਰਾ ਘੜੀਆਂ ਜਾਂਦੀਆਂ ਨੀਤੀਆਂ ਦਾ ਸਵਾਲ ਹੈ, ਉਸ ਦੀਆਂ ਵਧੇਰੇ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਨਜ਼ਰ ਆਉਂਦੀਆਂ ਹਨ। ਇਸ ਸੰਦਰਭ ਵਿੱਚ ਸੱਜਰੀਆਂ ਉਦਾਹਰਣਾਂ ਖੇਤੀ ਆਰਡੀਨੈਂਸਾਂ ਅਤੇ ਮਜ਼ਦੂਰਾਂ ਦੇ ਸੰਦਰਭ ਵਿੱਚ ਤਰਮੀਮ ਸ਼ੁਦਾ ਕਾਨੂੰਨਾਂ ਤੋਂ ਭਲੀਭਾਂਤ ਮਿਲ ਜਾਂਦੀਆਂ ਹਨ।
ਸਰਕਾਰਾਂ ਕਿਸ ਕਦਰ ਸੰਵੇਦਨਹੀਣ ਹਨ ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨ ਲਗਭਗ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹਰ ਤਰ੍ਹਾਂ ਦੀਆਂ ਤਕਲੀਫਾਂ ਨੂੰ ਝੇਲਦਿਆਂ ਡਟੇ ਹੋਏ ਹਨ ਪਰ ਸਰਕਾਰ ਹਾਲੇ ਤਕ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਤਿਆਰ ਨਜ਼ਰ ਨਹੀਂ ਆਉਂਦੀ।
ਇਹ ਵੀ ਵਿਡੰਬਨਾ ਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਕੋਈ ਕੁਰਬਾਨੀ ਨਹੀਂ ਦਿੱਤੀ ਅੱਜ ਉਹੀ ਲੋਕ ਦੇਸ਼ ਦੇ ਅਸਲ ਦੇਸ਼ ਭਗਤਾਂ ਦੇ ਵਾਰਿਸਾਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾ ਰਹੇ ਹਨ। ਕਿੰਨੇ ਸੋਹਣੇ ਸ਼ਬਦਾਂ ਵਿੱਚ ਅਜਿਹੇ ਲੋਕਾਂ ਦੀ ਮਾਨਸਿਕਤਾ ਦਾ ਨਕਸ਼ਾ ਇੱਕ ਸ਼ਾਇਰ ਨੇ ਆਪਣੇ ਇਨ੍ਹਾਂ ਸ਼ਬਦਾਂ ਵਿੱਚ ਖਿੱਚਿਆ ਹੈ:
ਜਬ ਪੜਾ ਵਕਤ ਗੁਲਸਤਾਂ ਪੇ ਤੋਂ ਖੂੰ ਹਮਨੇ ਦੀਆਂ,
ਜਬ ਬਹਾਰ ਆਈ ਤੋਂ ਕਹਿਤੇ ਹੈਂ ਤੇਰਾ ਕਾਮ ਨਹੀਂ।
ਯਕੀਨਨ ਮੌਜੂਦਾ ਸਮੇਂ ਦੇਸ਼ ਜਿਹਨਾਂ ਨਾਜ਼ੁਕ ਹਾਲਾਤ ਵਿੱਚੋਂ ਦੀ ਲੰਘ ਰਿਹਾ ਹੈ ਉਸ ਨੂੰ ਵੇਖ ਕੇ ਦੇਸ਼ ਦੇ ਸੱਚੇ ਤੇ ਹਕੀਕੀ ਦੇਸ਼ ਭਗਤਾਂ ਨੂੰ ਡਾਢਾ ਦੁੱਖ ਪਹੁੰਚ ਰਿਹਾ ਏ।
ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਘੱਟ ਗਿਣਤੀਆਂ ਅਤੇ ਸਮਾਜਿਕ ਤੌਰ ’ਤੇ ਪਛੜੇ ਵਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਸਿਰਫ ਤੇ ਸਿਰਫ ਵੋਟਾਂ ਦੇ ਧਰੁਵੀਕਰਨ ਲਈ ਦੇਸ਼ ਦੇ ਲੋਕਾਂ ਵਿਚਾਲੇ ਸਦੀਆਂ ਪੁਰਾਣੀ ਸਾਂਝ ਨੂੰ ਖਤਮ ਕਰ ਵਿਭਾਜਨ ਦੀ ਰਾਜਨੀਤਕ ਨੂੰ ਪ੍ਰਪੱਕ ਕੀਤਾ ਜਾ ਰਿਹਾ ਹੈ, ਇਸ ਘਿਨਾਉਣੀ ਖੇਡ ਦੇ ਫਲਸਰੂਪ ਦੇਸ਼ ਨੂੰ ਜੋ ਨੁਕਸਾਨ ਪਹੁੰਚ ਰਿਹਾ ਹੈ ਉਸ ਦੀ ਕਲਪਨਾ ਕਰਨਾ ਮੁਸ਼ਕਿਲ ਹੈ। ਅੱਜ ਦੇਸ਼ ਵਿੱਚ ਮੰਬਲਿੰਚਿੰਗ ਦੇ ਨਾਂ ਹੇਠ ਜਿਸ ਤਰ੍ਹਾਂ ਨਾਲ ਦੇਸ਼ ਦੇ ਇੱਕ ਵਿਸ਼ੇਸ਼ ਵਰਗ ਦੇ ਲੋਕਾਂ ਦਾ ਕਤਲ ਏ ਆਮ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਯਕੀਨਨ ਉਸ ਨੂੰ ਕਿਸੇ ਵੀ ਸੱਭਿਅਕ ਸਮਾਜ ਵਿੱਚ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਯਕੀਨਨ ਅੱਜ ਜਿੱਥੇ ਕਿਤੇ ਵੀ ਭਗਤ ਸਿੰਘ ਦੀ ਆਤਮਾ ਹੋਵੇਗੀ ਉਹ ਦੇਸ਼ ਦੇ ਮੌਜੂਦਾ ਹਾਲਾਤ ਨੂੰ ਵੇਖ ਕੇ ਅਤਿ ਦੁਖੀ ਹੁੰਦੀ ਹੋਵੇਗੀ।
ਅੱਜ ਭਗਤ ਸਿੰਘ ਦੇ ਇਸ ਸ਼ਹੀਦੀ ਦਿਹਾੜੇ ’ਤੇ ਦੇਸ਼ ਦੀ ਸਮੁੱਚੀ ਅਵਾਮ ਅਤੇ ਲੀਡਰਸ਼ਿੱਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਵਾਰਥਾਂ ਨੂੰ ਦੇਸ਼ ਹਿਤ ਲਈ ਤਿਆਗਦਿਆਂ ਦੇਸ਼ ਅੰਦਰ ਅਮਨ-ਅਮਾਨ ਦਾ ਖ਼ੁਸ਼ਗਵਾਰ ਮਾਹੌਲ ਸਿਰਜਣ ਨੂੰ ਪਹਿਲ ਦੇਣ। ਵਿਸ਼ੇਸ਼ ਤੌਰ ’ਤੇ ਸਮੇਂ ਦੀਆਂ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜੋ ਨੀਤੀਆਂ ਅਤੇ ਕਾਨੂੰਨ ਬਣਾਉਣ ਉਨ੍ਹਾਂ ਵਿੱਚ ਇਕੱਲੇ ਕਾਰਪੋਰੇਟ ਘਰਾਣਿਆਂ ਦੇ ਹਿਤ ਹੀ ਨਾ ਵੇਖਣ ਸਗੋਂ ਅਜਿਹੇ ਕਾਨੂੰਨ ਬਣਾਏ ਜਾਣ ਸਮੇਂ ਗਰੀਬਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦਾ ਵੀ ਉਚੇਚਾ ਧਿਆਨ ਰੱਖਿਆ ਜਾਵੇ। ਅੱਜ ਦੇਸ਼ ਅੰਦਰ ਅਜਿਹਾ ਵਾਤਾਵਰਣ ਸਿਰਜਣ ਦੀ ਲੋੜ ਹੈ ਜਿਸ ਵਿੱਚ ਦੇਸ਼ ਦਾ ਹਰ ਨਾਗਰਿਕ, ਔਰਤ ਅਤੇ ਮਰਦ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।
ਅੱਜ ਭਗਤ ਸਿੰਘ ਦੇ ਇਸ ਸ਼ਹੀਦੀ ਦਿਵਸ ਤੇ ਦੇਸ਼ ਦੀ ਸਮੁੱਚੇ ਲੋਕਾਂ ਤੇ ਲੀਡਰਸ਼ਿੱਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਭ ਤਰ੍ਹਾਂ ਦੇ ਸੁਆਰਥਾਂ ਦਾ ਤਿਆਗ ਕਰਦਿਆਂ ਦੇਸ਼ ਅੰਦਰ ਅਮਨ ਓ ਆਮਾਨ ਦਾ ਮਾਹੌਲ ਸਿਰਜਣਾ ਯਕੀਨੀ ਬਣਾਉਣ। ਭਾਵ ਅਜਿਹਾ ਮਾਹੌਲ ਤਿਆਰ ਕਰਨ ਜਿਸ ਵਿੱਚ ਦੇਸ਼ ਦਾ ਹਰ ਨਾਗਰਿਕ ਚੈਨ ਦਾ ਸਾਹ ਲੈਂਦਿਆਂ ਸਕੂਨ ਦੀ ਜ਼ਿੰਦਗੀ ਗੁਜ਼ਾਰ ਸਕੇ। ਯਕੀਨਨ ਜੇਕਰ ਦੇਸ਼ ਵਿੱਚ ਹਰ ਨਾਗਰਿਕ ਭੈਅ ਮੁਕਤ ਹੋਵੇਗਾ ਤਾਂ ਉਹ ਦੇਸ਼ ਦੀ ਤਰੱਕੀ ਵਿੱਚ ਵਧੇਰੇ ਯੋਗਦਾਨ ਪਾਉਣ ਦੇ ਸਮਰੱਥ ਹੋਵੇਗਾ। ਇਹੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸਮੂਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2662)
(ਸਰੋਕਾਰ ਨਾਲ ਸੰਪਰਕ ਲਈ: