“ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੱਛਮੀ ਬੰਗਾਲ ਵਿੱਚ ...”
(4 ਮਈ 2021)
ਪਿਛਲੇ ਦਿਨੀਂ ਪੱਛਮੀ ਬੰਗਾਲ ਸਮੇਤ ਪੰਜ ਸੂਬਿਆਂ ਵਿੱਚ ਵੋਟਿੰਗ ਦਾ ਕੰਮ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਨਿਸ਼ਚਿਤ ਮਿਤੀ 2 ਮਈ ਨੂੰ ਸਵੇਰੇ ਆਰੰਭ ਕਰ ਦਿੱਤੀ ਗਈ। ਜਿਵੇਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ, ਤਮਾਮ ਮੀਡੀਆ ਦਾ ਧਿਆਨ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਤੋਂ ਪਲਟ ਕੇ ਇੱਕ ਵਾਰ ਫਿਰ ਚੁਣਾਵੀ ਗਿਣਤੀ ਵੱਲ ਆਕਰਸ਼ਿਤ ਹੋ ਗਿਆ।
ਇਸ ਤੋਂ ਪਹਿਲਾਂ ਬੀਤੇ ਕੁਝ ਮਹੀਨਿਆਂ ਦਰਮਿਆਨ ਅਕਸਰ ਦੇਸ਼ ਦੇ ਲੋਕਾਂ ਦੀ ਚਰਚਾ ਦਾ ਕੇਂਦਰ ਪੱਛਮੀ ਬੰਗਾਲ ਦੀਆਂ ਉਕਤ ਚੋਣਾਂ ਸਨ ਜਿਨ੍ਹਾਂ ਨੂੰ ਜਿੱਤਣ ਲਈ ਬੀ ਜੇ ਪੀ ਪਿਛਲੇ ਦੋ ਢਾਈ ਸਾਲ ਤੋਂ ਜੁਟੀ ਹੋਈ ਸੀ। ਉੱਧਰ ਸੂਬੇ ਦੀ ਸੱਤਾ ’ਤੇ ਬਿਰਾਜਮਾਨ ਮਮਤਾ ਬੈਨਰਜੀ ਵੀ ਇਸ ਵਾਰੀ ਆਪਣੀ ਪਾਰਟੀ ਨੂੰ ਜਿਤਾ ਕੇ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਵਿੱਚ ਸਨ। ਇਲੈਕਸ਼ਨ ਤਾਂ ਭਾਵੇਂ ਦੂਜੇ ਸੂਬਿਆਂ ਵਿੱਚ ਵੀ ਹੋ ਰਹੇ ਸਨ ਪਰ ਅੱਠ ਚਰਨਾਂ ਵਿੱਚ ਹੋਣ ਵਾਲੇ ਪੱਛਮੀ ਬੰਗਾਲ ਦੀਆਂ ਚੋਣਾਂ ਦਰਅਸਲ ਭਾਜਪਾ ਦੇ ਲੀਡਰਾਂ ਲਈ ਵਕਾਰ ਦਾ ਸਵਾਲ ਬਣੀਆਂ ਹੋਈਆਂ ਸਨ। ਇਹੋ ਵਜ੍ਹਾ ਹੈ ਕਿ ਇੱਕ ਅੰਦਾਜ਼ੇ ਮੁਤਾਬਿਕ ਪੱਛਮੀ ਬੰਗਾਲ ਦੀਆਂ ਇਨ੍ਹਾਂ ਇਲੈਕਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ 21 ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਲਈ ਵੋਟਾਂ ਮੰਗੀਆਂ।
ਅਪਰੈਲ ਮਹੀਨੇ ਵਿੱਚ ਜਦੋਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਜ਼ੋਰ ਫੜਿਆ ਤਾਂ ਦੇਸ਼ ਦੇ ਵਧੇਰੇ ਲੋਕਾਂ ਦਾ ਧਿਆਨ ਇਲੈਕਸ਼ਨ ਦੀ ਬਜਾਏ ਬੀਮਾਰੀ ਵਲ ਹੋ ਗਿਆ। ਪਰ ਇਸ ਸਭ ਕਾਸੇ ਦੇ ਬਾਵਜੂਦ ਪੱਛਮੀ ਬੰਗਾਲ ਵਿੱਚ ਉਸੇ ਰਫਤਾਰ ਨਾਲ ਚੁਣਾਵੀ ਸਭਾਵਾਂ ਦਾ ਸਿਲਸਿਲਾ ਚਲਦਾ ਰਿਹਾ। ਇੱਥੋਂ ਤਕ ਕਿ ਪਹਿਲਾਂ ਕਲਕੱਤਾ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਝਾੜ ਪਾਈ ਅਤੇ ਫਿਰ ਮਦਰਾਸ ਹਾਈਕੋਰਟ ਨੇ ਤਾਂ ਆਪਣੀਆਂ ਸਖਤ ਟਿੱਪਣੀਆਂ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਕਿ ਦੇਸ਼ ਅੰਦਰ ਕਰੋਨਾ ਦੀ ਦੂਜੀ ਲਹਿਰ ਫੈਲਾਉਣ ਲਈ ਇਲੈਕਸ਼ਨ ਕਮਿਸ਼ਨ ਜ਼ਿੰਮੇਵਾਰ ਹੈ। ਕਿਉਂ ਨਾ ਇਨ੍ਹਾਂ ਦੇ ਅਧਿਕਾਰੀਆਂ ’ਤੇ ਕੇਸ ਦਰਜ ਕੀਤੇ ਜਾਣ। ਇਸ ਤੋਂ ਬਾਅਦ ਇੱਕ ਵਾਰ ਤਾਂ ਇੰਝ ਲੱਗਣ ਲੱਗਾ ਸੀ ਕਿ ਜਿਵੇਂ ਸ਼ਾਇਦ ਇਲੈਕਸ਼ਨ ਦੀ ਇਸ ਪ੍ਰਕਿਰਿਆ ਨੂੰ ਇੱਥੇ ਹੀ ਰੋਕ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਸਗੋਂ ਚੋਣਾਂ ਦਾ ਕਾਰਜ ਮੁਕੰਮਲ ਹੋਇਆ ਅਤੇ ਨਿਸ਼ਚਿਤ ਮਿਤੀ ’ਤੇ ਵੋਟਾਂ ਦੀ ਗਿਣਤੀ ਵੀ ਕਰਨੀ ਆਰੰਭ ਕਰ ਦਿੱਤੀ ਗਈ। ਫਿਰ ਜਿਵੇਂ ਜਿਵੇਂ ਹੀ ਰੁਝਾਨ ਆਉਣੇ ਸ਼ੁਰੂ ਹੋਏ ਤਿਵੇਂ ਹੀ ਮੀਡੀਆ ਅਤੇ ਲੋਕਾਂ ਦਾ ਸਾਰਾ ਧਿਆਨ ਇੱਕ ਵਾਰ ਫਿਰ ਕਰੋਨਾ ਤੋਂ ਹਟ ਕੇ ਚੁਣਾਵੀ ਨਤੀਜਿਆਂ ਵਲ ਖਿੱਚਿਆ ਗਿਆ।
ਵੈਸੇ ਜਿਨ੍ਹਾਂ ਪੰਜ ਰਾਜਾਂ ਵਿੱਚ ਚੋਣਾਂ ਹੋਈਆਂ ਸਨ ਉਨ੍ਹਾਂ ਵਿੱਚ ਲੋਕਾਂ ਲਈ ਸਭ ਤੋਂ ਵੱਧ ਦਿਲਚਸਪੀ ਤੇ ਉਤਸੁਕਤਾ ਪੱਛਮੀ ਬੰਗਾਲ ਦੇ ਨਤੀਜਿਆਂ ਨੂੰ ਜਾਨਣ ਲਈ ਸੀ। ਫਿਰ 2 ਮਈ ਨੂੰ ਜਿਵੇਂ ਜਿਵੇਂ ਦੁਪਹਿਰ ਹੁੰਦੀ ਗਈ, ਮਮਤਾ ਬੈਨਰਜੀ ਦੀ ਪਾਰਟੀ ਆਪਣੇ ਤਮਾਮ ਵਿਰੋਧੀਆਂ ਨੂੰ ਪਾਸੇ ਕਰਦਿਆਂ ਇੱਕ ਵੱਡੀ ਲੀਡ ਵਲ ਵਧਦੀ ਦਿਖਾਈ ਦੇਣ ਲੱਗੀ। ਦੁਪਹਿਰ ਦੇ ਇੱਕ ਵਜੇ ਦੇ ਕਰੀਬ ਤਾਂ ਜਿਵੇਂ ਮਮਤਾ ਦੀਦੀ ਦਾ ਜਾਦੂ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਣ ਲੱਗਾ।
ਦਰਅਸਲ ਪੱਛਮੀ ਬੰਗਾਲ ਜਿੱਥੇ ਭਾਜਪਾ ਮਮਤਾ ਨੂੰ ਸੱਤਾ ਤੋਂ ਬੇਦਖਲ ਕਰਕੇ ਸੂਬੇ ਦੀ ਵਾਗਡੋਰ ਆਪ ਸੰਭਾਲਣ ਲਈ ਤਰਲੋਮੱਛੀ ਹੋ ਰਹੀ ਸੀ, ਇਨ੍ਹਾਂ ਨਤੀਜਿਆਂ ਦੀ ਆਮਦ ਨੇ ਉਨ੍ਹਾਂ ਦੀਆਂ ਤਮਾਮ ਆਸਾਂ ਅਤੇ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ। ਉੱਧਰ ਕਾਂਗਰਸ ਵਾਲਾ ਲੈਫਟ ਫਰੰਟ ਸ਼ਾਇਦ ਬੰਗਾਲ ਵਿੱਚ ਆਪਣੀ ਖੋਈ ਹੋਈ ਜ਼ਮੀਨ ਦੀ ਭਾਲ ਵਿੱਚ ਸੀ। ਪਰ ਪੱਛਮੀ ਬੰਗਾਲ ਨਤੀਜਿਆਂ ਨੇ ਮਮਤਾ ਦੇ ਤਮਾਮ ਵਿਰੋਧੀਆਂ ਨੂੰ ਚਾਰੋ ਖਾਨੇ ਚਿੱਤ ਕਰਕੇ ਰੱਖ ਦਿੱਤਾ।
ਇਲੈਕਸ਼ਨ ਕੰਪੇਨ ਦੌਰਾਨ ਜੋ ਆਗੂ ਮਮਤਾ ਬੈਨਰਜੀ ਨੂੰ ਵਿਅੰਗਾਤਮਈ ਸ਼ੈਲੀ ਵਿੱਚ “ਦੀਦੀ ਓ ਦੀਦੀ” ਆਖਦੇ ਸਨ ਉਨ੍ਹਾਂ ਸਭਨਾਂ ਨੂੰ ਬੰਗਾਲ ਦੀ ਜਨਤਾ ਨੇ ਆਪਣਾ ਫਤਵਾ ਦਿੰਦਿਆਂ ਕੋਰਾ ਜਵਾਬ ਦੇ ਦਿੱਤਾ।
ਦਰਅਸਲ ਮਮਤਾ ਬੈਨਰਜੀ ਦੇ ਸਾਫ ਸੁਥਰੇ ਵਿਅਕਤੀਤਵ ਅਤੇ ਅਕਸ ਦੇ ਸਾਹਮਣੇ ਵੱਡੇ ਵੱਡੇ ਤੀਸ ਮਾਰ ਖਾਂ ਸਿਆਸਤ ਦੇ ਚਾਣਕਿਆ ਕਹੇ ਜਾਣ ਵਾਲੇ ਲੋਕ ਵੀ ਢਹਿ ਢੇਰੀ ਹੁੰਦੇ ਵਿਖਾਈ ਦਿੱਤੇ। ਮਮਤਾ ਨੂੰ ਹਰਾਉਣ ਦੀਆਂ ਹਰ ਤਰ੍ਹਾਂ ਦੀਆਂ ਸ਼ਾਤਿਰਾਨਾਂ ਚਾਲਾਂ ਅਤੇ ਪਲਾਨ ਜਿਵੇਂ ਮੱਕੜੀ ਦੇ ਜਾਲੇ ਵਾਂਗ ਝੜ ਗਏ ਅਤੇ ਵੋਟਾਂ ਦੇ ਧਰੁਵੀ ਕਰਨ ਦੇ ਤਮਾਮ ਮਨਸੂਬੇ ਜਿਵੇਂ ਦਮ ਤੋੜਦੇ ਵਿਖਾਈ ਦਿੱਤੇ।
ਉੱਧਰ ਤਾਮਿਲਨਾਡੂ ਜਿੱਥੇ ਕਿ ਇਸ ਵਾਰ ਦੋ ਸਿਆਸੀ ਮਹਾਂਰਥੀਆਂ ਸ਼੍ਰੀ ਜੈਲਲਿਤਾ ਅਤੇ ਕਰੁਣਾ ਨਿਧੀ ਦੀ ਮੌਜੂਦਗੀ ਦੇ ਬਗੈਰ ਇਲੈਕਸ਼ਨ ਹੋ ਰਹੇ ਸਨ, ਜਿਸ ਵਿੱਚ ਕਮਲ ਹਸਨ ਦੀ ਪਾਰਟੀ ਵੀ ਕਿਸਮਤ ਆਜ਼ਮਾਈ ਕਰ ਰਹੀ ਸੀ, ਉੱਥੇ ਵੀ ਪਿਛਲੇ ਦਸ ਸਾਲਾਂ ਤੋਂ ਸਤਾ ਤੇ ਬਿਰਾਜਮਾਨ ਏ ਆਈ ਏ ਡੀ ਐੱਮ ਕੇ ਨੂੰ ਉਸ ਦੀ ਵਿਰੋਧੀ ਪਾਰਟੀ ਡੀ ਐੱਮ ਕੇ ਨੇ ਸੱਤਾ ਤੋਂ ਬੇਦਖਲ ਕਰਦਿਆਂ ਵਾਗਡੋਰ ਆਪਣੇ ਹੱਥ ਵਿੱਚ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।
ਜਦ ਕਿ ਕੇਰਲ ਵਿੱਚ ਇੱਕ ਵਾਰ ਫਿਰ ਤੋਂ ਲੋਕਾਂ ਨੇ ਖੱਬੇ ਪੱਖੀ ਐੱਲ. ਡੀ.ਐਫ ਵਿੱਚ ਆਪਣਾ ਵਿਸ਼ਵਾਸ ਜਿਤਾਇਆ ਹੈ। ਜਦ ਕਿ ਆਸਾਮ ਦੇ ਵੋਟਰਾਂ ਨੇ 2016 ਤੋਂ ਸੱਤਾ ’ਤੇ ਬਿਰਾਜਮਾਨ ਭਾਜਪਾ ਦੇ ਕਮਲ ਨੂੰ ਇੱਕ ਵਾਰ ਫਿਰ ਖਿੜਾਇਆ। ਉੱਧਰ ਪਾਡੋਚਿਰੀ ਵਿੱਚ ਵੀ ਐੱਨ ਡੀ ਏ ਨੂੰ ਬਹੁਮਤ ਵਲ ਵਧਦੇ ਵੇਖਿਆ ਗਿਆ।
ਜੇਕਰ ਇਨ੍ਹਾਂ ਨਤੀਜਿਆਂ ’ਤੇ ਉਡਦੀ ਝਾਤ ਮਾਰੀਏ, ਜਾਂ ਉੱਕਾ ਪੁੱਕਾ ਜਾਇਜ਼ਾ ਲਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਹਿੱਸੇ ਇੱਕ ਵੱਡੀ ਨਾਕਾਮੀ ਆਈ ਹੈ। ਕਿਉਂਕਿ ਪੱਛਮੀ ਬੰਗਾਲ ਵਿੱਚ ਜਿਸ ਤਰ੍ਹਾਂ ਦੀ ਤਿਆਰੀ ਨਾਲ ਉਹ ਚੋਣ ਮੈਦਾਨ ਵਿੱਚ ਉੱਤਰੀ ਸੀ, ਨਤੀਜੇ ਸਾਹਮਣੇ ਆਉਣ ਉਪਰੰਤ ਉਸ ਦੇ ਪੱਲੇ ਵੱਡੀ ਨਿਰਾਸ਼ਾ ਪਈ ਹੈ। ਬੰਗਾਲ ਦੇ ਨਤੀਜਿਆਂ ਨੇ ਦਰਅਸਲ ਪਾਰਟੀ ਨੂੰ ਇਹ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਪਣੀ ਪ੍ਰਚਲਿਤ ਵਿਚਾਰਧਾਰਾ ਜਿਵੇਂ ਕਿ ਧਾਰਮਿਕ ਵਖਰੇਵਿਆਂ ਆਦਿ ਵਾਲੀਆਂ ਨੀਤੀਆਂ ਨੂੰ ਤਬਦੀਲ ਕਰਨ ਬਾਰੇ ਸੋਚ-ਵਿਚਾਰ ਕਰੇ ਅਤੇ ਨਾਲ ਹੀ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਜ਼ਮੀਨੀ ਸਤਹ ’ਤੇ ਉੱਤਰ ਕੇ ਆਪਣੇ ਫਰਜ਼ਾਂ ਨੂੰ ਨਿਭਾਉਣਾ ਯਕੀਨੀ ਬਣਾਵੇ। ਇਸਦੇ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜਿਸ ਤਰ੍ਹਾਂ ਨਾਲ ਚੁਣਾਵੀ ਸਭਾਵਾਂ ਵਿੱਚ “ਦੀਦੀ ਓ ਦੀਦੀ” ਕਹਿ ਕੇ ਵਿਅੰਗ ਕੱਸਿਆ ਗਿਆ, ਉਸ ਨੂੰ ਵੀ ਸੂਬੇ ਦੇ ਲੋਕਾਂ ਵਿਸ਼ੇਸ਼ ਤੌਰ ’ਤੇ ਔਰਤਾਂ ਨੇ ਆਪਣੇ ਅਪਮਾਨ ਵਜੋਂ ਵੇਖਿਆ ਅਤੇ ਇਸ ਮਾਮਲੇ ਨੂੰ ਲੈ ਕੇ ਵਧੇਰੇ ਲੋਕਾਂ ਦੀ ਹਮਦਰਦੀ ਵੀ ਮਮਤਾ ਬੈਨਰਜੀ ਦੇ ਹਿੱਸੇ ਆਈ।
ਇਸਦੇ ਇਲਾਵਾ ਭਾਜਪਾ ਦੀ ਹਾਰ ਲਈ ਇੱਕ ਵੱਡਾ ਫੈਕਟਰ ਕਿਸਾਨ ਆਗੂਆਂ ਦੁਆਰਾ ਭਾਜਪਾ ਨੂੰ ਵੋਟ ਨਹੀਂ ਪਾਉਣ ਦੀ ਅਪੀਲ ਵੀ ਸੀ। ਕਿਸਾਨਾਂ ਦੀ ਇਸ ਅਪੀਲ ਨੇ ਪਾਰਟੀ ਵਿਰੁੱਧ ਇੱਕ ਸੰਕੇਤਕ ਵਿਰੋਧੀ ਹਵਾ ਨੂੰ ਹੱਲਾਸ਼ੇਰੀ ਦਿੱਤੀ। ਇਸ ਤੋਂ ਇਲਾਵਾ ਇਲੈਕਸ਼ਨ ਦੌਰਾਨ ਜਿਸ ਤਰ੍ਹਾਂ ਮਮਤਾ ਬੈਨਰਜੀ ਦੇ ਪੈਰ ’ਤੇ ਸੱਟ ਵੱਜੀ ਅਤੇ ਇਸ ਉਪਰੰਤ ਉਹ ਆਪਣੀ ਹਰ ਚੁਣਾਵੀ ਸਭਾ ਪਟਾ ਲਿਪਟਿਆ ਪੈਰ ਲੈ ਕੇ ਸਟੇਜ ’ਤੇ ਆ ਕੇ ਲੋਕਾਂ ਨੂੰ ਆਪਣੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦੀ ਸੀ ਤਾਂ ਉਸ ਨਾਲ ਵੀ ਉਹਨਾਂ ਨੂੰ ਲੋਕਾਂ ਦੀ ਵਧੇਰੇ ਹਮਦਰਦੀ ਮਿਲੀ ਤੇ ਨਿਰਸੰਦੇਹ ਇਹ ਹਮਦਰਦੀ ਉਸ ਦੇ ਵੋਟ ਬੈਂਕ ਵਿੱਚ ਤਬਦੀਲ ਹੁੰਦੀ ਗਈ।
ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੱਛਮੀ ਬੰਗਾਲ ਵਿੱਚ ਅੱਠ ਚਰਨਾਂ ਵਿੱਚ ਹੋਇਆ ਇਲੈਕਸ਼ਨ ਵੀ ਪਾਰਟੀ ਲਈ ਇੱਕ ਵੱਡਾ ਡਰਾਬੈਕ ਸਿੱਧ ਹੋਇਆ ਹੈ ਕਿਉਂਕਿ ਵੋਟਾਂ ਦੇ ਆਖਰੀ ਦੋ ਤਿੰਨ ਚਰਨਾਂ ਦੌਰਾਨ ਜਿਵੇਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜ਼ੋਰ ਫੜਿਆ ਅਤੇ ਇਸ ਤੋਂ ਉਪਰੰਤ ਜਿਸ ਤਰ੍ਹਾਂ ਕਰੋਨਾ ਮਹਾਂਮਾਰੀ ਨਾਲ ਨਿਪਟਣ ਨੂੰ ਲੈ ਕੇ ਮੋਦੀ ਸਰਕਾਰ ਦੀ ਵਿਦੇਸ਼ੀ ਮੀਡੀਆ ਨੇ ਭੰਡੀ ਕੀਤੀ, ਉਹ ਵੀ ਪਾਰਟੀ ਦੀ ਹਾਰ ਦਾ ਇੱਕ ਵੱਡਾ ਫੈਕਟਰ ਮੰਨਿਆ ਜਾ ਰਿਹਾ ਹੈ।
ਭਾਵੇਂ ਭਾਜਪਾ ਆਸਾਮ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਹੈ ਪਰ ਜਿਸ ਤਰ੍ਹਾਂ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਵਿੱਚ ਉਸ ਦੀ ਦੁਰਗਤ ਹੋਈ ਹੈ, ਉਹ ਯਕੀਨਨ ਇੱਕ ਕੌਮੀ ਪਾਰਟੀ ਲਈ ਚਿੰਤਨ-ਮੰਥਨ ਕਰਨ ਦੀ ਮੰਗ ਕਰਦਾ ਹੈ।
ਜਿੱਥੋਂ ਤਕ ਕਾਂਗਰਸ ਦਾ ਸਵਾਲ ਹੈ ਤਾਂ ਉਹ ਵੀ ਇਨ੍ਹਾਂ ਇਲੈਕਸ਼ਨ ਕਿਸੇ ਇੱਕ ਵੀ ਸੂਬੇ ਵਿੱਚ ਆਪਣੇ ਬਲਬੂਤੇ ਸਰਕਾਰ ਬਣਾਉਣ ਵਿੱਚ ਅਸਫਲ ਰਹੀ ਹੈ ਭਾਵੇਂ ਕਿ ਉਹ ਕੇਰਲ ਅਤੇ ਆਸਾਮ ਵਿੱਚ ਵਿਰੋਧੀ ਧਿਰ ਵਜੋਂ ਸਨਮਾਨਜਨਕ ਸੀਟਾਂ ਲੈਣ ਵਿੱਚ ਸਫਲ ਹੋਈ ਹੈ। ਫਿਰ ਵੀ ਇੱਕ ਕੌਮੀ ਪਾਰਟੀ ਤੋਂ ਜਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ ਉਨ੍ਹਾਂ ਤੋਂ ਉਹ ਹਾਲੇ ਵੀ ਕਾਫੀ ਦੂਰ ਜਾਪਦੀ ਹੈ।
ਜਿੱਥੋਂ ਤਕ ਕਮਲ ਹਸਨ, ਅਸਦੂਦੀਨ ਓਵੇਸੀ ਵਰਗੇ ਖੇਤਰੀ ਪਾਰਟੀਆਂ ਵਾਲਿਆਂ ਆਗੂਆਂ ਦਾ ਸਵਾਲ ਹੈ, ਇਹ ਨਤੀਜੇ ਉਨ੍ਹਾਂ ਨੂੰ ਇਹੋ ਸੁਨੇਹਾ ਦਿੰਦੇ ਜਾਪਦੇ ਹਨ ਕਿ ਇਨ੍ਹਾਂ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਜ਼ਮੀਨੀ ਸਤਹ ’ਤੇ ਹੋਰ ਵਧੇਰੇ ਸੁਚਾਰੂ ਢੰਗ ਨਾਲ ਲੋਕਾਂ ਵਿੱਚ ਵਿਚਰਨ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2751)
(ਸਰੋਕਾਰ ਨਾਲ ਸੰਪਰਕ ਲਈ: