“ਉਹ ਵਕਤ ਦੀਆਂ ਸਰਕਾਰਾਂ ਦੀ ਆਲੋਚਨਾ ਕਰਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ ...”
(28 ਅਗਸਤ 2018)
ਵਿਸ਼ਵ ਪ੍ਰਸਿੱਧ ਸਹਾਫੀ, ਸਿਆਸਤਦਾਨ, ਵਿਦਵਾਨ ਲੇਖਕ, ਉੱਘੇ ਸਮਾਜ ਸੇਵੀ, ਮਨੁੱਖੀ ਅਧਿਕਾਰਾਂ ਲਈ ਹਮੇਸ਼ਾ ਸੰਘਰਸ਼ਸ਼ੀਲ ਰਹਿਣ ਵਾਲੇ ਕੁਲਦੀਪ ਨਈਅਰ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਕੁਲਦੀਪ ਨਈਅਰ ਦਾ ਜਨਮ 14 ਅਗਸਤ 1923 ਸਿਆਲਕੋਟ (ਮੌਜੂਦਾ ਪਾਕਿਸਤਾਨ) ਵਿਖੇ ਹੋਇਆ। ਮੁਢਲੀ ਵਿੱਦਿਆ ਪ੍ਰਾਪਤੀ ਆਪ ਨੇ ਸਿਆਲਕੋਟ ਵਿੱਚ ਹੀ ਪ੍ਰਾਪਤ ਕੀਤੀ ਜਦੋਂ ਕਿ ਕਾਨੂੰਨ ਦੀ ਡਿਗਰੀ ਲਾ ਕਾਲਜ ਲਾਹੌਰ ਤੋਂ ਕੀਤੀ। ਅਮਰੀਕਾ ਤੋਂ ਪੱਤਰਕਾਰਤਾ ਦੀ ਡਿਗਰੀ ਲਈ ਅਤੇ ਦਰਸ਼ਨ ਸ਼ਾਸਤਰ ਵਿਸ਼ੇ ਵਿੱਚ ਪੀਐੱਚਡੀ ਕੀਤੀ।
1947 ਤੋਂ ਪਹਿਲਾਂ ਪਾਕਿਸਤਾਨ ਵਿਖੇ ਉਹ ਵਕਾਲਤ ਕਰਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਆਪ ਨੇ ਬਤੌਰ ਸਹਾਫੀ ਦੇ ਆਪਣੇ ਜੀਵਨ ਨੂੰ ਨਵੇਂ ਸਿਰਿਉਂ ਸ਼ੁਰੂ ਕੀਤਾ ਤੇ ਦਿੱਲੀ ਤੋਂ ਊਰਦੂ ਭਾਸ਼ਾ ਵਿਚ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਅੰਜਾਮ’ ਤੋਂ ਆਪਣੀ ਪੱਤਰਕਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਅੰਗਰੇਜ਼ੀ ਅਖਬਾਰ ‘ਦਿ ਸਟੇਟਸਮੈਨ’ ਦੇ ਸੰਪਾਦਕ ਵੀ ਰਹੇ।
ਅੱਜ ਵੀ ਆਪ ‘ਡੇਲੀ ਸਟਾਰ’ ਅਤੇ ‘ਸੰਡੇ ਗਾਰਡੀਅਨ’ ਸਮੇਤ ਲਗਭਗ 14 ਵੱਖ ਵੱਖ ਭਾਸ਼ਾਵਾਂ ਦੇ ਤਕਰੀਬਨ 80 ਤੋਂ ਵਧੇਰੇ ਅਖ਼ਬਾਰਾਂ ਵਿਚ ਇੱਕੋ ਸਮੇਂ ਪ੍ਰਕਾਸ਼ਿਤ ਹੁੰਦੇ ਸਨ।
ਆਪ ਨੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਪ੍ਰਤੀਨਿਧਤਾ ਵੀ ਕੀਤੀ। ਇਸ ਤੋਂ ਇਲਾਵਾ ਆਪ ਨੂੰ 1990 ਵਿਚ ਸਾਬਕਾ ਪ੍ਰਧਾਨ ਮੰਤਰੀ ਸਵ. ਵੀ ਪੀ ਸਿੰਘ ਨੇ ਇੰਗਲੈਂਡ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ। ਆਪ ਨੂੰ 1997 ਵਿਚ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ।
ਉਨ੍ਹਾਂ ਨੇ ਕਈ ਵਿਸ਼ਵ ਪ੍ਰਸਿੱਧ ਕਿਤਾਬਾਂ ਵੀ ਲਿਖੀਆਂ, ਜਿਵੇਂ ਕਿ ‘ਬਿਟਵੀਨ ਦਿ ਲਾਈਨਜ਼’ ਅਤੇ ‘ਇੰਡੀਆ ਆਫ਼ਟਰ ਨਹਿਰੂ’ ਆਦਿ ਦੀ ਰਚਨਾ ਕੀਤੀ।
ਇਸ ਤੋਂ ਇਲਾਵਾ ਆਪ ਨੇ ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਅਧਿਕਾਰੀ ਦੇ ਪਦ ਉੱਤੇ ਬਿਰਾਜਮਾਨ ਰਹਿੰਦਿਆਂ ਕਈ ਸਾਲਾਂ ਤੱਕ ਆਪਣੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਤੋਂ ਬਾਅਦ ਉਹ ਯੂ ਐੱਨ ਆਈ, ਪੀ ਆਈ ਬੀ, ‘ਦ ਸਟੈਟਸਮੈਨ’, ਇੰਡੀਅਨ ਐਕਸਪ੍ਰੈੱਸ ਦੇ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ। ਉਹ ਪੱਚੀ ਸਾਲਾਂ ਤੱਕ ‘ਦ ਟਾਈਮਜ਼ - ਲੰਡਨ ਦੇ ਪੱਤਰਪ੍ਰੇਰਕ ਵੀ ਰਹੇ।
ਆਪ ਨੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਸੁਧਾਰ ਲਈ ਕਈ ਤਰੀਕਿਆਂ ਨਾਲ ਹਿੱਸਾ ਪਾਇਆ। ਇਸ ਸੰਦਰਭ ਵਿੱਚ ਕਈ ਮੌਕਿਆਂ ਤੇ ਆਪ ਭਾਰਤ ਪਾਕਿਸਤਾਨ ਸੀਮਾ ਅਤੇ ਵਾਘਾ ਬਾਰਡਰ ਵਿਖੇ ਮੋਮਬੱਤੀਆਂ ਵਾਲੇ ਅਮਨ ਸ਼ਾਂਤੀ ਦੇ ਮਾਰਚਾਂ ਦੀ ਅਗਵਾਈ ਕਰਦੇ ਵੀ ਵਿਖਾਈ ਦਿੱਤੇ।
ਇੱਥੇ ਜ਼ਿਕਰਯੋਗ ਹੈ ਕਿ ਕੁਲਦੀਪ ਨਈਅਰ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ (1975-77) ਵੇਲੇ ‘ਇੰਡੀਅਨ ਐਕਸਪ੍ਰੈੱਸ’ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਜਿਸ ਰਾਤ (24 ਜੂਨ, 1975) ਨੂੰ ਐਮਰਜੈਂਸੀ ਲਾਈ ਗਈ, ਉਹ ਅਖ਼ਬਾਰ ਦੇ ਦਫ਼ਤਰ ਵਿੱਚ ਹੀ ਸਨ। ਇਸ ਐਮਰਜੈਂਸੀ ਦੌਰਾਨ ਗ੍ਰਿਫਤਾਰ ਕੀਤੇ ਗਏ ਆਪ ਪਹਿਲੇ ਪੱਤਰਕਾਰ ਸਨ।
ਕੁਲਦੀਪ ਨਈਅਰ ਹਮੇਸ਼ਾ ਇੱਕ ਨਿਡਰ ਆਵਾਜ਼ ਰਹੇ। ਉਹ ਵਕਤ ਦੀਆਂ ਸਰਕਾਰਾਂ ਦੀ ਆਲੋਚਨਾ ਕਰਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਨ੍ਹਾਂ ਹਮੇਸ਼ਾ ਸਾਫ਼-ਗੋਈ ਨਾਲ ਆਪਣੇ ਕਾਲਮ ਲਿਖੇ। ਮੌਜੂਦਾ ਸਰਕਾਰ ਬਾਰੇ ਬੀਬੀਸੀ ਲਈ ਇੱਕ ਲੇਖ ਵਿੱਚ ਕੁਲਦੀਪ ਨਈਅਰ ਨੇ ਕਿਹਾ ਸੀ ਕਿ ਕਿਸੇ ਵੀ ਕੈਬਨਿਟ ਮੰਤਰੀ ਦੀ ਅਹਿਮੀਅਤ ਨਹੀਂ ਰਹੀ। ਮੀਡੀਆ ਦੀ ਆਜ਼ਾਦੀ ਬਾਰੇ ਉਨ੍ਹਾਂ ਨੇ ਲਿਖਿਆ ਸੀ, “ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਜੋ ਦਹਾਕਿਆਂ ਪਹਿਲਾਂ ਇੰਦਰਾ ਗਾਂਧੀ ਦਾ ਤਾਨਾਸ਼ਾਹੀ ਰਾਜ ਸੀ ਤਾਂ ਅੱਜ ਅਜਿਹਾ ਹੀ ਰਾਜ ਨਰਿੰਦਰ ਮੋਦੀ ਦਾ ਹੈ। ਜ਼ਿਆਦਾਤਰ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਨੇ ਮੋਦੀ ਦੇ ਕੰਮ ਕਰਨ ਦੇ ਤਰੀਕੇ ਨੂੰ ਮੰਨ ਲਿਆ ਹੈ, ਜਿਵੇਂ ਇੰਦਰਾ ਗਾਂਧੀ ਦੇ ਸਮੇਂ ਮੰਨਿਆ ਸੀ।”
ਆਪ ਦੇ ਉਕਤ ਸ਼ਬਦਾਂ ਤੋਂ ਆਪ ਦੀ ਹਕੀਕਤ ਪਸੰਦੀ ਦਾ ਸਹਿਜ ਸੁਭਾਅ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਹਨਾਂ ਦੇ ਦਿਹਾਂਤ ਨਾਲ ਬੇਸ਼ੱਕ ਮੀਡੀਆ ਵਿਸ਼ੇਸ਼ ਤੌਰ ’ਤੇ ਪ੍ਰਿੰਟ ਮੀਡੀਆ ਦੇ ਖੇਤਰ ਨਾਲ ਸਬੰਧਤ ਲੋਕਾਂ ਵਿੱਚ ਮਾਤਮ ਛਾਇਆ ਪਿਆ ਹੈ। ਇਸ ਦੇ ਨਾਲ ਹੀ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀਆਂ ਸੰਸਥਾਵਾਂ ਵਿਚ ਵੀ ਇੱਕ ਅਫਸੋਸ ਦੀ ਲਹਿਰ ਹੈ।
ਉਨ੍ਹਾਂ ਦੇ ਦਿਹਾਂਤ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਅਤੇ ਟਵਿੱਟਰ ਉੱਪਰ ਲਿਖਿਆ, “ਕੁਲਦੀਪ ਨਈਅਰ ਦਾ ਐਮਰਜੈਂਸੀ ਦੇ ਖਿਲਾਫ ਸਖ਼ਤ ਰੁਖ, ਉਨ੍ਹਾਂ ਦੇ ਕੰਮ ਅਤੇ ਭਾਰਤ ਲਈ ਉਨ੍ਹਾਂ ਦੀਆਂ ਪ੍ਰਤਿਬੱਧਤਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।”
ਅੰਤ ਵਿੱਚ ਅਸੀਂ ਇਹੋ ਕਹਿ ਸਕਦੇ ਹਾਂ ਕਿ ਬਿਨਾਂ ਸ਼ੱਕ ਕੁਲਦੀਪ ਨਈਅਰ ਦੇ ਦਿਹਾਂਤ ਨਾਲ ਸਹਾਫਤ ਭਾਵ ਪੱਤਰਕਾਰੀ ਦੇ ਇਕ ਮਹੱਤਵਪੂਰਨ ਅਧਿਆਏ ਦੀ ਸਮਾਪਤੀ ਹੋ ਗਈ ਹੈ। ਯਕੀਨਨ ਕੁਲਦੀਪ ਨਈਅਰ ਜਿਹੀਆਂ ਸ਼ਖ਼ਸੀਅਤਾਂ ਰੋਜ਼ ਰੋਜ਼ ਪੈਦਾ ਨਹੀਂ ਹੋਇਆ ਕਰਦੀਆਂ। ਤਾਂਹੀਓਂ ਤਾਂ ਪ੍ਰਸਿੱਧ ਕਵੀ ਇਕਬਾਲ ਨੇ ਕਿਹਾ ਹੈ ਕਿ:
ਹਜ਼ਾਰੋਂ ਸਾਲ ਨਰਗਿਸ ਆਪਨੀ ਬੇਨੂਰੀ ਪੇ ਰੋਤੀ ਹੈ।
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾ-ਵਰ ਪੈਦਾ॥
ਅਜੋਕੇ ਸਮੇਂ ਵਿਚ ਜਦੋਂ ਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਵੱਖ-ਵੱਖ ਚੈਨਲਾਂ ਦੀ ਆਜ਼ਾਦੀ ਉੱਪਰ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ, ਅਜਿਹੇ ਵਿਚ ਇਕ ਦੂਰ-ਅੰਦੇਸ਼, ਸੁਲਝੇ ਹੋਏ, ਸੁਹਿਰਦ, ਇਮਾਨਦਾਰ ਅਤੇ ਅਮਨ-ਸ਼ਾਂਤੀ ਦੇ ਦੂਤ ਕੁਲਦੀਪ ਨਈਅਰ ਦਾ ਸਦੀਵੀ ਵਿਛੋੜਾ ਦੇ ਜਾਣਾ ਦੇਸ਼ ਦੇ ਵਿਚ ਵਾਪਰੇ ਕਿਸੇ ਵੱਡੇ ਦੁਖਾਂਤ ਤੋਂ ਘੱਟ ਨਹੀਂ ਹੈ। ਕੁਲਦੀਪ ਨਈਅਰ ਨੂੰ ਅਖ਼ੀਰ ਵਿਚ ਮਸ਼ਹੂਰ ਕਵੀ ਅਕਬਰ ਇਲਾਹਾਬਾਦੀ ਦੇ ਇਸ ਸ਼ਿਅਰ ਨਾਲ ਹੀ ਸ਼ਰਧਾਂਜਲੀ ਭੇਂਟ ਕਰਨੀ ਚਾਹਾਂਗਾ ਕਿ:
ਖੈਂਚੋ ਨਾ ਕਮਾਨੋਂ ਸੇ, ਨਾ ਤਲਵਾਰ ਨਿਕਾਲੋ।
ਜਬ ਤੋਪ ਮੁਕਾਬਿਲ ਹੋ ਅਖ਼ਬਾਰ ਨਿਕਾਲੋ॥
*****
(1280)