“ਜੇਕਰ ਅਸੀਂ ਇਸ ਦੇਸ਼ ਦੀ ਦੌਲਤ ਦੀ ਲੁੱਟ-ਖਸੁੱਟ ਇਸੇ ਪ੍ਰਕਾਰ ਕਰਦਿਆਂ ਬਾਹਰਲੇ ਮੁਲਕਾਂ ਵਿਚ ਜਾਕੇ ਡੇਰੇ ਲਾਉਂਦੇ ...”
(13 ਅਪਰੈਲ 2018)
ਪਿਛਲੇ ਦਿਨੀਂ ਲੋਕ ਸਭਾ ਵਿੱਚ ਵਜ਼ੀਰ-ਏ-ਖਾਰਜਾ ਐੱਮ.ਜੇ. ਅਕਬਰ ਨੇ ਦੱਸਿਆ ਕਿ ਇਸ ਸਮੇਂ ਵਿਜੇ ਮਾਲੀਆ, ਨੀਰਵ ਮੋਦੀ, ਲਲਿਤ ਮੋਦੀ ਅਤੇ ਮੈਹਲ ਚੋਕਸੀ ਸਮੇਤ ਕੁੱਲ 31 ਕਾਰੋਬਾਰੀ ਸੀ.ਬੀ.ਆਈ. ਨਾਲ ਸੰਬੰਧਿਤ ਮਾਮਲਿਆਂ ਵਿੱਚ ਦੇਸ਼ ਵਿੱਚੋਂ ਫਰਾਰ ਹਨ। ਇਨ੍ਹਾਂ ਤੱਥਾਂ ਦਾ ਖੁਲਾਸਾ ਉਦੋਂ ਹੋਇਆ, ਜਦ ਕੋਸ਼ਲ ਕਿਸ਼ੋਰ, ਰਾਮ ਦਾਸ ਤੁਦਸ ਅਤੇ ਮੁਹੰਮਦ ਸਲੀਮ ਆਦਿ ਦੁਆਰਾ ਮੁਲਕ ਵਿੱਚੋਂ ਫਰਾਰ ਕਾਰੋਬਾਰੀਆਂ ਦੇ ਸੰਬੰਧੀ ਜਾਣਕਾਰੀ ਮੰਗੀ ਗਈ। ਇਸੇ ਦੇ ਸੰਦਰਭ ਵਿੱਚ ਐੱਮ.ਜੇ. ਅਕਬਰ ਨੇ ਲੋਕ ਸਭਾ ਨੂੰ ਉਕਤ ਜਾਣਕਾਰੀ ਮੁਹੱਈਆ ਕਰਵਾਈ। ਯਕੀਨਨ ਇਹ ਸਮੁੱਚੇ ਦੇਸ਼ ਲਈ ਅਤੇ ਦੇਸ਼ ਦੀਆਂ ਏਜੰਸੀਆਂ ਲਈ ਗ਼ੌਰ-ਉ-ਫਿਕਰ ਕਰਨ ਦੇ ਨਾਲ ਨਾਲ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਜਿਸ ਪਰਕਾਰ ਨਾਲ ਪਿਛਲੇ ਕੁਝ ਸਾਲਾਂ ਦੋਰਾਨ, ਇਕ ਤੋਂ ਬਾਅਦ ਇਕ ਘਪਲੇਬਾਜ਼ ਸਖਤ ਚੌਕੀਦਾਰਾਂ ਦੇ ਬਾਵਜੂਦ ਬੈਂਕਾਂ ਤੋਂ ਭਾਰੀ ਭਰਕਮ ਕਰਜ਼ਾ ਲੈ ਕੇ ਦੇਸ਼ ਵਿੱਚੋਂ ਫਰਾਰ ਹੋਣ ਵਿੱਚ ਸਫਲ ਹੋ ਰਹੇ ਹਨ, ਉਸ ਦੇ ਚਲਦਿਆਂ ਦੇਸ਼ ਦੇ ਆਮ ਖਾਤਾ ਧਾਰਕਾਂ ਦੇ ਜ਼ਹਿਨ ਵਿੱਚ ਬੈਂਕ ਵਿਵਸਥਾ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਈ ਰੱਖਣਾ ਇਕ ਜ਼ੋਖਮ ਭਰਿਆ ਕੰਮ ਜਾਪਣ ਲੱਗ ਪਿਆ ਹੈ।
ਇਕ ਗ਼ਰੀਬ ਜਾਂ ਮੱਧ ਸ਼੍ਰੇਣੀ ਨਾਲ ਸੰਬੰਧਤ ਆਦਮੀ ਅਪਣੇ ਭਵਿੱਖ ਦੀਆਂ ਅਚਨਚੇਤ ਲੋੜਾਂ ਨੂੰ ਮੁੱਖ ਰੱਖਦਿਆਂ, ਬੱਚਤ ਕਰਨ ਦੇ ਮਕਸਦ ਨਾਲ ਆਪਣਾ ਛੋਟਾ-ਮੋਟਾ ਖਾਤਾ ਬੈਂਕਾਂ ਵਿੱਚ ਖੁਲ੍ਹਵਾਉਂਦਾ ਹੈ ਅਤੇ ਆਪਣੀ ਬੱਚਤ ਦੇ ਰੂਪ ਵਿਚ ਸਾਲ ਛੇ ਮਹੀਨੇ ਵਿੱਚ ਆਪਣੇ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਪੇਟ ਕੱਟ ਕੱਟ ਕੇ ਪੈਸੇ ਜਮ੍ਹਾਂ ਕਰਵਾਉਂਦਾ ਹੈ, ਦੇਸ਼ ਦੀਆਂ ਬੈਂਕਾਂ ਦੇ ਖਜ਼ਾਨੇ ਨੂੰ ਭਰਦਾ ਹੈ। ਉਹ ਇਹ ਆਸ ਕਰਦਾ ਹੈ ਕਿ ਭਵਿੱਖ ਵਿੱਚ ਜ਼ਰੂਰਤ ਪੈਣ ’ਤੇ, ਪੈਸਾ ਕਢਵਾ ਕੇ ਆਪਣੀਆਂ ਲੋੜਾਂ ਦੀ ਪੂਰਤੀ ਕਰ ਲਵੇਗਾ। ਪਰੰਤੂ ਪਿਛਲੇ ਸਾਲ ਤੋਂ ਹੋਂਦ ਵਿੱਚ ਆਏ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜਿਸ ਪਰਕਾਰ ਇਹਨਾਂ ਛੋਟੀ ਰਕਮ ਵਾਲੇ ਖਾਤਿਆਂ ਵਿੱਚੋਂ (ਘੱਟ ਜਮ੍ਹਾਂ ਰਕਮ ਦੇ ਚਲਦਿਆਂ) ਮੇਨਟੇਨਸ ਦੇ ਨਾਂ ’ਤੇ ਆਏ ਮਹੀਨੇ ਰੁਪਇਆਂ ਦੀ ਕਟੌਤੀ ਕੀਤੀ ਜਾਂਦੀ ਹੈ ਅਤੇ ਜਦ ਕਦੇ ਛੋਟੀ ਬੱਚਤ ਕਰਨ ਵਾਲਾ ਅਜਿਹਾ ਖਾਤਾ ਧਾਰਕ ਪੈਸੇ ਜਮ੍ਹਾਂ ਕਰਾਉਣ ਲਈ ਬੈਂਕ ਜਾਂਦਾ ਹੈ ਅਤੇ ਜਦ ਉਸ ਨੂੰ ਆਪਣੇ ਖਾਤੇ ਵਿੱਚ ਬਕਾਇਆ ਦੇ ਰੂਪ ਵਿੱਚ ਜ਼ੀਰੋ ਹੋਣ ਦਾ ਪਤਾ ਚਲਦਾ ਹੈ ਤਾਂ ਉਸ ਸਮੇਂ ਉਸ ਗ਼ਰੀਬ ਦੇ ਦਿਲ ’ਤੇ ਕੀ ਬੀਤਦੀ ਹੈ, ਉਹੋ ਜਾਣਦਾ ਹੈ। ਅਜਿਹੇ ਹਾਲਾਤ ਵਿੱਚ ਛੋਟੀ ਬੱਚਤ ਕਰਨ ਵਾਲੇ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੇਬਸੀ ਵਿਚ ਉਸਦੇ ਧੁਰ ਅੰਦਰੋਂ ਦੁਰ-ਅਸੀਸ ਵਰਗੀ ਹੂਕ ਨਿਕਲਦੀ ਹੈ। ਜਿਵੇਂ ਕਿ ਮਿਰਜ਼ਾ ਗ਼ਾਲਿਬ ਨੇ ਕਿਹਾ ਹੈ:
ਦਿਲ ਹੀ ਤੋ ਹੈ ਨਾ ਸੰਗ-ਉ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ।
ਰੋਏਂਗੇ ਹਮ ਹਜ਼ਾਰ ਬਾਰ, ਕੋਈ ਹਮੇਂ ਸਤਾਏ ਕਿਉਂ॥
ਸਮਝ ਤੋਂ ਬਾਹਰ ਹੈ ਕਿ ਦੇਸ਼ ਵਿੱਚ ਇਹ ਕਿਹੋ ਜਿਹੇ ਦਿਨ ਆਏ ਹੋਏ ਹਨ ਕਿ ਇਕ ਪਾਸੇ ਤਾਂ ਗਰੀਬਾਂ ਦੇ ਬੱਚਤ ਖਾਤਿਆਂ ਵਿੱਚੋਂ ਮੇਨਟੇਨਸ ਦੇ ਨਾਮ ’ਤੇ ਆਏ ਮਹੀਨੇ ਰਕਮ ਕੱਟੀ ਜਾ ਰਹੀ ਹੈ ਅਤੇ ਦੂਜੇ ਪਾਸੇ ਵਿਜੈ ਮਾਲੀਆ, ਨੀਰਵ ਮੋਦੀ ਜਿਹੇ ਬੈਂਕਾਂ ਨੂੰ ਦੀਵਾਲੀਏਪਣ ਦੀ ਕਗਾਰ ’ਤੇ ਪਹੁੰਚਾ ਕੇ ਦੇਸ਼ ਵਿੱਚੋਂ ਫਰਾਰ ਹੋ ਰਹੇ ਹਨ। ਇਕ ਸਾਧਾਰਨ ਵਿਅਕਤੀ ਨੇ ਕੋਈ ਛੋਟੇ-ਮੋਟੇ ਕੰਮ ਚਲਾਉਣ ਵਾਸਤੇ ਕਰਜ਼ ਲੈਣਾ ਹੋਵੇ ਤਾਂ ਉਸ ਨੂੰ ਬੈਂਕਾਂ ਦੀਆਂ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਲਈ ਅਜਿਹੇ ਪਾਪੜ ਵੇਲਣੇ ਪੈਂਦੇ ਹਨ ਕਿ ਇੱਕ ਪ੍ਰਸਥਿਤੀ ਅਜਿਹੀ ਆਉਂਦੀ ਹੈ ਕਿ ਇਕ ਮਿਡਲ ਜਾਂ ਗਰੀਬ ਤਬਕੇ ਦਾ ਵਿਅਕਤੀ ਆਪਣੇ ਕਰਜ਼ ਲੈਣ ਦੇ ਫੈਸਲੇ ਤੋਂ ਹੀ ਤੋਬਾ ਕਰ ਬੈਠਦਾ ਹੈ। ਉਕਤ ਵਿਤਕਰੇ ਦਾ ਖੁਲਾਸਾ ਵਸੀਮ ਬਰੇਲਵੀ ਦੇ ਇਹਨਾਂ ਸ਼ਬਦਾਂ ਵਿਚ ਕੀਤਾ ਜਾ ਸਕਦਾ ਹੈ:
ਗ਼ਰੀਬ ਲਹਿਰੋਂ ਪੇ ਪਹਿਰੇ ਬਿਠਾਏ ਜਾਤੇ ਹੈਂ!
ਸਮੰਦਰੋਂ ਕੀ ਤਲਾਸ਼ੀ ਕੋਈ ਨਹੀਂ ਲੇਤਾ॥
ਜੇਕਰ ਉਕਤ ਵੱਡੇ ਵਿਉਪਾਰੀਆਂ ਨੂੰ ਕਰਜ਼ ਦੇਣ ਦੀ ਥਾਂ ਇਹੋ ਪੈਸਾ ਗ਼ਰੀਬ ਬੇ-ਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਛੋਟੇ-ਮੋਟੇ ਧੰਦੇ ਚਲਾਉਣ ਲਈ, ਗਰੀਬ ਕਿਸਾਨਾਂ ਦੇ ਸਿਰ ਚੜ੍ਹਿਆ ਕਰਜ਼ਾ ਘਟਾਉਣ ਲਈ, ਕਾਬਿਲ ਅਤੇ ਲਾਇਕ ਵਿਦਿਆਰਥੀਆਂ ਨੂੰ ਆਪਣੀ ਉੱਚ ਵਿੱਦਿਆ ਦੀ ਪਰਾਪਤੀ ਲਈ, ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਲਈ ਜਾਂ ਸਰਕਾਰੀ ਸਕੂਲਾਂ-ਕਾਲਜਾਂ ਵਿੱਚ ਸੁਧਾਰ ਕਰਨ ਲਈ ਖਰਚ ਹੋਇਆ ਹੁੰਦਾ ਤਾਂ ਲੋਕਾਂ ਨੂੰ ਕਿੰਨਾ ਲਾਭ ਹੋਣਾ ਸੀ? ਪਰੰਤੂ ਅਫਸੋਸ ਕਿ ਮਾਦਾ ਪ੍ਰਸਤੀ ਦੇ ਇਸ ਦੌਰ ਵਿੱਚ ਹਰ ਵਿਅਕਤੀ ਨੂੰ ਸਿਰਫ ਤੇ ਸਿਰਫ ਆਪਣੇ ਬਾਰੇ ਸੋਚਣ ਤੋਂ ਇਲਾਵਾ ਕੋਈ ਦੂਜਾ ਕੰਮ ਹੀ ਨਹੀਂ ਹੈ। ਕਾਸ਼ ਕੋਈ ਦੇਸ਼ ਅਤੇ ਮੁਲਕ ਦੇ ਗ਼ਰੀਬ ਅਵਾਮ ਲਈ ਵੀ ਸੋਚੇ। ਕਾਸ਼! ਕੋਈ ਦਿਨ ਬ ਦਿਨ ਇਨਸਾਨੀ ਇਖਲਾਕ ਵਿਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਦੇ ਸਾਕਾਰਤਮਕ ਉਪਰਾਲਿਆਂ ਬਾਰੇ ਵੀ ਸੋਚੇ। ਕਾਸ਼! ਕੋਈ ਦੇਸ਼ ਦੇ ਉਹਨਾਂ ਦੀਮਕ-ਨੁਮਾ ਕੀੜਿਆਂ ਦੇ ਇਲਾਜ ਬਾਰੇ ਵੀ ਸੋਚੇ ਜੋ ਦੇਸ਼ ਦੀਆਂ ਬੁਨਿਆਦਾਂ ਨੂੰ ਅੰਦਰੋ-ਅੰਦਰੀ ਖੋਖਲਾ ਕਰੀ ਜਾ ਰਹੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦਰਅਸਲ ਦੇਸ਼ ਦੀ ਖੁਸ਼ਹਾਲੀ ਵਿੱਚ ਹੀ ਸਾਡੀ ਆਪਣੀ ਖੁਸ਼ਹਾਲੀ ਦਾ ਰਾਜ਼ ਛੁਪਿਆ ਹੋਇਆ ਹੈ। ਜੇਕਰ ਅਸੀਂ ਇਸ ਦੇਸ਼ ਦੀ ਦੌਲਤ ਦੀ ਲੁੱਟ-ਖਸੁੱਟ ਇਸੇ ਪ੍ਰਕਾਰ ਕਰਦਿਆਂ ਬਾਹਰਲੇ ਮੁਲਕਾਂ ਵਿਚ ਜਾਕੇ ਡੇਰੇ ਲਾਉਂਦੇ ਰਹੇ, ਤਾਂ ਸਾਡੇ ਅਤੇ ਦੇਸ਼ ਦੇ ਬਾਹਰੀ ਇਤਿਹਾਸਕ ਲੁਟੇਰਿਆਂ ਵਿਚ ਕੀ ਅੰਤਰ ਰਹਿ ਜਾਵੇਗਾ ...! ਯਕੀਨਨ ਇਹ ਵਿਚਾਰਨ ਵਾਲੀ ਗੱਲ ਹੈ...!
*****
(1109)