MohdAbbasDhaliwal7ਇਨ੍ਹਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ। ਇਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ...MirzaGhalib1
(27 ਦਸੰਬਰ 2021)

 

MirzaGhalib1ਸ਼ਾਇਰੀ ਬਾਰੇ ਗੱਲ ਕਰਦਿਆਂ ਇਕ ਨਾਮ ਸਹਿਜੇ ਹੀ ਮੂੰਹ ’ਤੇ ਆਪ ਮੁਹਾਰੇ ਆ ਜਾਂਦਾ ਹੈ , ਉਹ ਨਾਂ ਹੈ ਮਿਰਜ਼ਾ ਗ਼ਾਲਿਬ ...! ਜਿਨ੍ਹਾਂ ਦਾ ਅਸਲ ਨਾਮ ਮਿਰਜ਼ਾ ਅਸਦਉੱਲਾਹ ਖਾਂ ਬੇਗ ਸੀ ਅਤੇ ਗ਼ਾਲਿਬ ਉਨ੍ਹਾਂ ਦਾ ਤਖਲੁੱਸ (ਉਹ ਨਾਂ ਜੋ ਕਵੀ ਆਪਣੀਆਂ ਕਵਿਤਾਵਾਂ ਵਿਚ ਲਿਖਦੇ ਹਨ) ਸੀ।

ਆਪ ਦਾ ਜਨਮ 27 ਦਸੰਬਰ 1797 ਨੂੰ ਆਗਰਾ (ਉੱਤਰ ਪ੍ਰਦੇਸ਼) ਵਿਖੇ ਇੱਕ ਫੌਜੀ ਪਿੱਠਭੂਮੀ ਵਾਲੇ ਪਰਿਵਾਰ ਵਿੱਚ ਹੋਇਆ ਸੀ (ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਫੌਜੀ ਅਧਿਕਾਰੀ ਸਨ)। ਇਨ੍ਹਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ। ਇਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ਦੇ ਕਰੀਬ ਭਾਰਤ ਆਏ ਸਨਜਦੋਂ ਗ਼ਾਲਿਬ ਛੋਟੇ ਸਨ ਤਾਂ ਇੱਕ ਨਵ-ਮੁਸਲਮਾਨ ਈਰਾਨ ਤੋਂ ਦਿੱਲੀ ਆਏ ਸਨ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਗ਼ਾਲਿਬ ਨੇ ਫ਼ਾਰਸੀ ਸਿੱਖੀ।

ਬਚਪਨ ਵਿੱਚ ਹੀ ਗ਼ਾਲਿਬ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਇਨ੍ਹਾਂ ਦਾ ਪਾਲਣ ਪੋਸ਼ਣ ਇਨ੍ਹਾਂ ਦੇ ਚਾਚੇ ਨੇ ਕੀਤਾ ਚਾਚੇ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰਮੁੱਖ ਤੌਰ ’ਤੇ ਮਿਲਣ ਵਾਲੀ ਪੈਨਸ਼ਨ ਨਾਲ਼ ਗੁਜਾਰਾ ਹੁੰਦਾ ਰਿਹਾ। ਗ਼ਾਲਿਬ ਦੀ ਸ਼ੁਰੂਆਤੀ ਸਿੱਖਿਆ ਦੇ ਬਾਰੇ ਵਿੱਚ ਸਪਸ਼ਟ ਤੌਰ ’ਤੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਉਹਨਾਂ ਦੇ ਮੁਤਾਬਕ ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫਾਰਸੀ ਵਿੱਚ ਗਦ ਅਤੇ ਪਦ (ਨਜ਼ਮ ਤੇ ਨਸਰ) ਲਿਖਣਾ ਸ਼ੁਰੂ ਕਰ ਦਿੱਤਾ ਸੀ1810 ਵਿੱਚ ਤੇਰ੍ਹਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਨਵਾਬ ਅਹਿਮਦ ਬਖ਼ਸ਼ ਦੇ ਛੋਟੇ ਭਰਾ ਮਿਰਜ਼ਾ ਅੱਲ੍ਹਾ ਬਖ਼ਸ਼ ਖਾਂ ਮਾਰੂਫ਼ ਦੀ ਧੀ ਉਮਰਾਓ ਬੇਗਮ ਨਾਲ਼ ਹੋਇਆ। ਵਿਆਹ ਦੇ ਬਾਅਦ ਗਾਲਿਬ ਦਿੱਲੀ ਆ ਗਏ, ਜਿੱਥੇ ਉਨ੍ਹਾਂ ਨੇ ਆਪਣੀ ਤਮਾਮ ਉਮਰ ਗੁਜ਼ਾਰੀ। ਜਦੋਂ ਅੰਗਰੇਜ਼ਾਂ ਦੁਆਰਾ ਮਿਰਜ਼ਾ ਗਾਲਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਤਾਂ ਉਨ੍ਹਾਂ ਨੂੰ ਆਪਣੀ ਪੈਨਸ਼ਨ ਦੀ ਬਹਾਲੀ ਦੇ ਸਿਲਸਿਲੇ ਵਿੱਚ ਕਲਕੱਤਾ ਦਾ ਲੰਬਾ ਸਫ਼ਰ ਵੀ ਤੈਅ ਕਰਨਾ ਪਿਆ ਇਸ ਸਫਰ ਦਾ ਜ਼ਿਕਰ ਉਨ੍ਹਾਂ ਦੀ ਸ਼ਾਇਰੀ ਵਿੱਚ ਕਈ ਜਗ੍ਹਾ ’ਤੇ ਮਿਲਦਾ ਹੈ। ਜੀਵਨ ਭਰ ਆਪ ਨੂੰ ਜਿਸ ਸੰਘਰਸ਼ ਵਿੱਚੋਂ ਦੀ ਗੁਜ਼ਰਨਾ ਪਿਆ ਅਤੇ ਇਸ ਦੌਰਾਨ ਜਿਨ੍ਹਾਂ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਉਸ ਦੀ ਝਲਕ ਆਪ ਦੀ ਸ਼ਾਇਰੀ ਵਿੱਚੋਂ ਸਹਿਜੇ ਹੀ ਮਿਲ ਜਾਂਦੀ ਹੈ ਜਿਵੇਂ ਕਿ ਉਹ ਖੁਦ ਇਕ ਥਾਂ ਆਖਦੇ ਹਨ:

ਖੁਲਤਾ ਕਿਸੀ ਪੇ ਕਿਉਂ ਮੇਰੇ ਦਿਲ ਕਾ ਮੁਆਮਲਾ।
ਸ਼ਿਅਰੋਂ ਕੇ ਇੰਤਖਾਬ ਨੇ ਰੁਸਵਾ ਕੀਯਾ ਮੁਝੇ।।

ਜੀਵਨ ਵਿੱਚ ਮਿਲਣ ਵਾਲੇ ਮੁਸਲਸਲ ਦੁੱਖਾਂ ਅਤੇ ਪ੍ਰੇਸ਼ਾਨੀਆਂ ਤੋਂ ਇਕ ਸਮੇਂ ਮਨੁੱਖ ਤੰਗ ਆ ਜਾਂਦਾ ਹੈ ਤੇ ਫਿਰ ਇਸ ਬੇਬਸੀ ਦੀ ਹਾਲਤ ਵਿਚ ਉਸ ਦੇ ਦਿਲ ਅੱਖਾਂ ਵਿੱਚੋਂ ਹੰਝੂਆਂ ਦੀ ਸ਼ਕਲ ਵਿੱਚ ਬਹਿ ਟੁਰਦਾ ਹੈ ਬੰਦੇ ਦੀ ਇਸ ਹਾਲਤ ਨੂੰ ਬਿਆਨ ਕਰਦਿਆਂ ਗਾਲਿਬ ਆਖਦੇ ਹਨ:

ਦਿਲ ਹੀ ਤੋ ਹੈ ਨਾ ਸੰਗ-ਓ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ।
ਰੋਏਂਗੇ ਹਮ ਹਜ਼ਾਰ ਬਾਰ ਕੋਈ ਹਮੇਂ ਸਤਾਏ ਕਿਉਂ॥

ਅਰਥਾਤ ਇਨਸਾਨੀ ਦਿਲ ਕੋਈ ਇੱਟ ਜਾਂ ਪੱਥਰ ਨਹੀਂ ਜਿਸ ’ਤੇ ਕਿਸੇ ਦੇ ਬੇਵਜਾਹ ਸਤਾਉਣ ਦਾ ਅਸਰ ਨਾ ਹੋਵੇ, ਸਗੋਂ ਇਹ ਤਾਂ ਉਹ ਨਾਜ਼ੁਕ ਸ਼ੈਅ ਹੈ ਜੋ ਕਿਸੇ ਦੀ ਵਧੀਕੀ ਜਾਂ ਕਿਸੇ ਦੇ ਬੇਤਹਾਸ਼ਾ ਦੁੱਖ ਪਹੁੰਚਾਉਣ ਦੀ ਸੂਰਤ ਵਿੱਚ ਛਲਕ ਹੀ ਪੈਂਦਾ ਹੈ।

ਮਿਰਜ਼ਾ ਗ਼ਾਲਿਬ ਨੇ ਉਰਦੂ ਅਤੇ ਫਾਰਸੀ ਦੋਵੇਂ ਭਾਸ਼ਾਵਾਂ ਵਿਚ ਆਪਣੀ ਸ਼ਾਇਰੀ ਅਤੇ ਰਚਨਾਵਾਂ ਰਚੀਆਂ ਹਨ। ਆਪ ਦੀ ਸ਼ਾਇਰੀ ਨੂੰ ਭਾਰਤ ਦੇ ਨਾਲ ਨਾਲ ਵਿਸ਼ਵ ਭਰ ਦੇ ਸਾਹਿਤ ਪ੍ਰੇਮੀ ਪਿਆਰਦੇ ਅਤੇ ਸਤਿਕਾਰਦੇ ਹਨ। ਜੇਕਰ ਇਹ ਕਿਹਾ ਜਾਵੇ ਕਿ ਆਪ ਦੁਨੀਆ ਦੇ ਪ੍ਰਸਿੱਧ ਸ਼ਾਇਰਾਂ ਵਿੱਚੋਂ ਇਕ ਹਨ ਤਾਂ ਯਕੀਨਨ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਗ਼ਾਲਿਬ ਨੂੰ ਬਤੌਰ ਸ਼ਾਇਰ ਦੇ ਤਾਂ ਅਸੀਂ ਸਾਰੇ ਹੀ ਭਲੀਭਾਂਤ ਜਾਣਦੇ ਹਾਂ ਪਰ ਇਕ ਕਵੀ ਹੋਣ ਦੇ ਨਾਲ-ਨਾਲ ਆਪ ਇਕ ਉਚ ਕੋਟੀ ਆਧੁਨਿਕ ਵਾਰਤਾਕਾਰ ਵੀ ਸਨ। ਆਪ ਨੇ ਜ਼ਿਆਦਾਤਰ ਫ਼ਾਰਸੀ ਅਤੇ ਉਰਦੂ ਵਿੱਚ ਹਿਕਾਇਤੀ ਭਗਤੀ ਅਤੇ ਸ਼ਿੰਗਾਰ ਰਸ ਵਿਸ਼ਿਆਂ ’ਤੇ ਗ਼ਜ਼ਲਾਂ ਲਿਖੀਆਂ। ਆਪ ਨੇ ਫ਼ਾਰਸੀ ਅਤੇ ਉਰਦੂ ਦੋਨਾਂ ਭਾਸ਼ਾਵਾਂ ਵਿੱਚ ਵਿਆਪਕ ਪੱਧਰ ਤੇ ਰਵਾਇਤੀ ਗਜ਼ਲਾਂ ਅਤੇ ਨਜ਼ਮਾਂ ਨੂੰ ਰਹੱਸਮਈ-ਰੋਮਾਂਟਿਕ ਸ਼ੈਲੀ ਵਿੱਚ ਲਿਖਿਆ ਇਹੋ ਵਜ੍ਹਾ ਹੈ ਕਿ ਗ਼ਾਲਿਬ ਨੂੰ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਅਤੇ ਫਾਰਸੀ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਉਰਦੂ ਦੇ ਨਾਲ-ਨਾਲ ਫਾਰਸੀ ਕਵਿਤਾ ਦੇ ਪਰਵਾਹ ਨੂੰ ਹਿੰਦੁਸਤਾਨੀ ਭਾਸ਼ਾ ਵਿੱਚ ਹਰਮਨ ਪਿਆਰਾ ਬਣਾਉਣ ਦੀ ਸਫਲ ਕੋਸ਼ਿਸ਼ ਕੀਤੀ। ਬੇਸ਼ੱਕ ਉਨ੍ਹਾਂ ਫਾਰਸੀ ਭਾਸ਼ਾ ਵਿਚ ਆਪਣੇ ਛੇ ਕਾਵਿ ਸੰਗ੍ਰਹਿ ਦਿੱਤੇ ਹਨ, ਪਰ ਇੱਥੇ ਇਹ ਗੱਲ ਵੀ ਕਾਫੀ ਦਿਲਚਸਪੀ ਵਾਲੀ ਹੈ ਕਿ ਗਾਲਿਬ ਦੀ ਪ੍ਰਸਿੱਧੀ ਉਨ੍ਹਾਂ ਦੇ ਇਕਲੌਤੇ ਉਰਦੂ ਸੰਗ੍ਰਹਿ “ਦੀਵਾਨ ਏ ਗਾਲਿਬ” ਨਾਲ ਹੋਈ।

ਇਸ ਦੇ ਨਾਲ ਵਾਰਤਕ ਵਿੱਚ ਉਨ੍ਹਾਂ ਦੁਆਰਾ ਆਪਣੇ ਬੇਬਾਕ ਅੰਦਾਜ਼ ਲਿਖੇ ਪੱਤਰ ਅੱਜ ਸਾਹਿਤ ਦਾ ਬੇਸ਼ਕੀਮਤੀ ਸਰਮਾਇਆ ਕਰਾਰ ਦਿੱਤੇ ਜਾਂਦੇ ਹਨ। ਦਰਅਸਲ ਆਪ ਜੀ ਦੁਆਰਾ ਰਚਿਤ ਪੱਤਰ ਜੋ ਉਨ੍ਹਾਂ ਆਮ ਤੌਰ ’ਤੇ ਆਪਣੇ ਦੋਸਤਾਂ ਸ਼ਾਗਿਰਦਾਂ ਅਤੇ ਪ੍ਰਸ਼ੰਸਕਾਂ ਨੂੰ ਲਿਖੇ ਹਨ ਉਹ ਵੀ ਬਿਨਾਂ ਸ਼ੱਕ ਉਰਦੂ ਦੀ ਜਦੀਦ ਨਸਰ ਦਾ ਮੁੱਢ ਬੰਨ੍ਹਦੇ ਮਹਿਸੂਸ ਹੁੰਦੇ ਹਨ ਜਿਸ ਦੇ ਫਲਸਰੂਪ ਆਪ ਨੂੰ ਆਧੁਨਿਕ ਨਸਰ ਦਾ ਬਾਨੀ ਖਿਆਲ ਕੀਤਾ ਜਾਂਦਾ ਹੈ। ਆਪ ਤੋਂ ਪਹਿਲਾਂ ਜੋ ਨਸਰ ਜਾਂ ਵਾਰਤਕ ਉਰਦੂ ਵਿੱਚ ਲਿਖੀ ਜਾਂਦੀ ਸੀ, ਉਹ ਬਹੁਤ ਹੀ ਬੋਝਲ ਤੇ ਬਣਾਵਟੀ ਹੁੰਦੀ ਸੀ। ਉਨ੍ਹਾਂ ਨੇ ਵਾਰਤਕ ਨੂੰ ਉਕਤ ਸਭ ਤਰ੍ਹਾਂ ਦੇ ਬਣਾਵਟੀਪਣ ਤੋਂ ਅਜ਼ਾਦ ਕਰਵਾਉਂਦਿਆਂ ਖੁੱਲ੍ਹੀ ਫਿਜ਼ਾ ਵਿੱਚ ਵਿਚਰਨ ਦਾ ਮੌਕਾ ਪ੍ਰਦਾਨ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਦੇ ਪੱਤਰ 1857 ਦੀ ਪਹਿਲੀ ਜੰਗ ਏ ਆਜ਼ਾਦੀ ਦੌਰਾਨ ਅੰਗਰੇਜ਼ਾਂ ਦੁਆਰਾ ਜੋ ਵੀ ਭਾਰਤ ਵਾਸੀਆਂ ਉੱਤੇ ਜ਼ੁਲਮ ਓ ਤਸ਼ੱਦਦ ਦਾ ਬਾਜ਼ਾਰ ਗਰਮ ਕੀਤਾ ਗਿਆ, ਉਸਦੀ ਝਲਕ ਉਨ੍ਹਾਂ ਦੇ ਇਨ੍ਹਾਂ ਪੱਤਰਾਂ ਵਿੱਚ ਵੇਖੀ ਜਾ ਸਕਦੀ ਹੈ। ਉਕਤ ਪੱਤਰਾਂ ਨੂੰ ਅਸੀਂ ਅੱਜ ਵੀ ਜਦ ਕਦੇ ਪੜ੍ਹਦੇ ਹਾਂ ਤਾਂ ਇਹ ਪੱਤਰ ਦੀ ਥਾਂ ਆਹਮੋ ਸਾਹਮਣੀ ਕੀਤੀ ਜਾਂਦੀ ਵਾਰਤਾਲਾਪ ਦਾ ਨਜ਼ਾਰਾ ਪੇਸ਼ ਕਰਦੇ ਨਜ਼ਰ ਆਉਂਦੇ ਹਨ। ਇਹੋ ਕਾਰਨ ਹੈ ਕਿ ਗ਼ਾਲਿਬ ਦੇ ਪੱਤਰਾਂ ਸੰਬੰਧੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ “ਮੁਰਾਸਲਾ ਕੋ ਮੁਕਾਲਮਾ ਬਣਾ ਦੀਯਾ”। ਉਨ੍ਹਾਂ ਦੇ ਪੱਤਰ ਲਿਖਣ ਦਾ ਅੰਦਾਜ਼ ਵੇਖੋ, “ਬਾਰਾਂ ਵਜੇ ਥੇ ਮੈਂ ਨੰਗਾ ਪਲੰਘ ਪਰ ਸੋ ਰਹਾ ਥਾ, ਹਰਕਾਰਾ ਆਇਆ ਉਸ ਨੇ ਰੁੱਕਾ ਪਕੜਾਇਆ, ਮੈਨੇ ਖੋਲ੍ਹਾ ਪੜ੍ਹਾ, ਭਲੇ ਹੀ ਗਲੇ ਮੇਂ ਕੁੜਤਾ ਨਾ ਥਾ, ਅਗਰ ਹੋਤਾ ਤੋ ਫਾੜ ਡਾਲਤਾ, ਸਿਰੇ ਸੇ ਸੁਣੀਏ ...।”

ਗ਼ਾਲਿਬ ਦੀ ਸਾਰੀ ਉਮਰ ਦੁੱਖ ਹੰਢਾਉਂਦਿਆਂ ਬੀਤੀ ਪਰ ਇਸ ਦੇ ਬਾਵਜੂਦ ਆਪ ਦੀ ਤਬੀਅਤ ਵਿਚ ਜ਼ਿੰਦਾ-ਦਿਲੀ ਤੇ ਹਾਜ਼ਰ ਜਵਾਬੀ ਕੁੱਟ ਕੁੱਟ ਕੇ ਭਰੀ ਸੀ। ਆਪ ਦੀ ਹਾਜ਼ਰ ਜਵਾਬੀ ਦੇ ਬਹੁਤ ਸਾਰੇ ਚੁਟਕਲੇ ਮੌਜੂਦ ਹਨ। ਪਾਠਕਾਂ ਲਈ ਇੱਥੇ ਇਕ ਘਟਨਾ ਪੇਸ਼ ਕਰਨੀ ਚਾਹਾਂਗਾ। ਦਿੱਲੀ ਵਿਚ ਉਨ੍ਹੀਂ ਦਿਨੀਂ ਕਾਵਿ ਸੰਮੇਲਨਾਂ (ਮੁਸ਼ਾਇਰੇ) ਦਾ ਆਯੋਜਨ ਆਮ ਹੋਇਆ ਕਰਦਾ ਸੀ ਅਤੇ ਇਨ੍ਹਾਂ ਸੰਮੇਲਨਾਂ ਵਿੱਚ ਦਿੱਲੀ ਦੇ ਨਾਲ ਨਾਲ ਬਾਹਰਲੇ ਸ਼ਹਿਰਾਂ ਵਿੱਚੋਂ ਵੀ ਅਕਸਰ ਸ਼ਾਇਰ ਸ਼ਿਰਕਤ ਕਰਿਆ ਕਰਦੇ ਸਨ। ਇਸੇ ਤਰ੍ਹਾਂ ਦੇ ਇਕ ਮੁਸ਼ਾਇਰੇ ਦੇ ਦੇਰ ਰਾਤ ਖਤਮ ਹੋਣ ਉਪਰੰਤ ਮਿਰਜ਼ਾ ਗ਼ਾਲਿਬ ਅਤੇ ਬਾਹਰਲੇ ਸ਼ਹਿਰ ਵਿੱਚੋਂ ਇੱਕ ਸ਼ਾਇਰ ਬੱਲੀਮਾਰਾਂ (ਗਾਲਿਬ ਦੇ ਦਿੱਲੀ ਵਿਚਲੇ) ਘਰ ਵਲ ਪਰਤ ਰਹੇ ਸਨ ਕਿ ਉਨ੍ਹਾਂ ਵੇਖਿਆ ਕਿ ਗਲੀ ਦੇ ਮੋੜ ਤੇ ਇਕ ਗਧਾ ਖੜ੍ਹਾ ਹੈ। ਦੋਵੇਂ ਉਸ ਗਧੇ ਦੇ ਨੇੜਿਓਂ ਲੰਘ ਗਏ। ਇਸ ਤੋਂ ਬਾਅਦ ਜਦੋਂ ਉਹ ਗਲੀ ਦਾ ਮੋੜ ਮੁੜੇ ਤਾਂ ਸਾਹਮਣੇ ਇਕ ਹੋਰ ਗਧਾ ਖੜ੍ਹਾ ਨਜ਼ਰ ਆਇਆ ਤਾਂ ਗ਼ਾਲਿਬ ਦੇ ਨਾਲ ਦੇ ਸ਼ਾਇਰ (ਜੋ ਦਿੱਲੀ ਦੇ ਬਾਹਰ ਦਾ ਸੀ) ਤੋਂ ਰਿਹਾ ਨਾ ਗਿਆ ਅਤੇ ਉਸ ਨੇ ਗ਼ਾਲਿਬ ਨੂੰ ਛੇੜਨ ਲਈ ਕਿਹਾ, “ਗ਼ਾਲਿਬ ਸਾਹਿਬ, ਦਿੱਲੀ ਮੇਂ ਗਧੇ ਬਹੁਤ ਹੈਂ।” ਪੈਂਦੀ ਸੱਟੇ ਗ਼ਾਲਿਬ ਨੇ ਬਹੁਤ ਹੀ ਠਰ੍ਹੰਮੇ ਨਾਲ ਉੱਤਰ ਦਿੱਤਾ, “ਕਿਯਾ ਕਰੇਂ ਸਾਹਿਬ, ਬਾਹਰ ਸੇ ਆ ਜਾਤੇ ਹੈਂ।”

ਗ਼ਾਲਿਬ ਜਿੱਥੇ ਪ੍ਰਸਿੱਧ ਕਵੀਆਂ ਸ਼ੇਖ ਇਬਰਾਹੀਮ ਜੌਕ ਅਤੇ ਮੋਮਨ ਖਾਂ ਮੋਮਨ ਦੇ ਸਮਕਾਲੀ ਸਨ, ਉੱਥੇ ਹੀ ਪਹਿਲਾਂ ਅਸਦ ਅਤੇ ਬਾਅਦ ਵਿੱਚ ਗ਼ਾਲਿਬ ਦੇ ਨਾਮ ਹੇਠ ਆਪਣੇ ਕਲਾਮ ਨੂੰ ਲਿਖਣ ਲੱਗੇ ਸਨ। ਸ਼ੇਖ ਇਬਰਾਹੀਮ ਜ਼ੋਕ ਦੀ ਮੌਤ ਪਿੱਛੋਂ ਮਿਰਜ਼ਾ ਗ਼ਾਲਿਬ ਮੁਗਲ ਕਾਲ ਦੇ ਆਖ਼ਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੇ ਦਰਬਾਰੀ ਕਵੀ ਬਣ ਗਏ ਤੇ ਦੇ ਨਾਲ ਨਾਲ ਉਨ੍ਹਾਂ ਦੀ ਕਵਿਤਾ ਦੀ ਇਸਲਾਹ ਵੀ ਕਰਨ ਲੱਗੇ ਗਾਲਿਬ ਨੂੰ ਆਪਣੀ ਕਲਪਨਾ ਦੀ ਉੱਚੀ ਉਡਾਣ ਦਾ ਭਲੀਭਾਂਤੀ ਅਹਿਸਾਸ ਸੀ, ਇਹੋ ਵਜ੍ਹਾ ਹੈ ਕਿ ਉਹ ਖੁਦ ਬਾਰੇ ਇੱਕ ਥਾਂ ਲਿਖਦੇ ਹਨ:

ਹੈਂ ਔਰ ਭੀ ਦੁਨੀਆਂ ਮੇਂ ਸੁਖਨਵਰ ਬਹੁਤ ਅੱਛੇ,
ਕਹਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਯਾਂ ਔਰ।

ਗ਼ਾਲਿਬ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਨ੍ਹਾਂ ਦਾ ਕਲਾਮ ਸੂਫੀ ਕਾਵਿ ਦਾ ਇੱਕ ਖੂਬਸੂਰਤ ਨਮੂਨਾ ਹੈ। ਜੇਕਰ ਉਨ੍ਹਾਂ ਵਿਚ ਸ਼ਰਾਬੀ ਹੋਣ ਦਾ ਐਬ ਨਾ ਹੁੰਦਾ ਤਾਂ ਯਕੀਨਨ ਲੋਕਾਂ ਨੇ ਉਨ੍ਹਾਂ ਨੂੰ ਰੱਬ ਦਾ ਵਲੀ ਖਿਆਲ ਕਰਨਾ ਸੀ। ਤਾਂਹੀਉਂ ਤਾਂ ਇਕ ਸ਼ੇਅਰ ਵਿੱਚ ਉਹ ਕਹਿੰਦੇ ਹਨ ਕਿ:

ਯੇ ਮਸਾਇਲ-ਏ-ਤਸਵੁੱਫ ਯੇ ਤੇਰਾ ਬਿਆਨ ਗ਼ਾਲਿਬ।
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾ-ਖੁਆਰ ਹੋਤਾ।।

ਮਿਰਜ਼ਾ ਗ਼ਾਲਿਬ ਦੀਆਂ ਮੁੱਖ ਰਚਨਾਵਾਂ ਵਿੱਚ ਦੀਵਾਨ-ਏ-ਗ਼ਾਲਿਬ (1841), ਉਰਦੂ ਕੁੱਲੀਆਤ-ਏ-ਗ਼ਾਲਿਬ (1845), ਫਾਰਸੀ ਕਾਤੇਹ ਬਰਹਾਨ (1861), ਫਾਰਸੀ ਸੰਗ੍ਰਹਿ, ਮਿਹਰਹਾ ਨੀਮਰੋਜ(1854), ਫਾਰਸੀ ਸੰਗ੍ਰਹਿ, ਕੁੱਲੀਆਤ ਨਸਰ (1868), ਫਾਰਸੀ ਸੰਗ੍ਰਹਿ, ਉਦ-ਦ-ਹਿੰਦੀ (1868), ਉਰਦੂ ਸੰਗ੍ਰਹਿ ਉਰਦੂ-ਦ-ਮੁੰਆੱਲਾ (1869), ਉਰਦੂ ਸੰਗ੍ਰਹਿ ਇੰਤਿਖ਼ਾਬ ਗ਼ਾਲਿਬ, ਨਾਦਿਰ ਖ਼ੁਤੂਤ ਗ਼ਾਲਿਬ, - ਉਰਦੂ ਆਦਿ ਸ਼ਾਮਿਲ ਹਨ।

ਉਰਦੂ ਅਦਬ ਦਾ ਇਹ ਮਹਾਨ ਸ਼ਾਇਰ ਅਖੀਰ 15 ਫਰਵਰੀ 1869 ਨੂੰ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਤੇ ਇਸ ਸਮੇਂ ਆਪ ਦੀ ਕਬਰ ਨਿਜਾਮੁਦੀਨ ਨਜ਼ਦੀਕ ਗ਼ਾਲਿਬ ਅਕਾਦਮੀ ਦਿੱਲੀ ਵਿੱਚ ਮੌਜੂਦ ਹੈ। ਬੇਸ਼ੱਕ ਗ਼ਾਲਿਬ ਅੱਜ ਸਾਡੇ ਵਿਚਕਾਰ ਨਹੀਂ ਪ੍ਰੰਤੂ ਆਪ ਦੀਆਂ ਰਚਨਾਵਾਂ ਸਦਕਾ ਉਹ ਅੱਜ ਵੀ ਸਾਡੇ ਦਰਮਿਆਨ ਹੀ ਵਿਚਰਦੇ ਅਨੁਭਵ ਹੁੰਦੇ ਹਨ ਕਿਉਂਕਿ ਉਹ ਇਕ ਥਾਂ ਖੁਦ ਆਖਦੇ ਹਨ:

ਨਾ ਥਾ ਕੁਛ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ।
ਡੁਬੋਇਆ ਮੁਝ ਕੋ ਹੋਨੇ ਨੇ
, ਨਾ ਹੋਤਾ ਮੈਂ ਤੋ ਕਿਯਾ ਹੋਤਾ॥
ਹੂਈ ਮੁੱਦਤ ਗ਼ਾਲਿਬ ਮਰ ਗਿਆ ਪਰ ਯਾਦ ਆਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3234)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author