“ਅਮਰੀਕ ਦੀ ਵਾਪਸੀ ਉਪਰੰਤ ਮੈਂ ਉਸ ਦੇ ਘਰ ਗਿਆ ਅਤੇ ਕਿਸਾਨਾਂ ਦੇ ਅੰਦੋਲਨ ਦੀ ...”
(7 ਜਨਵਰੀ 2021)
ਜਦੋਂ ਤੋਂ ਦਿੱਲੀ ਬਾਰਡਰਾਂ ’ਤੇ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਲਾਏ ਨੇ ਉਦੋਂ ਤੋਂ ਹੀ ਦਿਲ ਕਰਦਾ ਹੈ ਜਾ ਕੇ ਆਪਣੀ ਹਾਜ਼ਰੀ ਲਗਵਾ ਕੇ ਆਵਾਂ। ਪ੍ਰੰਤੂ ਇੱਕ ਲੇਖਕ ਲਈ ਸਮਾਂ ਕੱਢਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ, ਉਹ ਵੀ ਉਦੋਂ ਜਦੋਂ ਤੁਸੀਂ ਕਈ ਰੋਜ਼ਾਨਾ ਅਖਬਾਰਾਂ ਨੂੰ ਵੱਖ ਵੱਖ ਵਿਸ਼ਿਆਂ ਵਾਲੇ ਆਰਟੀਕਲ ਭੇਜਣੇ ਹੋਣ। ਇਸ ਤੋਂ ਇਲਾਵਾ ਅਜਿਹੇ ਧਰਨੇ-ਪ੍ਰਦਰਸ਼ਨਾਂ ਵਿੱਚ ਇਕੱਲਿਆਂ ਵੀ ਨਹੀਂ ਜਾਇਆ ਜਾ ਸਕਦਾ ਤੇ ਸਫਰ ਵੀ ਉਸੇ ਨਾਲ ਕਰਨਾ ਚੰਗਾ ਲੱਗਦਾ ਹੈ ਜਿਸਦੇ ਨਾਲ ਮਿਜ਼ਾਜ ਮਿਲਦਾ ਹੋਵੇ। ਜੇਕਰ ਵਿਚਾਰਾਂ ਵਿੱਚ ਸਾਂਝ ਨਾ ਹੋਵੇ ਤਾਂ ਮਿੰਟਾਂ ਦਾ ਸਫਰ ਵੀ ਮਹੀਨਿਆਂ ਦਾ ਜਾਪਣ ਲੱਗਦਾ ਹੈ। ਬਾਕੀ ਅੱਜ ਦੇ ਇਸ ਪਦਾਰਥਵਾਦੀ ਯੁਗ ਨੇ ਮਨੁੱਖ ਨੂੰ ਮੱਲੋਮੱਲੀ ਮਸਰੂਫ ਕਰ ਕੇ ਰੱਖ ਦਿੱਤਾ ਹੈ ਤੇ ਕਈ ਵੇਰਾਂ ਬੰਦਾ ਕਿਤੇ ਜਾਣਾ ਚਾਹੁੰਦਾ ਹੋਇਆ ਵੀ ਨਹੀਂ ਜਾ ਪਾਉਂਦਾ। ਬੰਦੇ ਦੀਆਂ ਮਜਬੂਰੀਆਂ ਨੂੰ ਬਿਆਨ ਕਰਦਿਆਂ ਇੱਕ ਸ਼ਾਇਰ ਨੇ ਕਿੰਨਾ ਖੂਬ ਕਿਹਾ ਹੈ:
ਕੁਛ ਤੋਂ ਮਜਬੂਰੀਆਂ ਰਹੀ ਹੋਂਗੀ,
ਯੂੰ ਕੋਈ ਬੇਵਫਾ ਨਹੀਂ ਹੋਤਾ।
ਅੰਦੋਲਨ ਵਿੱਚ ਸ਼ਮੂਲੀਅਤ ਦੇ ਸੰਦਰਭ ਵਿੱਚ ਪਿਛਲੇ ਦਿਨੀਂ ਮੈਂ ਆਪਣੇ ਮਿੱਤਰ ਅਮਰੀਕ ਨਾਲ ਪ੍ਰੋਗਰਾਮ ਬਣਾਇਆ ਕਿ ਦਸੰਬਰ ਦੇ ਆਖਰੀ ਦਿਨਾਂ ਵਿੱਚ ਆਪਾਂ ਵੀ ਅੰਦੋਲਨ ਵਿੱਚ ਗੇੜਾ ਮਾਰ ਆਈਏ। ਪਰ ਇਸੇ ਵਿਚਕਾਰ ਅਮਰੀਕ ਹੁਰਾਂ ਦੇ ਇੱਕ ਹੋਰ ਮਿੱਤਰ ਨੇ ਆਪਣੇ ਬੇਟੇ ਨੂੰ ਬਾਹਰਲੇ ਦੇਸ਼ ਭੇਜਣ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਜਾਣਾ ਸੀ ਤੇ ਉਹ ਅਮਰੀਕ ਨੂੰ ਆਪਣੇ ਨਾਲ ਲੈ ਗਿਆ। ਹਵਾਈ ਅੱਡੇ ਤੋਂ ਹੀ ਅਮਰੀਕ ਦੇ ਦੂਜੇ ਦੋਸਤਾਂ ਯਾਦਵਿੰਦਰ ਸੋਹੀ, ਹਰਜਿੰਦਰ ਸੋਹੀ ਨੇ ਅਚਾਨਕ ਹੀ ਸਲਾਹ ਬਣਾਈ ਤੇ ਚੰਡੀਗੜ੍ਹੋਂ ਸਿੱਧੇ ਦਿੱਲੀ ਵੱਲ ਚਾਲੇ ਪਾ ਦਿੱਤੇ ਤੇ ਮੈਥੋਂ ਅਮਰੀਕ ਨੇ ਫੋਨ ਤੇ ਪਹਿਲਾਂ ਬਣਾਏ ਪ੍ਰੋਗਰਾਮ ਲਈ ਮੁਆਫੀ ਮੰਗ ਲਈ। ਤੇ ਜੋ ਰੱਬ ਨੂੰ ਮਨਜ਼ੂਰ ਸੀ ਓਹੋ ਹੋਇਆ। ਮੈਂ ਸਮੇਂ ਨੂੰ ਗਨੀਮਤ ਸਮਝਦਿਆਂ ਕਿਸਾਨਾਂ ਦੇ ਅੰਦੋਲਨ ਅਤੇ ਦੂਜੇ ਵਿਸ਼ਿਆਂ ਨਾਲ ਸੰਬੰਧਤ ਆਪਣੇ ਕੁਝ ਕੁ ਅਧੂਰੇ ਆਰਟੀਕਲ ਪੂਰੇ ਕਰਕੇ ਵੱਖ ਵੱਖ ਅਖਬਾਰਾਂ ਨੂੰ ਭੇਜ ਦਿੱਤੇ।
ਅਮਰੀਕ ਦੀ ਵਾਪਸੀ ਉਪਰੰਤ ਮੈਂ ਉਸ ਦੇ ਘਰ ਗਿਆ ਅਤੇ ਕਿਸਾਨਾਂ ਦੇ ਅੰਦੋਲਨ ਦੀ ਸ਼ਮੂਲੀਅਤ ਦੇ ਸੰਦਰਭ ਵਿੱਚ ਪੂਰੀ ਜਾਣਕਾਰੀ ਲਈ। ਅਮਰੀਕ ਨੇ ਦੱਸਿਆ, “ਅਸੀਂ ਚੰਡੀਗੜ੍ਹ ਤੋਂ ਅੰਬਾਲਾ ਗਏ ਤੇ ਉੱਥੇ ਆਪਣੀ ਕਾਰ ਸਟੈਂਡ ’ਚ ਖੜ੍ਹੀ ਕਰਕੇ ਸਿੱਧੀ ਦਿੱਲੀ ਲਈ ਬੱਸ ਫੜ ਲਈ। ਬੱਸ ਨੇ ਸਾਨੂੰ ਸਿੰਘੂ ਬਾਰਡਰ ਤੋਂ ਕਰੀਬ ਪੰਦਰਾਂ ਕਿਲੋਮੀਟਰ ਉਰ੍ਹਾਂ ਹੀ ਉਤਾਰ ਦਿੱਤਾ, ਜਿੱਥੋਂ ਅਸੀਂ ਪੈਦਲ ਹੀ ਸਿੰਘੂ ਬਾਰਡਰ ਵਲ ਕੂਚ ਕਰ ਦਿੱਤਾ। ਰਸਤੇ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੀਆਂ ਵੰਨ ਸੁਵੰਨੀਆਂ ਚੀਜ਼ਾਂ ਦੇ ਲੱਗੇ ਲੰਗਰ ਵੇਖੇ। ਕਿਧਰੇ ਜਲੇਬੀਆਂ ਦਾ, ਕਿਧਰੇ ਪਕੌੜਿਆਂ ਦਾ ਤੇ ਕਿਧਰੇ ਬਰੈੱਡਾਂ ਦਾ। ਇਸੇ ਦੌਰਾਨ ਦੁਆਬੇ ਦਾ ਇੱਕ ਬੰਦਾ ਆਟੇ ਨਾਲ ਭਰੀ ਟਰਾਲੀ ਲਈ ਜਾ ਰਿਹਾ ਤੇ ਲੋਕਾਂ ਵਿੱਚ ਵੰਡਦਾ ਜਾ ਰਿਹਾ ਦੇਖਿਆ।”
ਅਮਰੀਕ ਨੇ ਇਹ ਵੀ ਦੱਸਿਆ, “ਅਸੀਂ ਵੇਖਿਆ ਕਿ ਲਗਭਗ ਹਰ ਟਰਾਲੀ ਨਾਲ ਪਾਣੀ ਗਰਮ ਕਰਨ ਵਾਲੇ ਦੇਸੀ ਗੀਜਰ ਲੱਗੇ ਹੋਏ ਸਨ ਤੇ ਠੰਢ ਨੂੰ ਮਾਤ ਦੇਣ ਲਈ ਲੋਕ ਧੂਣੀਆਂ ਲਾਈ ਬੈਠੇ ਸਨ। ਜਾਂਦਿਆਂ ਜਾਂਦਿਆਂ ਅਸੀਂ ਵੇਖਿਆ ਕਿ ਮਾਲੇਰਕੋਟਲਾ ਖੰਨਾ ਰੋਡ ’ਤੇ ਪੈਂਦੇ ਪਿੰਡ ਰੌਣੀ ਦੇ ਐਡਵੋਕੇਟ ਗੁਰਦੀਪ ਸਿੰਘ ਰੌਣੀ ਅਤੇ ਐਡਵੋਕੇਟ ਸੁਖਵਿੰਦਰ ਸਿੰਘ ਰੋਪੜ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੁਝ ਨੌਜਵਾਨਾਂ ਨੇ ਉਕਤ ਬਾਰਡਰ ’ਤੇ ਟੈਂਟ ਲਾ ਕੇ ਇੱਕ ਕਿਤਾਬਾਂ ਦਾ ਲੰਗਰ ਲਾਇਆ ਹੋਇਆ ਸੀ। ਅਸੀਂ ਉੱਥੇ ਹੀ ਰੁਕ ਗਏ ਤੇ ਉਨ੍ਹਾਂ ਨਾਲ ਹੱਥ ਵਟਾਉਣ ਲੱਗੇ। ਇੰਨੇ ਨੂੰ ਰਾਤ ਪੈ ਗਈ। ਅਸੀਂ ਲੰਗਰ ਛਕਿਆ, ਚਾਹ ਪੀਤੀ। ਇਸ ਉਪਰੰਤ ਹਰਿਆਣਵੀ ਭਰਾ ਭਰ ਭਰ ਦੁੱਧ ਦੀਆਂ ਬਾਲਟੀਆਂ ਲੈ ਆਏ। ਦੇਰ ਰਾਤ ਤਕ ਅੰਦੋਲਨ ਦੇ ਸੰਦਰਭ ਵਿੱਚ ਅਤੇ ਇਸਦੇ ਭਵਿੱਖ ਨੂੰ ਲੈ ਕੇ ਗੱਲਾਂ ਕਰਦਿਆਂ ਰਾਤ ਦੇ ਤਿੰਨ ਵੱਜ ਗਏ ਤੇ ਅਸੀਂ ਸੌਂ ਗਏ।
“ਸਵੇਰੇ ਉੱਠਦੇ ਸਾਰ ਹੀ ਉੱਬਲੇ ਹੋਏ ਚੁਹਾਰੇ ਆ ਗਏ। ਉਸ ਤੋਂ ਬਾਅਦ ਚਾਹ ਅਤੇ ਨਾਲ ਹੀ ਪੰਜੀਰੀ ਦੀਆਂ ਪਿੰਨੀਆਂ ਆ ਗਈਆਂ। ਨਾਸ਼ਤਾ ਕਰਨ ਉਪਰੰਤ ਇੱਕ ਵਾਰ ਫਿਰ ਰੌਣੀ ਵਾਲੇ ਮੁੰਡਿਆਂ ਨੇ ਲਾਇਬ੍ਰੇਰੀ ਲਗਾਉਣ ਦੀ ਤਿਆਰੀ ਵਿੱਡ ਲਈ ਅਤੇ ਸਾਫ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਵੀ ਉਨ੍ਹਾਂ ਦਾ ਹੱਥ ਵਟਾਇਆ। ਇਸ ਤੋਂ ਬਾਅਦ ਲਾਇਬ੍ਰੇਰੀ ਵਾਲੇ ਦੋਸਤਾਂ ਕੋਲੋਂ ਇਜਾਜ਼ਤ ਲੈ ਕੇ ਪੈਦਲ ਮਾਰਚ ਕਰਦਿਆਂ ਅਸੀਂ ਸਿੰਘੂ ਬਾਰਡਰ ਦੀ ਸਟੇਜ ਕੋਲ ਪਹੁੰਚ ਗਏ। ਸਟੇਜ ਦੇ ਨੇੜੇ ਹੀ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੇ ਮਿੱਠੇ ਅਤੇ ਨਮਕੀਨ ਚਾਵਲਾਂ (ਜਰਦਾ-ਪਲਾਓ) ਦਾ ਲੰਗਰ ਲਾਇਆ ਹੋਇਆ ਸੀ। ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਦਾ ਸਾਫ ਸਫਾਈ ਵਿੱਚ ਹੱਥ ਵਟਾਇਆ।
“ਇਸ ਤੋਂ ਅਸੀਂ ਬਾਅਦ ਸੋਚਿਆ, ਚਲੋ ਟਿਕਰੀ ਬਾਰਡਰ ਵੀ ਜਾਇਆ ਜਾਵੇ। ਚਾਰ ਮੈਟਰੋ ਟਰੇਨਾਂ ਬਦਲ ਕੇ ਆਖਰ ਟਿਕਰੀ ਬਾਰਡਰ ਪਹੁੰਚੇ। ਉੱਥੋਂ ਪੈਦਲ ਮਾਰਚ ਕਰਦਿਆਂ ਰੋਹਤਕ ਰੋਡ ਤੇ 54 ਨੰਬਰ ਬਿਜਲੀ ਵਾਲੇ ਖੰਭੇ ਨੇੜੇ ਪੁੱਜੇ, ਜਿੱਥੇ ਕਿ ਕੁਝ ਦੋਸਤ ਬਨਭੌਰੀ ਤੇ ਭਸੌੜ ਤੋਂ ਆਪਣੀਆਂ ਟਰਾਲੀਆਂ ਵਿੱਚ ਆਏ ਹੋਏ ਸਨ। ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ। ਉੱਥੇ ਮੌਜੂਦ ਹਰਿਆਣਵੀ ਭਰਾਵਾਂ ਵਿੱਚੋਂ ਇੱਕ ਨੇ ਖਲਪਾੜ ਦੀ ਮਦਦ ਨਾਲ ਕੂੰਡੀ ਵਿੱਚ ਮੇਥੀ ਕੁੱਟ ਕੇ ਆਟੇ ਵਿੱਚ ਵਿੱਚ ਗੁੰਨ੍ਹ ਲਈ। ਇਸ ਉਪਰੰਤ ਅਸੀਂ ਆਪਣੇ ਹੱਥੀਂ ਤਵੀ ਉੱਤੇ ਮੇਥੀ ਵਾਲੀਆਂ ਰੋਟੀਆਂ ਲਾਹੀਆਂ ਤੇ ਇਕੱਠੇ ਬੈਠ ਕੇ ਖਾਧੀਆਂ।
“ਟਿਕਰੀ ਕੁੰਡਲੀ ਤੇ ਸਿੰਘੂ ਬਾਰਡਰਾਂ ਦਾ ਜਨ ਸੈਲਾਬ ਵੇਖ ਕੇ ਲੱਗਿਆ ਜਿਵੇਂ ਸਾਰਾ ਹਰਿਆਣਾ-ਪੰਜਾਬ ਇੱਥੇ ਹੀ ਆ ਵਸਿਆ ਹੋਵੇ। ਕਿਧਰੇ ਹਰਿਆਣੇ ਦੇ ਬਜ਼ੁਰਗ ਆਪਣੇ ਹੁੱਕੇ ਗੁੜ-ਗੁੜਾ ਰਹੇ ਸਨ, ਕਿਧਰੇ ਕਿਰਸਾਨੀ ਸੰਘਰਸ਼ ਨਾਲ ਸੰਬੰਧਤ ਟਰੈਕਟਰਾਂ ਉੱਤੇ ਗੀਤ ਵੱਜ ਰਹੇ ਸਨ। ਵਿੱਚ ਵਿੱਚ ਕੋਈ ਬੰਦਾ ਆਉਂਦਾ ਅਤੇ ਮੰਚ ਦੇ ਸਾਹਮਣੇ ਪੰਡਾਲ ਵਿੱਚ ਆਏ ਕਿਸਾਨਾਂ ਤੇ ਦੂਜੇ ਆਗੂਆਂ ਦੇ ਵਿਚਾਰ ਸੁਣਨ ਲਈ ਹੋਕਾ ਦਿੰਦਾ ਫਿਰਦਾ।
“ਇਸ ਮੌਕੇ ਵੱਡੀ ਗਿਣਤੀ ਵਿੱਚ ਹਰਿਆਣਾ ਦੇ ਲੋਕ ਆਪਣੇ ਪੰਜਾਬੀ ਭਰਾਵਾਂ ਨਾਲ ਮਿਲ ਕੇ ਬੈਠੇ ਹੋਏ ਹਨ। ਉਨ੍ਹਾਂ ਇਕੱਠਿਆਂ ਮਿਲ ਕੇ ਬੈਠਿਆਂ ਨੂੰ ਵੇਖ ਕੇ ਇੰਝ ਲੱਗਿਆ ਕਿ ਜਿਵੇਂ ਇਨ੍ਹਾਂ ਵਿੱਚ ਸਦੀਆਂ ਦੀਆਂ ਸਾਂਝਾ ਮੁੜ ਕਾਇਮ ਹੋ ਗਈਆਂ ਹੋਣ ਜਿਵੇਂ 66 ਤੋਂ ਪਹਿਲਾਂ ਵਾਲਾ ਪੰਜਾਬ ਹੋਵੇ। ਇਹ ਸਾਂਝਾਂ ਅਗਾਂਹ ਕਿੰਨੀਆਂ ਕੁ ਹੋਰ ਪੁਖਤਾ ਹੋਣਗੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਤਾਂ ਦੋਵਾਂ ਸੂਬਿਆਂ ਦੇ ਲੋਕ ਇੱਕ ਮਿੱਕ ਹੋ ਗਏ ਹਨ। ਯਕੀਨਨ ਇਹ ਏਕਤਾ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਬੇਹੱਦ ਜ਼ਰੂਰੀ ਹੈ।”
ਅਮਰੀਕ ਨੇ ਇਹ ਵੀ ਦੱਸਿਆ ਕਿ ਉੱਥੇ ਬਾਲਣ ਦੀ ਕੋਈ ਥੁੜ ਨਹੀਂ ਅਤੇ ਨਾ ਹੀ ਆਟੇ ਅਤੇ ਹੋਰ ਸਾਮਾਨ ਦੀ ਕਿੱਲਤ ਹੈ। ਇੱਥੋਂ ਤਕ ਕਿ ਬੁਰਸ਼ ਕਰਨ ਅਤੇ ਟਾਇਲਟ ਜਾਣ ਲਈ ਵੀ ਬਿਸਲੇਰੀ ਦੀਆਂ ਬੋਤਲਾਂ ਮਿਲਦੀਆਂ ਹਨ ਅਤੇ ਓਵਰ ਬਰਿੱਜਾਂ ਤੇ ਡਰਿੱਲ ਨਾਲ ਗਲੀ ਮਾਰ ਕੇ ਪਾਇਪ ਪਾ ਕੇ ਅਤੇ ਆਲੇ-ਦੁਆਲੇ ਕੱਪੜੇ ਤਾਣ ਕੇ ਪਿਸ਼ਾਬਖਾਨੇ ਬਣਾਏ ਲਏ ਗਏ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2513)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)