“ਕੰਵਲ ਦੇ ਨਾਵਲ ਅਤੇ ਉਸਦੀਆਂ ਦੂਜੀਆਂ ਰਚਨਾਵਾਂ ਇਸ ਗੱਲ ਦੀ ਗਵਾਹੀ ...”
(2 ਫਰਵਰੀ 2020)
ਮੈਂਨੂੰ ਯਾਦ ਹੈ 1990-91 ਦੇ ਸਰਕਾਰੀ ਕਾਲਜ ਮਾਲੇਰਕੋਟਲਾ ਦਾ ਉਹ ਸਾਲਾਨਾ ਸਮਾਰੋਹ ਜਦੋਂ ਮੈਂਨੂੰ ਅਕਾਦਮਿਕ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀ ਵਜੋਂ ਇਨਾਮ ਦਾ ਇੱਕ ਗਿਫਟ ਪੈਕ ਮਿਲਿਆ ਸੀ। ਜਦੋਂ ਉਸ ਗਿਫਟ ਪੈਕ ਨੂੰ ਮੈਂ ਘਰ ਆ ਕੇ ਖੋਲ੍ਹਿਆ, ਉਸ ਵਿੱਚੋਂ ਇੱਕ ਡਿਕਸ਼ਨਰੀ ਤੇ ਦੂਜਾ ਜਸਵੰਤ ਸਿੰਘ ਕੰਵਲ ਦਾ ਨਾਵਲ “ਪਾਲੀ” ਨਿਕਲਿਆ ਸੀ। ਮੈਂ ਭਾਵੇਂ ਉਰਦੂ ਸਾਹਿਤ ਨਾਲ ਜੁੜਿਆ ਵਿਦਿਆਰਥੀ ਸਾਂ ਪਰ ਜਦੋਂ ਇਨਾਮ ਵਿੱਚ ਮਿਲਿਆ ਕੰਵਲ ਦਾ ਉਕਤ ਨਾਵਲ ਪੜ੍ਹਿਆ ਤਾਂ ਜਸਵੰਤ ਸਿੰਘ ਕੰਵਲ ਨਾਲ ਇੱਕ ਵੱਖਰੀ ਕਿਸਮ ਦਾ ਜੁੜਾਓ ਤੇ ਲਗਾਓ ਹੋ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ ਮੁਸਲਸਲ ਜਸੰਵਤ ਸਿੰਘ ਕੰਵਲ ਦਾ ਇੱਕ ਪਾਠਕ ਚਲਿਆ ਆ ਰਿਹਾ ਹਾਂ। ਬੇਸ਼ੱਕ ਕੰਵਲ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਮੈਂ ਸਮਝਦਾ ਹਾਂ ਉਨ੍ਹਾਂ ਦੇ ਨਾਵਲ ਅਤੇ ਦੂਜੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਸਾਡੀ ਰਹਿਨੁਮਾਈ ਫਰਮਾਉਂਦੀਆਂ ਰਹਿਣਗੀਆਂ ...!
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਆਖੇ ਜਾਂਦੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਵਿਖੇ ਸ੍ਰੀ ਮਾਹਲਾ ਸਿੰਘ ਦੇ ਘਰ ਹੋਇਆ। ਕੰਵਲ ਨੇ ਆਪਣੀ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਹਾਸਲ ਕੀਤੀ। ਉਨ੍ਹਾਂ ਦਸਵੀਂ ਪਾਸ ਨਹੀਂ ਕੀਤੀ ਸਗੋਂ ਗਿਆਨੀ ਪਾਸ ਕੀਤੀ। ਕੰਵਲ ਅਨੁਸਾਰ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਹੋਇਆਂ ਲੱਗੀ। ਇਹੋ ਵਜ੍ਹਾ ਹੈ ਕਿ ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਿਆ ਕਰਦੇ ਸਨ।
ਜੀਵਨ ਵਿੱਚ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਨਾਲ ਪਹਿਲੀ ਮੁਹੱਬਤ ਜ਼ਰੂਰ ਹੁੰਦੀ ਹੈ, ਉਨ੍ਹਾਂ ਨੂੰ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਨਾਲ ਹੋਇਆ। ਬੇਸ਼ੱਕ ਉਹ ਕੰਵਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ ਤੇ ਕੰਵਲ ਵੀ ਉੱਥੇ ਪੱਕੇ ਤੌਰ ਉੱਤੇ ਨਹੀਂ ਸੀ ਰਹਿਣਾ ਚਾਹੁੰਦੇ। ਇਸ ਤਰ੍ਹਾਂ ਉਨ੍ਹਾਂ ਦੀ ਪਹਿਲੀ ਮੁਹੱਬਤ ਦਾ ਅੰਤ ਇੱਥੇ ਹੀ ਹੋ ਗਿਆ।
ਜਿਵੇਂ ਕਿ ਜਸਵੰਤ ਸਿੰਘ ਕੰਵਲ ਦੇ ਸਮਕਾਲੀ ਸ਼ਾਇਰ ਸਾਹਿਰ ਲੁਧਿਆਣਵੀ ਨੇ ਆਪਣੇ ਇੱਕ ਸ਼ਿਅਰ ਵਿੱਚ ਕਿਹਾ ਸੀ ਕਿ
ਵੋਹ ਅਫਸਾਨਾ ਜਿਸੇ ਅੰਜਾਮ ਤੱਕ ਲਾਨਾ ਨਾ ਹੋ ਮੁਮਕਿਨ,
ਉਸੇ ਇੱਕ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ।
ਕੰਵਲ ਨੇ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਦੀ ਨੌਕਰੀ ਵੀ ਕੀਤੀ ਤੇ ਆਪਣੇ ਪਿੰਡ ਦੇ ਖੇਤਾਂ ਵਿੱਚ ਛੋਟੇ ਭਰਾ ਨਾਲ ਵੀ ਹੱਥ ਵਟਾਇਆ।
ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਫਿਰ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਇਹ ਨੌਕਰੀ ਕੰਵਲ ਲਈ ਇੱਕ ਤਰ੍ਹਾਂ ਨਾਲ ਵਰਦਾਨ ਸਾਬਤ ਹੋਈ, ਕਿਉਂਕਿ ਉਹ ਆਪਣੀ ਸਾਹਿਤਕ ਭੁੱਖ ਪੂਰੀ ਕਰਨ ਲਈ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਹੀ ਬਿਤਾਉਂਦੇ। ਜਿਸਦੇ ਨਤੀਜੇ ਵਜੋਂ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹਨ ਦਾ ਮੌਕਾ ਮਿਲਿਆ। ਇਸੇ ਦੌਰਾਨ ਜੀਵਨ ਕਣੀਆਂ ਦੇ ਪਬਲਿਸ਼ਰ ਨੇ ਜਸਵੰਤ ਸਿੰਘ ਕੰਵਲ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਕੰਵਲ ਦਾ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ 1944 ਵਿੱਚ ਮੰਜਰ ਏ ਆਮ ’ਤੇ ਆਇਆ। ਉਸ ਤੋਂ ਬਾਅਦ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਿਆ ਕਰਦੇ ਸਨ।
ਉਂਝ ਕੰਵਲ ਦਾ ਸਾਹਿਤਕ ਸਫਰ ਮਲਾਇਆ ਤੋਂ ਹੀ ਸ਼ੁਰੂ ਹੋ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਕੰਵਲ ਹੁਰਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਮੁਤਾਸਰ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਤਗਲੀਕ ਕੀਤੀ, ਜਿਸਦੇ ਸਾਹਮਣੇ ਆਉਂਦਿਆ ਹੀ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਇੱਕ ਤਰ੍ਹਾਂ ਨਾਲ ਚਰਚਾ ਛਿੜ ਗਈ।
ਕੰਵਲ ਅਨੁਸਾਰ ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੇ ਉਨ੍ਹਾਂ ਨਾਲ ਇੱਕ ਵਾਰ ਗੁਰੂ ਰਾਮਦਾਸ ਦੀ ਨਗਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਉਹ ਦੱਸਦੇ ਸਨ ਕਿ ਮੈਂ ਦਫਤਰ ਵਿੱਚ ਬੈਠਾ ਸੀ ਕਿ ਪਿਛਿਓਂ ਕਿਸੇ ਨੇ ਆ ਕੇ ਮੇਰੇ ਮੋਢਿਆਂ ਉੱਤੇ ਦੋਵੇਂ ਹੱਥ ਰੱਖ ਦਿੱਤੇ। ਮੈਂ ਇੱਕ ਦਮ ਹੀ ਘਬਰਾ ਕੇ ਵੇਖਿਆ ਕਿ ਨਾਨਕ ਸਿੰਘ ਖੜ੍ਹੇ ਸਨ। ਮੈਂ ਘਬਰਾ ਕੇ ਖੜ੍ਹਾ ਹੋ ਗਿਆ ਤੇ ਕਿਹਾ, ਮੈਂਨੂੰ ਬੁਲਾਵਾ ਭੇਜ ਦਿੰਦੇ, ਮੈਂ ਆਪ ਚੱਲ ਕੇ ਆਉਂਦਾ। ਤੁਸੀਂ ਕਿਉਂ ਇੰਨਾ ਕਸ਼ਟ ਕਿਉਂ ਕੀਤਾ। ਤਦ ਨਾਨਕ ਸਿੰਘ ਕਹਿਣ ਲੱਗੇ ਕਿ ਮੈਂ ਸਿਰਫ ਤੈਨੂੰ ਸਿਰਫ ਇਹੀ ਕਹਿਣ ਆਇਆ ਹਾਂ, ਕਿ “ਤੂੰ ਬਹੁਤ ਵਧੀਆ ਲਿਖਦਾ ਹੈਂ, ਲਿਖਣਾ ਨਾ ਛੱਡੀਂ।”
ਪੇਂਡੂ ਜੀਵਨ ਦੀ ਅੱਕਾਸੀ ਕਰਦਾ ਨਾਵਲ “ਪੂਰਨਮਾਸ਼ੀ” ਕੰਵਲ ਦਾ ਤੀਜਾ ਨਾਵਲ ਸੀ। “ਰਾਤ ਬਾਕੀ ਹੈ“ ਉਨ੍ਹਾਂ ਦਾ ਚੌਥਾ ਨਾਵਲ ਸੀ। ਇਹ ਨਾਵਲ ਉਨ੍ਹਾਂ ਨੇ ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ ’ਤੇ ਸੀ।
ਕੰਵਲ ਦੇ ਨਾਵਲ ਅਤੇ ਉਸਦੀਆਂ ਦੂਜੀਆਂ ਰਚਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਨ੍ਹਾਂ ਜ਼ਿੰਦਗੀ ਵਿੱਚ ਉਹੀ ਕੁਝ ਕੀਤਾ, ਜੋ ਉਨ੍ਹਾਂ ਦੇ ਮਨ ਵਿੱਚ ਆਇਆ। ਡਰ, ਭੈਅ ਅਤੇ ਪ੍ਰੇਸ਼ਾਨੀਆਂ ਉਸ ਦੇ ਨੇੜੇ-ਤੇੜੇ ਵੀ ਨਜ਼ਰ ਨਹੀਂ ਆਉਂਦੀਆਂ। ਲਿਖਦਿਆਂ-ਲਿਖਦਿਆਂ ਹੀ ਉਨ੍ਹਾਂ ਦੇ ਅੰਦਰ ਇਸ ਕਦਰ ਬਹਾਦੁਰਪਣਾ ਆ ਗਿਆ ਸੀ। ਉਨ੍ਹਾਂ ਨੇ 70ਵਿਆਂ ਦੇ ਵਿੱਚ ਪੰਜਾਬ ਦੇ ਹਾਲਾਤ ਦੇ ਮੱਦੇਨਜ਼ਰ “ਲਹੂ ਦੀ ਲੋਅ” ਵਰਗਾ ਨਾਵਲ ਲਿਖਿਆ। 1971 ਤੋਂ 1972 ਤੱਕ ਉਨ੍ਹਾਂ ਨੇ ਇਸ ਨਾਵਲ ਦੇ ਖਰੜੇ ਤਿਆਰ ਕੀਤੇ। ਉੱਧਰ ਦੇਸ਼ ਵਿੱਚ ਐਮਰਜੈਂਸੀ ਲੱਗ ਗਈ। ਜਿਹੜੇ ਪਬਲਿਸ਼ਰ ਕਦੇ ਨਾਵਲ ਛਾਪਣ ਲਈ ਉਨ੍ਹਾਂ ਦੇ ਮਗਰ-ਮਗਰ ਫਿਰਦੇ ਸਨ, ਉਹ “ਲਹੂ ਦੀ ਲੋਅ” ਵਰਗੀ ਰਚਨਾ ਛਾਪਣੋਂ ਕੰਨੀ ਕਤਰਾਉਂਦੇ ਨਜ਼ਰ ਆਉਣ ਲੱਗੇ। ਆਖਰਕਾਰ “ਲਹੂ ਦੀ ਲੋਅ” ਨਾਵਲ ਸਿੰਗਾਪੁਰ ਵਿੱਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿੱਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿੱਚ ਵੀ ਸਮਗਲ ਹੋ ਕੇ ਪੁੱਜੀਆਂ ਤੇ ਹੱਥੋ ਹੱਥੀ ਵਿਕ ਗਈਆਂ।
ਹੁਣ ਗੱਲ ਕਰਦੇ ਹਾਂ ਕੰਵਲ ਦੇ ਉਸ ਨਾਵਲ ਦੀ ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ ਅਰਥਾਤ ‘ਤੌਸ਼ਾਲੀ ਦੀ ਹੰਸੋ” ਦੀ, ਇਸ ਸੰਦਰਭ ਵਿੱਚ ਉਹ ਕਹਿੰਦੇ ਹਨ ਕਿ ਉੜੀਸਾ ਵਿੱਚ ਘੁੰਮਦਿਆਂ “ਤੌਸ਼ਾਲੀ ਦੀ ਹੰਸੋ” ਮੇਰੇ ਜ਼ਿਹਨ ਵਿੱਚ ਉੱਭਰੀ। ਭੁਬਨੇਸ਼ਵਰ ਦੇ ਨੇੜੇ ਇੱਕ ਪਹਾੜੀ ਚਟਾਨ ’ਤੇ ਬੋਧੀਆਂ ਦਾ ਮੱਠ ਹੈ। ਉੱਥੇ ਖੜ੍ਹ ਕੇ ਜਦੋਂ ਮੈਂ ਦੂਰ ਹੇਠਾਂ ਤੱਕ ਵੇਖਿਆ, ਤਾਂ ਮੈਂਨੂੰ ਕਲਿੰਗਾ ਦੀ ਯਾਦ ਆ ਗਈ। ਅਸ਼ੋਕ ਨੇ ਉੱਥੇ ਬਹੁਤ ਕਤਲੇਆਮ ਮਚਾਇਆ ਸੀ। ਇਸ ਦੌਰਾਨ ਤੌਸ਼ਾਲੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਸੀ। ਮੈਂਨੂੰ ਮਰ ਰਹੇ ਲੱਖਾਂ ਸਿਪਾਹੀ ਫੌਜੀਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਾਈ ਦਿੱਤੀਆਂ। ਲਾਸ਼ਾਂ ਦੇ ਢੇਰ ਦਿਸੇ। ਮੈਂ ਸੋਚਿਆ, ਘੱਟ ਗਿਣਤੀ ਸਦਾ ਹੀ ਕੁੱਟ ਖਾਂਦੀ ਆ ਰਹੀ ਹੈ। ਪੰਜਾਬ ਦਾ ਸੰਤਾਪ ਮੇਰੇ ਮੂਹਰੇ ਆਇਆ। ਭਾਰਤ ਨੂੰ ਆਜ਼ਾਦੀ ਮਿਲ ਗਈ, ਪਰ ਘੱਟ-ਗਿਣਤੀਆਂ ਨੂੰ ਕਦੇ ਵੀ ਆਜ਼ਾਦੀ ਦਾ ਲਾਭ ਨਾ ਮਿਲਿਆ। ਤੌਸ਼ਾਲੀ ਦੀ ਰਾਜਧਾਨੀ ਹੰਸੋ ਦੀ ਇੱਕ ਇੱਕ ਗੱਲ ਨੇ ਮੈਂਨੂੰ ਟੁੰਬਿਆ ਕਿ ਉਹ ਆਪਣੇ ਲੋਕਾਂ ਲਈ ਮਰਦੀ ਸੀ। ਇਸ ਵਿੱਚ ਕੋਈ ਦੋ ਰਾਏ ਨਹੀਂ, ਕਿ ਕੰਵਲ ਹੁਰਾਂ ਦਾ ਆਪਣਾ ਪਸੰਦੀਦਾ ਨਾਵਲ “ਤੌਸ਼ਾਲੀ ਦੀ ਹੰਸੋ” ਹੈ। ਉਹ ਕਹਿੰਦੇ ਹਨ ਕਿ ਇਹ ਨਾਵਲ ਲਿਖ ਕੇ ਹੀ ਮੈਂਨੂੰ ਰੂਹ ਦਾ ਰੱਜ ਮਿਲਿਆ।
ਇੱਕ ਅੰਦਾਜ਼ੇ ਮੁਤਾਬਿਕ ਕੰਵਲ ਨੇ ਹੁਣ ਤੱਕ 36 ਨਾਵਲ, ਦਸ ਕਹਾਣੀ ਸੰਗ੍ਰਹਿ, ਚਾਰ ਨਿਬੰਧ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਇਸਦੇ ਖਜ਼ਾਨੇ ਨੂੰ ਭਰਪੂਰ ਕੀਤਾ। ਇੱਕ ਹੋਰ ਤਫਸੀਲ ਅਨੁਸਾਰ ਜਸਵੰਤ ਸਿੰਘ ਕੰਵਲ ਦੀਆਂ ਕੁਲ ਕਿਤਾਬਾਂ (101) ਹਨ, ਜਿਨ੍ਹਾਂ ਵਿੱਚੋਂ 8 ਕਿਤਾਬਾਂ ਬੱਚਿਆਂ ਤੇ ਗਭਰੂਟਾਂ ਲਈ ਹਨ। ਨਾਵਲ 36, ਕਹਾਣੀਆਂ 12, ਸਿਆਸੀ ਫੀਚਰ 17, ਰੇਖਾ ਚਿੱਤਰ 5, ਜੀਵਨ ਅਨੁਭਵ 3, ਵਾਰਤਕ, ਕਾਵਿ-ਸੰਗ੍ਰਹਿ 6, ਰਚਨਾ ਸੰਗ੍ਰਹਿ 11, ਇਸਦੇ ਇਲਾਵਾ ਉਸ ਦੇ ਬਹੁਤ ਸਾਰੀਆਂ ਰਚਨਾਵਾਂ ਦੇ ਵੱਖ ਵੱਖ ਭਾਸ਼ਾਵਾਂ ਵਿੱਚ ਤਰਜਮੇ ਹੋ ਚੁੱਕੇ ਹਨ।
ਜਦੋਂ ਹੀ ਅੱਜ ਸਵੇਰੇ ਖਬਰ ਲੱਗੀ ਕਿ ਜਸੰਵਤ ਸਿੰਘ ਕੰਵਲ ਨਹੀਂ ਰਹੇ ਤਾਂ ਇੱਕ ਵਾਰ ਤਾਂ ਦਿਲ ਨੂੰ ਡਾਢਾ ਧੱਕਾ ਜਿਹਾ ਲੱਗਾ, ਕਿਉਂਕਿ ਹਾਲੇ ਤਾਂ ਸਾਹਿਤ ਪ੍ਰੇਮੀ ਦਲੀਪ ਕੌਰ ਟਿਵਾਣਾ ਦੁਆਰਾ ਦਿੱਤੇ ਵਿਛੋੜੇ ਤੋਂ ਹੀ ਨਹੀਂ ਸਨ ਉੱਭਰੇ। ਉੱਪਰੋਥਲੀ ਪੰਜਾਬੀ ਦੇ ਦੋ ਵੱਡੇ ਹਸਤਾਖਰ (ਨਾਵਲਕਾਰਾਂ) ਦਾ ਵਿਛੋੜਾ ਦੇ ਜਾਣਾ ਯਕੀਨਨ ਅਕਹਿ ਦੁੱਖ ਵਾਲੀ ਗੱਲ ਹੈ ਤੇ ਪੰਜਾਬੀਆਂ ਲਈ ਕਦੀ ਨਾ ਪੂਰਿਆ ਜਾਣ ਵਾਲੀ ਉਹ ਖਲਾਅ ਹੈ ਜਿਸ ਦੀ ਭਰਪਾਈ ਨਾਮੁਮਕਿਨ ਹੈ ...!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1917)
(ਸਰੋਕਾਰ ਨਾਲ ਸੰਪਰਕ ਲਈ: