“ਦੇਸ਼ ਦੇ ਲੋਕਾਂ ਨੂੰ ਫਜ਼ੂਲ ਕਿਸਮ ਦੇ ਮਸਲਿਆਂ ਵਿੱਚ ਉਲਝਾਉਣ ਦੀ ਥਾਂ ...”
(11 ਫਰਵਰੀ 2020)
ਮੇਰੇ ਦਾਦਾ ਖੁਦਾ ਬਖਸ਼ ਜੀ ਅਕਸਰ ਇਹ ਸ਼ਬਦ ਉਚਾਰਿਆ ਕਰਦੇ ਸਨ: “ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ! ” ਅੱਜ ਜਦੋਂ ਦਿੱਲੀ ਵਿਧਾਨ ਸਭਾ ਦੇ ਨਤੀਜੇ ਸਾਹਮਣੇ ਆ ਰਹੇ ਸਨ ਤਾਂ ਉਕਤ ਸ਼ਬਦਾਂ ਦਾ ਇੱਕ ਇਕ ਅੱਖਰ ਸੱਚਾ ਪ੍ਰਤੀਤ ਹੁੰਦਾ ਮਹਿਸੂਸ ਹੋ ਰਿਹਾ ਸੀ।
ਜਿਵੇਂ ਕਿ ਅਸੀਂ ਸਾਰਿਆਂ ਨੇ ਹੀ ਵੇਖਿਆ ਕਿ ਪਿਛਲੀ ਅੱਠ ਫਰਵਰੀ ਨੂੰ ਸੰਪਨ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆ ਚੁੱਕੇ ਹਨ। ਆਰਟੀਕਲ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ 62 ਭਾਜਪਾ ਦੀ ਝੋਲੀ ਵਿੱਚ 8 ਅਤੇ ਕਾਂਗਰਸ ਦੇ ਹੱਥ ਪਹਿਲਾਂ ਵਾਂਗ ਇਸ ਵਾਰ ਖਾਲੀ ਹਨ। ਜਦੋਂ ਕਿ 2015 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 67 ਅਤੇ ਭਾਜਪਾ ਨੂੰ 3 ਅਤੇ ਕਾਂਗਰਸ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ ਸੀ।
ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਸਪਸ਼ਟ ਹੈ ਕਿ ਦਿੱਲੀ ਦੇ ਵੋਟਰਾਂ ਨੇ ਇੱਕ ਵਾਰ ਫਿਰ ਸਿਆਣਪ ਦਾ ਸਬੂਤ ਦਿੱਤਾ ਹੈ। ਭਾਵੇਂ ਕਿ ਇਲੈਕਸ਼ਨ ਕੰਪੇਨ ਦੌਰਾਨ ਕੇਂਦਰੀ ਸੱਤਾ ਤੇ ਬਿਰਾਜਮਾਨ ਪਾਰਟੀ ਦੁਆਰਾ ਵੋਟਰਾਂ ਦਾ ਧਰੁਵੀਕਰਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਸਲਾਮ ਹੈ ਦਿੱਲੀ ਦੇ ਵੋਟਰਾਂ ਨੂੰ ਜਿਨ੍ਹਾਂ ਧਾਰਮਿਕ ਕੱਟੜਵਾਦ, ਨਫਰਤ ਅਤੇ ਲੋਕਾਂ ਵਿੱਚ ਧਰਮ ਦੇ ਆਧਾਰ ’ਤੇ ਵੰਡ ਪਾਊ ਸ਼ਕਤੀਆਂ ਨੂੰ ਮਾਤ ਦਿੱਤੀ ਹੈ ਤੇ ਉਨ੍ਹਾਂ ਨੇ ਸਿਰਫ ਤੇ ਸਿਰਫ ਵਿਕਾਸ ਦੇ ਨਾਂ ’ਤੇ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਲੋਕਾਂ ਨੂੰ ਸਿੱਧੇ ਤੌਰ ਉੱਤੇ ਨਕਾਰਿਆ ਹੈ ਜਿਨ੍ਹਾਂ ਪਾਰਟੀਆਂ ਦੀ ਬੁਨਿਆਦ ਵਿਕਾਸ ਦੀ ਥਾਂ ਧਰਮ ਦੇ ਨਾਂ ’ਤੇ ਵੰਡ ਪਾਊ ਰਾਜਨੀਤੀ ਉੱਤੇ ਖੜ੍ਹੀ ਹੈ।
ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਤੋਂ ਭਲੀਭਾਂਤ ਅਨੁਭਵ ਹੁੰਦਾ ਹੈ ਕਿ ਅੱਜ ਇੱਕ ਸੱਚਾ ਹਿੰਦੂ ਹੋਵੇ ਜਾਂ ਮੁਸਲਮਾਨ ਜਾਂ ਫਿਰ ਕੋਈ ਸਿੱਖ ਜਾਂ ਈਸਾਈ ਸਭ ਦੇ ਸਭ ਸੰਕੀਰਣ ਅਤੇ ਦੇਸ਼ ਦੇ ਲੋਕਾਂ ਵਿੱਚ ਧਰਮ ਦੇ ਨਾਂ ’ਤੇ ਵੰਡ ਪਾਊ ਰਾਜਨੀਤੀ ਕਰਨ ਵਾਲਿਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਧਾਰਮਿਕ ਨਫਰਤ ਫੈਲਾਉਣ ਵਾਲਿਆਂ ਦੇ ਸੰਦਰਭ ਵਿੱਚ ਸੱਚੇ ਹਿੰਦੂ ਅਤੇ ਮੁਸਲਮਾਨ ਕੀ ਸੋਚਦੇ ਹਨ ਇਸ ਸੰਬੰਧੀ ਇੱਕ ਕਵੀ ਨੇ ਕਿਹਾ ਹੈ:
ਮਜ਼ਹਬ ਕੇ ਨਾਮ ਪਰ ਯੇਹ ਫਸਾੱਦਾਤ ਦੇਖ ਕਰ।
ਹਿੰਦੂ ਹੈ ਗਮਜ਼ੁਦਾ ਤੋਂ ਮੁਸਲਮਾਂ ਉਦਾਸ ਹੈ।।
ਬੇਸ਼ੱਕ ਉਕਤ ਦਿੱਲੀ ਵਿਧਾਨ ਸਭਾ ਇਲੈਕਸ਼ਨ ਨੂੰ ਜਿੱਤਣ ਲਈ ਭਾਜਪਾ ਵਾਲਿਆਂ ਨੇ ਪੂਰੀ ਅੱਡੀ-ਚੋਟੀ ਦਾ ਜ਼ੋਰ ਲਗਾਇਆ ਤੇ ਜਿੱਤਣ ਲਈ ਹਰ ਹਰਬਾ ਅਪਨਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਕਿ ਪਾਰਟੀ ਦੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਲੀਡਰਾਂ ਦੁਆਰਾ ਇਲੈਕਸ਼ਨ ਕੰਪੇਨ ਦੌਰਾਨ ਖੂਬ ਵਧ ਚੜ੍ਹ ਕੇ ਅਸੱਭਿਅਕ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਭਾਸ਼ਾ ਵੀ ਅਜਿਹੀ ਕਿ ਜਿਸ ਦੀ ਇੱਕ ਸੱਭਿਅਕ ਸਮਾਜ ਕਦਾਚਿਤ ਇਜਾਜ਼ਤ ਨਹੀਂ ਦਿੰਦਾ। ਜਿਵੇਂ ਕਿ ਉਕਤ ਪਾਰਟੀ ਦੇ ਜਿੰਮੇਵਾਰ ਔਹੁਦਿਆਂ ’ਤੇ ਬੈਠੇ ਆਗੂਆਂ ਦੁਆਰਾ ਅਭੱਦਰ ਸਲੋਗਨਾਂ ਦਾ ਇਸਤੇਮਾਲ “ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ...” ਜਾਂ ਅੱਠ ਫਰਵਰੀ ਨੂੰ ਈਵੀਐੱਮ ਦਾ ਬਟਨ ਇਸ ਕਦਰ ਜ਼ੋਰ ਸੇ ਦਬਾਓ ਕਿ ਉਸ ਦਾ ਕਰੰਟ ਸ਼ਾਹੀਨ ਬਾਗ ਤੱਕ ਪਹੁੰਚੇ। ਤੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ (ਅਰਵਿੰਦ ਕੇਜਰੀਵਾਲ) ਨੂੰ ਅੱਤਵਾਦੀ ਤੱਕ ਕਿਹਾ ਗਿਆ। ਇੱਕ ਹੋਰ ਭਾਜਪਾ ਉਮੀਦਵਾਰ ਦੁਆਰਾ ਤਾਂ ਅੱਠ ਫਰਵਰੀ ਦੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ “ਭਾਰਤ ਬਨਾਮ ਪਾਕਿਸਤਾਨ” ਮੈਚ ਤੱਕ ਕਰਾਰ ਦਿੱਤਾ ਗਿਆ। ਇਸਦੇ ਵਿਪਰੀਤ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਪਾਰਟੀ ਦੇ ਦੂਜੇ ਆਗੂਆਂ ਨੇ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਦੁਆਰਾ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਮੁਫਤ ਪਾਣੀ, ਬਿਜਲੀ ਅਤੇ ਔਰਤਾਂ ਨੂੰ ਦਿੱਤੀ ਗਈ ਮੁਫਤ ਬੱਸ ਸਫਰ ਜਿਹੀਆਂ ਸਹੂਲਤਾਂ ਦੇ ਇਵਜ਼ ਵੋਟਾਂ ਮੰਗੀਆਂ ਤੇ ਵੋਟਰਾਂ ਨੂੰ ਸਪਸ਼ਟ ਕਿਹਾ ਕਿ ਜੇਕਰ ਉਨ੍ਹਾਂ ਦਾ ਕੰਮ ਪਸੰਦ ਆਇਆ ਹੈ ਤਾਂ ਉਨ੍ਹਾਂ ਨੂੰ ਵੋਟ ਦਿੱਤੀ ਜਾਵੇ ਨਹੀਂ ਤਾਂ ਨਾ ਦਿੱਤੀ ਜਾਵੇ। ਸਾਕਾਰਾਤਮਕ ਪ੍ਰਚਾਰ ਦਾ ਪ੍ਰਭਾਵ ਵੀ ਸਾਕਾਰਾਤਮਕ ਪੈਂਦਾ ਹੈ ਅਤੇ ਨਕਾਰਤਮਕ ਪ੍ਰਚਾਰ ਦੇ ਨਤੀਜੇ ਨਕਾਰਤਮਕ ਆਉਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਵੀ ਪ੍ਰਚਾਰ ਦੋ ਧਾਰੀ ਤਲਵਾਰ ਹੋਇਆ ਕਰਦੀ ਹੈ। ਕਈ ਵਾਰ ਅਸੀਂ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਪਹੁੰਚਾਉਂਦੇ ਖੁਦ ਜਰਬ ਖਾ ਬੈਠਦੇ ਹਾਂ। ਇਹੋ ਕੁਝ ਭਾਜਪਾ ਨਾਲ ਹੋਇਆ ਜਾਪਦਾ ਹੈ। ਪਾਰਟੀ ਨੇ ਆਪਣਾ ਸਾਰਾ ਜ਼ੋਰ ਨਕਾਰਤਮਕ ਪ੍ਰਚਾਰ ’ਤੇ ਲਗਾਇਆ, ਜਿਸਦੇ ਨਤੀਜੇ ਵਜੋਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਵਾਲੇ ਏਜੰਡੇ ਨੂੰ ਮਾਣਤਾ ਦਿੰਦਿਆਂ ਪੰਜ ਸਾਲ ਲਈ ਫਿਰ ਤੋਂ ਸੱਤਾ ਦੀ ਵਾਗਡੋਰ ਸੰਭਾਲ ਦਿੱਤੀ।
ਇੱਥੇ ਜ਼ਿਕਰਯੋਗ ਹੈ ਆਪਣੇ ਪਿਛਲੇ ਸਾਲ ਝਾਰਖੰਡ ਇਲੈਕਸ਼ਨ ਦੌਰਾਨ ਵੀ ਭਾਜਪਾ ਨੇ ਨਾਗਰਿਕਤਾ ਸੰਸ਼ੋਧਨ ਬਿੱਲ ਮੌਜੂਦਾ ਸੀਏਏ ਦੇ ਨਾਂ ’ਤੇ ਬੜੇ ਜ਼ੋਰ ਸ਼ੋਰ ਨਾਲ ਵੋਟਾਂ ਮੰਗੀਆਂ ਸਨ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਝਾਰਖੰਡ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦਿੱਲੀ ਦੇ ਆਏ ਤੱਤੇ ਤਾਜ਼ੇ ਨਤੀਜਿਆਂ ਨੇ ਇੱਕ ਵਾਰ ਫਿਰ ਤੋਂ ਪਾਰਟੀ ਨੂੰ ਇਹ ਸਪਸ਼ਟ ਫਤਵਾ ਸੁਣਾ ਦਿੱਤਾ ਹੈ।
ਪਰ ਅਫਸੋਸ ਭਾਜਪਾ ਨੇ ਝਾਰਖੰਡ ਵਾਲੀ ਉਸ ਕਰਾਰੀ ਹਾਰ ਤੋਂ ਕੋਈ ਸਿੱਖਿਆ ਲੈਣ ਦੀ ਥਾਂ ਲਗਾਤਾਰ ਆਪਣੇ ਫਿਰਕਾਪ੍ਰਸਤੀ ਵਾਲੇ ਏਜੰਡੇ ਭਾਵ ਹਿੰਦੂ ਮੁਸਲਮਾਨ ਵਿਚਕਾਰ ਫੁੱਟ ਪਾਊ ਨੀਤੀ ਉੱਤੇ ਸਰਗਰਮੀ ਨਾਲ ਕੰਮ ਕਰਦੇ ਰਹੇ ਤੇ ਇਹ ਗੱਲ ਭੁੱਲ ਗਏ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਿਆ ਕਰਦੀ।
ਉਕਤ ਨਤੀਜਿਆਂ ਦੇ ਪਰਿਣਾਮ ਦੂਰਗਾਮੀ ਸਾਬਤ ਹੋਣ ਵਾਲੇ ਹਨ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਬਿਹਾਰ, ਬੰਗਾਲ ਆਦਿ ਸੂਬਿਆਂ ਵਿੱਚ ਵੀ ਚੋਣਾਂ ਹੋਣੀਆਂ ਹਨ। ਸੋ ਭਾਜਪਾ ਲੀਡਰਸ਼ਿੱਪ ਨੂੰ ਚਾਹੀਦਾ ਹੈ ਕਿ ਜੇਕਰ ਅੱਜ ਲੋਕਾਂ ਨੇ ਉਨ੍ਹਾਂ ਦੇ ਹੱਥ ਵਿੱਚ ਦੇਸ਼ ਦੀ ਸੱਤਾ ਦਿੱਤੀ ਹੈ ਤਾਂ ਉਹ ਦੇਸ਼ ਦੇ ਲੋਕਾਂ ਨੂੰ ਫਜ਼ੂਲ ਕਿਸਮ ਦੇ ਮਸਲਿਆਂ ਵਿੱਚ ਉਲਝਾਉਣ ਦੀ ਥਾਂ ਲੋਕਾਂ ਲਈ ਆਸਾਨੀਆਂ ਪੈਦਾ ਕਰਨ ਅਤੇ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਸਭਨਾਂ ਲਈ ਭਲਾਈ ਦੇ ਕੰਮ ਕਰਨ। ਕਿਉਂਕਿ ਕਿਹਾ ਜਾਂਦਾ ਹੈ:
ਕਰ ਭਲਾ ਸੋ ਹੋ ਭਲਾ, ਅੰਤ ਭਲੇ ਦੀ ਭਲਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1933)
(ਸਰੋਕਾਰ ਨਾਲ ਸੰਪਰਕ ਲਈ: