“ਯਕੀਨਨ ਮੌਜੂਦਾ ਸਮੇਂ ਦੇਸ਼ ਜਿਹਨਾਂ ਨਾਜ਼ੁਕ ਹਾਲਾਤ ਵਿੱਚੋਂ ਦੀ ਲੰਘ ਰਿਹਾ ...”
(28 ਸਤੰਬਰ 2019)
ਦੇਸ਼ ਦੀ ਆਜਾਦੀ ਦੇ ਮਤਵਾਲੇ ਯੋਧਿਆਂ ਦੀ ਜਦੋਂ ਗੱਲ ਟੁਰਦੀ ਏ ਤਾਂ ਭਗਤ ਸਿੰਘ ਨਾ ਸਰ-ਏ-ਫਹਿਰਿਸਤ ਆਉਂਦਾ ਏ। ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੇ ਇੱਕ ਸਾਥੀ ਸ਼ਿਵ ਵਰਮਾ ਨੂੰ ਆਪਣੀ ਇਨਕਲਾਬੀ ਵਿਚਾਰਧਾਰਾ ਦੇ ਸੰਦਰਭ ਵਿੱਚ ਕਿਹਾ ਸੀ ਕਿ “ਜਦੋਂ ਮੈਂ ਇਨਕਲਾਬ ਦੇ ਰਾਹ ਉੱਤੇ ਕਦਮ ਵਧਾਇਆ, ਮੈਂ ਸੋਚਿਆ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਵੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ, ਜਦੋਂ ਮੈਂ ਫ਼ਾਂਸੀ ਦੀ ਸ਼ਜਾ ਲਈ ਜੇਲ ਕੋਠੜੀ ਦੀਆਂ ਸਲਾਖ਼ਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿੱਚ ਨਾਅਰੇ ਸੁਣ ਸਕਦਾ ਹਾਂ … ਇੱਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵਧ ਕੀ ਕੀਮਤ ਪੈ ਸਕਦੀ ਹੈ।”
ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਪੰਜਾਬ, ਮੌਜੂਦਾ ਪਾਕਿਸਤਾਨ) ਵਿੱਚ ਹੋਇਆ। ਉਸਦਾ ਜੱਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਪਿੰਡ ਵਿਖੇ ਮੌਜੂਦ ਹੈ।
ਭਗਤ ਸਿੰਘ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿੱਦਿਆਵਤੀ ਸੀ। ਦਰਅਸਲ ਭਗਤ ਸਿੰਘ ਇੱਕ ਜੱਟ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਆਪ ਦੇ ਵੱਡੇ-ਵਡੇਰੇ ਅੰਮ੍ਰਿਤਸਰ ਦੇ ਪਿੰਡ ਨਾਰਲੀ ਦੇ ਵਸਨੀਕ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੁਗ਼ਲ ਕਾਲ ਦੌਰਾਨ, ਬੰਗੇ ਦੇ ਨੇੜਲੇ ਪਿੰਡ ਖਟਕੜ ਕਲਾਂ ਵਿੱਚ ਆ ਵਸਿਆ ਸੀ। ਨਾਰਲੀ ਪਿੰਡ ਦੇ ਜ਼ਿਮੀਂਦਾਰ ਸੰਧੂ-ਜੱਟ ਸਨ ਅਤੇ ਭਗਤ ਸਿੰਘ ਦੇ ਪਰਿਵਾਰ ਦੀ ਵੀ ਇਹੀ ਜਾਤ-ਗੋਤ ਸੀ। ਭਗਤ ਸਿੰਘ ਦੇ ਦਾਦਾ ਸ. ਅਰਜਨ ਸਿੰਘ ਨੇ 1898 ਵਿੱਚ ਨਵੀਂ ਨਹਿਰੀ ਅਬਾਦੀ ਲਾਇਲਪੁਰ ਦੇ ਪਿੰਡ ਚੱਕ ਬੰਗਾ ਵਿੱਚ ਅੰਗਰੇਜ਼ੀ ਹਕੂਮਤ ਦੀ ਪੰਝੀ ਏਕੜ ਜ਼ਮੀਨ ਅਲਾਟ ਕਰਨ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਸੀ। ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਨੇ 1917-18 ਵਿੱਚ ਲਾਹੌਰ ਦੇ ਬਾਹਰਵਾਰ ਇੱਕ ਛੋਟੇ ਪਿੰਡ ਖਵਾਸਰੀਆਂ ਵਿੱਚ ਜ਼ਮੀਨ ਖਰੀਦ ਲਈ ਤੇ ਸਾਰਾ ਪਰਿਵਾਰ ਉੱਥੇ ਰਹਿਣ ਲੱਗਾ। ਬਾਅਦ ਵਿੱਚ ਇਹ ਜ਼ਮੀਨ ਸ. ਕਿਸ਼ਨ ਸਿੰਘ ਨੇ 1947 ਵੇਲੇ ਦੇ ਬਦਲਦੇ ਹਾਲਾਤ ਵਿੱਚ ਉਸ ਸਾਲ ਦੇ ਸ਼ੁਰੂ ਵਿੱਚ ਹੀ ਕਿਸੇ ਮੁਸਲਮਾਨ ਨੂੰ ਵੇਚ ਦਿੱਤੀ ਸੀ। ਇੱਥੇ ਜਿਕਰਯੋਗ ਹੈ ਕਿ ਸਾਰੇ ਸਰਕਾਰੀ ਦਸਤਾਵੇਜ਼ਾਂ ਵਿੱਚ ਭਗਤ ਸਿੰਘ ਦਾ ਪਿੰਡ ਖੁਆਸਰੀਆਂ ਲਾਹੌਰ ਹੀ ਦਰਜ ਹੈ।
ਭਗਤ ਸਿੰਘ ਦੀ ਸ਼ੁਰੂਆਤੀ ਤਾਅਲੀਮ ਲਾਇਲਪੁਰ, ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਖੇ ਹੋਈ। ਇਸ ਤੋਂ ਬਾਅਦ ਭਗਤ ਸਿੰਘ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਇੱਥੇ ਜ਼ਿਕਰਯੋਗ ਹੈ ਕਿ ਇਸ ਉਕਤ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। 1923 ਵਿੱਚ ਉਨ੍ਹਾਂ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲੈ ਲਿਆ ਤੇ ਕਾਲਜ ਦੇ ਮਾਹੌਲ ਵਿੱਚ ਹੀ ਘੁਲਮਿਲ ਗਏ ਤੇ ਕਾਲਜ ਦੀ ਡਰਾਮਾ ਕਮੇਟੀ ਦੇ ਸਰਗਰਮ ਮੈਂਬਰ ਵਜੋਂ ਆਪਣੀ ਇੱਕ ਵੱਖਰੀ ਪਛਾਣ ਬਣਾਈ। ਇਸ ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਇੱਕ ਲੇਖ ਮੁਕਾਬਲੇ ਵਿੱਚੋਂ ਆਪ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਉਕਤ ਮੁਕਾਬਲੇ ਵਿਚਲੇ ਲੇਖ ਵਿੱਚ ਭਗਤ ਸਿੰਘ ਨੇ ‘ਪੰਜਾਬ ਦੀ ਭਾਸ਼ਾ ਤੇ ਲਿਪੀ’ ਵਿੱਚ ਪੰਜਾਬ ਦੀ ਸਮੱਸਿਆ ਨੂੰ ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ। ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ਉੱਤੇ ਖਾਸੀ ਪਕੜ ਹਾਸਲ ਸੀ। ਇਸ ਤੋਂ ਇਲਾਵਾ ਆਪ ਬੰਗਲਾ ਭਾਸ਼ਾ ਦਾ ਵੀ ਗਿਆਨ ਰੱਖਦੇ ਸਨ ਜੋ ਕਿ ਉਨ੍ਹਾਂ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ।
ਆਪ ਆਪਣੀ ਕਾਲਜ ਦੀ ਜ਼ਿੰਦਗੀ ਦੇ ਸੰਦਰਭ ਵਿੱਚ ਇੱਕ ਥਾਂ ਆਖਦੇ ਹਨ ਕਿ “ਮੈਂ ਕਾਲਜ ਵਿੱਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਂਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜ੍ਹਾਕੂ ਨਹੀਂ ਸੀ। ਮੈਂ ਇੱਕ ਸ਼ਰਮਾਕਲ ਸੁਭਾਅ ਦਾ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।” ਬੇਸ਼ੱਕ ਭਗਤ ਸਿੰਘ ਰਵਾਇਤੀ ਕਿਸਮ ਦੇ ਪੜ੍ਹਾਕੂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਜ਼ਰੂਰ ਪੜ੍ਹਦੇ ਸਨ। ਉਨ੍ਹਾਂ ਦੀ ਉਰਦੂ ਜ਼ਬਾਨ ਉੱਤੇ ਵਧੀਆ ਮੁਹਾਰਤ ਸੀ। ਇਹੋ ਵਜ੍ਹਾ ਹੈ ਕਿ ਆਪ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਿਆ ਕਰਦੇ ਸਨ। ਇਸ ਤੋਂ ਬਾਅਦ ਆਪ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ।
ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਦੇ ਹਾਦਸੇ ਨੇ ਜਿੱਥੇ ਦੇਸ਼ ਦੇ ਸਮੁੱਚੇ ਲੋਕਾਂ ਅਤੇ ਸੁਤੰਤਰਤਾ ਸੰਗਰਾਮੀਆ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਉੱਥੇ ਹੀ ਇਸ ਕਤਲ-ਏ-ਆਮ ਨੇ ਭਗਤ ਸਿੰਘ ਦੀ ਸੋਚ ਉੱਤੇ ਡੂੰਘਾ ਅਸਰ ਪਾਇਆ। ਇਸਦੇ ਨਾਲ ਹੀ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਦਿਲ-ਓ-ਦਿਮਾਗ ਉੱਤੇ ਵੀ ਆਪਣਾ ਗਹਿਰਾ ਪ੍ਰਭਾਵ ਛੱਡਿਆ। ਉਹ ਆਪਣੇ ਪਿੰਡ ਵਿੱਚੋਂ ਲੰਘ ਕੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਉਂਦੇ ਸਨ। ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋ ਦੇ ਮੋਰਚੇ (1923) ਵੇਲੇ ਭਗਤ ਸਿੰਘ ਦੀ ਉਮਰ 16 ਸਾਲ ਸੀ।
ਦੇਸ਼ ਦੇ ਉਪਰੋਕਤ ਹਾਲਾਤ ਨੇ ਭਗਤ ਸਿੰਘ ਦੀ ਕ੍ਰਾਂਤੀਕਾਰੀ ਸੋਚ ਨੂੰ ਪ੍ਰਪੱਕਤਾ ਪ੍ਰਦਾਨ ਕੀਤੀ। ਇਸਦੇ ਫਲਸਰੂਪ ਆਪ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਮੈਂਬਰੀ ਅਖਤਿਆਰ ਕੀਤੀ। ਇਸ ਤੋਂ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਦੇ ਚਲਦਿਆਂ ਆਪ ਆਪਣਾ ਲਾਹੌਰ ਵਿਚਲਾ ਘਰ ਛੱਡ ਤੇ ਨੈਸ਼ਨਲ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਸੰਪੂਰਣ ਰੂਪ ਵਿੱਚ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ।
ਇਸੇ ਦੌਰਾਨ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਉਨ੍ਹਾਂ ਉੱਪਰ ਲਾਹੌਰ ਦੇ ਦੁਸਹਿਰਾ ਮੇਲੇ ਮੌਕੇ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹ ਦਿੱਤਾ ਗਿਆ। ਕੁਝ ਸਮੇਂ ਬਾਅਦ ਵਿੱਚ ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ ਦੇ ਇਵਜ਼ ਵਿੱਚ ਰਿਹਾਅ ਕਰ ਦਿੱਤਾ ਗਿਆ।
ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸਦਾ ਮਕਸਦ ਸੇਵਾ, ਕੁਰਬਾਨੀ ਅਤੇ ਤਕਲੀਫ ਤੇ ਦਰਦ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਉਸਨੇ ਅਤੇ ਉਸਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰ ਮੁਕਾਇਆ। ਇਸ ਕਾਰਨਾਮੇ ਨੂੰ ਅੰਜਾਮ ਦੇਣ ਲਈ ਚੰਦਰ ਸ਼ੇਖਰ ਆਜ਼ਾਦ ਨੇ ਵੀ ਆਪ ਦੀ ਸਹਾਇਤਾ ਕੀਤੀ। ਆਪਣੇ ਇੱਕ ਹੋਰ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਆਪ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ। ਬੰਬ ਸੁੱਟਣ ਉਪਰੰਤ ਦੋਵਾਂ ਨੇ ਉੱਥੇ ਹੀ ਆਪਣੀ ਗਿਫ਼ਤਾਰੀ ਦੇ ਦਿੱਤੀ।
ਭਗਤ ਸਿੰਘ ਨੇ ਜੋ ਇਨਕਲਾਬੀ ਵਿਚਾਰਧਾਰਾ ਚੁਣੀ ਸੀ ਉਸਦੇ ਅੰਜਾਮ ਤੋਂ ਉਹ ਭਲੀਭਾਂਤ ਜਾਣੂ ਸਨ ਜਿਵੇਂ ਕਿ ਇੱਕ ਵਾਰ ਪੰਜਾਬ ਕਾਂਗਰਸ ਦੇ ਆਗੂ ਭੀਮਸੈਨ ਸੱਚਰ ਨੇ ਭਗਤ ਸਿੰਘ ਨੂੰ ਪੁੱਛਿਆ ਕਿ “ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਲਾਹੌਰ ਸਾਜਿਸ਼ ਕੇਸ ਵਿੱਚ ਆਪਣਾ ਬਚਾਅ ਕਿਉਂ ਨਹੀਂ ਕੀਤਾ?” ਤਾਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ, “ਇਨਕਲਾਬੀਆਂ ਨੇ ਮਰਨਾ ਹੀ ਹੁੰਦਾ ਹੈ ਕਿਉਂਕਿ ਮੌਤ ਨਾਲ ਉਨ੍ਹਾਂ ਦੀ ਮੁਹਿੰਮ ਮਜ਼ਬੂਤ ਹੁੰਦੀ ਹੈ, ਨਾ ਕਿ ਅਦਾਲਤ ਵਿੱਚ ਅਪੀਲ ਨਾਲ।”
ਜੇਲ ਵਿੱਚ ਭਗਤ ਸਿੰਘ ਨੇ ਕਰੀਬ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜੇ ਰਹੇ। ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਪੂੰਜੀਪਤੀਆਂ ਨੂੰ ਉਨ੍ਹਾਂ ਆਪਣਾ ਦੁਸ਼ਮਣ ਐਲਾਨਿਆ। ਭਗਤ ਸਿੰਘ ਅਨੁਸਾਰ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲਾ ਉਹ ਚਾਹੇ ਭਾਰਤੀ ਹੀ ਕਿਉਂ ਨਾ ਹੋਵੇ, ਉਹ ਉਨ੍ਹਾਂ ਦਾ ਵੈਰੀ ਹੈ। ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਇੱਕ ਆਰਟੀਕਲ ਲਿਖਿਆ ਜਿਸਦਾ ਸਿਰਲੇਖ ਸੀ ‘ਮੈਂ ਨਾਸਤਿਕ ਕਿਉਂ ਹਾਂ।’ ਜੇਲ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ, ਜੋ ਗਾਂਧੀਵਾਦੀ ਤਰੀਕਿਆਂ ਦੀ ਇੰਨੀ ਸ਼ਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ। 5 ਜੁਲਾਈ 1929 ਨੂੰ ਪੰਡਤ ਜਵਾਹਰਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈੱਸ ਨੂੰ ਇੱਕ ਬਿਆਨ ਦਿੱਤਾ ਕਿ “ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ 20 ਜਾਂ ਜ਼ਿਆਦਾ ਦਿਨਾਂ ਤੋਂ ਉਨ੍ਹਾਂ ਨੇ ਕੁਝ ਵੀ ਖਾਣ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮੈਂਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ ਹੈ। ਅਜਿਹੇ, ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਵਕਤ ਸਾਡੇ ਸਭ ਦੇ ਦਿਲ ਉਨ੍ਹਾਂ ਦੇ ਵੱਲ ਉੱਮਡਦੇ ਹਨ। ਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ਉੱਤੇ ਨਹੀਂ ਹਨ, ਸਗੋਂ ਰਾਜਨੀਤਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਅਜਿਹਾ ਕਰ ਰਹੇ ਹਨ। ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਹਨ ਅਸੀਂ ਇਸ ਔਖੀ ਪਰੀਖਿਆ ਨੂੰ ਬੜੀ ਉਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਤੀਬਰ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦਰ ਭਰਾ ਇਸ ਅਗਨੀ-ਪਰੀਖਿਆ ਵਿੱਚ ਸਫ਼ਲ ਹੋਣ।”
ਭਗਤ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਲਾਹੌਰ ਵਿੱਚ ਸਾਂਡਰਸ ਦੇ ਕਤਲ, ਅਸੈਂਬਲੀ ਵਿੱਚ ਬੰਬ ਧਮਾਕਾ ਆਦਿ ਕੇਸ ਚੱਲੇ। 7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ ਵਿੱਚ ਪਹੁੰਚਿਆ, ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ, ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ। ਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਅਤੇ 23 ਮਾਰਚ 1931 ਨੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ। ਭਗਤ ਸਿੰਘ ਨੇ ਫਾਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਇੱਕ ਪੱਤਰ ਲਿਖਿਆ, ਆਪ ਵੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ੇਅਰ ਮੁਲਾਹਜ਼ਾ ਫਰਮਾਓ:
ਉਸੇ ਯਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ
ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ
ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ,
ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ
ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ।
ਇਹ ਵੀ ਕਿਹਾ ਜਾਂਦਾ ਏ ਕਿ ਫ਼ਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਇਸੇ ਦੌਰਾਨ ਜਦੋਂ ਜੇਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਏ ਤਾਂ ਉਨ੍ਹਾਂ ਨੇ ਕਿਹਾ - ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਫਿਰ ਇੱਕ ਮਿੰਟ ਦੇ ਬਾਅਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ - ਚਲੋ।
‘ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ
ਮੇਰੀ ਮਿੱਟੀ ਤੋਂ ਵੀ ਖੁਸ਼ਬੂ-ਏ-ਵਤਨ ਆਏਗੀ ...’
ਫ਼ਾਂਸੀ ਉਪਰੰਤ ਅਵਾਮ ਦਾ ਕੋਈ ਅਹਿਤਜਾਜ ਜਾਂ ਅੰਦੋਲਨ ਨਾ ਭੜਕ ਜਾਵੇ, ਇਸ ਡਰੋਂ ਅੰਗਰੇਜਾਂ ਨੇ ਪਹਿਲਾਂ ਲਾਸ਼ਾਂ ਦੇ ਟੁਕੜੇ ਕੀਤੇ ਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ, ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਗਏ। ਇਸ ਤੋਂ ਡਰਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜੇ ਸਤਲੁਜ ਦਰਿਆ ਵਿੱਚ ਸੁੱਟਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ।
ਉਕਤ ਭਗਤ ਸਿੰਘ ਜਿਹੇ ਯੋਧਿਆਂ ਦੀਆਂ ਬੇਸ਼ਕੀਮਤੀ ਕੁਰਬਾਨੀਆਂ ਸਦਕਾ ਬੇਸ਼ੱਕ ਭਾਰਤ 1947 ਵਿੱਚ ਆਜ਼ਾਦ ਹੋ ਗਿਆ ਅਤੇ ਹਕੂਮਤ ਦੀ ਵਾਗਡੋਰ ਦੇਸ਼ ਦੇ ਸਥਾਨਕ ਲੀਡਰਾਂ ਹੱਥ ਆ ਗਈ ਤੇ ਇਸ ਉਪਰੰਤ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਰਾਜਨੀਤਕ ਪਾਰਟੀਆਂ ਦੀ ਰਹਿਨੁਮਾਈ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ।
ਅੱਜ ਦੇਸ਼ ਨੂੰ ਆਜ਼ਾਦ ਹੋਇਆਂ ਵੀ 70 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਏ ਪਰ ਦੇਸ਼ ਦੇ ਸਾਹਮਣੇ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਔਰਤਾਂ ਦੀ ਸੁਰੱਖਿਆ ਜਿਹੇ ਮਸਲੇ ਪਹਿਲਾਂ ਤੋਂ ਵੀ ਕਿਤੇ ਵਿਕਰਾਲ ਰੂਪ ਵਿੱਚ ਸਾਹਮਣੇ ਮੂੰਹ ਖਲੋਏ ਖੜ੍ਹੇ ਨੇ। ਸਾਡੇ ਦੇਸ਼ ਦੇ ਵਧੇਰੇ ਅਖੌਤੀ ਲੀਡਰਾਂ ਨੂੰ ਇਹਨਾਂ ਉਕਤ ਸਮੱਸਿਆਵਾਂ ਦੀ ਲਗਦਾ ਹੈ ਭੋਰਾ ਵੀ ਚਿੰਤਾ ਨਹੀਂ ਕਿਉਂਕਿ ਜੇਕਰ ਦੇਸ਼ ਜਾਂ ਦੇਸ਼ ਦੇ ਲੋਕਾਂ ਦੀ ਲੀਡਰਸ਼ਿਪ ਨੂੰ ਚਿੰਤਾ ਹੁੰਦੀ ਤਾਂ ਉਹ ਉਕਤ ਮਸਲਿਆਂ ਦੇ ਹੱਲ ਲਈ ਗੰਭੀਰ ਹੁੰਦੇ। ਪਰ ਅਵਾਮ ਦਾ ਉਕਤ ਅਸਲ ਮੁੱਦਿਆਂ ਅਤੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਅਖੌਤੀਆਂ ਪਾਰਟੀਆਂ ਦੇ ਮੁੱਠੀ ਭਰ ਆਗੂਆਂ ਨੇ ਕਥਿਤ ਮੀਡੀਆ ਨਾਲ ਜੁਗਲਬੰਦੀ ਜ਼ਰੀਏ ਦੇਸ਼ ਵਾਸੀਆਂ ਨੂੰ ਧਰਮ, ਜਾਤ-ਪਾਤ, ਇਲਾਕਿਆਂ ਦੇ ਨਾਂ ਹੇਠ ਲੜਾ ਕੇ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਕਤ ਸੌੜੀ ਅਤੇ ਮਨਫੀ ਸੋਚ ਦੇ ਚਲਦਿਆਂ ਮੁਲਕ ਨੂੰ ਜਿਸ ਕਦਰ ਨੁਕਸਾਨ ਪਹੁੰਚ ਰਿਹਾ ਹੈ, ਉਸਦੀ ਅੱਜ ਸਹਿਜੇ ਹੀ ਅਸੀਂ ਕਲਪਨਾ ਨਹੀਂ ਕਰ ਸਕਦੇ। ਅਫਸੋਸ ਕਿ ਦੇਸ਼ ਦੇ ਲੋਕਾਂ ਨੂੰ ਅੱਜ ਉਹ ਲੋਕ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਨੇ ਜਿਹਨਾਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਦੂਰ ਦੂਰ ਤੱਕ ਵੀ ਕੋਈ ਹਿੱਸਾ ਪਾਇਆ ਨਜ਼ਰ ਨਹੀਂ ਆਉਂਦਾ। ਕਿੰਨੇ ਸੋਹਣੇ ਸ਼ਬਦਾਂ ਵਿੱਚ ਅਜਿਹੇ ਲੋਕਾਂ ਦੀ ਮਾਨਸਿਕਤਾ ਦਾ ਨਕਸ਼ਾ ਇੱਕ ਸ਼ਾਇਰ ਨੇ ਆਪਣੇ ਇੱਕ ਸ਼ੇਅਰ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ:
ਜਬ ਪੜਾ ਵਕਤ ਗੁਲਸਤਾਂ ਪੇ ਤੋਂ ਖੂੰ ਹਮਨੇ ਦੀਆਂ।
ਜਬ ਬਹਾਰ ਆਈ ਤੋਂ ਕਹਿਤੇ ਹੈਂ ਤੇਰਾ ਕਾਮ ਨਹੀਂ॥
ਯਕੀਨਨ ਮੌਜੂਦਾ ਸਮੇਂ ਦੇਸ਼ ਜਿਹਨਾਂ ਨਾਜ਼ੁਕ ਹਾਲਾਤ ਵਿੱਚੋਂ ਦੀ ਲੰਘ ਰਿਹਾ ਹੈ ਉਸ ਨੂੰ ਵੇਖ ਕੇ ਦੇਸ਼ ਦੇ ਸੱਚੇ ਤੇ ਹਕੀਕੀ ਦੇਸ਼ ਭਗਤਾਂ ਨੂੰ ਡਾਢਾ ਦੁੱਖ ਪਹੁੰਚ ਰਿਹਾ ਏ।
ਜਿਸ ਪ੍ਰਕਾਰ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਘੱਟ ਗਿਣਤੀਆਂ ਅਤੇ ਸਮਾਜਿਕ ਤੌਰ ਉੱਤੇ ਪੱਛੜੇ ਵਰਗਾਂ ਨੂੰ ਨਿਸ਼ਾਨਾ ਬਣਾ ਕੇ ਅਤੇ ਦੇਸ਼ ਦੇ ਲੋਕਾਂ ਵਿਚਾਲੇ ਸਦੀਆਂ ਪੁਰਾਣੀ ਸਾਂਝ ਨੂੰ ਖਤਮ ਕਰਕੇ ਨਫਰਤ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਧਰੁਵੀਕਰਨ ਦੇ ਨਜ਼ਰੀਏ ਨਾਲ ਦੇਸ਼ ਦੇ ਲੋਕਾਂ ਵਿਚਕਾਰ ਵਿਭਾਜਨ ਦੀ ਰਾਜਨੀਤਕ ਰੂਪ ਵਿੱਚ ਘਿਨਾਉਣੀ ਖੇਡ ਖੇਡੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਅੱਜ ਲੋਕਾਂ ਦੇ ਮੁਢਲੇ ਅਧਿਕਾਰਾਂ ਨੂੰ ਪਾਮਾਲ ਕੀਤਾ ਜਾ ਰਿਹਾ ਹੈ ਇਸਦੇ ਨਾਲ ਦੇਸ਼ ਨੂੰ ਜੋ ਅੰਤਾਂ ਦਾ ਨੁਕਸਾਨ ਪਹੁੰਚ ਰਿਹਾ ਹੈ, ਉਸ ਦੀ ਕਲਪਨਾ ਨਹੀਂ ਹੋ ਸਕਦੀ।
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੁਲਕ ਦਾ ਮੇਨ ਸਟਰੀਮ ਮੀਡੀਆ ਹਾਲੇ ਵੀ ਦੇਸ਼ ਵਿੱਚ ਦਿਨ ਬ ਦਿਨ ਵਧ ਰਹੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਔਰਤਾਂ ਵਿੱਚ ਪਾਈ ਜਾ ਅਸੁਰੱਖਿਆ ਦੀ ਭਾਵਨਾ, ਚਰਮਰਾ ਰਹੀ ਅਰਥ ਵਿਵਸਥਾ ਤੇ ਡਿਗ ਰਹੀ ਜੀਡੀਪੀ ਤੇ ਉਸਾਰੂ ਡਿਬੇਟਾਂ ਕਰਾਉਣ ਦੀ ਥਾਂ ਵਧੇਰਾ ਜ਼ੋਰ ਅਜਿਹੀਆਂ ਬਹਿਸਾਂ ਦੇ ਪ੍ਰਸਾਰਨ ਉੱਤੇ ਦੇ ਰਿਹਾ ਹੈ ਜਿਨ੍ਹਾਂ ਨੂੰ ਵੇਖ ਕੇ ਦੋ ਮੁੱਖ ਧਰਮਾਂ ਦੇ ਲੋਕਾਂ ਵਿੱਚ ਨਫਰਤ ਦਾ ਜ਼ਹਿਰ ਪੈਦਾ ਹੁੰਦਾ ਹੈ, ਕਹਿਣ ਦਾ ਭਾਵ ਅੱਜ ਵੀ ਵਧੇਰੇ ਅਖੌਤੀ ਕਿਸਮ ਦੇ ਚੈਨਲ ਜਾਂ ਮੀਡੀਆ ਘਰਾਣਿਆਂ ਦਾ ਮਕਸਦ ਲੋਕਾਂ ਨੂੰ ਧਾਰਮਿਕ ਬਹਿਸਾਂ ਦੇ ਮੱਕੜ ਜਾਲ ਵਿੱਚ ਉਲਝਾ ਕੇ ਇੱਕ ਤਰ੍ਹਾਂ ਨਾਲ ਦੇਸ਼ ਅਤੇ ਦੇਸ਼ ਦੇ ਅਵਾਮ ਨੂੰ ਦਰਪੇਸ਼ ਸਮੱਸਿਆਵਾਂ ਤੋਂ ਧਿਆਨ ਹਟਾਉਣਾ ਜਾਪਦਾ ਹੈ। ਯਕੀਨਨ ਇਹ ਦੇਸ਼ ਅਤੇ ਦੇਸ਼ ਦੀ ਜਨਤਾ ਨਾਲ ਇੱਕ ਪ੍ਰਕਾਰ ਦਾ ਧੋਖਾ ਅਤੇ ਕੋਝਾ ਮਜ਼ਾਕ ਹੈ, ਜਿਸ ਨੂੰ ਇਤਿਹਾਸ ਕਦੀ ਵੀ ਮੁਆਫ ਨਹੀਂ ਕਰੇਗਾ। ਕਿੰਨੇ ਸੋਹਣੇ ਸ਼ਬਦਾਂ ਵਿੱਚ ਉਰਦੂ ਦੇ ਇੱਕ ਕਵੀ ਨੇ ਕਿਹਾ ਕਿ:
ਵੋਹ ਅਹਿਦ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ।
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।।
ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਢੇਰਾਂ ਕੁਰਬਾਨੀਆਂ ਦੇ ਨਜ਼ਰਾਨੇ ਪੇਸ਼ ਕੀਤੇ ਤੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਆਪਣੀਆਂ ਅੱਖਾਂ ਵਿੱਚ ਪਤਾ ਨਹੀਂ ਕਿੰਨੇ ਕੁ ਸਪਨੇ ਸੰਜੋਏ, ਕੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ? ਸ਼ਾਇਦ ਨਹੀਂ। ਮੇਰੇ ਖਿਆਲ ਵਿੱਚ ਅੱਜ ਸਾਡੇ ਵਧੇਰੇ ਆਗੂ ਉਨ੍ਹਾਂ ਦੇ ਦੇਸ਼ ਲਈ ਵੇਖੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਨਾਲ ਵਿਸਾਰ ਚੁੱਕੇ ਹਨ।
ਅੱਜ ਸਾਡੇ ਦੇਸ਼ ਦੀ ਸਮੁੱਚੀ ਆਵਾਮ ਅਤੇ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਆਪਣੇ ਸਭ ਸੁਆਰਥਾਂ ਦਾ ਤਿਆਗ ਕਰਦਿਆਂ ਦੇਸ਼ ਅੰਦਰ ਅਮਨ ਓ ਆਮਾਨ ਦਾ ਖੁਸ਼ਗਵਾਰ ਮਾਹੌਲ ਸਿਰਜਣ। ਭਾਵ ਅਜਿਹਾ ਵਾਤਾਵਰਨ ਜਿਸ ਵਿੱਚ ਦੇਸ਼ ਦਾ ਹਰ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਤੇ ਆਪਣੇ ਦੇਸ਼ ਦੇ ਹੁਕਮਰਾਨਾਂ ਉੱਤੇ ਵਿਸ਼ਵਾਸ ਵਿਅਕਤ ਕਰ ਸਕੇ। ਯਕੀਨਨ ਜੇ ਦੇਸ਼ ਵਿੱਚ ਭੈਅ ਮੁਕਤ ਮਾਹੌਲ ਹੋਵੇਗਾ ਤਾਂ ਦੇਸ਼ ਦੀ ਤਰੱਕੀ ਵਿੱਚ ਹਰ ਦੇਸ਼ ਵਾਸੀ ਆਪਣਾ ਬਣਦਾ ਯੋਗਦਾਨ ਪਾ ਸਕੇਗਾ ਅਤੇ ਫਿਰ ਸਾਡੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਦੁਨੀਆ ਦੀ ਕੋਈ ਤਾਕਤ ਰੁਕਾਵਟ ਪੈਦਾ ਨਹੀਂ ਕਰ ਸਕਦੀ। ਅਜੋਕੇ ਹਾਲਾਤ ਵਿੱਚ ਇਹੋ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1750)
(ਸਰੋਕਾਰ ਨਾਲ ਸੰਪਰਕ ਲਈ: