“ਦੇਸ਼ ਨੂੰ ਜਿਹੋ ਜਿਹਾ ਬਣਾਉਣ ਦਾ ਸ਼ਹੀਦਾਂ ਨੇ ਸੁਪਨਾ ਚਿਤਵਿਆ ਸੀ ...”
(23 ਮਾਰਚ 2020)
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਦੇਸ਼ ਦੀ ਆਜ਼ਾਦੀ ਲਈ ਜਦੋਂ ਕਦੀ ਵੀ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲੇ ਮਤਵਾਲੇ ਯੋਧਿਆਂ ਦੀ ਗੱਲ ਤੁਰਦੀ ਹੈ ਤਾਂ ਭਗਤ ਸਿੰਘ ਦਾ ਨਾ ਸਰੇ-ਫਹਿਰਿਸਤ ਆਉਂਦਾ ਹੈ। ਭਗਤ ਸਿੰਘ ਜਿਨ੍ਹਾਂ ਨੂੰ ਸਾਥੀਆਂ ਸਮੇਤ 23 ਮਾਰਚ 1931 ਨੂੰ ਫਾਂਸੀ ਲਗਾ ਦਿੱਤਾ ਸੀ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਪੰਜਾਬ, ਮੌਜੂਦਾ ਪਾਕਿਸਤਾਨ) ਵਿਖੇ ਹੋਇਆ ਸੀ। ਆਪ ਦਾ ਜੱਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਹੈ।
ਭਗਤ ਸਿੰਘ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦੇ ਵੱਡੇ-ਵਡੇਰੇ ਅੰਮ੍ਰਿਤਸਰ ਦੇ ਪਿੰਡ ਨਾਰਲੀ ਦੇ ਵਸਨੀਕ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੁਗ਼ਲ ਕਾਲ ਦੌਰਾਨ, ਬੰਗਾ ਦੇ ਨੇੜਲੇ ਪਿੰਡ ਖਟਕੜ ਕਲਾਂ ਵਿੱਚ ਆ ਵਸਿਆ ਸੀ। ਭਗਤ ਸਿੰਘ ਦੀ ਸ਼ੁਰੂਆਤੀ ਤਾਲੀਮ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਖੇ ਹੋਈ। ਇਸ ਤੋਂ ਬਾਅਦ ਉਹ ਡੀਏਵੀ ਹਾਈ ਸਕੂਲ ਲਾਹੌਰ ਵਿੱਚ ਦਾਖ਼ਲ ਹੋ ਗਏ। ਸੰਨ 1923 ਵਿੱਚ ਉਨ੍ਹਾਂ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲੈ ਲਿਆ ਤੇ ਕਾਲਜ ਦੇ ਮਾਹੌਲ ਵਿੱਚ ਹੀ ਘੁਲਮਿਲ ਗਏ ਅਤੇ ਕਾਲਜ ਦੀ ਡਰਾਮਾ ਕਮੇਟੀ ਦੇ ਸਰਗਰਮ ਮੈਂਬਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਇਸ ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਇੱਕ ਲੇਖ ਮੁਕਾਬਲੇ ਵਿੱਚੋਂ ਆਪ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾਵਾਂ ਉੱਤੇ ਖਾਸੀ ਪਕੜ ਹਾਸਲ ਸੀ। ਇਸ ਤੋਂ ਇਲਾਵਾ ਆਪ ਬੰਗਲਾ ਭਾਸ਼ਾ ਦਾ ਵੀ ਗਿਆਨ ਰੱਖਦੇ ਸਨ ਜੋ ਉਨ੍ਹਾਂ ਬੁਟਕੇਸ਼ਵਰ ਦੱਤ ਤੋਂ ਸਿੱਖੀ ਸੀ। ਆਪ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ।
ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਹੋਏ ਜਲ੍ਹਿਆਂਵਾਲਾ ਬਾਗ ਕਾਂਡ ਨੇ ਜਿੱਥੇ ਦੇਸ਼ ਦੇ ਸਮੁੱਚੇ ਲੋਕਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ, ਉੱਥੇ ਹੀ ਇਸ ਕਤਲੇਆਮ ਨੇ ਭਗਤ ਸਿੰਘ ਦੀ ਸੋਚ ਉੱਤੇ ਡੂੰਘਾ ਅਸਰ ਪਾਇਆ। ਕਾਕੋਰੀ ਟਰੇਨ ਡਾਕੇ ਦੇ ਮਾਮਲੇ ਵਿੱਚ ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਉਨ੍ਹਾਂ ਉੱਤੇ ਲਾਹੌਰ ਦੇ ਦੁਸਹਿਰਾ ਮੇਲੇ ਮੌਕੇ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹ ਦਿੱਤਾ ਗਿਆ। ਕੁਝ ਸਮੇਂ ਬਾਅਦ ਚੰਗੇ ਵਿਵਹਾਰ ਕਾਰਨ ਜ਼ਮਾਨਤ ਦੀ ਭਾਰੀ ਰਕਮ ਦੇ ਇਵਜ਼ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਦਿਆਂ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਅਤੇ ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇਪੀ ਸਾਂਡਰਸ ਨੂੰ ਮਾਰ-ਮੁਕਾਇਆ। ਇਸ ਕਾਰਨਾਮੇ ਨੂੰ ਅੰਜਾਮ ਦੇਣ ਲਈ ਚੰਦਰ ਸ਼ੇਖਰ ਆਜ਼ਾਦ ਨੇ ਵੀ ਆਪ ਦੀ ਸਹਾਇਤਾ ਕੀਤੀ। ਆਪਣੇ ਇੱਕ ਹੋਰ ਕ੍ਰਾਂਤੀਕਾਰੀ ਸਾਥੀ ਬੁਟਕੇਸ਼ਵਰ ਦੱਤ ਨਾਲ ਮਿਲ ਕੇ ਆਪ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਅਤੇ ਪਰਚੇ ਸੁੱਟੇ। ਬੰਬ ਸੁੱਟਣ ਉਪਰੰਤ ਦੋਵਾਂ ਨੇ ਉੱਥੇ ਹੀ ਗ੍ਰਿਫ਼ਤਾਰੀ ਦੇ ਦਿੱਤੀ।
ਜੇਲ ਵਿੱਚ ਭਗਤ ਸਿੰਘ ਨੇ ਲਗਭਗ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤਕ ਲੜਨ ਦਾ ਐਲਾਨ ਕੀਤਾ। ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਪੂੰਜੀਪਤੀਆਂ ਨੂੰ ਉਨ੍ਹਾਂ ਆਪਣਾ ਦੁਸ਼ਮਣ ਐਲਾਨਿਆ। ਉਨ੍ਹੀਂ ਦਿਨੀਂ ਉਨ੍ਹਾਂ ਇੱਕ ਆਰਟੀਕਲ ਲਿਖਿਆ ਜਿਸਦਾ ਸਿਰਲੇਖ਼ ਸੀ, ‘ਮੈਂ ਨਾਸਤਕ ਕਿਉਂ ਹਾਂ।’ ਜੇਲ ਵਿੱਚ ਭਗਤ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੇ 64 ਦਿਨਾਂ ਤਕ ਭੁੱਖ ਹੜਤਾਲ ਕੀਤੀ ਜੋ ਗਾਂਧੀਵਾਦੀ ਤਰੀਕਿਆਂ ਦੀ ਅਦੁੱਤੀ ਮਿਸਾਲ ਹੈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਲਾਹੌਰ ਵਿੱਚ ਸਾਂਡਰਸ ਦੇ ਕਤਲ, ਅਸੈਂਬਲੀ ਵਿੱਚ ਬੰਬ ਧਮਾਕਾ ਆਦਿ ਕੇਸ ਚੱਲੇ। ਸੱਤ ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫ਼ੈਸਲਾ ਜੇਲ ਵਿੱਚ ਪਹੁੰਚਿਆ ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ, ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ 7 ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਬੁਟਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਅਤੇ 23 ਮਾਰਚ 1931 ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ।
ਫਾਂਸੀ ਉਪਰੰਤ ਅਵਾਮ ਦਾ ਕੋਈ ਅਹਿਤਜਾਜ ਜਾਂ ਅੰਦੋਲਨ ਨਾ ਭੜਕੇ, ਇਸ ਡਰੋਂ ਅੰਗਰੇਜ਼ਾਂ ਨੇ ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ। ਜਿੱਥੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ ਤੇ ਅੱਧ-ਸੜੀਆਂ ਲਾਸ਼ਾਂ ਸਤਲੁਜ ਦਰਿਆ ਵਿੱਚ ਸੁੱਟ ਦਿੱਤੀਆਂ।
ਅੱਜ ਦੇਸ਼ ਨੂੰ ਆਜ਼ਾਦ ਹੋਇਆਂ ਸੱਤ ਦਹਾਕਿਆਂ ਤੋਂ ਵੀ ਉੱਪਰ ਸਮਾਂ ਸਾਲ ਹੋ ਚੁੱਕਿਆ ਹੈ ਪਰ ਦੇਸ਼ ਨੂੰ ਜਿਹੋ ਜਿਹਾ ਬਣਾਉਣ ਦਾ ਸ਼ਹੀਦਾਂ ਨੇ ਸੁਪਨਾ ਚਿਤਵਿਆ ਸੀ, ਉਹੋ ਜਿਹਾ ਦੇਸ਼ ਨਹੀਂ ਬਣ ਸਕਿਆ। ਅੱਜ ਦੇਸ਼ ਅੰਦਰ ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਔਰਤਾਂ ਦੀ ਸੁਰੱਖਿਆ ਜਿਹੇ ਮਸਲੇ ਪਹਿਲਾਂ ਨਾਲੋਂ ਵੀ ਕਿਤੇ ਵਧੇਰੇ ਚਿੰਤਾਜਨਕ ਬਣੇ ਹੋਏ ਹਨ। ਦੇਸ਼ ਦੇ ਜ਼ਿਆਦਾਤਰ ਲੀਡਰ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਵਲ ਭੋਰਾ ਵੀ ਧਿਆਨ ਦੇਣ ਨਹੀਂ ਲੋਚਦੇ। ਬਲਕਿ ਅਵਾਮ ਦਾ ਉਕਤ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜੋਕੀਆਂ ਸਰਕਾਰਾਂ ਹੋਰ ਹੀ ਨਵੇਂ ਕਾਨੂੰਨ ਬਣਾ ਬਣਾ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਹੋਰ ਵਾਧਾ ਕਰਦੀਆਂ ਜਾਪਦੀਆਂ ਹਨ।
ਦਰਅਸਲ ਅੱਜ ਸਰਕਾਰਾਂ ਨਾਲ ਮੀਡੀਆ ਦੀ ਹੋਈ ਜੁਗਲਬੰਦੀ ਦੇਸ਼ ਦੇ ਅਸਤਿਤਵ ਲਈ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਪਿਛਲੇ ਕੁਝ ਸਾਲਾਂ ਤੋਂ ਜਿਵੇਂ ਕਿ ਅਸੀਂ ਵੇਖਦੇ ਆ ਰਹੇ ਹਾਂ ਕਿ ਮੀਡੀਆ ਸਰਕਾਰਾਂ ਦੀਆਂ ਕਮੀਆਂ ਬੇਸ਼ੀਆਂ ’ਤੇ ਸਵਾਲ ਖੜ੍ਹੇ ਕਰਨ ਦੀ ਥਾਂ ਵਿਰੋਧੀ ਧਿਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਤਤਪਰ ਨਜ਼ਰ ਆਉਂਦਾ ਹੈ। ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹਨ ਕਿ ਅੱਜ ਬੇਸ਼ਤਰ ਨਿਊਜ਼ ਚੈਨਲ ਆਪਣੀਆਂ ਹਕੀਕੀ ਜ਼ਿੰਮੇਵਾਰੀ ਤੋਂ ਭੱਜ ਗਏ ਹਨ।
ਲੋਕਾਂ ਤੱਕ ਸਹੀ ਖਬਰ ਅਤੇ ਜਾਣਕਾਰੀ ਪਹੁੰਚਾਉਣ ਦੀ ਥਾਂ ਅੱਜ ਬੇਸ਼ਤਰ ਨਿਊਜ਼ ਚੈਨਲ ਫਰਜ਼ੀ ਬਹਿਸਾਂ ਰਾਹੀਂ ਲੋਕਾਂ ਵਿੱਚ ਧਰਮਾਂ, ਜਾਤਾਂ-ਪਾਤਾਂ ਆਦਿ ਦੇ ਨਾਂ ਉੱਤੇ ਵੰਡੀਆਂ ਪਾ ਕੇ ਆਪਣੇ ਰਾਜਨੀਤਿਕ ਆਕਾਵਾਂ ਲਈ ਵੋਟਾਂ ਦਾ ਧਰੁਵੀਕਰਨ ਕਰਨ ਦੀਆਂ ਸਫਲ ਕੋਸ਼ਿਸ਼ਾਂ ਕਰ ਰਹੇ ਹਨ। ਇੱਕ ਹੋਰ ਵੱਡਾ ਦੁਖਾਂਤ ਇਹ ਹੈ ਕਿ ਅੱਜ ਸਾਡੇ ਇਸ ਲੋਕਤੰਤਰਿਕ ਦੇਸ਼ ਵਿੱਚ ਚੁਣੇ ਹੋਏ ਲੀਡਰ ਜਿਸ ਤਰ੍ਹਾਂ “ਆਇਆ ਰਾਮ ਗਿਆ ਰਾਮ” ਦੇ ਮੁਹਾਵਰੇ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਵਿਅਸਤ ਹਨ, ਯਕੀਨਨ ਉਸ ਨੂੰ ਵੇਖਦਿਆਂ ਅਜਿਹੇ ਜਾਪਦਾ ਹੈ ਕਿ ਜਿਵੇਂ ਅਮੀਰ ਕਦਰਾਂ-ਕੀਮਤਾਂ ਤੇ ਨੈਤਿਕਤਾ ਰੱਖਣ ਵਾਲੇ ਸਮਾਜ ਨੂੰ ਪਤਾ ਨਹੀਂ ਕਿਤੇ ਬਹੁਤ ਕਿਤੇ ਪਿੱਛੇ ਗੁਆ ਆਏ ਹਾਂ। ਇਸ ਤੋਂ ਇਲਾਵਾ ਹਾਲ ਹੀ ਵਿੱਚ ਜਿਸ ਤਰ੍ਹਾਂ ਇੱਕ ਸਾਬਕਾ ਚੀਫ ਜਸਟਿਸ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ, ਉਸ ਨੂੰ ਵੇਖਦਿਆਂ ਕਿਸੇ ਸ਼ਾਇਰ ਦਾ ਇਹ ਸ਼ੇਅਰ ਦਿਮਾਗ ਵਿੱਚ ਗਰਦਿਸ਼ ਕਰਨ ਲੱਗਾ ਹੈ ਕਿ:
ਜ਼ਮੀਰ ਬੇਚ ਦੇ ਆਪਣੀ ਖੁਦੀ ਕਾ ਸੌਦਾ ਕਰ।
ਮੁਝੇ ਯੇਹ ਮਸ਼ਵਰਾ ਖੁਸ਼ਹਾਲ ਲੋਗ ਦੇਤੇ ਹੈਂ।।
ਉਕਤ ਸਾਬਕਾ ਜੱਜ ਦੀ ਰਾਜ ਸਭਾ ਮੈਂਬਰ ਵਜੋਂ ਹੋਈ ਨਾਮਜ਼ਦਗੀ ਯਕੀਨਨ ਨਿਆਇਕ ਪ੍ਰਣਾਲੀ ਦੀ ਵਿਸ਼ਵਿਨਯਤਾ ਨੂੰ ਡਾਢੀ ਸੱਟ ਮਾਰਦੀ ਮਹਿਸੂਸ ਹੁੰਦੀ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਅੱਜ ਬੁੱਧੀਜੀਵੀ ਵਰਗ ਦੇ ਨਾਲ ਹੀ ਆਮ ਲੋਕਾਂ ਦੇ ਜ਼ਹਿਨ ਵਿੱਚ ਬਹੁਤ ਸਾਰੇ ਅਣ ਸੁਲਝੇ ਸਵਾਲ ਘੁੰਮ ਰਹੇ ਹਨ।
ਜੇਕਰ ਅਸੀਂ ਆਪਣੇ ਦੇਸ਼ ਦਾ ਹਕੀਕੀ ਮਾਅਨਿਆਂ ਵਿੱਚ ਭਲਾ ਚਾਹੁੰਦੇ ਹਾਂ ਤਾਂ ਸਮੁੱਚੀ ਅਵਾਮ ਤੇ ਵਿਸ਼ੇਸ਼ ਤੌਰ ’ਤੇ ਅਜੋਕੀ ਲੀਡਰਸ਼ਿੱਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਭ ਸਵਾਰਥਾਂ ਦਾ ਤਿਆਗ ਕਰਦਿਆਂ ਦੇਸ਼ ਅੰਦਰ ਅਮਨ-ਅਮਾਨ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲਾ ਖ਼ੁਸ਼ਗਵਾਰ ਮਾਹੌਲ ਸਿਰਜਣਾ ਯਕੀਨੀ ਬਣਾਉਣ। ਹਾਕਮ ਅਤੇ ਵਿਰੋਧੀ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪਣੇ ਸਵਾਰਥਾਂ ਨੂੰ ਤਿਲਾਂਜਲੀ ਦਿੰਦਿਆਂ ਦੇਸ਼ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲਾ ਅਜਿਹੇ ਮਾਹੌਲ ਪੈਦਾ ਕਰਨ। ਅਜਿਹਾ ਵਾਤਾਵਰਣ, ਜਿਸ ਵਿੱਚ ਦੇਸ਼ ਦਾ ਹਰ ਨਾਗਰਿਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਿਆਂ ਆਜ਼ਾਦੀ ਨਾਲ ਆਪਣਾ ਜੀਵਨ ਬਸਰ ਕਰ ਸਕੇ। ਕਿਸੇ ਵੀ ਦੇਸ਼ ਦੀ ਤਰੱਕੀ ਰਾਜ ਅਮਨ ਓ ਅਮਾਨ ਭਾਈਚਾਰਕ ਸਾਂਝ ਅਤੇ ਮਜ਼ਬੂਤ ਆਪਸੀ ਵਿਸ਼ਵਾਸ ਵਾਲੇ ਰਿਸ਼ਤਿਆਂ ਵਿੱਚ ਛੁਪਿਆ ਹੈ। ਯਕੀਨਨ ਅੱਜ ਦੇਸ਼ ਦੇ ਲੋਕਾਂ ਨੂੰ ਭੈਅ ਮੁਕਤ ਮਾਹੌਲ ਦੀ ਲੋੜ ਹੈ। ਜੇਕਰ ਅਸੀਂ ਸਭ ਆਪਣੇ ਦਿਲਾਂ ਵਿਚਲੀਆਂ ਨਫਰਤਾਂ ਨੂੰ ਭੁਲਾ ਕੇ ਸੁਹਿਰਦਤਾ ਨਾਲ ਪਿਆਰ ਓ ਮੁਹੱਬਤ ਨਾਲ ਰਹਿਣਾ ਯਕੀਨੀ ਬਣਾਈਏ ਤਾਂ ਮੈਂ ਸਮਝਦਾ ਹਾਂ ਕਿ ਅੱਜ ਦੀ ਤਾਰੀਖ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2012)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)