“ਕਹਿੰਦੇ ਨੇ ਸੰਵਿਧਾਨ ’ਚ ਮਜ਼ਦੂਰਾਂ ਲਈ ਅਧਿਕਾਰ ਬੜੇ ਨੇ। ... ਪਰ ਮੇਰੇ ਸਾਹਮਣੇ ਹਾਲੇ ਵੀ ਹਨੇਰੇ ਬੜੇ ਨੇ! ...”
(7 ਜੁਲਾਈ 2021)
1. ਲਾਸ਼ਾਂ
ਅਸੀਂ ਲਾਸ਼ਾਂ ਹਾਂ,
ਉਹ ਨਹੀਂ ਜੋ ਕਬਰਸਤਾਨਾਂ, ਮੁਰਦਾ ਘਰਾਂ,
ਤੇ ਨਦੀਆਂ ਕਿਨਾਰੇ ਦਫਨ ਨੇ।
ਅਸੀਂ ਗੂੰਗੀਆਂ-ਬੋਲ਼ੀਆਂ, ਅੰਨ੍ਹੀਆਂ,
ਤੁਰਦੀਆਂ-ਫਿਰਦੀਆਂ, ਜਿਊਂਦੀਆਂ-ਜਾਗਦੀਆਂ,
ਸਮਾਜ ’ਚ ਵਿਚਰਦੀਆਂ ਲਾਸ਼ਾਂ ਹਾਂ।
ਅਸੀਂ ਲਾਸ਼ਾਂ ਹਾਂ,
ਜਿਨ੍ਹਾਂ ਨੂੰ ਸਮਾਜ ਅੰਦਰਲੇ ਗਿੱਧ,ਭੇੜੀਏ,
ਨੋਚ-ਨੋਚ ਖਾਂਦੇ ਨੇ ਤੇ ਚੁੰਬੜੀਆਂ ਜੋਕਾਂ,
ਸਾਡਾ ਸਰੇਆਮ ਰੱਤ ਪੀਂਦੀਆਂ ਨੇ,
ਸਾਡੀਆਂ ਮਾਵਾਂ, ਭੈਣਾਂ, ਧੀਆਂ
ਘਰਾਂ,ਖੇਤਾਂ ਤੇ ਬੇਲਿਆਂ ’ਚ
ਰੋਜ਼ ਮਨੁੱਖਾਂ ਦੀ ਸ਼ਕਲ ’ਚ ਛੁਪੇ
ਵਹਿਸ਼ੀ ਦਰਿੰਦਿਆਂ ਦੇ ਜ਼ੁਲਮਾਂ ਦਾ
ਨਿੱਤ ਸ਼ਿਕਾਰ ਹੁੰਦੀਆਂ ਨੇ।
ਸਾਡੀਆਂ ਅਣਖਾਂ, ਗੈਰਤਾਂ,
ਮਰ ਮੁੱਕ ਚੁੱਕੀਆਂ ਨੇ,
ਅਸੀਂ ਲਾਸ਼ਾਂ, ਧਰਮਾਂ ਦੀ ਰੱਖਿਆ ਕਰਨ ਦਾ
ਝੂਠਾ ਢਿੰਡੋਰਾ ਪਿੱਟਦੀਆਂ,
ਪਰ ਹੱਕਾਂ ਲਈ ਜੂਝਦੇ ਲੋਕਾਂ ਨਾਲ
ਅਸੀਂ ਕਦਾਚਿਤ ਖੜ੍ਹਨਾ ਪਸੰਦ ਨਹੀਂ ਕਰਦੀਆਂ।
ਅਸੀਂ ਲਾਸ਼ਾਂ ਹਾਂ,
ਮਹਿੰਗਾਈ, ਗਰੀਬੀ, ਬੇਰੁਜ਼ਗਾਰੀ,
ਅਥਾਹ ਫੈਲੇ ਭ੍ਰਿਸ਼ਟਾਚਾਰ ਅਤੇ
ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ
ਇੱਕ ਡੂੰਘੀ ਚੁੱਪ ਧਾਰੀ ਬੈਠੀਆਂ ਲਾਸ਼ਾਂ ਹਾਂ।
ਸਾਡੀਆਂ ਉਮੰਗਾਂ, ਸੁਪਨੇ ਮਰ ਚੁੱਕੇ ਨੇ,
ਸਾਡੇ ਅੰਦਰਲੇ ਰੋਸ ਮੁਜ਼ਾਹਰੇ,
ਇੱਕ ਇੱਕ ਕਰਕੇ ਦਮ ਤੋੜ ਚੁੱਕੇ ਨੇ।
ਆਪਣੀ ਰੱਖਿਆ ਕਰਨੋ ਅਸਮਰੱਥ,
ਅਸੀਂ ਲਾਸ਼ਾਂ ਹਾਂ।
ਤੁਰਦੀਆਂ ਫਿਰਦੀਆਂ,
ਜਿਊਂਦੀਆਂ ਜਾਗਦੀਆਂ ਲਾਸ਼ਾਂ।
***
2. ਮਜ਼ਦੂਰ
ਹਾਂ ਮੈਂ ਮਜ਼ਦੂਰ ਹਾਂ ...
ਜਿਸ ਨੇ ਮੁੱਢ ਕਦੀਮੀਂ ਆਪਣੇ ਅਰਮਾਨਾਂ ਦਾ ਗਲਾ ਘੁੱਟ,
ਜਜ਼ਬਾਤਾਂ ਦਾ ਕਤਲ ਕਰ, ਜੀਵਨ ਦੀਆਂ ਲੋੜਾਂ ਨੂੰ,
ਬਾ-ਮੁਸ਼ਕਿਲ ਪੂਰਾ ਕੀਤਾ।
ਗ਼ਰੀਬੀ ਦਾ ਦਰਦ ਪਿੰਡੇ ਹੰਢਾਉਂਦਿਆਂ,
ਆਪਣੀ ਆਤਮਾ ਤੱਕ ਨੂੰ ਛਲਨੀ ਕੀਤਾ।
ਜਿਹਦੀ ਮਿਹਨਤ ਸਦਕਾ, ਚਿਮਨੀਆਂ ’ਚੋਂ ਨਿਕਲਦੇ ਧੂਏਂ ਨੇ,
ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ।
ਪਰ ਅਕਸਰ ਧਨਵਾਨਾਂ ਨੇ ਮੇਰੀ ਮਿਹਨਤ ਦਾ,
ਹਰ ਵੇਲੇ ਸੋਸ਼ਣ ਕੀਤਾ।
ਮੈਂ ਮਜ਼ਦੂਰ ਹਾਂ ...
ਜਿਹਨੇ ਚੀਨ ਦੀ ਦੀਵਾਰ ਤੋਂ ਲੈ ਲਾਲ ਕਿਲ੍ਹੇ ਉਸਾਰੇ!
ਜਿਹਨੇ ਖੁਦ ਦੀ ਮੁਹੱਬਤ ਦਾ ਗਲਾ ਘੁੱਟ,
ਸ਼ਾਹਜਹਾਂ ਮੁਮਤਾਜ਼ ਦੇ ਪਿਆਰ ਨੂੰ ਲਾਸਾਨੀ ਕੀਤਾ।
ਮੈਂ ਮਜਦੂਰ ਹਾਂ ...
ਮੇਰੇ ਕਿੰਨੇ ਹੀ ਰੰਗ ਤੇ ਰੂਪ ਨੇ,
ਪਰ ਜਿਹਨੂੰ ਆਖਦੇ ਤਕਦੀਰ ਨੇ,
ਉਹ ਸਭਨਾਂ ਦੀ ਇੱਕੋ ਜਿਹੀ ਜਾਪੇ।
ਮੈਂ ਖੇਤਾਂ, ਫੈਕਟਰੀਆਂ, ਉਸਾਰੀ ਅਧੀਨ ਇਮਾਰਤਾਂ ’ਚ ਮੌਜੂਦ ਹਾਂ।
ਮੈਂ ਮਜ਼ਦੂਰ ਹਾਂ!
ਮੈਂ ਅਕਸਰ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿਚ
ਹਾਕਮਾਂ, ਅਫਸਰਾਂ ਦੀਆਂ ਝਿੜਕਾਂ ਖਾਣ ਲਈ ਮਜਬੂਰ ਹਾਂ
ਕੁਦਰਤੀ ਆਫਤ ਹੋਏ ਜਾਂ ਫਿਰਕੂ ਦੰਗਾ ਕੋਈ,
ਪਲੇਗ ਹੋਏ ਜਾਂ ਵਾਇਰਸ ਕਰੋਨਾ ਕੋਈ,
ਮੈਂ ਹਰ ਥਾਂ ਮੁਢਲੀਆਂ ਸਫਾ ’ਚ,
ਆਪਣੀ ਕੁਰਬਾਨੀ ਦੇਣ ਲਈ ਮਸ਼ਹੂਰ ਹਾਂ!
ਮੈਂ ਮਜ਼ਦੂਰ ਹਾਂ ...!
ਕਹਿੰਦੇ ਨੇ ਮਨੁੱਖ ਬਹੁਤ ਤਰੱਕੀ ਕਰ ਗਿਆ ਏ,
ਚੰਨ੍ਹ ਤੇ ਫਤਿਹ ਪਾ, ਮੰਗਲ ਵਲ ਵਧ ਗਿਆ ਏ।
ਪਰ ਮੇਰੇ ਲਈ ਹਾਲੇ ਵੀ ਰੋਜ਼ੀ ਰੋਟੀ ਦੇ ਮਸਲੇ ਬੜੇ ਨੇ!
ਕਹਿੰਦੇ ਨੇ ਸੰਵਿਧਾਨ ’ਚ ਮਜ਼ਦੂਰਾਂ ਲਈ ਅਧਿਕਾਰ ਬੜੇ ਨੇ।
ਪਰ ਮੇਰੇ ਸਾਹਮਣੇ ਹਾਲੇ ਵੀ ਹਨੇਰੇ ਬੜੇ ਨੇ!
ਹਨੇਰੇ ਬੜੇ ਨੇ! ਹਨੇਰੇ ਬੜੇ ਨੇ!!
***
3. ਮੈਂ ਲੋਕਤੰਤਰ ਬੋਲਦਾ ਹਾਂ
ਮੈਂ ਲੋਕਤੰਤਰ ਬੋਲਦਾ ਹਾਂ
ਸਦੀਆਂ ਪੁਰਾਣਾ ਤੰਤਰ
ਜਿਸ ਨੇ ਇਬਰਾਹਿਮ ਲਿੰਕਨ ਤੋਂ ਲੈ ਟਰੰਪ ਵੇਖਿਆ
ਮੇਰੇ ਹੀ ਅੰਤਰਗਤ ਲਿੰਕਨ ਰਾਸ਼ਟਰਪਤੀ ਬਣਿਆ
ਮੇਰੀ ਪਰਿਭਾਸ਼ਾ ਬਿਆਨਦਿਆਂ ਉਸਨੇ ਕਿਹਾ
“ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ
ਬਣਾਇਆ ਸ਼ਾਸਨ ਹੀ ਲੋਕਤੰਤਰ ਹੁੰਦਾ ਹੈ।”
ਬਾਅਦ ’ਚ ਸੁਤੰਤਰ ਹੋਏ ਦੇਸ਼ ਭਾਰਤ ਨੇ
ਮੈਨੂੰ ਆਪਣੇ ਸੀਨੇ ਲਾਇਆ।
ਬੀਤੇ ਸੱਤ ਦਹਾਕਿਆਂ ਦੌਰਾਨ
ਮੈਂ ਨਹਿਰੂ ਤੋਂ ਲੈ ਮੋਦੀ ਤੱਕ ਦਾ ਸਮਾਂ ਵੇਖਿਆ।
ਪਹਿਲੇ ਸਮਿਆਂ ’ਚ
ਕੀ ਰਾਜਾ ਕੀ ਪਰਜਾ,
ਕੀ ਗਰੀਬ ਕੀ ਅਮੀਰ,
ਕੀ ਗੋਰਾ ਕੀ ਕਾਲਾ,
ਮੇਰੀ ਨਜ਼ਰ ’ਚ ਸਭ ਇਕ ਸਮਾਨ ਹੁੰਦੇ ਸਨ।
ਮੈਂ ਮਨੁੱਖੀ ਅਧਿਕਾਰਾਂ ਦਾ
ਸਭ ਤੋਂ ਵੱਡਾ ਮੁੱਦਈ ਅਖਵਾਉਂਦਾ ਸਾਂ ...
ਪਰ ਬਦਲਦੇ ਸਮਿਆਂ ਨੇ ਮੇਰੀ ਪਰਿਭਾਸ਼ਾ ਵੀ
ਬਦਲ ਕੇ ਰੱਖ ਦਿੱਤੀ ਹੈ ...
ਅੱਜ ਆਮ ਲੋਕਾਂ ਦੁਆਰਾ ਚੁਣੇ ਨੁਮਾਇੰਦੇ,
ਹਰ ਕੰਮ ਖਾਸ ਲੋਕਾਂ ਲਈ ਕਰਨ ਲੱਗ ਪਏ ਨੇ।
ਜੋ ਲੋਕ ਪੁਰਾਣੇ ਤੇ ਵੱਡੇ ਲੋਕਤੰਤਰ ਹੋਣ ਦੇ ਦਾਅਵੇ ਕਰਦੇ ਨੇ,
ਮੈਨੂੰ ਲੱਗਦਾ ਉਹ ਮੈਨੂੰ ਸਭ ਤੋਂ ਵਧ ਠੱਗਦੇ ਨੇ।
ਦਰਅਸਲ ਉਨ੍ਹਾਂ ਦੇਸ਼ਾਂ ਅੰਦਰ ਮੈਂ ਖੁਦ ਨੂੰ,
ਬਹੁਤ ਹੀ ਅਸਹਿਜ ਤੇ ਬੇਬੱਸ ਮਹਿਸੂਸ ਕਰਦਾ ਹਾਂ।
ਮੇਰੀ ਆੜ ’ਚ ਉਹ ਨਾ ਸਿਰਫ ਗਰੀਬਾਂ ਦਾ ਸੋਸ਼ਣ ਕਰਦੇ ਨੇ,
ਸਗੋਂ ਮਨੁੱਖੀ ਅਧਿਕਾਰਾਂ ਦਾ ਸਰੇਆਮ ਹਨਣ ਕਰਦੇ ਨੇ।
ਹਰ ਪਾਸੇ ਮਨੁੱਖਤਾ ਨਾਲ ਹੁੰਦੀ ਵਧੀਕੀ ਵੇਖ,
ਮੈਂ ਪੂਰੀ ਦੁਨੀਆ ’ਚ ਸ਼ਰਮਿੰਦਾ ਹੁੰਦਾ ਹਾਂ।
ਸ਼ਰਮਿੰਦਾ ਹੁੰਦਾ ਹਾਂ ... ਸ਼ਰਮਿੰਦਾ ਹੁੰਦਾ ਹਾਂ...
***
4. ਉਲਟੇ ਜ਼ਮਾਨੇ
ਝੂਠ ਦੇ ਇਸ ਦੌਰ ਵਿੱਚ,
ਸੱਚ ਕਹਿਣਾ ਮੁਹਾਲ ਹੈ।
ਜਿਊਣਾ ਦੁਸ਼ਵਾਰ ਹੈ,
ਸਭ ਕੁਝ ਹੀ ਵਿਓਪਾਰ ਹੈ।
ਉਲਟੇ ਜ਼ਮਾਨੇ ਆਏ ਨੇ,
ਦੇਸ਼ ਭਗਤ ਗੱਦਾਰ ਨੇ,
ਤੇ ‘ਗੱਦਾਰ’ ਭਗਤ ਕਹਿਲਾਏ ਨੇ,
ਜ਼ਾਲਮ ਖੁੱਲ੍ਹਮ-ਖੁੱਲ੍ਹੇ ਫਿਰਨ,
ਬੇਦੋਸ਼ੇ ਜੇਲ੍ਹੀਂ ਪਾਏ ਨੇ।
ਜਿੱਧਰ ਵੀ ਜਾਏ ਨਜ਼ਰ,
ਆਪੋ-ਧਾਪੀ ਆਏ ਨਜ਼ਰ।
ਪਦਾਰਥਵਾਦੀ ਯੁਗ ਵਿੱਚ,
ਆਪਣੇ ਵੀ ਬੇਗਾਨੇ ਨਜ਼ਰ ਆਏ ਨੇ।
***
5. ਬਿਰਖ
ਦਿਲ ਨੂੰ ਮੇਰੇ ਵੱਜੀ ਸੱਟ
ਵੇਖ ਕੇ ਇਹ ਗਹਿਰੀ ਬਹੁਤ
ਸੜਕ ਤੇ ਅੱਜ ਚਲਦਿਆਂ
ਜਦੋਂ ਖੇਤਾਂ ਦੇ ਕਿਨਾਰੇ
ਕਿਸੇ ਦੀ ਲਾਈ ਅੱਗ ’ਚ
ਜਿਊਂਦੇ ਬੰਦੇ ਸੜਨ ਵਾਂਗ
ਨਜ਼ਰੀਂ ਪਏ ਕੁਝ ਬੇਬੱਸ ਬਿਰਖ।
ਬਿਲਕਦੇ, ਸਿਸਕਦੇ ਤੇ ਸਹਿਕਦੇ,
ਦਰਦ ਦੇ ਮਾਰੇ ਉਹ ਭੁੱਬਾਂ ਮਾਰਦੇ,
ਸ਼ਾਇਦ ਨਾ ਆਏ ਕਿਸੇ ਨੂੰ ਨਜ਼ਰ।
ਸੋਚਿਆ ਇਹਨਾਂ ਬੇਗੁਨਾਹਾਂ ਨੂੰ,
ਆਖਿਰ ਸਜ਼ਾ ਕਿਸ ਗੱਲ ਦੀ ਮਿਲੀ।
ਕੀ ਇਨ੍ਹਾਂ ਦਾ ਇਹੋ ਜੁਰਮ ਹੈ,
ਲੋਕਾਂ ਨੂੰ ਛਾਵਾਂ ਦੇਣ ਲਈ,
ਖੁਦ ਨੂੰ ਧੁੱਪਾਂ ’ਚ ਸਾੜਦੇ ਨੇ।
ਪ੍ਰਦੂਸ਼ਿਤ ਜ਼ਹਿਰਾਂ ਨੂੰ ਚੂਸ ਕੇ ਇਹ,
ਸ਼ੁੱਧ ਹਵਾਵਾਂ ਪਸਾਰਦੇ ਨੇ।
ਸੜਕਾਂ ’ਤੇ ਖੜ੍ਹੇ ਇਹ ਬਿਰਖ,
ਲੋਕਾਂ ਨੂੰ ਫਲ, ਫੁੱਲ ਈਧਨ ਦੇ
ਸਿਰਾਂ ’ਤੇ ਪੱਥਰ ਖਾਂਵਦੇ ਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2884)
(ਸਰੋਕਾਰ ਨਾਲ ਸੰਪਰਕ ਲਈ: