“ਸਖਤ ਮਿਹਨਤ ਦੇ ਬਾਵਜੂਦ ਵੀ ਜਦ ਇੱਕ ਮਜ਼ਦੂਰ ਆਪਣੇ ਬੱਚਿਆਂ ਦੇ ...”
(1 ਮਈ 2020)
ਕਰੋਨਾ ਦੇ ਚੱਲਦਿਆਂ ਹੋਏ ਲਾਕ-ਡਾਊਨ ਦੇ ਕਾਰਨ ਪਹਿਲਾਂ ਤੋਂ ਪ੍ਰੇਸ਼ਾਨ ਚਲੇ ਆ ਰਹੇ ਮਜ਼ਦੂਰਾਂ ਵਰਗ ਨੂੰ ਆਪਣੀ ਜ਼ਿੰਦਗੀ ਦੇ ਦਿਨ-ਕਟੀ ਕਰਨੇ ਅੱਜ ਹੋਰ ਵੀ ਦੁੱਭਰ ਹੋ ਗਏ ਹਨ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਲਾਕ-ਡਾਊਨ ਦੇ ਚੱਲਦਿਆਂ ਕਰੋੜਾਂ ਮੁਲਾਜ਼ਮ ਅੱਜ ਆਪਣੀ ਰੋਜ਼ੀ ਰੋਟੀ ਤੋਂ ਹੱਥ ਧੋ ਬੈਠੇ ਹਨ।
ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਮੁੰਬਈ, ਸੂਰਤ ਅਤੇ ਦਿੱਲੀ ਤੇ ਹੋਰ ਮਹਾਂਨਗਰਾਂ ਵਿੱਚ ਪ੍ਰਵਾਸੀ ਮਜ਼ਦੂਰ ਜੋ ਅਚਾਨਕ ਲੱਗੇ ਲਾਕ-ਡਾਊਨ ਦੇ ਕਾਰਨ ਫਸ ਗਏ ਸਨ, ਅੱਜ ਉਹੀਓ ਮਜ਼ਦੂਰ ਲਾਕ-ਡਾਊਨ ਦੇ ਸਵਾ ਮਹੀਨਾ ਬੀਤਣ ਉਪਰੰਤ ਆਪਣੇ ਆਪਣੇ ਘਰਾਂ ਵਿਖੇ ਜਾਣ ਲਈ ਤਰਲੋਮੱਛੀ ਹੋ ਰਹੇ ਹਨ ਪਰ ਲਗਦਾ ਹੈ ਕਿ ਉਨ੍ਹਾਂ ਦੀ ਫਰਿਆਦ ਸੁਣਨ ਲਈ ਕੋਈ ਵੀ ਮੌਜੂਦ ਨਹੀਂ ਹੈ। ਪਿਛਲੀ 25 ਮਾਰਚ ਤੋਂ ਲਾਕ-ਡਾਊਨ ਹੁੰਦੇ ਸਾਰ ਹੀ ਪਬਲਿਕ ਟਰਾਂਸਪੋਰਟ ਅਤੇ ਆਵਾਜਾਈ ਦੇ ਹੋਰ ਤਮਾਮ ਸਾਧਨ ਬੰਦ ਹੋ ਗਏ ਸਨ। ਭਾਵੇਂ ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਤੋਂ ਦੂਰੀ ਕਈ ਕਈ ਸੌ ਕਿਲੋਮੀਟਰ ਸੀ। ਪਰ ਆਪਣੇ ਅੰਜਾਮ ਦੀ ਪ੍ਰਵਾਹ ਕੀਤੇ ਬਿਨਾਂ ਕਿੰਨਿਆਂ ਨੇ ਹੀ ਪਿਛਲੇ ਦਿਨੀਂ ਆਪਣੇ ਘਰਾਂ ਲਈ ਪੈਦਲ ਹੀ ਚਾਲੇ ਪਾ ਦਿੱਤੇ ਸਨ। ਨਤੀਜੇ ਵਜੋਂ ਕਈ ਰਸਤਿਆਂ ਵਿੱਚ ਹੀ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਤੋਂ ਹੀ ਹੱਥ ਧੋ ਬੈਠੇ ਸਨ। ਪਰ ਉਨ੍ਹਾਂ ਦੇ ਪੈਦਲ ਆਪਣੇ ਘਰਾਂ ਵੱਲ ਪੈਦਲ ਚਾਲੇ ਪਾਉਣ ਦੇ ਵੱਖ ਵੱਖ ਕਾਰਨ ਸਨ। ਕਿਸੇ ਕੋਲ ਪੈਸੇ ਨਹੀਂ ਸਨ, ਕਿਸੇ ਨੂੰ ਉਸਦਾ ਮਕਾਨ ਮਾਲਕ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਕਈ ਪੰਜ ਪੰਜ ਛੇ ਮਜ਼ਦੂਰ ਕਿਰਾਏ ਦੇ ਅੱਠ ਵਾਈ ਅੱਠ ਦੇ ਕਮਰੇ ਵਿੱਚ ਰਹਿਣ ਲਈ ਮਜਬੂਰ ਸਨ ਅਤੇ ਕਿੰਨੇ ਹੀ ਯਮੁਨਾ ਦੇ ਪੁਲ ਹੇਠ ਜਾਂ ਖੁੱਲ੍ਹੇ ਆਸਮਾਨ ਹੇਠ ਇੱਕ ਟਾਈਮ ਦਾ ਖਾਣਾ ਖਾ ਕੇ ਜ਼ਿੰਦਗੀ ਦੇ ਬੋਝ ਨੂੰ ਢੋਹਣ ਲਈ ਮਜ਼ਬੂਰ ਸਨ।
ਗੱਲ ਮਈ ਦਿਵਸ ਦੀ ਕਰੀਏ ਤਾਂ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ, ਪਹਿਲੀ ਮਈ ਪੂਰੇ ਵਿਸ਼ਵ ਵਿੱਚ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ ਇੱਕ ਮਈ 1886 ਤੋਂ ਉਦੋਂ ਤੋਂ ਹੋਈ ਮੰਨੀ ਜਾਂਦੀ ਹੈ, ਜਦ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ ਅੱਠ ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸੇ ਦੌਰਾਨ ਸ਼ਿਕਾਗੋ ਦੀ ਹੇਅ ਮਾਰਕਿਟ ਵਿਖੇ ਬੰਬ ਧਮਾਕਾ ਹੋਇਆ। ਇਸ ਬੰਬ ਨੂੰ ਕਿਸ ਨੇ ਚਲਾਇਆ, ਉਸ ਸਮੇਂ ਇਸਦਾ ਕੋਈ ਪਤਾ ਨਹੀਂ ਸੀ ਲੱਗਾ ਪਰ ਪੁਲਿਸ ਦੁਆਰਾ ਮਜ਼ਦੂਰਾਂ ਉੱਤੇ ਬੇ-ਤਹਾਸ਼ਾ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਟੇ ਵਜੋਂ ਸੱਤ ਮਜ਼ਦੂਰ ਮਾਰੇ ਗਏ। ਇਨ੍ਹਾਂ ਘਟਨਾਵਾਂ ਦੇ ਸੰਦਰਭ ਵਿੱਚ ਭਾਵੇਂ ਉਸ ਸਮੇਂ ਤੁਰੰਤ ਕੋਈ ਰੱਦੇ-ਅਮਲ ਵੇਖਣ ਨੂੰ ਨਹੀਂ ਸੀ ਮਿਲਿਆ, ਪਰ ਕੁਝ ਸਮਾਂ ਪੈਣ ਬਾਅਦ ਅਮਰੀਕਾ ਵਿਖੇ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਅਤੇ ਇਹ ਇੱਕ ਤਰ੍ਹਾਂ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਸੀ। ਮੌਜੂਦਾ ਸਮੇਂ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹਨ।
ਅੱਜ ਜਦ ਅਸੀਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਤੋਂ ਕਰੀਬ 1450 ਸੌ ਸਾਲ ਪਹਿਲਾਂ ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸ) ਨੇ ਮਜ਼ਦੂਰਾਂ ਦੇ ਹੱਕਾਂ ਦੀ ਨਾ ਸਿਰਫ ਗੱਲ੍ ਕੀਤੀ ਬਲਕਿ ਵਿਸ਼ੇਸ਼ ਰੂਪ ਵਿੱਚ ਦੁਨੀਆਂ ਦੇ ਤਮਾਮ ਲੋਕਾਂ ਨੂੰ ਇਹ ਦਿਸ਼ਾ ਨਿਰਦੇਸ਼ ਵੀ ਦਿੱਤੇ ਕਿ “ਮਜ਼ਦੂਰ ਦੀ ਮਜ਼ਦੂਰੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿੱਤੀ ਜਾਵੇ।” ਅਤੇ ਹਜ਼ਰਤ ਮੁਹੰਮਦ (ਸ) ਜੀ ਨੇ ਆਪਣੇ ਆਖਰੀ ਸੰਬੋਧਨ ਦੌਰਾਨ ਵੀ ਪੂਰੇ ਵਿਸ਼ਵ ਦੇ ਲੋਕਾਂ ਨੂੰ ਆਪਣੇ ਮਾਤਹਿਤ ਕੰਮ ਕਰਦੇ ਕਾਰਿੰਦਿਆਂ (ਖਾਦਿਮਾਂ) ਭਾਵ ਮਜ਼ਦੂਰਾਂ ਦੇ ਹੱਕਾਂ ਨੂੰ ਅਦਾ ਕਰਦੇ ਰਹਿਣ ਲਈ ਵਿਸ਼ੇਸ਼ ਤੌਰ ’ਤੇ ਪ੍ਰੇਰਿਤ ਕੀਤਾ ਤੇ ਇਸਦੇ ਨਾਲ ਹੀ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਸ ਸੱਚੇ ਰੱਬ ਦੀ ਦਰਗਾਹ ਵਿੱਚ ਆਪਣਾ ਅੰਜਾਮ ਭੁਗਤਣ ਦੀ ਚਿਤਾਵਨੀ ਵੀ ਦਿੱਤੀ। ਉੱਥੇ ਹੀ ਆਪ ਜੀ ਦੀ ਇੱਕ ਹਦੀਸ ਜੋ ਕਿ ਮਜ਼ਦੂਰਾਂ ਦੇ ਸੰਦਰਭ ਵਿੱਚ ਹੈ ਜਿਸਦੇ ਅਨੁਸਾਰ ਮੁਲਾਜ਼ਮ ਜਾਂ ਮਜ਼ਦੂਰ ਵਰਗ ਨੂੰ ਵੀ ਇਹ ਬਸ਼ਾਰਤ (ਖੁਸ਼-ਖਬਰੀ) ਸੁਣਾਈ ਗਈ ਹੈ ਕਿ ਜੇਕਰ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਪਣੇ ਮਾਲਕ ਦੀ ਫਰਮਾ-ਬਰਦਾਰੀ ਵੀ ਕਰਦੇ ਹਨ ਤਾਂ ਯਕੀਨਨ ਉਹਨ੍ਹਾਂ ਦੇ ਜੰਨਤ ਵਿੱਚ ਦੋ ਦਰਜੇ ਜਾਂ ਮੁਕਾਮ ਹੋਣਗੇ।
ਇਸੇ ਪ੍ਰਕਾਰ ਜਦੋਂ ਅਸੀਂ ਗੱਲ ਭਾਰਤ ਦੇ ਸੰਦਰਭ ਵਿੱਚ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਪਹਿਲਾਂ ਪਹਿਲ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਉਦੋਂ ਆਵਾਜ਼ ਬੁਲੰਦ ਕੀਤੀ, ਜਦ ਉਹਨਾਂ ਨੇ ਉਸ ਸਮੇਂ ਦੇ ਹੰਕਾਰੀ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਅਤੇ ਇਸਦੀ ਥਾਂ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਤਰਜੀਹ ਦਿੱਤੀ।
ਜੇਕਰ ਗੱਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਕਰੀਏ ਤਾਂ ਇਸ ਸੰਧਰਭ ਵਿੱਚ ਉਨ੍ਹਾਂ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ ...!
ਇਸ ਤੋਂ ਇਲਾਵਾ ਉਰਦੂ ਦੇ ਤਰੱਕੀ ਪਸੰਦ ਸ਼ਾਇਰਾਂ ਨੇ ਮਜ਼ਦੂਰਾਂ ਦੇ ਜੀਵਨ ਨੂੰ ਦਰਪੇਸ਼ ਪਰੇਸ਼ਾਨੀਆਂ ਨੂੰ ਆਪਣੀ ਸ਼ਾਇਰੀ ਦੇ ਜਾਮੇ ਵਿੱਚ ਸਮੋ ਕੇ ਅਵਾਮ ਦੇ ਰੂ-ਬ-ਰੂ ਪੇਸ਼ ਕੀਤਾ ਹੈ।
ਗੱਲ ਕਰਦੇ ਹਾਂ ਮੁਹੱਬਤ ਦੀ ਉਦਾਹਰਣ ਸਮਝੇ ਜਾਂਦੇ “ਤਾਜ ਮਹਿਲ” ਦੀ ਜਿਸਦੇ ਸੰਦਰਭ ਵਿੱਚ ਸਾਹਿਰ ਲੁਧਿਆਣਵੀ ਦਾ ਆਪਣੇ ਮਹਿਬੂਬ ਨੂੰ ਜੋ ਉਨ੍ਹਾਂ ਨੂੰ ਤਾਜ ਮਹਿਲ ਵਿੱਚ ਮਿਲਣ ਦੀ ਜ਼ਿੱਦ ਕਰਦਾ ਹੈ ਤਾਂ ਉਸ ਨੂੰ “ਤਾਜ ਮਹਿਲ” ਵਿੱਚ ਮਿਲਣ ਤੋਂ ਸਾਫ ਮਨ੍ਹਾਂ ਕਰਦੇ ਹੋਏ ਤਾਕੀਦ ਕਰਦੇ ਹਨ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਨਹੀਂ ਸਗੋਂ ਇਹ ਸਰਮਾਏਦਾਰਾਨਾ ਨਿਜ਼ਾਮ ਵਲੋਂ ਸਾਡੇ ਮਜ਼ਦੂਰ ਲੋਕਾਂ ਦੀ ਮੁਹੱਬਤ ਦਾ ਮਜ਼ਾਕ ਉਡਾਉਣ ਦੀ ਕੋਝੀ ਕੋਸ਼ਿਸ਼ ਹੈ, ਕਿਉਂ ਜੋ ਤਾਜ ਮਹਿਲ ਨੂੰ ਸੁੰਦਰ ਸ਼ਕਲ ਦੇਣ ਵਾਲੇ ਮਜ਼ਦੂਰਾਂ ਨੂੰ ਵੀ ਆਪਣੀਆਂ ਪਤਨੀਆਂ ਨਾਲ ਸ਼ਹਿਨਸ਼ਾਹ ਵਾਂਗ ਹੀ ਪਿਆਰ ਹੋਵੇਗਾ ਪਰ ਦੁਖਾਂਤ ਇਹ ਕਿ ਉਹਨਾਂ ਪਾਸ ਆਪਣੀਆਂ ਪਤਨੀਆਂ ਦੀ ਮੁਹੱਬਤ ਨੂੰ ਯਾਦਗਾਰ ਬਣਾਉਣ ਲਈ ਸੰਸਾਧਨ ਨਹੀਂ ਸਨ। ਇੱਥੋਂ ਤਕ ਕਿ ਉਹਨਾਂ ਮਜ਼ਦੂਰਾਂ ਦਾ ਜੀਵਨ ਕਦੇ ਨਾ ਖਤਮ ਹੋਣ ਵਾਲੇ ਅੰਧਕਾਰ ਵਿੱਚ ਡੁੱਬ ਕੇ ਰਹਿ ਗਿਆ। ਉਹ ਆਖਦੇ ਹਨ:
ਤਾਜ ਤੇਰੇ ਲੀਏ ਇੱਕ ਮਜ਼ਹਰ-ਏ-ਉਲਫਤ ਹੀ ਸਹੀ,
ਤੁਝ ਕੋ ਇਸ ਵਾਦੀ-ਏ-ਰੰਗੀਂ ਸੇ ਅਕੀਦਤ ਹੀ ਸਹੀ,
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਸੇ।।
ਬਜ਼ਮ-ਏ-ਸ਼ਾਹੀ ਮੇਂ ਗਰੀਬੋਂ ਕਾ ਗੁਜ਼ਰ ਕਿਯਾ ਮਾਅਨੀ,
ਜਦੋਂ ਕਿ ਕਿਸਾਨਾਂ ਦੀ ਆਰਥਿਕ ਖਸਤਾ ਹਾਲਤ ਦੇ ਮੱਦ-ਏ-ਨਜ਼ਰ ਉਰਦੂ ਦੇ ਮਹਾਨ ਕਵੀ ਅੱਲਾਮਾ ਇਕਬਾਲ ਨੇ ਕਿਹਾ ਸੀ:
ਉੱਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ।
ਕਾਖ-ਏ-ਉਮਰਾ ਕੇ ਦਰ-ਉ-ਦੀਵਾਰ ਹਿਲਾ ਦੋ।
ਜਿਸ ਖੇਤ ਸੇ ਦਹਿਕਾਨ ਕੋ ਮੁਯੱਸਰ ਨਹੀਂ ਰੋਜ਼ੀ।
ਉਸ ਖੇਤ ਹਰ ਖੂਸ਼ਾ-ਏ-ਗੰਦੁਮ ਕੋ ਜਲਾ ਦੋ।
ਅੱਜ ਵਧੇਰੇ ਸਰਕਾਰੀ ਤੇ ਗ਼ੈਰ-ਸਰਕਾਰੀ ਦਫਤਰਾਂ ਵਿੱਚ ਮੁਲਾਜ਼ਮਾਂ ਦੇ ਜਿਸ ਪ੍ਰਕਾਰ ਦੇ ਹਾਲਾਤ ਹਨ ਉਸਦੀ ਤਸਵੀਰ ਇੱਕ ਆਧੁਨਿਕ ਸ਼ਾਇਰ ਨੇ ਕੁਝ ਇਸ ਤਰ੍ਹਾਂ ਉਤਾਰੀ ਹੈ:
ਵੋਹ ਮੁਲਾਜ਼ਿਮ ਹੈ ਉਸੇ ਹੁਕਮ ਹੈ ਘਰ ਜਾਏ ਨਾ,
ਮੁਝ ਕੋ ਡਰ ਹੈ ਕਹੀਂ ਦਫਤਰ ਹੀ ਮੇਂ ਮਰ ਜਾਏ ਨਾ।
ਸਖਤ ਮਿਹਨਤ ਦੇ ਬਾਵਜੂਦ ਵੀ ਜਦ ਇੱਕ ਮਜ਼ਦੂਰ ਆਪਣੇ ਬੱਚਿਆਂ ਦੇ ਦਿਲੀ ਅਰਮਾਨ ਪੂਰੇ ਕਰਨ ਜੋਗੇ ਪੈਸੇ ਨਹੀਂ ਜੁਟਾ ਪਾਉਂਦਾ ਤਾਂ ਅਜਿਹੇ ਹਾਲਾਤ ਵਿੱਚ ਇੱਕ ਬੱਚਾ ਜਦ ਆਪਣੇ ਗ਼ਰੀਬ ਮਜ਼ਦੂਰ ਪਿਤਾ ਨਾਲ ਬਾਜ਼ਾਰ ਜਾਂਦਾ ਹੈ ਤਾਂ ਬੱਚਾ, ਜਿਸ ਨੂੰ ਕਿ ਆਪਣੀ ਘਰੇਲੂ ਤੰਗ-ਦਸਤੀ ਦਾ ਇਲਮ ਹੈ ਤੇ ਉਹ ਚਾਹੁੰਦੇ ਹੋਏ ਵੀ ਆਪਣੇ ਪਿਤਾ ਤੋਂ ਖਿਡੌਣੇ ਲੈਣ ਦੀ ਜ਼ਿੱਦ ਨਹੀਂ ਕਰਦਾ ਇਸੇ ਪ੍ਰਸਥਿਤੀ ਦੀ ਵਿਆਖਿਆ ਇੱਕ ਕਵੀ ਨੇ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ:
ਉਸੇ ਭੀ ਮੇਰੀ ਮੁਆਸ਼ੀ ਹੈਸੀਅਤ ਕਾ ਇਲਮ ਹੈ ਸ਼ਾਇਦ,
ਮੇਰਾ ਬੱਚਾ ਅੱਬ ਮਹਿੰਗੇ ਖਿਲੌਣੇ ਛੋੜ ਜਾਤਾ ਹੈ।
ਇੱਕ ਮਜ਼ਦੂਰ ਦੇ ਮਿਹਨਤ ਸਦਕਾ ਜੋ ਉਸ ਦੇ ਹੱਥਾਂ ’ਤੇ ਅੱਟਣ ਪੈ ਜਾਂਦੇ ਹਨ, ਉਸ ਸੰਬੰਧੀ ਕਵੀ ਜਾਂ-ਨਿਸਾਰ ਅਖਤਰ ਫਰਮਾਉਂਦੇ ਹਨ:
ਔਰ ਤੋਂ ਮੁਝ ਕੋ ਮਿਲਾ ਕਿਯਾ ਮੇਰੀ ਮਿਹਨਤ ਕਾ ਸਿਲਾ
ਚੰਦ ਸਿੱਕੇ ਹੈਂ, ਮੇਰੇ ਹਾਥ ਮੇਂ ਛਾਲੋਂ ਕੀ ਤਰ੍ਹਾਂ।
ਦਿਹਾੜੀਦਾਰ ਮਜ਼ਦੂਰਾਂ ਦੀ ਹਾਲਤ ਜਿਹੜੀ ਕਿ ਪਹਿਲਾਂ ਹੀ ਬਹੁਤ ਤਰਸਯੋਗ ਸੀ ਅੱਜ ਕਰੋਨਾ ਦੇ ਚੱਲਦਿਆਂ ਉਨ੍ਹਾਂ ਨੂੰ ਦਾਣੇ ਦਾਣੇ ਲਈ ਮੁਥਾਜ ਕਰ ਦਿੱਤਾ ਹੈ। ਹਰ ਮਜ਼ਦੂਰ ਦੀ ਆਪਣੀ ਇੱਕ ਵੱਖਰੀ ਕਹਾਣੀ ਹੈ, ਇਸਦੇ ਬਾਵਜੂਦ ਵਿਸ਼ਾ ਸਭ ਦਾ ਇੱਕੋ ਜਿਹਾ ਹੈ।
ਕੁਝ ਦਿਨ ਪਹਿਲਾਂ ਇੱਕ ਅਖਬਾਰ ਵਿੱਚ ਤਸਵੀਰ ਛਪੀ ਸੀ ਜਿਸ ਵਿੱਚ ਅੰਤਾਂ ਦੀ ਗਰੀਬੀ ਦੇ ਚੱਲਦਿਆਂ ਕੁਝ ਬੱਚੇ ਘਾਹ ਖਾਂਦੇ ਵਿਖਾਈ ਦੇ ਰਹੇ ਸਨ। ਯਕੀਨਨ ਇਸ ਤਸਵੀਰ ਨੇ ਉਸ ਸਮੇਂ ਦਿਲ ਅਤੇ ਦਿਮਾਗ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਨਾਲ ਹੀ ਸਾਡੀਆਂ ਤਰੱਕੀਆਂ ਦੇ ਤਮਾਮ ਦਾਅਵਿਆਂ ਨੂੰ ਝੁਠਲਾ ਦਿੱਤਾ ਸੀ।
ਇਸੇ ਤਰ੍ਹਾਂ ਪਿਛਲੇ ਦਿਨੀਂ ਇੱਕ ਨਿਊਜ਼ ਚੈਨਲ ਦੇ ਪੱਤਰਕਾਰ ਨੇ ਉਤਰਾਖੰਡ ਦੇ ਗੋਪਾਲ ਅਤੇ ਉਸ ਦੀ ਪਤਨੀ ਮਹਿਕ ਦੀ ਦਿਲ ਚੀਰ ਦੇਣ ਵਾਲੀ ਹਕੀਕੀ ਕਹਾਣੀ ਵਿਖਾਈ ਜੋ ਕਿ ਦਿੱਲੀ ਵਿਖੇ ਸ਼ਾਇਦ ਇੱਕ ਉਸਾਰੀ ਅਧੀਨ ਬਿਲਡਿੰਗ ਵਿੱਚ ਮਜ਼ਦੂਰੀ ਕਰਦੇ ਸਨ ਕਿ ਇਸੇ ਵਿਚਕਾਰ ਕਰੋਨਾ ਵਾਇਰਸ ਦੇ ਚੱਲਦਿਆਂ ਅਚਾਨਕ ਲਾਕ-ਡਾਊਨ ਹੋ ਗਿਆ ਤਾਂ ਉਹ ਦੇਸ਼ ਦੇ ਹਜ਼ਾਰਾਂ ਮਜ਼ਦੂਰਾਂ ਵਾਂਗ ਆਪਣੇ ਕੰਮ ਵਾਲੇ ਸਥਾਨ ’ਤੇ ਹੀ ਫਸ ਕੇ ਰਹਿ ਗਏ। ਇਸੇ ਵਿਚਕਾਰ 22 ਸਾਲਾ ਮਹਿਕ, ਜੋ ਗਰਭਵਤੀ ਸੀ ਨੇ ਇੱਕ ਲੜਕੀ ਨੂੰ ਜਨਮ ਦਿੱਤਾ। ਇਸ ਸੰਦਰਭ ਵਿੱਚ ਜਦੋਂ ਟੀ ਵੀ ਚੈਨਲ ਦੇ ਐਂਕਰ ਨੇ ਦੋਵਾਂ ਪਤੀ ਪਤਨੀ ਤੋਂ ਲਾਕ-ਡਾਊਨ ਵਿਚਕਾਰ ਕਟ ਰਹੀ ਜ਼ਿੰਦਗੀ ਬਾਰੇ ਪੁੱਛਿਆ ਤਾਂ ਉਹਨਾਂ ਦੋਵਾਂ ਦੀ ਭੁੱਬ ਨਿਕਲ ਗਈ ਤੇ ਜ਼ਾਰੋ-ਕਤਾਰ ਰੋਂਦੇ ਹੋਏ ਉਨ੍ਹਾਂ ਜੋ ਦਰਦ ਬਿਆਨ ਕੀਤਾ ਉਸ ਨੂੰ ਵੇਖਦਿਆਂ ਤੇ ਸੁਣਦਿਆਂ ਸ਼ਾਇਦ ਪੱਥਰ ਵੀ ਪਿਘਲ ਜਾਣ। ਮਹਿਕ ਰੋਂਦੀ ਹੋਈ ਆਖਦੀ ਹੈ, “ਦੋ ਦਿਨ ਸੇ ਸਿਰਫ ਸੂਖਾ ਚਾਵਲ ਖਾਇਆ ਹੈ, ਦੂਧ ਨਹੀਂ ਉੱਤਰ ਰਹਾ ਹੈ, ਆਠ ਦਿਨ ਕੀ ਬੱਚੀ ਕੋ ਕਿਆ ਪਿਲਾਊਂ ...”
ਇਸੇ ਤਰ੍ਹਾਂ ਇੱਕ ਹੋਰ ਵਾਇਰਲ ਵੀਡੀਓ ਵੀ ਸਾਡੇ ਤਰੱਕੀ ਯਾਫਤਾ ਹੋਣ ਦੀਆਂ ਤਮਾਮ ਫੜ੍ਹਾਂ ਦੇ ਮੂਹ ਉੱਤੇ ਚਪੇੜਾਂ ਮਾਰਦੀ ਪ੍ਰਤੀਤ ਹੁੰਦੀ ਹੈ। ਇਸ ਵੀਡੀਓ ਵਿੱਚ ਇੱਕ ਭੁੱਖ ਨਾਲ ਟੁੱਟੀ ਔਰਤ ਕੁੱਤੇ ਦੇ ਮੂੰਹੋਂ ਰੋਟੀ ਖੋਂਹਦੀ ਵੇਖੀ ਜਾ ਸਕਦੀ ਹੈ ...!
ਇਸੇ ਤਰ੍ਹਾਂ ਆਗਰਾ ਦੇ ਬਜ਼ਾਰ ਦੀ ਤਸਵੀਰ ਜੋ ਇੱਕ ਹੋਰ ਤ੍ਰਾਸਦੀ ਬਿਆਨ ਕਰਦੀ ਹੈ ਇਸ ਵਿੱਚ ਇੱਕ ਸੜਕ ਤੇ ਦੁੱਧ ਡੁੱਲ੍ਹਿਆ ਪਿਆ ਹੈ ਵੀਡੀਓ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਉਸ ਦੁੱਧ ਨੂੰ ਇੱਕ ਗਰੀਬੜਾ ਵਿਅਕਤੀ ਆਪਣੇ ਉਂਜਲਾਂ ਰਾਹੀਂ ਇੱਕ ਮਿੱਟੀ ਦੇ ਬਰਤਨ ਵਿੱਚ ਇਕੱਠਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਭੁੱਖੇ ਕੁੱਤੇ ਉਸੇ ਡੁੱਲ੍ਹੇ ਹੋਏ ਦੁੱਧ ਨੂੰ ਆਪਣੀ ਜੀਭ ਨਾਲ ਚੱਟ ਰਹੇ ਹਨ।
ਇਸੇ ਤਰ੍ਹਾਂ ਰਾਜਧਾਨੀ ਦਿੱਲੀ ਦੇ ਯਮੁਨਾ ਨਦੀ ਦੇ ਪੁਲ ਹੇਠਲੀਆਂ ਕੁਝ ਤਸਵੀਰਾਂ ਅੱਜਕਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜੋ ਬਿਨਾਂ ਕੁਝ ਕਹੇ ਆਪਣੇ ਆਪ ਹੀ ਸਭ ਕੁਝ ਬਿਆਨ ਕਰਦੀਆਂ ਹਨ। ਤਸਵੀਰਾਂ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਸੈਕੜਿਆਂ ਦੀ ਗਿਣਤੀ ਵਿੱਚ ਲੋਕ ਪੁਲ ਦੇ ਹੇਠਾਂ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। ਇਨ੍ਹਾਂ ਦੇ ਪਾਸ ਨਾ ਕੋਈ ਛੱਤ ਹੈ ਅਤੇ ਨਾ ਹੀ ਕੋਈ ਵਿਛੌਣਾ ਹੈ ਅਤੇ ਨਾ ਹੀ ਕੋਈ ਖਾਣ ਪੀਣ ਦਾ ਸਮਾਨ। ਇਹ ਗੱਲਾਂ ਵੀ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਕਿ ਬੜੀ ਮੁਸ਼ਕਿਲ ਨਾਲ ਇਨ੍ਹਾਂ ਨੂੰ ਇੱਕ ਵਕਤ ਦਾ ਖਾਣਾ ਹੀ ਨਸੀਬ ਹੁੰਦਾ ਹੈ।
ਇੱਕ ਹੋਰ ਦਿਲਖਰਾਸ਼ ਤਸਵੀਰ ਵਿੱਚ ਕੁਝ ਪ੍ਰਵਾਸੀ ਮਜ਼ਦੂਰ ਸੁੱਟੇ ਹੋਏ ਸੜੇ ਹੋਏ ਕੇਲਿਆਂ ਵਿੱਚੋਂ ਆਪਣੇ ਭੁੱਖੇ ਪੇਟ ਭਰਨ ਲਈ ਕੁਝ ਕੇਲੇ ਚੁਣ ਰਹੇ ਹਨ।
ਹਫੀਜ਼ ਮੇਰਠੀ ਦਾ ਸ਼ੇਅਰ ਹੈ:
ਭੂਖ-ਮਰੀ ਔਰ ਪੇਸ਼ਾਵਰੀ ਕੀ ਯੇਹ ਜਿੰਦਾ ਤਸਵੀਰੇਂ ਹੈ।
ਇੱਕ ਚੁੱਪ ਹੈ ਹਾਥ ਫੈਲਾਏ ਇੱਕ ਚਿੱਲਾ ਕਰ ਮਾਂਗੇ ਹੈ।
ਕੁਝ ਦਿਨ ਪਹਿਲਾਂ ਮੈਂ ਇੱਕ ਨਜ਼ਮ ਲਿਖੀ ਜਿਸਦਾ ਉਨਵਾਨ ‘ਮਜ਼ਦੂਰ’ ਹੈ ਮੈਂ ਆਪਣੇ ਪਾਠਕਾਂ ਨਾਲ ਉਹ ਵੀ ਸਾਂਝੀ ਕਰਨੀ ਚਾਹਾਂਗਾ:
ਹਾਂ ਮੈਂ ਮਜ਼ਦੂਰ ਹਾਂ ...
ਜਿਸ ਨੇ ਮੁੱਢ ਕਦੀਮੋਂ ਆਪਣੇ ਅਰਮਾਨਾਂ ਦਾ ਗਲਾ ਘੁੱਟ,
ਜ਼ਰੂਰਤਾਂ ਨੂੰ ਬਾ-ਮੁਸ਼ਕਿਲ ਪੂਰਾ ਕੀਤਾ।
ਗਰੀਬੀ ਦਾ ਦਰਦ ਪਿੰਡੇ ਹੰਢਾਉਂਦਿਆਂ,
ਆਪਣੀ ਆਤਮਾ ਤਕ ਨੂੰ ਛਲਣੀ ਕੀਤਾ।
ਜਿਹਦੀ ਮਿਹਨਤ ਸਦਕਾ, ਚਿਮਨੀਆਂ ਵਿੱਚੋਂ ਨਿਕਲਦੇ ਧੂਏਂ ਨੇ,
ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ।
ਪਰ ਉਨ੍ਹਾਂ!
ਮੇਰੀ ਅਣਥੱਕ ਮਿਹਨਤ ਦਾ ਹਰ ਵੇਲੇ ਸ਼ੋਸ਼ਣ ਕੀਤਾ।
ਹਾਂ ਮੈਂ ਮਜ਼ਦੂਰ ਹਾਂ ...
ਜਿਨ੍ਹੇ ਚੀਨ ਦੀ ਦੀਵਾਰ ਤੋਂ ਲੈ ਲਾਲ ਕਿਲ੍ਹੇ ਉਸਾਰੇ!
ਜਿਨ੍ਹੇ ਖੁਦ ਦੀ ਮੁਹੱਬਤ ਦੇ ਗਲੇ ਘੁੱਟ।
ਤਾਜ ਮਹਿਲ ਦੀ ਤਾਅਮੀਰ ਕਰ,
ਸ਼ਾਹਜਹਾਂ ਮੁਮਤਾਜ਼ ਦੇ ਪਿਆਰ ਨੂੰ ਲਾਸਾਨੀ ਪਹਿਚਾਣ ਦਿੱਤੀ।
ਹਾਂ ਮੈਂ ਮਜ਼ਦੂਰ ਹਾਂ ...
ਮੇਰੇ ਕਿੰਨੇ ਹੀ ਰੰਗ ਤੇ ਰੂਪ ਨੇ
ਪਰ ਜਿਸ ਨੂੰ ਆਖਦੇ ਨੇ ਤਕਦੀਰ,
ਉਹ ਸਭਨਾਂ ਦੀ ਇੱਕੋ ਜਿਹੀ ਹੈ।
ਮੈਂ ਖੇਤਾਂ, ਫੈਕਟਰੀਆਂ ਉਸਾਰੀ ਅਧੀਨ ਇਮਾਰਤਾਂ ਵਿੱਚ ਮੌਜੂਦ ਹਾਂ।
ਹਾਂ ਮੈਂ ਮਜ਼ਦੂਰ ਹਾਂ!
ਮੈਂ ਅਕਸਰ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿੱਚ
ਅਫਸਰ ਹਾਕਮਾਂ ਦੀਆਂ ਝਿੜਕਾਂ ਖਾਣ ਲਈ ਮਜ਼ਬੂਤ ਹਾਂ
ਕੁਦਰਤੀ ਆਫਤ ਹੋਏ ਜਾਂ ਫਿਰਕੂ ਦੰਗਾ ਕੋਈ,
ਪਲੇਗ ਹੋਏ ਜਾਂ ਕਰੋਨਾ ਵਾਇਰਸ ਕੋਈ,
ਮੈਂ ਹਰ ਥਾਂ ਮੁਢਲੀਆਂ ਸਫਾ ’ਚ
ਕੁਰਬਾਨੀ ਦੇਣ ਲਈ ਮਜਬੂਰ ਹਾਂ!
ਹਾਂ ਮੈਂ ਮਜ਼ਦੂਰ ਹਾਂ..!
ਕਹਿੰਦੇ ਮਨੁੱਖ ਬਹੁਤ ਤਰੱਕੀ ਕਰ ਗਿਆ ਏ।
ਚੰਨ੍ਹ ’ਤੇ ਫਤਿਹ ਪਾ, ਮੰਗਲ ਵਲ ਵਧ ਗਿਆ ਏ।
ਪਰ ਮੇਰੇ ਲਈ ਰੋਜ਼ੀ ਰੋਟੀ ਦੇ ਮਸਲੇ ਬੜੇ ਨੇ।
ਕਹਿੰਦੇ ਸੰਵਿਧਾਨ ਵਿੱਚ ਮਨੁੱਖਾਂ ਲਈ ਅਧਿਕਾਰ ਬੜੇ ਨੇ।
ਮੇਰੇ ਸਾਹਮਣੇ ਹਾਲੇ ਵੀ ਹਨੇਰੇ ਬੜੇ ਨੇ ...!
ਹਨੇਰੇ ਬੜੇ ਨੇ..!! ਹਨੇਰੇ ਬੜੇ ਨੇ...!!!
ਅੱਜ ਜ਼ਰੂਰਤ ਹੈ ਸਮੁੱਚੀ ਗਰੀਬ ਮਨੁੱਖਤਾ ਨੂੰ ਹਨੇਰੇ ਵਿੱਚੋਂ ਕੱਢਣ ਦੀ। ਇਸਦੇ ਨਾਲ ਹੀ ਅੱਜ ਲੋਕਾਈ ਗ਼ਰੀਬੀ, ਬੇਰੋਜ਼ਗਾਰੀ, ਮਹਿੰਗਾਈ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਜਿਹੀਆਂ ਸਮੱਸਿਆਵਾਂ ਤੋਂ ਪਹਿਲਾਂ ਹੀ ਡਾਢੀ ਲਿਤਾੜੀ ਹੋਈ ਹੈ। ਹੁਣ ਕਰੋਨਾ ਵਿਚਲੇ ਲਾਕ-ਡਾਊਨ ਦੇ ਚੱਲਦਿਆਂ ਮੁਲਕ ਦੇ ਗਰੀਬ ਅਵਾਮ ਇੱਕ ਪ੍ਰਕਾਰ ਦੋ ਪੁੜਾਂ ਵਿੱਚ ਪਿਸਣ ਲਈ ਮਜ਼ਬੂਰ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿਦਕ ਦਿਲੀ ਅਤੇ ਸੁਹਿਰਦਤਾ ਨਾਲ ਇਨ੍ਹਾਂ ਤਮਾਮ ਮੁਸੀਬਤਾਂ ਤੋਂ ਦੇਸ਼ ਦੇ ਲੋਕਾਂ ਨੂੰ ਨਿਜਾਤ ਦਿਵਾਉਣ। ਹਾਲ ਦੀ ਘੜੀ ਇਹੋ ਸੱਚੀ ਦੇਸ਼ ਭਗਤੀ ਤੇ ਇਹੋ ਸੱਚਾ ਰਾਸ਼ਟਰਵਾਦ ਹੋਵੇਗਾ ...!
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2093)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)