MohdAbbasDhaliwal7ਅੱਜ ਭਾਵੇਂ ਮਈ ਦਿਵਸ ਦੀ ਸ਼ੁਰੂਆਤ ਹੋਇਆਂ ਇੱਕ ਸਦੀ ਤੋਂ ਵੀ ਉੱਪਰ ਸਮਾਂ ਹੋ ਚੁੱਕਾ ਹੈ ਪਰ ਜਦੋਂ ਅਸੀਂ ...
(1 ਮਈ 2019)

 

ਕੋਈ ਸਮਾਂ ਸੀ ਜਦ ਅਕਸਰ ਸਰਮਾਏਦਾਰ ਜਾਂ ਸਨਅਤੀ ਘਰਾਨਿਆਂ ਨੂੰ ਹੀ ਮੁਲਾਜ਼ਮ ਜਾਂ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਤਾ ਸਮਝਿਆ ਜਾਂਦਾ ਸੀ ਪਰ ਵੇਖਿਆ ਜਾਏ ਤਾਂ ਅੱਜ ਖਾਲੀ ਉਕਤ ਵਰਗ ਨੂੰ ਹੀ ਮਜ਼ਦੂਰਾਂ ਦਾ ਸ਼ੋਸ਼ਣ ਕਰਤਾ ਨਹੀਂ ਕਿਹਾ ਜਾ ਸਕਦਾ ਸਗੋਂ ਅੱਜ ਹਾਲਾਤ ਇਹ ਹਨ ਕਿ ਜੋ ਸਰਕਾਰਾਂ ਕਦੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਿਆ ਕਰਦੀਆਂ ਸਨ, ਅੱਜ ਉਹੀਓ ਆਪਣੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਵੱਖ-ਵੱਖ ਦਾਅ-ਪੇਚਾਂ ਰਾਹੀਂ ਅੱਲਗ-ਅਲੱਗ ਮਹਿਕਮਿਆਂ ਵਿੱਚ ਨਿਗੁਣੀਆਂ ਤਨਖਾਹਾਂ ਅਤੇ ਠੇਕੇ ਉੱਤੇ ਮੁਲਾਜ਼ਮਾਂ ਦੀ ਭਰਤੀ ਕਰਕੇ ਨਾ ਸਿਰਫ ਇਹਨਾਂ ਦਾ ਆਰਥਿਕ ਸ਼ੋਸ਼ਣ ਕਰ ਰਹੀਆਂ ਹਨ ਬਲਕਿ ਮੁਲਾਜ਼ਮਾਂ ਦੇ ਮੁੱਢਲੇ ਅਧਿਕਾਰਾਂ ਦਾ ਸਰ-ਏ-ਆਮ ਘਾਣ ਕਰ ਰਹੀਆਂ ਹਨ ਪੀੜਤ ਮੁਲਾਜ਼ਮਾਂ, ਮਜ਼ਦੂਰਾਂ ਜਾਂ ਕਿਸਾਨਾਂ ਦਾ ਵਰਗ ਜਦ ਕਦੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਬੇਤਹਾਸ਼ਾ ਜ਼ੁਲਮ-ਓ-ਤਸ਼ੱਦਦ ਸਹਿਣਾ ਪੈਂਦਾ ਹੈ

ਮਸਲਾ ਚਾਹੇ ‘ਵੰਨ ਰੈਂਕ ਵਨ ਪੈਨਸ਼ਨ’ ਦਾ ਹੋਵੇ ਜਾਂ ‘ਇਕੁਅਲ ਪੇ ਇਕੁਅਲ ਵਰਕ’ ਦਾ ਜਾਂ ਫਿਰ ਪੁਰਾਣੀ ਪੈਨਸ਼ਨ ਬਹਾਲੀ ਦਾ, ਮੁਲਾਜ਼ਮ ਵਰਗ ਹਰ ਪਾਸੇ ਸਿਸਟਮ ਤੋਂ ਖੁਦ ਨੂੰ ਠੱਗਿਆ ਠੱਗਿਆ ਅਨੁਭਵ ਕਰਦਾ ਹੈ ਹਾਲਾਂਕਿ ਸੁਪਰਿਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਮੁਲਾਜ਼ਮਾਂ ਦੇ ਹਕੂਕ ਦੀ ਹਿਫਾਜ਼ਤ ਕਰਦਿਆਂ ਇਹ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਇੱਕੋ ਕੰਮ ਦੇ ਲਈ ਇੱਕੋ ਤਨਖਾਹ (Equal work equal pay) ਭਾਵ ਇੱਕੋ ਜਿਹੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇੱਕੋ ਜਿਹੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਅਕਸਰ ਸਰਕਾਰਾਂ ਕੋਰਟ ਦੇ ਉਕਤ ਦਿਸ਼ਾ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ ਤੇ ਇਨ੍ਹਾਂ ਦੀ ਪਾਲਣਾ ਕਰਨ ਦੀ ਥਾਂ ਅਕਸਰ ਮਾੜੇ ਵਿੱਤੀ ਹਾਲਾਤ ਦਾ ਰੋਣਾ ਰੋਂਦਿਆਂ ਵਿਸ਼ੇਸ਼ ਤੌਰ ’ਤੇ ਨਵੇਂ ਭਰਤੀ ਮੁਲਾਜ਼ਮਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਦੀਆਂ ਨਜ਼ਰ ਆਉਂਦੀਆਂ ਹਨ

ਅੱਜ ਭਾਵੇਂ ਮਈ ਦਿਵਸ ਦੀ ਸ਼ੁਰੂਆਤ ਹੋਇਆਂ ਇੱਕ ਸਦੀ ਤੋਂ ਵੀ ਉੱਪਰ ਸਮਾਂ ਹੋ ਚੁੱਕਾ ਹੈ ਪਰ ਜਦੋਂ ਅਸੀਂ ਆਪਣੇ ਖੇਤ ਮਜ਼ਦੂਰਾਂ, ਸਨਅਤੀ ਅਦਾਰਿਆਂ ਵਿੱਚ ਕੰਮ ਕਰਦੇ ਕਾਰਿੰਦਿਆਂ ਤੇ ਹੋਰ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਰੋਜ਼ਾਨਾ ਜੀਵਨ ਉੱਤੇ ਝਾਤ ਮਾਰਦੇ ਹਾਂ ਤਾਂ ਸਾਨੂੰ ਉਨ੍ਹਾਂ ਦੇ ਜੀਵਨ ਵਿੱਚ ਕੋਈ ਬਹੁਤੀ ਤਬਦੀਲੀ ਆਈ ਮਹਿਸੂਸ ਨਹੀਂ ਹੁੰਦੀ ਕਿੰਨੇ ਸੋਹਣੇ ਸ਼ਬਦਾਂ ਵਿੱਚ ਇੱਕ ਕਵੀ ਨੇ ਉਕਤ ਖਿਆਲ ਨੂੰ ਆਪਣੇ ਇਨ੍ਹਾਂ ਸ਼ਬਦਾਂ ਵਿੱਚ ਜ਼ਾਹਿਰ ਕੀਤਾ ਹੈ ਕਿ:

ਆਜ ਭੀ ਦੌਰ-ਏ-ਹਕੂਮਤ ਵਹੀ ਪਹਿਲੇ ਸਾ ਹੈ
ਆਜ ਭੀ ਗੁਜ਼ਰੇ ਹੂਏ ਵਕਤ ਕਾ ਖਾਦਿਮ ਹੂੰ ਮੈਂ

ਅਸੀਂ ਵੇਖਦੇ ਹਾਂ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਖਤਲਿਫ ਪਾਰਟੀਆਂ ਗ਼ਰੀਬਾਂ ਨਾਲ ਕਿੰਨੇ ਹੀ ਕਿਸਮ ਦੇ ਵਾਅਦੇ ਕਰਦੀਆਂ ਹਨ ਪਰ ਸੱਤਾ ਪ੍ਰਾਪਤੀ ਉਪਰੰਤ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਕਸਰ ਭੁਲਾ ਦਿੱਤਾ ਜਾਂਦਾ ਹੈ ਤੇ ਗ਼ਰੀਬ ਅਤੇ ਬੇਬੱਸ ਅਵਾਮ ਨੂੰ ਕਦੇ ਧਰਮ, ਕਦੇ ਜ਼ਾਤ ਪਾਤ ਤੇ ਕਦੀ ਭਾਸ਼ਾ ਜਾਂ ਇਲਾਕਿਆਂ ਦੇ ਨਾਂ ’ਤੇ ਲੜਾ ਕੇ ਉਨ੍ਹਾਂ ਦਾ ਧਿਆਨ ਹਕੀਕੀ ਮੁੱਦਿਆਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

ਹੁਣ ਗੱਲ ਮਈ ਦਿਵਸ ਦੀ ਕਰੀਏ ਤਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ, ਪਹਿਲੀ ਮਈ ਪੂਰੇ ਵਿਸ਼ਵ ਵਿੱਚ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸਦੀ ਸ਼ੁਰੂਆਤ ਇੱਕ ਮਈ 1886 ਤੋਂ ਓਦੋਂ ਤੋਂ ਹੋਈ ਮੰਨੀ ਜਾਂਦੀ ਹੈ, ਜਦ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ ਅੱਠ ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ ਇਸੇ ਦੌਰਾਨ ਸ਼ਿਕਾਗੋ ਦੀ ਹੇਅ ਮਾਰਕਿਟ ਵਿਖੇ ਬੰਬ ਧਮਾਕਾ ਹੋਇਆਇਸ ਬੰਬ ਨੂੰ ਕਿਸ ਨੇ ਚਲਾਇਆ, ਉਸ ਸਮੇਂ ਇਸਦਾ ਕੋਈ ਪਤਾ ਨਹੀਂ ਸੀ ਲੱਗਾ ਪਰ ਪੁਲਿਸ ਦੁਆਰਾ ਮਜ਼ਦੂਰਾਂ ਉੱਤੇ ਬੇ-ਤਹਾਸ਼ਾ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਟੇ ਵਜੋਂ ਸੱਤ ਮਜ਼ਦੂਰ ਮਾਰੇ ਗਏ ਇਨ੍ਹਾਂ ਘਟਨਾਵਾਂ ਦੇ ਸੰਦਰਭ ਵਿੱਚ ਭਾਵੇਂ ਉਸ ਸਮੇਂ ਤੁਰੰਤ ਕੋਈ ਰੱਦੇ-ਅਮਲ ਵੇਖਣ ਨੂੰ ਨਹੀਂ ਸੀ ਮਿਲਿਆ, ਪਰ ਕੁਝ ਸਮਾਂ ਪੈਣ ਬਾਅਦ ਅਮਰੀਕਾ ਵਿਖੇ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਅਤੇ ਇਹ ਇੱਕ ਤਰ੍ਹਾਂ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਸੀ ਮੌਜੂਦਾ ਸਮੇਂ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹਨ

ਅੱਜ ਜਦ ਅਸੀਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਮੈਂ ਸਮਝਦਾ ਹਾਂ ਕਿ ਅੱਜ ਤੋਂ ਕਰੀਬ 1450 ਸੌ ਸਾਲ ਪਹਿਲਾਂ ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸ) ਨੇ ਮਜ਼ਦੂਰਾਂ ਦੇ ਹੱਕਾਂ ਦੀ ਨਾ ਸਿਰਫ ਗੱਲ੍ ਕੀਤੀ ਬਲਕਿ ਵਿਸ਼ੇਸ਼ ਰੂਪ ਵਿੱਚ ਦੁਨੀਆਂ ਦੇ ਤਮਾਮ ਲੋਕਾਂ ਨੂੰ ਇਹ ਦਿਸ਼ਾ ਨਿਰਦੇਸ਼ ਵੀ ਦਿੱਤੇ ਕਿ “ਮਜ਼ਦੂਰ ਦੀ ਮਜ਼ਦੂਰੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿੱਤੀ ਜਾਵੇ” ਅਤੇ ਹਜ਼ਰਤ ਮੁਹੰਮਦ (ਸ) ਜੀ ਨੇ ਆਪਣੇ ਆਖਰੀ ਸੰਬੋਧਨ ਦੌਰਾਨ ਵੀ ਪੂਰੇ ਵਿਸ਼ਵ ਦੇ ਲੋਕਾਂ ਨੂੰ ਆਪਣੇ ਮਾਤਹਿਤ ਕੰਮ ਕਰਦੇ ਕਾਰਿੰਦਿਆਂ (ਖਾਦਿਮਾਂ) ਭਾਵ ਮਜ਼ਦੂਰਾਂ ਦੇ ਹੱਕਾਂ ਨੂੰ ਅਦਾ ਕਰਦੇ ਰਹਿਣ ਲਈ ਵਿਸ਼ੇਸ਼ ਤੌਰ ’ਤੇ ਪ੍ਰੇਰਿਤ ਕੀਤਾ ਤੇ ਇਸਦੇ ਨਾਲ ਹੀ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਸ ਸੱਚੇ ਰੱਬ ਦੀ ਦਰਗਾਹ ਵਿੱਚ ਆਪਣਾ ਅੰਜਾਮ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਉੱਥੇ ਹੀ ਆਪ ਜੀ ਦੀ ਇੱਕ ਹਦੀਸ ਜੋ ਕਿ ਮਜ਼ਦੂਰਾਂ ਦੇ ਸੰਦਰਭ ਵਿੱਚ ਹੈ ਜਿਸਦੇ ਅਨੁਸਾਰ ਮੁਲਾਜ਼ਮ ਜਾਂ ਮਜ਼ਦੂਰ ਵਰਗ ਨੂੰ ਵੀ ਇਹ ਬਸ਼ਾਰਤ (ਖੁਸ਼-ਖਬਰੀ) ਸੁਣਾਈ ਗਈ ਹੈ ਕਿ ਜੇਕਰ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਪਣੇ ਮਾਲਕ ਦੀ ਫਰਮਾ-ਬਰਦਾਰੀ ਵੀ ਕਰਦੇ ਹਨ ਤਾਂ ਯਕੀਨਨ ਉਹਨ੍ਹਾਂ ਦੇ ਜਮਨਤ ਵਿੱਚ ਦੋ ਦਰਜੇ ਜਾਂ ਮੁਕਾਮ ਹੋਣਗੇ

ਇਸੇ ਪਰਕਾਰ ਜਦੋਂ ਅਸੀਂ ਗੱਲ ਭਾਰਤ ਦੇ ਸੰਦਰਭ ਵਿੱਚ ਕਰੀਏ ਤਾਂ ਗੁਰੁ ਨਾਨਕ ਦੇਵ ਜੀ ਨੇ ਵੀ ਪਹਿਲਾਂ ਪਹਿਲ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਉਦੋਂ ਆਵਾਜ਼ ਬੁਲੰਦ ਕੀਤੀ, ਜਦ ਉਹਨਾਂ ਨੇ ਉਸ ਸਮੇਂ ਦੇ ਹੰਕਾਰੀ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਅਤੇ ਇਸਦੀ ਥਾਂ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਤਰਜੀਹ ਦਿੱਤੀ

ਇਸੇ ਪ੍ਰਕਾਰ ਵੱਖ ਵੱਖ ਸਮਿਆਂ ਦੌਰਾਨ ਮਜ਼ਦੂਰਾਂ ਦੇ ਸ਼ੋਸ਼ਣ ਵਿਰੁੱਧ ਅਲੱਗ-ਅਲੱਗ ਕ੍ਰਾਂਤੀਕਾਰੀ ਆਪਣੀਆਂ ਆਵਾਜ਼ਾਂ ਬੁਲੰਦ ਕਰਦੇ ਰਹੇ ਤੇ ਵੱਖ-ਵੱਖ ਪ੍ਰਗਤੀਵਾਦੀ ਕਵੀਆਂ ਨੇ ਵੀ ਮਜ਼ਦੂਰਾਂ, ਕਿਰਤੀਆਂ ਦੇ ਹੱਕਾਂ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਇਸ ਸੰਦਰਭ ਵਿੱਚ ਜੇਕਰ ਉਰਦੂ ਸ਼ਾਇਰੀ ਦਾ ਮੁਤਾਅਲਾ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਰਦੂ ਦੇ ਸਭ ਤਰੱਕੀ ਪਸੰਦ ਸ਼ਾਇਰਾਂ ਨੇ ਮਜ਼ਦੂਰਾਂ ਦੇ ਜੀਵਨ ਨੂੰ ਦਰਪੇਸ਼ ਤਮਾਮ ਛੋਟੀ ਤੋਂ ਛੋਟੀਆਂ ਤੇ ਵੱਡੀ ਤੋਂ ਵੱਡੀਆਂ ਪਰੇਸ਼ਾਨੀਆਂ ਨੂੰ ਆਪਣੀ ਸ਼ਾਇਰੀ ਦੇ ਜਾਮੇ ਵਿੱਚ ਸਮੋ ਕੇ ਅਵਾਮ ਤੇ ਖਵਾਸ ਦੇ ਰੂ-ਬਾ-ਰੂ ਪੇਸ਼ ਕੀਤਾ ਹੈ ਤੇ ਆਪਣੀਆਂ ਫਿਕਰਾਂ ਦਾ ਇਜ਼ਹਾਰ ਕਰਦਿਆਂ ਇਨ੍ਹਾਂ ਦੇ ਹੱਕ ਵਿੱਚ ਆਪਣੀਆਂ ਨਜ਼ਮਾਂ ਰਾਹੀਂ ਹਾਅ ਦਾ ਨਾਅਰਾ ਮਾਰਿਆ ਹੈ

ਗੱਲ ਸ਼ੁਰੂ ਕਰਦੇ ਹਾਂ ਮੁਹੱਬਤ ਦੀ ਬੇ-ਮਿਸਾਲ ਉਦਾਹਰਣ “ਤਾਜ ਮਹਿਲ” ਤੋਂ ਜੋ ਕਿ ਪਿਛਲੀਆਂ ਕਈ ਸਦੀਆਂ ਤੋਂ ਪੂਰੀ ਦੁਨੀਆਂ ਵਿੱਚ ਪਿਆਰ ਦੀ ਨਿਸ਼ਾਨੀ ਵਜੋਂ ਸਤਿਕਾਰਿਆਂ ਜਾਂਦਾ ਹੈ, ਪ੍ਰੰਤੂ ਜਦ ਉਰਦੂ ਦੇ ਪ੍ਰਸਿੱਧ ਕਵੀ ਤੇ ਹਿੰਦੀ ਫਿਲਮਾਂ ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀ ਦਾ ਆਪਣਾ ਮਹਿਬੂਬ ਉਨ੍ਹਾਂ ਨੂੰ ਉਸੇ ਤਾਜ ਮਹਿਲ ਵਿੱਚ ਮਿਲਣ ਦੀ ਜ਼ਿੱਦ ਕਰਦਾ ਹੈ ਤਾਂ ਸਾਹਿਰ ਲੁਧਿਆਣਵੀ ਆਪਣੇ ਮਹਿਬੂਬ ਨੂੰ “ ਤਾਜ ਮਹਿਲ” ਵਿੱਚ ਮਿਲਣ ਤੋਂ ਮਨ੍ਹਾਂ ਕਰਦਾ ਹੋਇਆ ਇਹ ਤਾਕੀਦ ਕਰਦੇ ਹਨ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਨਹੀਂ ਸਗੋਂ ਇਹ ਸਰਮਾਏ-ਦਾਰਾਨਾ ਨਿਜ਼ਾਮ ਵਲੋਂ ਸਾਡੇ ਜਿਹੇ ਗ਼ਰੀਬ ਅਤੇ ਮਜ਼ਦੂਰ ਲੋਕਾਂ ਦੀ ਮੁਹੱਬਤ ਦਾ ਮਜ਼ਾਕ ਉਡਾਉਣ ਦੀ ਕੋਝੀ ਕੋਸ਼ਿਸ਼ ਹੈ, ਕਿਉਂਕਿ ਤਾਜ ਮਹਿਲ ਨੂੰ ਇੰਨੀ ਸੁੰਦਰ ਅਤੇ ਬਿਹਤਰੀਨ ਸ਼ਕਲ ਦੇਣ ਵਾਲੇ ਕਾਰੀਗਰ ਜਾਂ ਮਜ਼ਦੂਰਾਂ ਨੂੰ ਵੀ ਆਪਣੀਆਂ ਪਤਨੀਆਂ ਨਾਲ ਸ਼ਹਿਨਸ਼ਾਹ ਵਾਂਗ ਹੀ ਪਿਆਰ ਹੋਵੇਗਾ ਪਰ ਦੁਖਾਂਤ ਇਹ ਹੈ ਕਿ ਉਹਨਾਂ ਪਾਸ ਆਪਣੀ ਪਤਨੀ ਦੀ ਯਾਦਗਾਰ ਬਣਾਉਣ ਲਈ ਇੰਨਾ ਪੈਸਾ ਜਾਂ ਸੰਸਾਧਨ ਨਹੀਂ ਕਿ ਉਹ ਆਪਣੀ ਮੁਹੱਬਤ ਦੀ ਤਸ਼ਹੀਰ ਦਾ ਸਾਮਾਨ ਪੈਦਾ ਕਰ ਸਕਣ ਕਿਉਂਕਿ ਉਹ ਵੀ ਆਪਣੀ ਹੀ ਤਰ੍ਹਾਂ ਗ਼ਰੀਬ ਸਨ ਇੱਥੋਂ ਤੱਕ ਕਿ ਉਹਨਾਂ ਮਜ਼ਦੂਰਾਂ ਦਾ ਪੂਰੇ ਦਾ ਪੂਰੇ ਜੀਵਨ ਇੱਕ ਕਦੀ ਨਾ ਖਤਮ ਹੋਣ ਵਾਲੇ ਅੰਧਕਾਰ ਵਿੱਚ ਡੁੱਬ ਕੇ ਰਹਿ ਗਿਆ ਹੋਵੇਗਾ ਇਸੇ ਲਈ ਸਾਹਿਰ ਆਪਣੀ ਮਹਿਬੂਬ ਨੂੰ ਤਾਕੀਦ ਕਰਦਾ ਹੈ ਕਿ:

ਤਾਜ ਤੇਰੇ ਲੀਏ ਇੱਕ ਮਜ਼ਹਰ-ਏ-ਉਲਫਤ ਹੀ ਸਹੀ,
ਤੁੱਝ ਕੋ ਇਸ ਵਾਦੀ-ਏ-ਰੰਗੀਂ ਸੇ ਅਕੀਦਤ ਹੀ ਸਹੀ,
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ
।।
ਬਜ਼ਮ-ਏ-ਸ਼ਾਹੀ ਮੇਂ ਗਰੀਬੋਂ ਕਾ ਗੁਜ਼ਰ ਕਿਯਾ ਮਾਅਨੀ,

ਸਬਤ ਜਿਸ ਰਾਹ ਮੇਂ ਹੋਂ ਸਤੂਤੇ-ਸ਼ਾਹੀ ਕੇ ਨਿਸ਼ਾਂ,
ਉਸਪੇ ਉਲਫਤ ਭਰੀ ਰੂਹੋਂ ਕਾ ਸਫਰ ਕਿਯਾ ਮਾਅਨੀ,
ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ

ਹਮ ਗਰੀਬੋਂ ਕੀ ਮੁਹੱਬਤ ਕਾ ਉਡਾਯਾ ਹੈ ਮਜ਼ਾਕ

ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ

ਜਿਵੇਂ ਕਿ ਅਸੀਂ ਅਨੁਭਵ ਕਰਦੇ ਹਾਂ ਕਿ ਅੱਜ ਮਜ਼ਦੂਰ ਦੀ ਅਣਥੱਕ ਮਿਹਨਤ ਦੇ ਬਾਵਜੂਦ ਉਸਦੇ ਰੋਜ਼ਾਨਾ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲਦੀ ਅਤੇ ਕਈ ਵਾਰ ਤਾਂ ਹਾਲਾਤ ਦੀ ਸਿਤਮ-ਜ਼ਰੀਫੀ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇਹਨਾਂ ਦੇ ਘਰਾਂ ਦੇ ਚੁੱਲ਼੍ਹੇ ਠੰਢੇ ਪੈ ਜਾਂਦੇ ਹਨ ਅਤੇ ਕਈ ਕਈ ਦਿਨ ਦੇ ਫਾਕੇ ਤੱਕ ਕੱਟਣੇ ਪੈ ਜਾਂਦੇ ਹਨ ਇਸੇ ਸੰਦਰਭ ਵਿੱਚ ਇੱਕ ਕਵੀ ਨੇ ਵਿਅੰਗ-ਮਈ ਅੰਦਾਜ਼ ਕਿਹਾ ਹੈ ਕਿ:

ਅਗਰ ਮਿਹਨਤ ਸੇ ਦੁਨੀਆ ਮੇਂ ਬਦਲ ਸਕਤੀ ਹੈਂ ਤਕਦੀਰੇਂ
ਪਰੇਸ਼ਾਂ ਹਾਲ ਫਿਰ ਮਜ਼ਦੂਰ ਕਿਉਂ ਹੈ ਹਮ ਨਹੀਂ ਸਮਝੇ ...!

ਜਦੋਂ ਕਿ ਇੱਕ ਵਾਰ ਕਿਸਾਨਾਂ ਦੀ ਆਰਥਿਕ ਖਸਤਾ ਹਾਲਤ ਦੇ ਮੱਦ-ਏ-ਨਜ਼ਰ ਉਰਦੂ ਦੇ ਮਹਾਨ ਕਵੀ ਅੱਲਾਮਾ ਇਕਬਾਲ ਨੇ ਆਪਣੇ ਬਾਗੀਆਨਾ ਸੁਰਾਂ ਵਿੱਚ ਕਿਹਾ ਸੀ ਕਿ:

ਉੱਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ
ਕਾਖ-ਏ-ਉਮਰਾ ਕੇ ਦਰ-ਉ-ਦੀਵਾਰ ਹਿਲਾ ਦੋ

ਜਿਸ ਖੇਤ ਸੇ ਦਹਿਕਾਨ ਕੋ ਮੁਯੱਸਰ ਨਹੀਂ ਰੋਜ਼ੀ
ਉਸ ਖੇਤ ਹਰ ਖੂਸ਼ਾ-ਏ-ਗੰਦੁਮ ਕੋ ਜਲਾ ਦੋ

ਅੱਜ ਵਧੇਰੇ ਸਰਕਾਰੀ ਤੇ ਗ਼ੈਰ-ਸਰਕਾਰੀ ਦਫਤਰਾਂ ਵਿੱਚ ਮੁਲਾਜ਼ਮਾਂ ਦੇ ਜਿਸ ਪਰਕਾਰ ਦੇ ਹਾਲਾਤ ਹਨ ਉਸਦੀ ਤਸਵੀਰ ਇੱਕ ਆਧੁਨਿਕ ਸ਼ਾਇਰ ਨੇ ਕੁਝ ਇਸ ਤਰ੍ਹਾਂ ਉਤਾਰੀ ਹੈ:

ਵੋਹ ਮੁਲਾਜ਼ਿਮ ਹੈ ਉਸੇ ਹੁਕਮ ਹੈ ਘਰ ਜਾਏ ਨਾ,
ਮੁੱਝ ਕੋ ਡਰ ਹੈ ਕਹੀਂ ਦਫਤਰ ਹੀ ਮੇਂ ਮਰ ਜਾਏ ਨਾ

ਸਖਤ ਮਿਹਨਤ ਦੇ ਬਾਵਜੂਦ ਵੀ ਜਦ ਇੱਕ ਮਜ਼ਦੂਰ ਆਪਣੇ ਬੱਚਿਆਂ ਦੇ ਦਿਲੀ ਅਰਮਾਨ ਪੂਰੇ ਕਰਨ ਜੋਗੇ ਪੈਸੇ ਨਹੀਂ ਜੁਟਾ ਪਾਉਂਦਾ ਤਾਂ ਅਜਿਹੇ ਹਾਲਾਤ ਵਿੱਚ ਇੱਕ ਬੱਚਾ ਜਦ ਆਪਣੇ ਗ਼ਰੀਬ ਮਜ਼ਦੂਰ ਪਿਤਾ ਨਾਲ ਬਾਜ਼ਾਰ ਜਾਂਦਾ ਹੈ ਤਾਂ ਬੱਚਾ, ਜਿਸਨੂੰ ਕਿ ਆਪਣੀ ਘਰੇਲੂ ਤੰਗ-ਦਸਤੀ ਦਾ ਇਲਮ ਹੈ ਤੇ ਉਹ ਚਾਹੁੰਦੇ ਹੋਏ ਵੀ ਆਪਣੇ ਪਿਤਾ ਤੋਂ ਖਿਡੌਣੇ ਲੈਣ ਦੀ ਜ਼ਿੱਦ ਨਹੀਂ ਕਰਦਾ ਇਸੇ ਪ੍ਰਸਥਿਤੀ ਦੀ ਵਿਆਖਿਆ ਇੱਕ ਕਵੀ ਨੇ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ:

ਉਸੇ ਭੀ ਮੇਰੀ ਮੁਆਸ਼ੀ ਹੈਸੀਅਤ ਕਾ ਇਲਮ ਹੈ ਸ਼ਾਇਦ,
ਮੇਰਾ ਬੱਚਾ ਅੱਬ ਮਹਿੰਗੇ ਖਿਲੌਣੇ ਛੋੜ ਜਾਤਾ ਹੈ

ਇਸੇ ਪ੍ਰਕਾਰ ਇੱਕ ਮਜ਼ਦੂ੍ਰਰ ਜੋ ਕਿ ਬੁੱਢਾ ਹੋ ਚੁੱਕਾ ਹੈ ਪਰ ਉਸ ਦੇ ਘਰ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਇਸ ਕਦਰ ਉਸ ਦੇ ਜ਼ਹਿਨ ’ਤੇ ਹਾਵੀ ਹਨ ਕਿ ਉਹ ਆਪਣੇ ਬੁਢਾਪੇ ਦੀ ਪਰਵਾਹ ਨਾ ਕਰਦੇ ਹੋਏ ਮਜ਼ਦੂਰੀ ਕਰਨ ਲਈ ਮਜਬੂਰ ਹੈ ਇਸੇ ਖਿਆਲ ਨੂੰ ਇੱਕ ਕਵੀ ਆਪਣੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ:

ਮੁੱਝ ਕੋ ਥਕਨੇ ਨਹੀਂ ਦੇਤਾ ਹੈ ਜ਼ਰੂਰਤ ਕਾ ਪਹਾੜ,
ਮੇਰੇ ਬੱਚੇ, ਮੁਝੇ ਬੂੜ੍ਹਾ ਨਹੀਂ ਹੋਨੇ ਦੇਤੇ

ਇੱਕ ਮਜ਼ਦੂਰ ਦੇ ਮਿਹਨਤ ਸਦਕਾ ਜੋ ਉਸ ਦੇ ਹੱਥਾਂ ’ਤੇ ਅੱਟਣ ਪੈ ਜਾਂਦੇ ਹਨ, ਉਸ ਸੰਬੰਧੀ ਕਵੀ ਜਾਂ-ਨਿਸਾਰ ਅਖਤਰ ਫਰਮਾਉਂਦੇ ਹਨ:

ਔਰ ਤੋਂ ਮੁੱਝ ਕੋ ਮਿਲਾ ਕਿਯਾ ਮੇਰੀ ਮਿਹਨਤ ਕਾ ਸਿਲਾ
ਚੰਦ ਸਿੱਕੇ ਹੈਂ
, ਮੇਰੇ ਹਾਥ ਮੇਂ ਛਾਲੋਂ ਕੀ ਤਰ੍ਹਾ।

ਪ੍ਰੰਤੂ ਅੱਜ ਜੋ ਕਿਸਾਨਾਂ ਅਤੇ ਕਾਮਿਆਂ ਦੀ ਹਾਲਤ ਹੈ, ਉਹ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ ਹਾਲਾਤ ਇਹ ਹਨ ਕਿ ਦਿਨ-ਰਾਤ ਦੀ ਵਧਦੀ ਮਹਿੰਗਾਈ ਨੇ ਜਿੱਥੇ ਸਾਧਾਰਨ ਤੇ ਮੱਧ ਵਰਗ ਦੀ ਕਮਰ ਤੋੜ ਰੱਖੀ ਹੈ, ਉੱਥੇ ਮਜ਼ਦੂਰ ਤਬਕੇ ਲਈ ਆਪਣੇ ਜੀਵਨ ਦਾ ਇੱਕ-ਇੱਕ ਦਿਨ ਕੱਟਣਾ ਮੁਹਾਲ ਹੋਇਆ ਪਿਆ ਹੈ ਜਦੋਂ ਕਿ ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਜੋ ਚਿੰਤਾ ਅਤੇ ਨਿਰਾਸ਼ਾ ਅੱਜ ਪਾਈ ਜਾ ਰਹੀ ਹੈ, ਉਸ ਦੀ ਇਸ ਤੋਂ ਪਹਿਲਾਂ ਸ਼ਾਇਦ ਹੀ ਕੋਈ ਉਦਾਹਰਣ ਵੇਖਣ ਨੂੰ ਮਿਲੇ ਹਕੂਮਤਾਂ ਨੂੰ ਚਾਹੀਦਾ ਹੈ ਕਿ ਉਹ ਅੱਜ ਚੀਖਦੀ ਤੇ ਬਿਲਖਦੀ ਹੋਈ ਇਨਸਾਨੀਅਤ ਦੇ ਜ਼ਖਮਾਂ ’ਤੇ ਮਲ੍ਹੱਮ ਲਾਉਣ ਦੇਸ਼ ਅੰਦਰ ਵਧ ਰਹੀ ਗ਼ਰੀਬੀ, ਬੇਰੋਜ਼ਗਾਰੀ, ਮਹਿੰਗਾਈ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਜਿਹੀਆਂ ਸਮੱਸਿਆਵਾਂ ਤੋਂ ਮੁਲਕ ਦੇ ਅਵਾਮ ਨੂੰ ਨਿਜਾਤ ਦਿਵਾਉਣ ਦੀ ਸੁਹਿਰਦਤਾ ਨਾਲ ਕੋਸ਼ਿਸ਼ ਕਰਨ ਮੈਂ ਸਮਝਦਾ ਹਾਂ ਹਾਲ ਦੀ ਘੜੀ ਇਹੋ ਸੱਚੀ ਦੇਸ਼ ਭਗਤੀ ਤੇ ਇਹੋ ਸੱਚਾ ਰਾਸ਼ਟਰਵਾਦ ਹੋਵੇਗਾ ...! ਜੇਕਰ ਸਾਡਾ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਰਗ ਖੁਸ਼ਹਾਲ ਹੋਵੇਗਾ ਤਾਂ ਯਕੀਨਨ ਦੇਸ਼ ਵੀ ਖੁਸ਼ਹਾਲ ਹੋਵੇਗਾਵੈਸੇ ਵੀ ਮਹਾਤਮਾ ਗਾਂਧੀ ਨੇ ਇਸ ਸੰਧਰਭ ਵਿੱਚ ਇੱਕ ਵਾਰ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ ...!

**

ਮਜਦੂਰ ਦਿਵਸ ਤੇ ਮਜਦੂਰਾਂ ਦੀ ਜ਼ਿੰਦਗੀ ਦੀ ਅੱਕਾਸੀ ਕਰਦੀ ਇੱਕ ਵਿਸ਼ੇਸ਼ ਕਵਿਤਾ:

ਮਜ਼ਦੂਰ

ਹਾਂ ਮੈਂ ਮਜ਼ਦੂਰ ਹਾਂ ...
ਜਿਸ ਨੇ ਮੁੱਢ ਕਦੀਮੀਂ ਆਪਣੇ ਅਰਮਾਨਾਂ ਦਾ ਗਲਾ ਘੁੱਟ,
ਜਰੂਰਤਾਂ ਨੂੰ ਬਾ-ਮੁਸ਼ਕਿਲ ਪੂਰਾ ਕੀਤਾ

ਮੇਰੀ ਮਿਹਨਤ ਸਦਕਾ
ਜਿੱਥੇ ਚਿਮਨੀਆਂ ਵਿੱਚੋਂ ਨਿਕਲਦੇ ਧੂਏਂ ਨੇ ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ

ਉੱਥੇ ਹੀ ਗਰੀਬੀ ਦਾ ਦਰਦ ਆਪਣੇ ਪਿੰਡੇ ਹੰਢਾਉਂਦਿਆਂ ਮੈਂ ਆਪਦੀ ਆਤਮਾ ਤੱਕ ਨੂੰ ਛਲਣੀ ਕੀਤਾ

ਤੇ ਪੂੰਜੀਵਾਦੀ ਸੋਚ ਨੇ ਮੇਰੀ ਮਿਹਨਤ ਦਾ ਅਕਸਰ ਸ਼ੋਸ਼ਣ ਕੀਤਾ

ਹਾਂ, ਮੈਂ ਮਜ਼ਦੂਰ ਹਾਂ ...
ਤੇ ਓਹੀਓ ਮਜ਼ਦੂਰ ਹਾਂ
ਜਿਨ੍ਹੇ ਚੀਨ ਦੀ ਦੀਵਾਰ ਤੋਂ ਲੈ ਕਿਲ੍ਹੇ ਲਾਲ ਉਸਾਰੇ!
ਜਿਨ੍ਹੇ ਖੁਦ ਦੇ ਜੀਵਨ ਨੂੰ ਹਨੇਰਿਆਂ ਵਿੱਚ ਗਰਕ ਕਰ
ਸ਼ਾਹਜਹਾਂ ਦੀ ਮੁਹੱਬਤ ਨੂੰ ਰੋਸ਼ਨ ਕਰਨ ਲਈ
ਤਾਜ ਮਹਿਲ ਉਸਾਰੇ!

ਹਾਂ, ਮੈਂ ਮਜ਼ਦੂਰ ਹਾਂ ...

ਤੇ ਮੇਰੇ ਕਈ ਰੰਗ ਤੇ ਰੂਪ ਨੇ
ਪਰ ਜਿਸ ਨੂੰ ਆਖਦੇ ਨੇ ਤਕਦੀਰ 
ਓਹ ਲਗਦਾ ਹੈ ਸਭਨਾਂ ਦੀ ਇੱਕੋ ਜਿਹੀ ਹੈ

ਮੈਂ ਖੇਤਾਂ, ਫੈਕਟਰੀਆਂ, ਉਸਾਰੀ ਅਧੀਨ ਇਮਾਰਤਾਂ ਵਿੱਚ ਮੌਜੂਦ ਹਾਂ 
ਤੇ ਮੈਂ ਅਕਸਰ ਸਰਕਾਰੀ, ਪ੍ਰਾਈਵੇਟ ਦਫਤਰਾਂ ਵਿਚ 
ਵੱਡੇ ਅਫਸਰਾਂ ਅਤੇ ਹਾਕਮਾਂ ਪਾਸੋਂ ਨਹੀਂ ਕੀਤੀਆਂ ਗਲਤੀਆਂ ਦੀਆਂ ਵੀ ਝਿੜਕਾਂ ਖਾਣ ਲਈ ਮਜਬੂਰ ਹਾਂ

ਹਾਂ ਮੈਂ ਮਜ਼ਦੂਰ ਹਾਂ! 
ਅੱਜ ਬੇਸ਼ੱਕ ਮਨੁੱਖ ਬਹੁਤ ਤਰੱਕੀ ਕਰ ਗਿਆ ਹੈ
 
ਕਹਿੰਦੇ ਚੰਦ ’ਤੇ ਕਦਮ ਰੱਖਣ ਉਪਰੰਤ ਮੰਗਲ ਵਲ ਵਧ ਰਿਹਾ ਹੈ 
ਪਰ ਮੇਰੇ ਜੀਵਨ ਦੇ ਹਾਲਾਤ ਅੱਜ ਵੀ ਉਸੇ ਚੌਰਾਹੇ ’ਤੇ ਅਣਗੌਲੇ ਕੀਤੇ ਮਸਲਿਆਂ ਵਾਂਗ ਖੜ੍ਹੇ ਨੇ
 
ਤੇ ਮੈਂਨੂੰ ਅੱਜ ਵੀ ਦਰਪੇਸ਼ ਮਸਾਇਲ ਬੜੇ ਨੇ
 
ਭਾਵੇਂ ਅੱਜ ਮਨੁੱਖਾਂ ਲਈ ਰੌਸ਼ਨੀਆਂ ਭਰੇ ਅਧਿਕਾਰ ਬੜੇ ਨੇ
 
ਪਰ ਮੇਰੇ ਜੀਵਨ ਵਿੱਚ ਅੱਜ ਵੀ ਹਨੇਰੇ ਬੜੇ ਨੇ ...! ਹਨੇਰੇ ਬੜੇ ਨੇ ...!! ਹਨੇਰੇ ਬੜੇ ਨੇ ...!!!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1568)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author