“ਜੇਕਰ ਮੌਜੂਦਾ ਤਣਾਓ ਦੀ ਗੱਲ ਕਰੀਏ ਤਾਂ ਇਹ ਤਣਾਓ ਪਿਛਲੇ ਸਾਲ ਜੂਨ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੀ ...”
(18 ਅਕਤੂਬਰ 2024)
ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਵਿੱਚ ਬਹੁਤ ਨਿਘਾਰ ਆਇਆ ਹੈ ਅਤੇ ਹਾਲ ਦੀ ਘੜੀ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧਾਂ ਵਿਚਲੀ ਖਾਈ ਹੋਰ ਵਧੇਰੇ ਡੂੰਘਿ ਹੋ ਗਈ ਹੈ। ਦਰਅਸਲ ਇਨ੍ਹਾਂ ਤਲਖ ਹੋ ਰਹੇ ਸੰਬੰਧਾਂ ਦਾ ਮੁੜ ਉਸ ਸਮੇਂ ਬੱਝਣਾ ਸ਼ੁਰੂ ਹੋ ਗਿਆ ਸੀ ਜਦੋਂ ਕਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤੀ ਅਧਿਕਾਰੀਆਂ ਦੇ ਹੱਥ ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਪੱਧਰ ’ਤੇ ਜੋ ਤਣਾਅ ਵਧਿਆ ਸੀ, ਉਹ ਹੁਣ ਇੱਕ ਤਰ੍ਹਾਂ ਨਾਲ ਸਿਖਰਾਂ ’ਤੇ ਪੁੱਜ ਗਿਆ ਹੈ। ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਭਾਰਤ ਨੇ ਨਾ ਸਿਰਫ਼ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਲਿਆ ਹੈ ਸਗੋਂ ਨਵੀਂ ਦਿੱਲੀ ਤੋਂ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ ਗਿਆ ਹੈ।
ਜੇਕਰ ਇਤਿਹਾਸ ’ਤੇ ਝਾਤ ਮਾਰੀਏ ਤਾਂ ਸਾਲ 1974 ਵਿੱਚ ਭਾਰਤ ਨੇ ਪਰਮਾਣੂ ਪ੍ਰੀਖਣ ਕਰ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਕਾਰਨ ਕੈਨੇਡਾ ਵਿੱਚ ਨਾਰਾਜ਼ਗੀ ਫੈਲ ਗਈ ਸੀ। ਉਸ ਵੇਲੇ ਕੈਨੇਡਾ ਨੇ ਰਿਐਕਟਰ ਤੋਂ ਪਲੂਟੋਨੀਅਮ ਕੱਢਣ ਦਾ ਇਲਜ਼ਾਮ ਲਗਾਇਆ ਸੀ, ਜੋ ਸਿਰਫ਼ ਸ਼ਾਂਤਮਈ ਢੰਗ ਨਾਲ ਵਰਤੋਂ ਕਰਨ ਲਈ ਸੀ। ਇਸ ਉਪਰੰਤ ਉਨ੍ਹਾਂ ਸਮਿਆਂ ਦੌਰਾਨ ਵੀ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਕਾਫੀ ਫਿੱਕੇ ਪੈ ਗਏ ਸਨ ਅਤੇ ਕੈਨੇਡਾ ਨੇ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਸਮਰਥਨ ਦੇਣਾ ਬੰਦ ਕਰ ਦਿੱਤਾ ਸੀ।
ਜੇਕਰ ਮੌਜੂਦਾ ਤਣਾਓ ਦੀ ਗੱਲ ਕਰੀਏ ਤਾਂ ਇਹ ਤਣਾਓ ਪਿਛਲੇ ਸਾਲ ਜੂਨ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੀ ਧਰਤੀ ʼਤੇ ਕਤਲ ਕੀਤੇ ਗਏ ਖ਼ਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦਾ ਕਤਲ ਹੋਇਆ ਸੀ। ਇੱਧਰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਹੋਇਆ ਸੀ। ਕੂਟਨੀਤਕਾਂ ਨੂੰ ਕੱਢਣ ਦਾ ਇਹ ਕਦਮ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਦਾਅਵੇ ਤੋਂ ਬਾਅਦ ਹੋਈ ਕਾਰਵਾਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਦੀ ਪੁਲਿਸ ਜੂਨ 2023 ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸਿੱਧੀ ਸ਼ਮੂਲੀਅਤ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ।
ਉੱਧਰ ਬੀਬੀਸੀ ਦੀ ਇੱਕ ਰਿਪੋਰਟ ਵਿੱਚ ਅਮਰੀਕੀ ਥਿੰਕਟੈਂਕ, ਵਿਲਸਨ ਸੈਂਟਰ ਦੇ ਮਾਈਕਲ ਕੁਗੇਲਮਨ ਦਾ ਕਹਿਣਾ ਹੈ ਕਿ, “ਇਹ ਰਿਸ਼ਤੇ ਕਈ ਸਾਲਾਂ ਤੋਂ ਢਲਾਣ ਵੱਲ ਸਨ ਪਰ ਹੁਣ ਇਹ ਬਹੁਤ ਜ਼ਿਆਦਾ ਹੀ ਫਿੱਕੇ ਪੈ ਗਏ ਹਨ।”
“ਜਨਤਕ ਤੌਰ ʼਤੇ ਬੇਹੱਦ ਗੰਭੀਰ ਅਤੇ ਵਿਸਥਾਰਿਤ ਇਲਜ਼ਾਮ ਲਗਾਉਣਾ, ਸਫ਼ੀਰਾਂ ਅਤੇ ਮੋਹਰੀ ਕੂਟਨੀਤਕਾਂ ਨੂੰ ਵਾਪਸ ਬੁਲਾਉਣਾ, ਤਿੱਖੀ ਭਾਸ਼ਾ ਵਿੱਚ ਕੂਟਨੀਤਕ ਬਿਆਨ ਜਾਰੀ ਕਰਨਾ, ਇਹ ਸਭ ਜੋ ਹੋ ਰਿਹਾ ਹੈ, ਉਹ ਸੋਚ ਤੋਂ ਪਰੇ ਦੀ ਗੱਲ ਹੈ ਅਤੇ ਚਿੰਤਾ ਦਾ ਵਿਸ਼ਾ ਹੈ।”
ਇਸੇ ਉਕਤ ਰਿਪੋਰਟ ਵਿੱਚ ਕੌਨਫਲਿਕਟਿੰਗ ਵਿਜ਼ਨਜ਼, ਕੈਨੇਡਾ ਐਂਡ ਇੰਡੀਆ ਇਨ ਦਿ ਕੋਲਡ ਵਾਰ ਵਰਲਡ ਦੇ ਰਿਆਨ ਤੌਹੇ ਦਾ ਕਹਿਣਾ ਹੈ, “ਇਹ ਟਰੂਡੋ ਸਰਕਾਰ ਦੇ ਰਾਜ ਅਧੀਨ ਕੈਨੇਡਾ ਅਤੇ ਭਾਰਤ ਵਿਚਾਲੇ ਰਿਸ਼ਤਿਆਂ ਵਿੱਚ ਆਈ ਅਹਿਮ ਗਿਰਾਵਟ ਨੂੰ ਦਰਸਾਉਂਦਾ ਹੈ।” ਉਹ ਇਹ ਵੀ ਕਹਿੰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਰਕਾਰ ਦੀ ਇੱਕ ਅਹਿਮ ਸਫ਼ਲਤਾ ਇਹ ਸੀ ਕਿ ਉਨ੍ਹਾਂ ਨੇ ਖ਼ਾਲਿਸਤਾਨ ਅਤੇ ਪਰਮਾਣੂ ਪ੍ਰਸਾਰ ਦੀਆਂ ਸ਼ਿਕਾਇਤਾਂ ਨੂੰ ਪਿੱਛੇ ਛੱਡ ਕੇ ਭਾਰਤ-ਕੈਨੇਡਾ ਦੇ ਰਿਸ਼ਤੇ ਵਿਚਾਲੇ ʻਲੰਬੇ ਸਮੇਂ ਤਕ ਮੇਲ-ਜੋਲʼ ਨੂੰ ਵਧਾਇਆ।” ਇਸ ਦੀ ਬਜਾਇ, ਕੈਨੇਡਾ ਨੇ ਵੱਡੀ ਗਿਣਤੀ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਨੂੰ ਦੇਖਦੇ ਹੋਏ, ਵਪਾਰ, ਸਿੱਖਿਆ ਅਤੇ ਲੋਕਾਂ ਦੇ ਮੇਲ-ਜੋਲ ਦੇ ਮਹੱਤਵ ʼਤੇ ਧਿਆਨ ਕੇਂਦਰਿਤ ਕੀਤਾ।”
“ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਿਲੇਨੀਅਮ ਸਦੀ ਦੀ ਸ਼ੁਰੂਆਤ ਵਿੱਚ ਖ਼ਾਲਸਿਤਾਨ ਦਾ ਮੁੱਦਾ ਗਾਇਬ ਜਿਹਾ ਹੋ ਗਿਆ ਸੀ ਪਰ ਹੁਣ ਇਹ ਫਿਰ ਉੱਭਰ ਆਇਆ ਹੈ।”
ਦੂਜੇ ਪਾਸੇ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਕੈਨੇਡਾ ਦੇ ਉਕਤ ਇਲਜ਼ਾਮ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਟਰੂਡੋ ਆਪਣੇ ਦੇਸ਼ ਵਿੱਚ ਸੱਤਾ ਵਿਰੋਧੀ ਲਹਿਰ ਨਾਲ ਜੂਝ ਰਹੇ ਹਨ ਅਤੇ ਚੋਣਾਂ ਵਿੱਚ ਮੁਸ਼ਕਿਲ ਨਾਲ ਇੱਕ ਹੀ ਸਾਲ ਦਾ ਸਮਾਂ ਬਚਿਆ ਹੈ। ਇਸ ਸੰਦਰਭ ਵਿੱਚ ਇਪਸੋਸ ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਲਗਦਾ ਹੈ ਕਿ 28 ਫੀਸਦੀ ਲੋਕ ਟਰੂਡੋ ਦੇ ਹੱਕ ਵਿੱਚ ਹਨ ਅਤੇ 26 ਫੀਸਦੀ ਲੋਕ ਲਿਬਰਲਜ਼ ਨੂੰ ਵੋਟ ਦੇਣਗੇ।
ਇੱਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਤਿੱਖੀ ਟਿੱਪਣੀ ਕਰਦੇ ਹੋਏ ਟਰੂਡੋ ਦੇ ਇਲਜ਼ਾਮਾਂ ਨੂੰ ʻਟਰੂਡੋ ਸਰਕਾਰ ਦਾ ਸਿਆਸੀ ਏਜੰਡਾʻ ਦੱਸਿਆ, ਜੋ ‘ਵੋਟ ਬੈਂਕ ਸਿਆਸਤ ਤੋਂ ਪ੍ਰੇਰਿਤ ਹੈ।ʼ
ਸਾਲ 2016 ਵਿੱਟ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਚਾਰ ਸਿੱਖ ਹਨ, ਜੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਨਾਲੋਂ ਜ਼ਿਆਦਾ ਹਨ। ਇੱਥੇ ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਟਰੂਡੋ ਨੇ ਭਾਰਤ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ, ਜਿਸਦੀ ਦਿੱਲੀ ਨੇ ਕਾਫੀ ਆਲੋਚਨਾ ਕੀਤੀ ਸੀ।
ਤੌਹੇ ਦਾ ਅੱਗੇ ਕਹਿਣਾ ਹੈ, “ਮੋਟੇ ਤੌਰ ʼਤੇ ਮੈਨੂੰ ਇਸ ਸੰਕਟ ਤੋਂ ਇਹ ਅਹਿਸਾਸ ਹੋ ਗਿਆ ਹੈ ਕਿ ਇਹ ਪ੍ਰਧਾਨ ਮੰਤਰੀ ਦੂਜੀ ਵਾਰ ਹਾਰਨ ਦੇ ਰਾਹ ʼਤੇ ਹੈ। ਖ਼ਾਸ ਤੌਰ ʼਤੇ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਇਸ ਨਾਲ ਜ਼ਿਆਦਾ ਦੁੱਖ ਪਹੁੰਚ ਸਕਦਾ ਹੈ।”
ਤੌਹੇ ਦਾ ਇਹ ਵੀ ਮੰਨਣਾ ਹੈ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਤੱਤਾਂ ਬਾਰੇ ਭਾਰਤੀ ਚਿੰਤਾਵਾਂ ʼਤੇ ਧਿਆਨ ਦੇਣ ਲਈ ਕੈਨੇਡਾ ਦੀਆਂ ਸਰਕਾਰਾਂ ਨਾਲ ਦਹਾਕਿਆਂ ਤਕ ਬੇਨਤੀਆਂ ਕਰਨ ਤੋਂ ਬਾਅਦ, ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਫਿਰ ਤੋਂ ਸ਼ੁਰੂਆਤੀ ਹਾਲਾਤ ਵਿੱਚ ਆ ਗਏ ਹਨ।” ਜਦੋਂ ਕਿ ਦੂਜੇ ਪਾਸੇ ਕੁਗੇਲਮਨ ਦਾ ਮੰਨਣਾ ਹੈ “ਦੁਵੱਲੇ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆਈ ਗਿਰਾਵਟ ਦੇ ਪਿੱਛੇ ਕਈ ਕਾਰਨ ਹਨ। ਇਸ ਵਿੱਚ ਇੱਕ ਬੁਨਿਆਦੀ ਤੌਰ ʼਤੇ ਵੱਖ ਹੋਣਾ ਵੀ ਸ਼ਾਮਲ ਹੈ।”
“ਭਾਰਤ ਜਿਸ ਨੂੰ ਇੱਕ ਖ਼ਤਰਨਾਕ ਖ਼ਤਰੇ ਵਜੋਂ ਪੇਸ਼ ਕਰਦਾ ਹੈ, ਕੈਨੇਡਾ ਉਸ ਨੂੰ ਸਿਰਫ਼ ਰੋਸ ਮੁਜ਼ਾਹਰੇ ਮੰਨਦਾ ਹੈ ਅਤੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਅਸਹਿਮਤੀ ਦੇ ਵਜੋਂ ਲੈਂਦਾ ਹੈ ਅਤੇ ਦੋਵਾਂ ਵਿੱਚੋਂ ਕੋਈ ਵੀ ਰਿਆਇਤ ਕਰਨ ਲਈ ਤਿਆਰ ਨਹੀਂ ਹੈ।”
ਦੋਹਾਂ ਦੇਸ਼ਾਂ ਦਾ ਲੰਬਾ ਰਿਸ਼ਤਾ ਰਿਹਾ ਹੈ। ਕੈਨੇਡਾ ਵਿੱਚ ਭਾਰਤੀ ਮੂਲ ਦੇ ਭਾਈਚਾਰਿਆਂ ਵੱਡੀ ਅਬਾਦੀ ਹੈ, ਜਿਸ ਵਿੱਚ 13 ਲੱਖ ਨਿਵਾਸੀ ਅਤੇ ਇਹ ਕੈਨੇਡਾ ਦੀ ਕੁੱਲ ਅਬਾਦੀ ਦਾ 4 ਫੀਸਦੀ ਹਨ।
ਪਰ ਫਿਰ ਵੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਤਣਾਅ ਦਾ ਹਾਲੇ ਤਕ ਦੋਵਾਂ ਦੇਸ਼ਾਂ ਦੇ ਵਪਾਰਕ ਸੰਬੰਧਾਂ ’ਤੇ ਹਾਲ ਦੀ ਘੜੀ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਲੇਕਿਨ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਮਾਮਲਾ ਲੰਮਾ ਸਮਾਂ ਲਟਕਦਾ ਰਿਹਾ ਤਾਂ ਇਸਦਾ ਦੋਵਾਂ ਦੇਸ਼ਾਂ ਦੇ ਵਪਾਰਕ ਸੰਬੰਧਾਂ ’ਤੇ ਅਸਰ ਪੈ ਸਕਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਮਜ਼ਬੂਤ ਆਰਥਿਕ ਸੰਬੰਧ ਰਹੇ ਹਨ। 2023-24 ਵਿੱਚ ਭਾਰਤ ਨੇ ਕੈਨੇਡਾ ਤੋਂ 4.6 ਅਰਬ ਡਾਲਰ ਦਾ ਆਯਾਤ ਕੀਤਾ, ਜਦੋਂਕਿ ਕੈਨੇਡਾ ਨੂੰ 3.8 ਅਰਬ ਡਾਲਰ ਦਾ ਨਿਰਯਾਤ ਕੀਤਾ। ਇਹ ਸਪਸ਼ਟ ਹੈ ਕਿ ਵਪਾਰ ਸੰਤੁਲਨ ਕੈਨੇਡਾ ਦੇ ਪੱਖ ਵਿੱਚ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰਕ ਵਪਾਰ 8.4 ਅਰਬ ਡਾਲਰ ਤਕ ਪਹੁੰਚ ਗਿਆ। ਇੱਕ ਰਿਪੋਰਟ ਅਨੁਸਾਰ ਅਪਰੈਲ 2000 ਅਤੇ ਜੂਨ 2024 ਦੇ ਵਿਚਕਾਰ, ਭਾਰਤ ਨੂੰ ਐੱਫ਼ਡੀ.ਆਈ. ਦੇ ਰੂਪ ਵਿੱਚ ਕੈਨੇਡਾ ਤੋਂ 4 ਅਰਬ ਡਾਲਰ ਦਾ ਨਿਵੇਸ਼ ਮਿਲਿਆ। ਕੈਨੇਡਾ ਦੇ ਪੈਨਸ਼ਨ ਫੰਡਜ਼ ਨੇ ਭਾਰਤ ਵਿੱਚ 75 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਇੱਕ ਰਿਪੋਰਟ ਅਨੁਸਾਰ 30 ਸਤੰਬਰ ਤਕ ਭਾਰਤ ਦੇ ਸ਼ੇਅਰ ਬਾਜ਼ਾਰ ਵਿੱਚ ਕੈਨੇਡਾ ਦੇ ਕੁੱਲ ਨਿਵੇਸ਼ ਦਾ ਮੁੱਲ ਲਗਭਗ 24 ਅਰਬ ਡਾਲਰ ਯਾਨੀ ਲਗਭਗ 2 ਲੱਖ ਕਰੋੜ ਰੁਪਏ ਸੀ। ਅਮਰੀਕਾ, ਸਿੰਗਾਪੁਰ, ਲਕਸਮਬਰਗ, ਆਇਰਲੈਂਡ, ਮਾਰੀਸ਼ਸ, ਯੂਕੇ, ਨਾਰਵੇ ਅਤੇ ਜਾਪਾਨ ਤੋਂ ਬਾਅਦ ਕੈਨੇਡਾ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਨੌਂਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ, ਜਦੋਂ ਕਿ ਦੂਜੇ ਪਾਸੇ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਮੌਜੂਦ ਹਨ। ਇਸੇ ਤਰ੍ਹਾਂ ਕਈ ਭਾਰਤੀ ਕੰਪਨੀਆਂ ਵੀ ਕੈਨੇਡਾ ਵਿੱਚ ਕਾਰੋਬਾਰ ਕਰ ਰਹੀਆਂ ਹਨ। ਇਨ੍ਹਾਂ ਵਿੱਚ ਆਈ.ਟੀ., ਸਾਫਟਵੇਅਰ, ਸਟੀਲ, ਕੁਦਰਤੀ ਸਰੋਤ ਅਤੇ ਬੈਂਕਿੰਗ ਸੈਕਟਰ ਦੀਆਂ ਕੰਪਨੀਆਂ ਸ਼ਾਮਲ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5374)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: