AbbasDhaliwal 7ਹਾਲੇ ਦੁਪਹਿਰ ਦੇ ਬਾਰਾਂ ਵੀ ਨਹੀਂ ਵੱਜੇ ਹੋਣਗੇ ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ ...
(27 ਜਨਵਰੀ 2017)

 

ਨਸ-ਬੰਦੀ, ਸ਼ਰਾਬ-ਬੰਦੀ, ਨਾਕਾ-ਬੰਦੀ, ਘੇਰਾ-ਬੰਦੀ, ਸਿਹਰਾ-ਬੰਦੀ ਅਤੇ ਜੰਗ-ਬੰਦੀ ਸ਼ਬਦਾਂ ਬਾਰੇ ਤਾਂ ਅਕਸਰ ਸੁਣਦੇ ਆਏ ਹਾਂ, ਪਰੰਤੂ ਪਿਛਲੇ ਸਾਲ ਅੱਠ ਨਵੰਬਰ ਨੂੰ ਰਾਤ ਅੱਠ ਵਜੇ ਜਿਵੇਂ ਹੀ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਰਾਸ਼ਟਰ ਦੇ ਨਾਂ ਆਪਣੇ ਇੱਕ ਸ਼ੰਦੇਸ਼ ਰਾਹੀਂ ਸਰਜੀਕਲ ਸਟਰਾਈਕ ਅੰਦਾਜ਼ ਵਿੱਚ ਨੋਟ-ਬੰਦੀ ਦਾ ਐਲਾਨ ਕੀਤਾ ਤਾਂ ਮੰਨੋ ਦੇਸ਼ ਦੇ ਹਰ ਆਮ-ਖਾਸ ਨਾਗਰਿਕ ਨੂੰ ਜਿਵੇਂ “ਏਕ ਜ਼ੋਰ ਕਾ ਝਟਕਾ ਧੀਰੇ ਸੇ ਲਗਾ”। ਰਾਤ ਤਾਂ ਜਿਵੇਂ ਤਿਵੇਂ ਕੱਟ ਲਈ, ਲੇਕਿਨ ਸਵੇਰ ਹੁੰਦੇ ਹੀ ਇਸ ਝਟਕੇ ਦੀ ਸ਼ਿੱਦਤ ਦਾ ਅਹਿਸਾਸ ਸਾਨੂੰ ਉਦੋਂ ਹੋਇਆ, ਜਦ ਅਸੀਂ ਦੁੱਧ ਵਾਲੇ ਨਾਲ ਉਸਦੇ ਮਹੀਨੇ ਦਾ ਹਿਸਾਬ ਕਰਦਿਆਂ ਉਸ ਨੂੰ 500-500 ਰੁਪਏ ਦੇ ਚਾਰ ਨੋਟ ਫੜਾਏਉਸਨੇ ਘੂਰ ਕੇ ਵੇਖਦਿਆਂ ਨੋਟ ਸਾਨੂੰ ਇਸ ਪ੍ਰਕਾਰ ਵਾਪਸ ਕੀਤੇ ਜਿਵੇਂ ਅਸੀਂ ਉਸ ਨੂੰ ਚੂਰਨ ਦੀਆਂ ਪੁੜੀਆਂ ਨਿਕਲਣ ਵਾਲੇ ਜਾਅਲੀ ਜਾਂ ਨਕਲੀ ਨੋਟ ਫੜਾ ਦਿੱਤੇ ਹੋਣ ਅਤੇ ਕਿਹਾ, “ਬਾਬੂ ਜੀ, ਅਬ ਯੇ ਨੋਟ ਨਹੀਂ ਚਲੇਂਗੇ” ਅਸੀਂ ਉਸ ਨੂੰ ਬੜੀ ਮੁਸ਼ਕਿਲ ਨਾਲ ਸਮਝਾਇਆ ਕਿ ਹਾਲੇ ਤਾਂ ਇਹ ਨੋਟ ਪੰਜਾਹ ਦਿਨ ਤੱਕ ਧੜੱਲੇ ਨਾਲ ਚਲੱਣਗੇ ਬਹੁਤ ਬਹਿਸ ਕਰਨ ਉਪਰੰਤ ਅਸੀਂ ਆਪਣੀ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਵਾਲੇ ਨੋਟ ਉਸ ਦੁੱਧ ਵਾਲੇ ਨੂੰ ਲੈਣ ਲਈ ਰਜ਼ਾ-ਮੰਦ ਕੀਤਾ ਉਸਨੇ ਵੀ ਜਿਵੇਂ ਦਿਲ ’ਤੇ ਪੱਥਰ ਰੱਖਦਿਆਂ ਨੋਟਾਂ ਨੂੰ ਸਾਥੋਂ ਲੈ ਕੇ ਆਪਣੇ ਗੱਲੇ ਵਿਚ ਇਸ ਤਰ੍ਹਾਂ ਸੁਟਿਆ ਜਿਵੇਂ ਹੁਣ ਇਹ ਕੋਈ ਕਾਗਜ਼ ਦੇ ਬੇਕਾਰ ਟੁਕੜੇ ਹੋਣ

ਉਸ ਤੋਂ ਬਾਅਦ ਜਿਵੇਂ ਹੀ ਦਿਨ ਨਿਕਲਿਆ ਤਿਵੇਂ ਹੀ ਸਾਡੀਆਂ ਪ੍ਰੀਖਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਸਵੇਰੇ ਕਰੀਬ ਦਸ ਵੱਜੇ ਹੋਣਗੇ ਕਿ ਗਲੀ ਵਿੱਚ ਇਕ ਸਬਜ਼ੀ ਵਾਲੇ ਨੇ ਹੋਕਾ ਲਾਇਆ ਤਾਂ ਸਾਡੀ ਗ੍ਰਹਿ-ਮੰਤਰੀ ਭਾਵ ਮੇਰੀ ਇਕਲੌਤੀ ਪਤਨੀ ਨੇ ਸਬਜ਼ੀ ਖਰੀਦਣ ਦੇ ਮਕਸਦ ਨਾਲ ਫੇਰੀ ਵਾਲੇ ਨੂੰ ਰੋਕਿਆ ਅਤੇ ਤਮਾਮ ਸਬਜ਼ੀਆਂ ਦੇ ਰੇਟ ਪਤਾ ਕਰਨ ਉਪੰਰਤ ਮਿਸਟਰ ਬੈਂਗਣ, ਸ਼੍ਰੀਮਤੀ ਭਿੰਡੀ ਅਤੇ ਜਨਾਬ ਆਲੂ ਸ਼ਰੀਫ ਨੂੰ ਤੁਲਵਾਉਣ ਦੇ ਉਦੇਸ਼ ਨਾਲ ਕੱਢਣਾ ਸ਼ੁਰੂ ਕੀਤਾ, ਤਾਂ ਸਬਜ਼ੀ ਵਾਲੇ ਭਈਯੇ ਨੇ ਮੇਰੀ ਘਰ ਵਾਲੀ ਨੂੰ ਵਿੱਚੋਂ ਹੀ ਟੋਕਦਿਆਂ ਇਕ ਪ੍ਰਕਾਰ ਨਾਲ ਹੁਕਮ ਦੇਣ ਦੇ ਅੰਦਾਜ਼ ਵਿੱਚ ਕਿਹਾ, “ਬਹਿਣ ਜੀ, ਸਬਜ਼ੀ ਜਿਤਨੀ ਜੀ ਚਾਹੇ ਖਰੀਦ ਲੇਂ, ਲੇਕਿਨ ਆਪ ਸੇ 500 ਯਾ ਹਜ਼ਾਰ ਕਾ ਨੋਟ ਮੈਂ ਹਰਗਿਜ਼ ਨਹੀਂ ਲੂੰਗਾ” ਉੱਧਰ ਪਤਨੀ ਦੇ ਹੱਥ ਵਿੱਚ ਕੇਵਲ 1000 ਦਾ ਇੱਕੋ-ਇੱਕ ਨੋਟ ਸੀ। ਜਦ ਸਬਜ਼ੀ ਵਾਲੇ ਭਈਯੇ ਦੀ ਨਜ਼ਰ ਉਸ ਨੋਟ ਉੱਪਰ ਪਈ ਤਾਂ ਉਹ ਗਲੀ ਵਿੱਚੋਂ ਰੇੜ੍ਹੀ ਲੈ ਕੇ ਇਸ ਤਰ੍ਹਾਂ ਦੋੜਿਆ ਜਿਵੇਂ ਕਿ ਕਿਸੇ ਦੇ ਹੱਥ ਇੱਟ ਦਾ ਰੋੜਾ ਵੇਖ ਕੇ ਕੁੱਤਾ ਦੌੜਦਾ ਹੈਇਸ ਪ੍ਰਕਾਰ ਮੇਰੀ ਪਤਨੀ ਦੇ ਸਬਜ਼ੀ ਲੈਣ ਦੇ ਸਾਰੇ ਦਿਲ ਦੇ ਅਰਮਾਨ ਜਿਵੇਂ ਹੰਝੂਆਂ ਵਿਚ ਬਹਿ ਗਏ ...!

ਸਾਡੇ ਬੱਚੇ ਇਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ ਜਿਨ੍ਹਾਂ ਦੀ ਪਿਛਲੇ ਦੋ ਮਹੀਨਿਆਂ ਤੋਂ ਫੀਸ ਨਹੀਂ ਭਰੀ ਜਾ ਸਕੀ ਜਿਸ ਦੇ ਚਲਦਿਆਂ ਕਲਾਸ ਇੰਚਾਰਜ ਵਲੋਂ ਅਕਸਰ ਬੱਚਿਆਂ ਪਾਸੋਂ ਫੀਸ ਜਮ੍ਹਾਂ ਕਰਵਾਉਣ ਦਾ ਤਕਾਜ਼ਾ ਕੀਤਾ ਜਾਂਦਾ ਰਹਿੰਦਾ ਹੈਅਸੀਂ ਫੀਸ ਜਮ੍ਹਾਂ ਕਰਵਾਉਣ ਲਈ ਜਦ ਸਕੂਲ ਦੇ ਕਾਊਂਟਰ ’ਤੇ ਪਹੁੰਚੇ ਤਾਂ ਉੱਥੇ ਮੌਜੂਦ ਮਹਿਲਾ ਕਲਰਕ ਨੇ ਸਾਡਾ ਸ਼ਾਨਦਾਰ ਸੁਆਗਤ ਕੀਤਾ। ਪਰ ਜਿਵੇਂ ਹੀ ਅਸੀਂ ਫੀਸ ਕਾਰਡ ਦੇ ਨਾਲ 1000-1000 ਰੁਪਏ ਦੇ ਪੰਜ ਨੋਟ ਕਾਊਂਟਰ ’ਤੇ ਰੱਖੇ ਤਾਂ ਉਸ ਨੇ ਜਾਅਲੀ ਜਿਹੀ ਮੁਸਕਾਰਾਹਟ ਬਿਖੇਰਦਿਆਂ ਕਿਹਾ, “ਸੌਰੀ ...! ਹੁਣ ਅਸੀਂ 1000 ਅਤੇ 500 ਦੇ ਨੋਟ ਨਹੀਂ ਲੈ ਸਕਦੇ ਅਸੀਂ ਉਹ ਨੋਟ ਚੁੱਕ ਕੇ ਸਕੂਲ ਵਿੱਚੋਂ ਇਸ ਤਰ੍ਹਾਂ ਬਾਹਰ ਨਿਕਲੇ, ਜਿਵੇਂ ਕਿ ਉਰਦੂ ਦੇ ਪ੍ਰਸਿੱਧ ਕਵੀ ਚਾਚਾ ਗਾਲਿਬ ਨੇ ਆਪਣੇ ਮਹਿਬੂਬ ਦੀ ਗਲੀ ਵਿੱਚੋਂ ਨਿਕਲਣ ਦਾ ਜ਼ਿਕਰ ਕੀਤਾ ਹੈ:

ਨਿਕਲਣਾ ਖੁਲਦ ਸੇ ਸੁਣਤੇ ਆਏ ਥੇ, ਹਜ਼ਰਤ-ਏ-ਆਦਮ ਕਾ
ਬੜੇ ਬੇ-ਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ॥

ਅਸੀਂ ਸੋਚਿਆ ਚਲੋ ਏ.ਟੀ. ਐੱਮ ਵਿੱਚੋਂ ਹੀ ਕੁੱਝ ਕੈਸ਼ ਕਢਵਾ ਲੈਂਦੇ ਹਾਂ। ਜਿਉਂ ਹੀ ਅਸੀਂ ਏ.ਟੀ.ਐੱਮ ਦਾ ਰੁੱਖ ਕੀਤਾ ਤਾਂ ਸ਼ਹਿਰ ਦੇ ਵਧੇਰੇ ਏ.ਟੀ.ਐੱਮ ਨੂੰ ਬੰਦ ਪਾਇਆਲੇਕਿਨ ਜਿਹੜੇ ਏ.ਟੀ.ਐੱਮ ਨੂੰ ਖੁੱਲ੍ਹਾ ਵੇਖਿਆ ਉਸ ਦੇ ਬਾਹਰ ਇੰਨੀ ਲੰਮੀ ਲਾਈਨ ਕਿ ਅੱਲਾਹ ਤੋਬਾ ...! ਬਿਨ੍ਹਾਂ ਕਿਸੇ ਨਤੀਜੇ ਦੀ ਪਰਵਾਹ ਕੀਤਿਆਂ ਅਸੀਂ ਵੀ ਲਾਈਨ ਵਿਚ ਲੱਗ ਗਏਇੱਥੋਂ ਤੱਕ ਕਿ ਲਾਈਨ ਵਿੱਚ ਲੱਗਿਆਂ-ਲੱਗਿਆਂ ਸਾਨੂੰ ਸ਼ਾਮ ਪੈ ਗਈ ਇਸ ਤੋਂ ਪਹਿਲਾਂ ਕਿ ਅਸੀਂ ਏ ਟੀ ਐੱਮ ਤੱਕ ਪੁੱਜਦੇ, ਕੈਸ਼ ਖਤਮ ਹੋ ਗਿਆ ਅਖੀਰ ਅਸੀਂ ਆਪਣੇ ਦਿਲ ਨੂੰ ਸਮਝਾਉਂਦੇ ਅਤੇ ਝੂਠੀਆਂ ਤਸਲੀਆਂ ਦਿੰਦੇ ਹੋਏ ਘਰ ਪੁੱਜੇ

ਰਾਤੀ ਸੌਣ ਤੋਂ ਪਹਿਲਾਂ ਅਸੀਂ ਫੈਸਲਾ ਕੀਤਾ ਕਿ ਪਹੁ-ਫੁੱਟਦੇ ਸਾਰ ਹੀ ਅਸੀਂ ਬੈਂਕ ਜਾਵਾਂਗੇ। ਸਵੇਰ ਹੁੰਦੇ ਹੀ ਨਿਰਣੇ ਕਾਲਜੇ ਅਸੀਂ ਬੈਂਕ ਦਾ ਰੁਖ ਕੀਤਾ। ਬੈਂਕ ਦੇ ਬਾਹਰ ਦਾ ਜਦੋਂ ਦ੍ਰਿਸ਼ ਵੇਖਿਆ ਤਾਂ ਕਲੇਜਾ ਮੂੰਹ ਨੂੰ ਆ ਗਿਆ ਤੇ ਚਿੱਤ ਘਾਊਂ-ਮਾਊਂ ਕਰਨ ਲੱਗਿਆ ਕਿਉਂਕਿ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਪਹਿਲਾਂ ਹੀ ਬੈਂਕ ਦੇ ਬਾਹਰ ਮੌਜੂਦ ਸਨ ਕੁੱਝ ਲੋਕੀ ਰਜ਼ਾਈਆਂ ਲਪੇਟੀ ਤੇ ਕੁਝ ਭਾਰੀ ਭਾਰੀ ਕੰਬਲ ਲਪੇਟੀ ਲੇਟੇ ਅਤੇ ਬੈਠੇ ਵਿਖਾਈ ਦਿੱਤੇਜਦ ਇਸ ਸੰਦਰਭ ਵਿਚ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਅਸੀਂ ਤਾਂ ਅੱਧੀ ਰਾਤ ਤੋਂ ਹੀ ਬੈਂਕ ਦੇ ਬਾਹਰ ਡੇਰੇ ਲਾਈ ਬੈਠੇ ਹਾਂ ਮਰਦੇ ਕੀ ਨਾ ਕਰਦੇ, ਅਸੀਂ ਵੀ ਲਾਈਨ ਵਿਚ ਉਨ੍ਹਾਂ ਦੇ ਪਿੱਛੇ ਖਲੋ ਗਏਪਰੰਤੂ ਬੈਂਕ ਤਾਂ ਆਪਣੇ ਨਿਸ਼ਚਤ ਸਮੇਂ ਸਵੇਰੇ 10.00 ਵਜੇ ਹੀ ਖੁੱਲ੍ਹਿਆ

ਬੈਂਕ ਦੇ ਖੁੱਲ੍ਹਦਿਆਂ ਹੀ ਅੰਦਰ ਜਾਣ ਲਈ ਲੋਕ ਇਸ ਪ੍ਰਕਾਰ ਧੱਕਾ-ਮੁੱਕੀ ਤੇ ਤਰਲੋ-ਮੱਛੀ ਹੋਣ ਲੱਗੇ, ਜਿਵੇਂ ਕਿ ਜੀਵਨ ਵਿਚ ਬੈਂਕ ਵਿੱਚੋਂ ਪੈਸੇ ਕਢਾਉਣ ਦਾ ਇਹ ਆਖਰੀ ਮੌਕਾ ਮਿਲਿਆ ਹੋਵੇਇਸੇ ਭੇਡ-ਚਾਲ ਦਾ ਅਸੀਂ ਵੀ ਹਿੱਸਾ ਬਣਦਿਆਂ ਅਤੇ ਧੌਲ-ਧੱਫੇ ਖਾਂਦਿਆਂ ਅਖੀਰ ਬੈਂਕ ਅੰਦਰ ਦਾਖਲ ਹੋਣ ਵਿੱਚ ਸਫਲ ਹੋ ਗਏਪਰੰਤੂ ਅੰਦਰ ਹਰ ਕਾਊਂਟਰ ਦੇ ਅੱਗੇ ਕਈ ਕਈ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਅੰਦਰਲੇ ਹੌਲਨਾਕ ਮੰਜ਼ਰ ਨੂੰ ਵੇਖਦਿਆਂ ਸਾਡਾ ਦਿਲ ਕਾਹਲਾ ਪੈਣ ਲੱਗਿਆ ਤਾਂ ਅਸੀਂ ਵੀ ਦਿਲ ਨੂੰ ਧਰਵਾਸ ਦਿੰਦਿਆਂ ਇਕ ਲਾਈਨ ਵਿੱਚ ਗੱਡੀ ਦੇ ਆਖਰੀ ਡੱਬੇ ਵਾਂਗ ਖਲੋ ਗਏ ਹਾਲੇ ਦੁਪਹਿਰ ਦੇ ਬਾਰਾਂ ਵੀ ਨਹੀਂ ਵੱਜੇ ਹੋਣਗੇ ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ ਕਿ ਕੈਸ਼ ਖਤਮ ਹੋ ਗਿਆ ਹੈ, ਪਰ ਜਿਹਨੇ ਕਿਸੇ ਨੇ ਵੀ ਪੈਸੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਉਣੇ ਹੋਣ, ਉਹ ਲਾਈਨ ਵਿੱਚ ਲੱਗਿਆ ਰਹੇਅਖੀਰ ਆਪਣੇ ਵਜੂਦ ਨੂੰ ਸਮੇਟਦਿਆਂ ਅਸੀਂ ਬੜੀ ਮੁਸ਼ਕਿਲ ਨਾਲ ਘਰ ਅੱਪੜੇ

ਅਸੀਂ ਆਪਣੇ ਪੁੱਤਰ ਨੂੰ, ਜੋ ਰੋਜ਼ਾਨਾ ਬੱਸ ਰਾਹੀਂ ਲਗਭਗ 70 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੜ੍ਹਨ ਲਈ ਕਾਲਜ ਜਾਂਦਾ ਹੈ, ਇੱਕ ਪਲਾਨ ਤਹਿਤ ਸਵੇਰ ਵੇਲੇ ਕਾਲਜ ਜਾਂਦੇ ਨੂੰ 1000-1000 ਦੇ ਦੋ ਨੋਟ ਅਤੇ ਸੌ ਦਾ ਇਕ ਨੋਟ ਦਿੰਦਿਆਂ ਕਿਹਾ ਕਿ ਹਜ਼ਾਰ ਹਜ਼ਾਰ ਦੇ ਦੋਵੇਂ ਨੋਟ ਆਉਂਦੇ-ਜਾਂਦੇ ਤੁੜਵਾ ਲਿਆਈਂਪਰੰਤੂ ਉਸ ਨੇ ਸ਼ਾਮੀਂ ਆਉਂਦਿਆਂ ਹੀ ਉਕਤ ਨੋਟ ਸਾਨੂੰ ਜਿਉਂ ਦੇ ਤਿਉਂ ਵਾਪਸ ਕਰਦਿਆਂ ਕਿਹਾ, “ਭਾਪਾ ਜੀ, ਕੰਡਕਟਰ ਨੇ ਬੱਸ ਵਿਚ ਸਵਾਰ ਹੁੰਦਿਆਂ ਹੀ ਇਹ ਬਿਆਨ ਦਾਗ ਦਿੱਤਾ ਕਿ ਜਿਹੜੀਆਂ ਸਵਾਰੀਆਂ ਕੋਲ ਕਿਰਾਏ ਲਈ ਸਿਰਫ ਤੇ ਸਿਰਫ 1000 ਜਾਂ 500 ਦੇ ਹੀ ਨੋਟ ਹਨ ਕਿਰਪਾ ਕਰਕੇ ਉਹ ਪਹਿਲਾਂ ਹੀ ਹੇਠਾਂ ਉੱਤਰ ਜਾਣ, ਕਿਉਂਕਿ ਇਹਨਾਂ 1000 ਅਤੇ 500 ਦੇ ਨੋਟਾਂ ਨੂੰ ਲੈਣ ਤੋਂ ਮਾਲਕਾਂ ਨੇ ਸਖਤੀ ਨਾਲ ਵਰਜਿਤ ਕੀਤਾ ਹੈ

ਸ਼ਾਮ ਨੂੰ ਸਾਡੇ ਇਕ ਪਰਮ ਮਿੱਤਰ ਨੇ ਬੱਸ ਸਟੈਂਡ ਦੀ ਇੱਕ ਘਟਨਾ ਸੁਣਾਈਹੋਇਆ ਇੰਝ ਕਿ ਸਵੇਰੇ ਸਵੇਰੇ ਸਥਾਨਕ ਬੱਸ ਸਟੈਂਡ ਟੋਆਇਲਟ ਵੱਲ ਇੱਕ ਪੂਰੀ ਤਰ੍ਹਾਂ ਸੂਟਡ-ਬੂਟਡ ਸਵਾਰੀ ਨੱਸੀ ਜਾਵੇ। ਇਸ ਤੋਂ ਪਹਿਲਾਂ ਕਿ ਉਹ ਸਵਾਰੀ ਆਪਣਾ ਮਿਸ਼ਨ ਪੂਰਾ ਕਰਨ ਲਈ ਵਾਸ਼ਰੂਮ ਅੰਦਰ ਜਾਂਦੀ, ਗੇਟ ਕੀਪਰ ਨੇ ਸਪੀਡ ਬਰੇਕਰ ਬਣਦਿਆਂ, ਉਸ ਨੂੰ ਬਾਹਰ ਹੀ ਰੋਕਦਿਆਂ ਕਿਹਾ ਕਿ ਪਹਿਲਾਂ ਭੁਗਤਾਨ ਕਰੋ। ਸਵਾਰੀ ਨੇ ਜਦ 500 ਦਾ ਨੋਟ ਅੱਗੇ ਕੀਤਾ ਤਾਂ ਗੇਟ ਕੀਪਰ ਨੇ ਇਹ ਨੋਟ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਪੀੜਤ ਸਵਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਪੰਜ ਰੁਪਏ ਦੇ ਭੁਗਤਾਨ ਦਾ ਚੈੱਕ ਕੱਟ ਦਿੰਦਾ ਹਾਂ ਇਸ ’ਤੇ ਗੇਟ ਕੀਪਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਦ ਤੱਕ ਚੈੱਕ ਕਲੀਅਰ ਹੋ ਕੇ ਨਹੀਂ ਆ ਜਾਂਦਾ, ਮੈਂ ਆਪ ਨੂੰ ਅੰਦਰ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾਇਸ ਤੋਂ ਪਹਿਲਾਂ ਕਿ ਸਵਾਰੀ ਗੇਟ ਕੀਪਰ ਨਾਲ ਹੋਰ ਬਹਿਸ ਕਰਦੀ ਵਿਚਾਰੀ ਦਾ ਜੰਗਲ-ਪਾਣੀ ਦਾ ਸਾਰਾ ਮਿਸ਼ਨ ਉੱਥੇ ਹੀ ਤਮਾਮ ਹੋ ਗਿਆ

ਇਸੇ ਦੌਰਾਨ ਅਸੀਂ ਇੱਕ ਦਿਨ ਜਦ ਬਾਜ਼ਾਰ ਗਏ ਤਾਂ ਹਰ ਛੋਟੀ ਵੱਡੀ ਦੁਕਾਨ ’ਤੇ ਗੱਤੇ ਦੇ ਬੋਰਡਾਂ ਨੇ ਸਾਡਾ ਧਿਆਨ ਖਿੱਚਿਆ। ਬੋਰਡਾਂ ਉੱਤੇ ਮੋਟੇ ਮੋਟੇ ਸ਼ਬਦਾਂ ਵਿੱਚ ਲਿਖਿਆ ਹੋਇਆ ਸੀ ਕਿ ਇਸ ਜਗਾਹ 1000 ਅਤੇ 500 ਦੇ ਨੋਟ ਨਹੀਂ ਚਲਦੇ। ਲਗਭਗ ਬਾਰਾਂ ਵਜੇ ਸਾਡਾ ਜਾਣਾ ਇਕ ਫੈਕਟਰੀ ਵਾਲੇ ਮਿੱਤਰ ਦੇ ਹੋਇਆ। ਅਸੀਂ ਦੇਖਿਆ ਕਿ ਪੂਰੀ ਫੈਕਟਰੀ ਵਿੱਚ ਜਿਵੇਂ ਕਬਰਾਂ ਵਰਗੀ ਚੁੱਪ ਛਾਈ ਪਈ ਹੈ ਅਤੇ ਫੈਕਟਰੀ ਦਾ ਮਾਲਕ ਇਸ ਪ੍ਰਕਾਰ ਦੁਖੀ ਬੈਠਾ ਹੈ ਜਿਵੇਂ ਕਿ ਕੋਈ ਮਰਗ ਹੋ ਗਈ ਹੋਵੇ ਅਸੀਂ ਆਪਣੇ ਮਿੱਤਰ ਨੂੰ ਥੋੜ੍ਹਾ ਨਰਮ ਲਹਿਜ਼ੇ ਵਿੱਚ ਪੁੱਛਿਆ ਕਿ ਨਾ ਤਾਂ ਅੱਜ ਹੋਲੀ ਹੈ ਤੇ ਨਾ ਹੀ ਦੀਵਾਲੀ, ਫਿਰ ਸਾਰੀ ਲੇਬਰ ਨੂੰ ਛੁੱਟੀ ਕਿਸ ਖੁਸ਼ੀ ਵਿੱਚ ਕੀਤੀ ਹੈ? ੳਸ ਮਿੱਤਰ ਨੇ ਬੇਹੱਦ ਦੁਖੀ ਹਿਰਦੇ ਨਾਲ ਕਿਹਾ, “ਨਹੀਂ ਯਾਰ, ਛੁੱਟੀ-ਵੁੱਟੀ ਨਹੀਂ, ਸਗੋਂ ਸਾਰੀ ਲੇਬਰ ਨੂੰ ਚਾਰ-ਚਾਰ ਹਜ਼ਾਰ ਦੇ ਕੇ ਬੈਂਕ ਵਿਚ ਕਰੰਸੀ ਬਦਲੀ ਲਈ ਭੇਜਿਆ ਹੋਇਆ ਹੈ। ਪੂਰੇ ਇੱਕ ਹਫਤੇ ਤੋਂ ਫੈਕਟਰੀ ਦੇ ਸਾਰੇ ਕੰਮ-ਕਾਰ ਠੱਪ ਹਨ। ਬੱਸ ਇਸ ਨੋਟਾਂ ਦੀ ਅਦਲਾ-ਬਦਲੀ ਦੇ ਝੱਜੂ ਵਿੱਚ ਹੀ ਉਲਝੇ ਹੋਏ ਹਾਂ ਸੱਚ ਪੁੱਛੇਂ ਤਾਂ ਯਾਰ ਇਸ ਨੋਟ-ਬੰਦੀ ਨੇ ਸਾਡੇ ਸਾਰੇ ਕੰਮ ਦੀ ਐਸੀ-ਤੈਸੀ ਫੇਰ ਰੱਖੀ ਹੈ

ਇਸ ਨੋਟ-ਬੰਦੀ ਦੇ ਸਦਕਾ ਸਾਡੇ ਗੁਆਂਢ ਵਿੱਚ ਹੋਇਆ ਇੱਕ ਵਿਆਹ ਲੋਕਾਂ ਦੇ ਮਨਾਂ ’ਤੇ ਆਪਣੀ ਇੱਕ ਅਮਿੱਟ ਛਾਪ ਛੱਡ ਗਿਆ ਹੋਇਆ ਇੰਝ ਕਿ ਗੁਆਂਢ ਦੀ ਇੱਕ ਕੁੜੀ ਦਾ ਵਿਆਹ ਸ਼ਹਿਰ ਦੇ ਹੀ ਇਕ ਦੂਸਰੇ ਮੁਹੱਲੇ ਵਿਚ ਰਹਿੰਦੇ ਮੁੰਡੇ ਨਾਲ ਹੋਣਾ ਤੈਅ ਹੋਇਆ ਸੀ ਅਤੇ ਵਿਆਹ ਦੇ ਸੱਦਾ-ਪੱਤਰ ਆਦਿ ਸਭ ਵੰਡੇ ਜਾ ਚੁੱਕੇ ਸਨ, ਅਤੇ ਕੁੜੀ ਅਤੇ ਮੁੰਡੇ ਵਾਲਿਆਂ ਵਲੋਂ ਵਿਆਹ ਲਈ ਲੋਂੜੀਂਦਾ ਕੈਸ਼ ਆਦਿ ਬੈਂਕਾਂ ਵਿੱਚੋਂ ਕਢਵਾ ਲਿਆ ਗਿਆ ਸੀ ਪਰੰਤੂ ਐਨ ਵਿਆਹ ਤੋਂ ਤਿੰਨ ਦਿਨ ਪਹਿਲਾਂ ਜਿਵੇਂ ਹੀ ਨੋਟ-ਬੰਦੀ ਦਾ ਐਲਾਨ ਹੋਇਆ. ਤਾਂ ਜਿਵੇਂ ਇਹ ਵਿਆਹ ਧੂਮ-ਧਾਮ ਨਾਲ ਕਨ ਦੇ ਤਮਾਮ ਅਰਮਾਨਾਂ ਉੱਤੇ ਜਿਵੇਂ ਬਿਜਲੀ ਡਿਗ ਪਈ ਹੋਵੇ, ਕਿਉਂਕਿ ਜੋ ਵੀ ਨਕਦੀ ਆਦਿ ਉਹਨਾਂ ਦੇ ਮਾਪਿਆਂ ਵਲੋਂ ਬੈਂਕਾਂ ਵਿੱਚੋਂ ਕਢਵਾਈ ਗਈ ਸੀ, ਉਹ ਹਾਲ ਦੀ ਘੜੀ ਬੇਕਾਰ ਹੋ ਗਈ ਸੀ। ਜਦ ਲੱਖ ਯਤਨ ਕਰਨ ਦੇ ਬਾਵਜੂਦ ਵੀ ਨਕਦੀ ਦਾ ਲੋੜੀਂਦਾ ਪ੍ਰਬੰਧ ਨਾ ਹੋ ਸਕਿਆ ਤਾਂ ਆਪਸੀ ਮਸ਼ਵਰੇ ਨਾਲ ਤੈਅ ਪਾਇਆ ਕਿ ਬਰਾਤੀਆਂ ਨੂੰ ਇਕ ਇਕ ਕੱਪ ਚਾਹ ਦਾ ਪਿਆ ਕੇ ਕੁੜੀ ਤੋਰ ਦਿੱਤੀ ਜਾਵੇ। ਅਤੇ ਫਿਰ ਇਹੋ ਹੋਇਆ।ਸ਼ਾਇਦ ਇਸੇ ਨੂੰ ਹੀ ਆਖਦੇ ਹਨ ਕਿ “ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ

ਨੋਟ-ਬੰਦੀ ਦੇ ਇਹਨਾਂ ਦਿਨਾਂ ਦੌਰਾਨ ਕਈ ਮੁਹਾਵਰੇ, ਅਖਾਣ ਸੱਚ ਸਾਬਤ ਹੋ ਗਏ ਜਿਵੇਂ ਕਿ “ਬਾਪ ਬੜਾ ਨਾ ਭਈਆ ਸਭ ਸੇ ਬੜਾ ਰੁਪਈਆ।” ਇਸੇ ਪਰਕਾਰ ਇਕ ਹੋਰ ਪ੍ਰਸਿੱਧ ਮੁਹਾਵਰੇ ਨੂੰ ਆਪਣੇ ਅਖੀਂ ਸੱਚ ਹੁੰਦਿਆਂ ਵੇਖਿਆ - ਨੌਂ ਦੋ ਗਿਆਰਾਂ ਹੋ ਜਾਣਾ” ਇਕ ਦਿਨ ਸ਼ਾਮੀਂ ਇੱਕ ਭਿਖਾਰੀ ਨੁਮਾ ਜੋਗੀ ਨੇ ਸਾਡੇ ਘਰ ਅੱਗੇ ਅਲਖ ਜਗਾਉਂਦਿਆਂ ਜਦ ਭਿੱਖਿਆ ਮੰਗੀ ਤਾਂ ਧਰਮ ਪਤਨੀ ਨੇ ਪਹਿਲੀ ਵਾਰ ਦਿਮਾਗ ਦੀ ਸਹੀ ਵਰਤੋਂ ਕਰਦਿਆਂ ਜੋਗੀ ਨੂੰ 500 ਰੁਪਏ ਦਾ ਨੋਟ ਦਿੰਦਿਆਂ ਕਿਹਾ, “ਆਹ ਲਓ ਮਾਹਾਰਾਜ, 100 ਰੁਪਏ ਭਿਖਸ਼ਾ ਰੱਖਦਿਆਂ ਚਾਰ ਸੌ ਮੌੜ ਦਿਉ500 ਦੇ ਨੋਟ ਦਾ ਨਾਮ ਸੁਣਦਿਆਂ ਹੀ ਜੋਗੀ ਉੱਥੋਂ ਨੌਂ ਦੋ ਗਿਆਰਾਂ ਹੋ ਗਿਆਨੋਟ-ਬੰਦੀ ਦੇ ਦਿਨਾਂ ਵਿੱਚ ਇਕ ਹੋਰ ਮੁਹਾਵਰਾ ਮੱਖੀਆਂ ਮਾਰਨਾ ਵੀ ਸੱਚ ਹੁੰਦਾ ਵੇਖਿਆ ਗਿਆ, ਕਿਉਂਕਿ ਮੰਦੀ ਦੀ ਮਾਰ ਝੇਲ ਰਹੇ ਅਕਸਰ ਦੁਕਾਨਦਾਰਾਂ ਨੂੰ ਗ੍ਰਾਹਕ ਨਾ ਹੋਣ ਕਾਰਨ ਵਿਹਲੇ ਮੱਖੀਆਂ ਦੇ ਨਾਲ ਨਾਲ ਚੂਹੇ ਅਤੇ ਛਿਪਕਲੀਆਂ ਤੱਕ ਮਾਰਦੇ ਵੇਖਿਆ ਗਿਆ

ਸੱਚ ਆਖੀਏ ਤਾਂ ਉਨ੍ਹਾਂ ਨੋਟ-ਬੰਦੀ ਦੇ ਦਿਨਾਂ ਵਿਚ ਦੇਸ਼ ਦਾ ਪੂਰਾ ਸਿਸਟਮ ਇਕ ਤਰਾਂ ਨਾਲ ਚਰਮਰਾ ਗਿਆ ਪ੍ਰਤੀਤ ਹੋਇਆਜਾਂ ਇਉਂ ਕਹਿ ਲਵੋ ਕਿ ਮੁਲਕ ਖਲੋਇਆ-ਖਲੋਇਆ ਪ੍ਰਤੀਤ ਹੋਇਆ। ਇਸ ਖੜੋਤ ਦਾ ਦਰਦ ਦੇਸ਼ ਦੇ ਮੱਧ ਵਰਗ ਜਾਂ ਗਰੀਬ ਲੋਕਾਂ ਨੇ ਆਪਣੇ ਪਿੰਡੇ ’ਤੇ ਹੰਢਾਇਆਇਸ ਦੌਰਾਨ ਜੋ ਅਕਹਿ ਦਰਦ ਇਹਨਾਂ ਆਮ ਲੋਕਾਂ ਨੇ ਝੇਲਿਆ, ਉਸਦਾ ਅਹਿਸਾਸ ਨਾ ਕਿਸੇ ਫਕੀਰ ਨੂੰ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਵੱਡੇ ਸਰਮਾਏਦਾਰ ਨੂੰ। ਉਰਦੂ ਦੇ ਕਵੀ ਨੇ ਕਿਆ ਖੂਬ ਕਿਹਾ ਹੈ:

ਦਰਦ-ਏ-ਦਿਲ ਦਰਦ ਆਸ਼ਨਾ ਜਾਣੇ
ਔਰ ਬੇ-ਦਰਦ ਕੋਈ ਕਿਯਾ ਜਾਣੇ॥

*****

(945)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author