“ਅੱਜ ਸੱਤਾ ਧਿਰ ਦੇ ਆਗੂਆਂ ਦੀ ਜ਼ਹਿਰੀਲੀ ਬਿਆਨਬਾਜ਼ੀ ਜਿੱਥੇ ਇੱਕ ਗੰਭੀਰ ਚਿੰਤਾ ...”
(4 ਫਰਵਰੀ 2020)
ਦਿੱਲੀ ਦੀਆਂ ਚੋਣਾਂ ਦੀ ਤਾਰੀਖ ਬਹੁਤ ਨੇੜੇ ਆ ਗਈ ਹੈ। ਸਿਆਸੀ ਆਗੂਆਂ ਦੇ ਬਿਆਨ ਤਮਾਮ ਮਰਿਆਦਾਵਾਂ ਦੇ ਹੱਦ ਬੰਨੇ ਤੋੜ ਰਹੇ ਹਨ।
ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜਿੱਥੇ ਆਪਣੇ ਪਿਛਲੇ 5 ਸਾਲਾਂ ਦੌਰਾਨ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ, ਉੱਥੇ ਹੀ ਭਾਜਪਾ ਦਾ ਹਰ ਛੋਟਾ-ਵੱਡਾ ਆਗੂ ਆਪਣੀ ਪੁਰਾਣੀ ਸ਼ੈਲੀ ਵਿੱਚ ਭਾਵ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲੇ ਬਿਆਨਾਂ ਰਾਹੀਂ ਵੋਟਾਂ ਨੂੰ ਪੋਲਰਾਇਜ਼ਡ ਕਰਨ ਦੀ ਤਾਕ ਵਿੱਚ ਜਾਪ ਰਿਹਾ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਰੈਲੀ ਦੌਰਾਨ ਇਹ ਨਾਅਰਾ ਲਗਵਾਇਆ ਕਿ “ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।” ਜਦੋਂ ਕਿ ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਕਮਲ ਦਾ ਬਟਨ ਦਬਾਉਣ ਨਾਲ ਹੀ ਇਹ ਗਦਾਰ ਮਰਨਗੇ।
ਦਿੱਲੀ ਤੋਂ ਹੀ ਭਾਜਪਾ ਸਾਂਸਦ ਪ੍ਰਵੇਸ਼ ਵਰਮਾ (ਸਾਬਕਾ ਭਾਜਪਾ ਆਗੂ ਸਾਹਿਬ ਵਰਮਾ ਦੇ ਸਪੁੱਤਰ) ਨੇ ਇੱਕ ਚੋਣ ਰੈਲੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੇਕਰ ਦਿੱਲੀ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਉਪਰੰਤ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਦਿੱਲੀ ਵਿੱਚ ਸਰਕਾਰੀ ਜ਼ਮੀਨਾਂ ਉੱਤੇ ਬਣੀਆਂ ਸਾਰੀਆਂ ਮਸਜਿਦਾਂ ਇੱਕ ਮਹੀਨੇ ਵਿੱਚ ਢਹਿ-ਢੇਰੀ ਕਰ ਦਿੱਤੀਆਂ ਜਾਣਗੀਆਂ। ਉਸ ਨੇ ਇਹ ਵੀ ਕਿਹਾ ਕਿ ਇਹ ਚੋਣਾਂ ਸਿਰਫ਼ ਚੋਣਾਂ ਨਹੀਂ ਹਨ, ਸਗੋਂ ਦੇਸ਼ ਦੀ ਏਕਤਾ ਬਾਰੇ ਫੈਸਲਾ ਕਰਨ ਦੀਆਂ ਚੋਣਾਂ ਹਨ। ਜੇਕਰ ਭਾਜਪਾ 11 ਫਰਵਰੀ ਨੂੰ ਸੱਤਾ ਵਿੱਚ ਆਉਂਦੀ ਹੈ ਤਾਂ ਸ਼ਾਹੀਨ ਬਾਗ ਨੂੰ ਇੱਕ ਘੰਟੇ ਵਿੱਚ ਖਾਲੀ ਕਰਵਾ ਲਿਆ ਜਾਵੇਗਾ। ਇਸ ਬਿਆਨ ਤੋਂ ਫੌਰਨ ਬਾਅਦ ਦਿੱਲੀ ਦੀ ਮੌਜੂਦਾ ਸਰਕਾਰ ਨੇ ਸਪਸ਼ਟ ਕੀਤਾ ਕਿ ਦਿੱਲੀ ਵਿੱਚ ਇੱਕ ਵੀ ਮਸਜਿਦ ਸਰਕਾਰੀ ਜ਼ਮੀਨ ਉੱਤੇ ਨਹੀਂ ਹੈ।
ਪ੍ਰਵੇਸ਼ ਵਰਮਾ ਨੇ ਅੱਗੇ ਕਿਹਾ ਕਿ ''ਸ਼ਾਹੀਨ ਬਾਗ ਵਿੱਚ ਲੱਖਾਂ ਲੋਕ ਜਮ੍ਹਾਂ ਹਨ, ਦਿੱਲੀ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਅਤੇ ਫੈਸਲਾ ਕਰਨਾ ਹੋਵੇਗਾ ਕਿ ਉਹ ਤੁਹਾਡੇ ਘਰਾਂ ਵਿੱਚ ਘੁਸਣਗੇ, ਤੁਹਾਡੀਆਂ ਬਹੁ-ਬੇਟੀਆਂ ਨਾਲ ਬਲਾਤਕਾਰ ਕਰਨਗੇ, ਉਨ੍ਹਾਂ ਨੂੰ ਮਾਰ ਦੇਣਗੇ, ਹੁਣ ਵਕਤ ਹੈ, ਕੱਲ੍ਹ ਨੂੰ ਮੋਦੀ ਜੀ ਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆ ਸਕਣਗੇ।” ਪਰ ਇਹ ਬਿਆਨ ਦਿੰਦੇ ਸਮੇਂ ਸ਼ਾਇਦ ਉਹ ਯੂ ਪੀ ਦੇ ਸਜ਼ਾਯਾਫਤਾ ਭਾਜਪਾ ਵਿਧਾਇਕ ਸੈਂਗਰ ਅਤੇ ਚਿਮਨੀਆਨੰਦ ਨੂੰ ਭੁੱਲ ਜਾਂਦੇ ਹਨ ਜੋ ਬਲਾਤਕਾਰ ਦੇ ਵੱਖ ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਭਾਜਪਾ ਦੇ ਉਮੀਦਵਾਰ ਕਪਿਲ ਮਿਸ਼ਰਾ ਨੇ ਕਿਹਾ ਕਿ ਇਹ ਚੋਣਾਂ, ਚੋਣਾਂ ਨਹੀਂ, ਸਗੋਂ 8 ਫਰਵਰੀ ਨੂੰ ਹਿੰਦੋਸਤਾਨ ਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਮੁਕਾਬਲਾ ਹਨ। ਇਸ ਪ੍ਰਕਾਰ ਕਪਿਲ ਮਿਸ਼ਰਾ ਦਾ ਉਕਤ ਬਿਆਨ ਸਪਸ਼ਟ ਤੌਰ ਉੱਤੇ ਭਾਜਪਾ ਨੂੰ ਵੋਟ ਪਾਉਣ ਵਾਲਿਆਂ ਨੂੰ ਹਿੰਦੋਸਤਾਨੀ ਤੇ ਦੂਜੀਆਂ ਮੁਖਾਲਫ ਪਾਰਟੀਆਂ ਨੂੰ ਵੋਟ ਪਾਉਣ ਵਾਲਿਆਂ ਨੂੰ ਪਾਕਿਸਤਾਨੀ ਕਰਾਰ ਦਿੰਦਾ ਹੈ। ਇਸਦੇ ਨਾਲ ਹੀ ਇੱਕ ਹੋਰ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ ਇਹ ਚੋਣ 80 ਫ਼ੀਸਦੀ ਦੀ 20 ਫ਼ੀਸਦੀ ਨਾਲ ਜੰਗ ਹੈ, ਜਿਸਦਾ ਸਿੱਧਾ ਤੇ ਸਾਫ ਮਤਲਬ ਹੈ ਕਿ ਦਿੱਲੀ ਦੀ 80 ਫ਼ੀਸਦੀ ਹਿੰਦੂ ਆਬਾਦੀ ਤੇ 20 ਫ਼ੀਸਦੀ ਮੁਸਲਮਾਨਾਂ ਤੋਂ ਹੈ।
ਇਸ ਤੋਂ ਪਹਿਲਾਂ ਦੇਸ਼ ਦੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬਾਬਰਪੁਰ ਇਲਾਕੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਤੁਸੀਂ ਵੋਟ ਪਾਉਂਦੇ ਸਮੇਂ ਈ ਵੀ ਐੱਮ ਮਸ਼ੀਨ ਦੇ ਬਟਨ ਨੂੰ ਇੰਨੇ ਜ਼ੋਰ ਨਾਲ ਦਬਾਉਣਾ ਕਿ ਕਰੰਟ ਸ਼ਾਹੀਨ ਬਾਗ ਤੱਕ ਪੁੱਜੇ।
ਉੱਪਰੋਥਲੀ ਆਏ ਉਕਤ ਭੜਕਾਊ ਬਿਆਨਾਂ ਦੇ ਹੁਣ ਖਤਰਨਾਕ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ, ਜਿਸ ਦੀ ਤੱਤੀ ਤਾਜੀ ਉਦਾਹਰਣ 30 ਜਨਵਰੀ ਨੂੰ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ’ਤੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਰਾਜ ਘਾਟ ਵਿਖੇ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਬਣਾ ਰਹੇ ਸਨ ਤਾਂ ਇਸੇ ਵਿਚਕਾਰ ਇੱਕ ਰਾਮਭਗਤ ਗੋਪਾਲ ਨਾਮ ਦਾ ਨੌਜਵਾਨ (ਜਿਸ ਨੂੰ ਬਾਅਦ ਵਿੱਚ ਨਿਊਜ਼ ਰਿਪੋਰਟਾਂ ਵਿੱਚ ਨਾਬਾਲਗ ਕਰਾਰ ਦਿੱਤਾ ਗਿਆ ਹੈ) ਮੁੰਡੇ ਨੇ ਇੱਕ ਦੇਸੀ ਕੱਟੇ (ਪਿਸਤੌਲ) ਨਾਲ ਪੁਲਸ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ, ਜਿਸਦੇ ਨਤੀਜੇ ਵਜੋਂ 25 ਸਾਲਾ ਸ਼ਾਦਾਬ ਨਾਂ ਦਾ ਵਿਦਿਆਰਥੀ ਜ਼ਖਮੀ ਹੋ ਗਿਆ। ਇਸ ਹਮਲਾਵਰ ਨੇ ਪੁਲਸ ਦੀ ਮੌਜੂਦਗੀ ਵਿੱਚ ਗੋਲੀ ਚਲਾਉਣ ਉਪਰੰਤ ਪਿਸਤੌਲ ਹਵਾ ਵਿੱਚ ਲਹਿਰਾਉਂਦੇ ਹੋਏ ਕਿਹਾ, “ਯੇ ਲੋ ਆਜ਼ਾਦੀ ... ਹਿੰਦੁਸਤਾਨ ਜ਼ਿੰਦਾਬਾਦ ...।” ਗੋਲੀ ਚਲਾਉਣ ਵਾਲਾ ਯੁਵਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਫੇਸਬੁੱਕ ’ਤੇ ਲਾਈਵ ਸੀ। ਫੇਸਬੁੱਕ ਉੱਤੇ ਉਸਦੀ ਆਈ ਡੀ ‘ਰਾਮਭਗਤ ਗੋਪਾਲ’ ਨਾਂ ਤੋਂ ਹੈ। ਫੇਸਬੁੱਕ ਉੱਤੇ ਉਸਨੇ ਪੋਸਟ ਕੀਤਾ – “ਸ਼ਾਹੀਨ ਭਾਗ, ਖੇਲ ਖਤਮ।” ਉਸਨੇ ਆਪਣੀ ਪਿਛਲੀ ਫੇਸਬੁੱਕ ਵੀਡੀਓ ਵਿੱਚ ਇਹ ਵੀ ਪਾਇਆ ਕਿ “ਆਪਣੀ ਅੰਤਮ ਯਾਤਰਾ ਉੱਤੇ ਹਾਂ। ਮੈਂਨੂੰ ਕੇਸਰੀਆ ਵਿੱਚ ਲਪੇਟਣਾ ਤੇ ਜੈ ਸ਼੍ਰੀਰਾਮ ਬੁਲੰਦ ਕਰਨਾ।”
ਇਸ ਸਾਰੇ ਘਟਨਾਕ੍ਰਮ ਦੀਆਂ ਜੋ ਵੀਡੀਓ ਵਾਇਰਲ ਹੋਈਆਂ ਹਨ ਉਨ੍ਹਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਪੁਲਸ ਪੂਰੀ ਤਰ੍ਹਾਂ ਖਾਮੋਸ਼ ਤਮਾਸ਼ਾਈ ਬਣੀ ਹੋਈ ਹੈ। ਇਸ ਨੂੰ ਮੌਜੂਦਾ ਸਮੇਂ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਜੋ ਪੁਲਸ ਏ ਐੱਮ ਯੂ ਅਤੇ ਜਾਮੀਆ ਦੇ ਬੇਕਸੂਰ ਵਿਦਿਆਰਥੀਆਂ ਤੇ ਲਾਇਬ੍ਰੇਰੀ ਵਿੱਚ ਘੁਸ ਕੇ ਹਮਲਾ ਕਰਦੀ ਹੈ ਅਤੇ ਮੁੰਡੇ ਕੁੜੀਆਂ ਦੀ ਬੇਤਹਾਸ਼ਾ ਕੁੱਟਮਾਰ ਕਰਦੀ ਹੈ ਤੇ ਇੱਥੋਂ ਤਕ ਕਿ ਇਸ ਮਾਰਕੁੱਟ ਦੌਰਾਨ ਇੱਕ ਵਿਦਿਆਰਥੀ ਦੀ ਅੱਖ ਹਮੇਸ਼ਾ ਲਈ ਚਲੇ ਜਾਂਦੀ ਹੈ। ਤੇ ਇਹੀਓ ਪੁਲਸ ਜੇ ਐੱਨ ਯੂ ਦੇ ਵਿਦਿਆਰਥੀਆਂ ਨੂੰ ਨਕਾਬਪੋਸ਼ ਗੁੰਡਿਆਂ ਦੁਆਰਾ ਕੁੱਟਣ ਸਮੇਂ ਵੀ ਖਾਮੋਸ਼ ਤਮਾਸ਼ਾਈ ਬਣੀ ਵਿਖਾਈ ਦਿੰਦੀ ਹੈ।
ਅੱਜ ਸੱਤਾ ਧਿਰ ਦੇ ਆਗੂਆਂ ਦੀ ਜ਼ਹਿਰੀਲੀ ਬਿਆਨਬਾਜ਼ੀ ਜਿੱਥੇ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉੱਥੇ ਹੀ ਪੁਲਸ ਦੇ ਸਾਹਮਣੇ ਗੁੰਡਿਆਂ ਦੁਆਰਾ ਵਿਦਿਆਰਥੀਆਂ ਉੱਤੇ ਜ਼ੁਲਮ ਓ ਤਸ਼ੱਦਦ ਦਾ ਬਾਜ਼ਾਰ ਗਰਮ ਕਰਨਾ ਤੇ ਅਜਿਹੇ ਨਾਜ਼ੁਕ ਸਮਿਆਂ ’ਤੇ ਪੁਲਸ ਦਾ ਮੂਕ ਦਰਸ਼ਕ ਬਣ ਕੇ ਤਮਾਸ਼ਾਈ ਬਣੇ ਰਹਿਣਾ, ਯਕੀਨਨ ਦੇਸ਼ ਦੇ ਅਮਨ ਪਸੰਦ ਲੋਕਾਂ ਨੂੰ ਜਿੱਥੇ ਚਿੰਤਤ ਕਰਦਾ ਹੈ, ਉੱਥੇ ਹੀ ਬੁੱਧੀਜੀਵੀ ਵਰਗ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਤੇ ਸ਼ੰਕੇ ਖੜ੍ਹੇ ਕਰ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1920)
(ਸਰੋਕਾਰ ਨਾਲ ਸੰਪਰਕ ਲਈ: