MohdAbbasDhaliwal7ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਕੁਝ ਕੁ ਕਿਸਾਨ ...
(27 ਅਕਤੂਬਰ 2019)

 

ਕੁਦਰਤ ਨੇ ਜਿਨ੍ਹਾਂ ਅਨਮੋਲ ਜੜੀਆਂ ਬੂਟੀਆਂ ਅਤੇ ਪੇੜ ਪੌਦਿਆਂ ਨਾਲ ਸਾਨੂੰ ਨਵਾਜ਼ਿਆ ਹੈ, ਉਨ੍ਹਾਂ ਸਭਨਾਂ ਵਿੱਚ ਮਨੁੱਖਾਂ ਲਈ ਕੋਈ ਨਾ ਕੋਈ ਭਲਾਈ ਅਤੇ ਬਿਹਤਰੀ ਛੁਪੀ ਹੋਈ ਹੈ। ਇਹ ਅਲੱਗ ਗੱਲ ਹੈ ਕਿ ਸਾਨੂੰ ਹਰ ਸ਼ੈਅ ਦੀ ਪੂਰਨ ਤੌਰ ’ਤੇ ਜਾਣਕਾਰੀ ਨਹੀਂ ਹੈ। ਪਰ ਇਹ ਸੱਚਾਈ ਹੈ ਕਿ ਰੱਬ ਨੇ ਕੋਈ ਵੀ ਚੀਜ਼ ਦੁਨੀਆਂ ਵਿੱਚ ਬਗ਼ੈਰ ਮਕਸਦ ਜਾਂ ਬੇਕਾਰ ਨਹੀਂ ਪੈਦਾ ਕੀਤੀ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਆਪਣੇ ਸਭਨਾਂ ਸਾਧਨਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰਰੇਨਾ ਦੇਣ ਲਈ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਅਤੇ ਉਪਰਾਲੇ ਕੀਤੇ। ਪ੍ਰੰਤੂ ਇਸ ਸਭ ਦੇ ਬਾਵਜੂਦ ਲੋਕਾਂ ਵਲੋਂ ਪੂਰਾ ਪੂਰਾ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਅਤੇ ਉਦੇਸ਼ ਸੜ ਰਹੀ ਪਰਾਲੀ ਦੇ ਧੂਏਂ ਦੀ ਭੇਂਟ ਚੜ੍ਹ ਗਏ।

ਇਸ ਗੱਲ ਦੀ ਵੀ ਖੁਸ਼ੀ ਹੈ ਕਿ ਹੁਣ ਕੁਝ ਕੁ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀਆਂ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਲੱਗੇ ਹਨ ਪਿਛਲੇ ਦਿਨੀਂ ਮੈਂ ਇੱਕ ਪਰਾਲੀ ਸਾੜਨ ਵਿਰੁੱਧ ਸਕੂਲੀ ਬੱਚਿਆਂ ਦੀ ਰੈਲੀ ਵੇਖੀ। ਇਸ ਦੌਰਾਨ ਬੱਚਿਆਂ ਦੇ ਹੱਥਾਂ ਵਿੱਚ ਜੋ ਤਖਤੀਆਂ ਚੁੱਕੀਆਂ ਹੋਈਆਂ ਸਨ, ਉਹ ਜਿੱਥੇ ਹਰ ਕਿਸੇ ਦਾ ਧਿਆਨ ਖਿੱਚ ਰਹੇ ਸਨ, ਉੱਥੇ ਹੀ ਬਾ-ਜ਼ਮੀਰ ਲੋਕਾਂ ਦੀਆਂ ਆਤਮਾਵਾਂ ਵੀ ਝੰਜੋੜ ਵੀ ਰਹੇ ਸਨ:

ਕਹਿਣ ਸਿਆਣੇ ਬਰਕਤ ਹੁੰਦੀ ਨੇਕ ਕਮਾਈ ਦੀ,
ਜਿਹੜੀ ਧਰਤੀ ਦਾ ਖਾਈਏ ਉਹਨੂੰ ਅੱਗ ਨਹੀਂ ਲਾਈਦੀ।

ਝੁਲਸੀ ਮਾਤਾ ਧਰਤੀ ਦੇਵੇ ਦੁਹਾਈਆਂ ਪੁੱਤਰਾਂ ਨੂੰ,
ਦਾਣਿਆਂ ਦੇ ਘਰ ਭਰ ਕੇ ਨਾ-ਸ਼ੁਕਰਾ ਕਿਉਂ ਬਣਦਾ ਤੂੰ।

ਖੇਤ ਪਰਾਲੀ ਨੂੰ ਅੱਗ ਲਾ ਕੇ ਕਿਉਂ ਕਰਦੇ ਹੋ ਧੂਆਂ-ਧਾਰ,
ਖੰਘ ਦਮਾ ਤੇ ਹੋਰ ਬਿਮਾਰੀਆਂ ਦੇਣਗੀਆਂ ਸਭ ਨੂੰ ਮਾਰ।”

ਸਾੜ ਨਾ ਖੇਤ ਪਰਾਲੀਆਂ ਮਾਂ ਧਰਤੀ ਕਰੇ ਪੁਕਾਰ,
ਮੇਰੇ ਜੇਠੇ ਪੁੱਤ ਕਿਸਾਨ ਸਿਆਂ, ਨਾ ਪੈਰ ਕੁਹਾੜੀ ਮਾਰ।

ਪਵਨ ਗੁਰੂ ਜੋ ਕਹਿੰਦੇ ਹੋ ਤਾਂ ਅੱਗ ਪਰਾਲੀ ਨੂੰ ਨਾ ਲਾਓ,
ਦਮ ਘੋਟੂ ਮਾਹੌਲ ਬਣਾ ਕੇ ਪੌਣਾਂ ਵਿੱਚ ਨਾ ਜ਼ਹਿਰ ਮਿਲਾਓ।

ਤੇ ਇੱਕ ਹੋਰ ਅਖਤੀ ਉੱਤੇ ਲਿਖਿਆ ਹੋਇਆ ਸੀ:

ਕੁੱਝ ਸਿੱਕਿਆਂ ਲਈ ਧਰਤੀ ਲੂਹੇਂ ਖੇਤੀਂ ਭਾਂਬੜ ਬਾਲੇਂ,
ਆਪਣਾ ਹੀ ਘਰ ਸਾੜ ਕੇ ਨਹੀਓਂ ਹੁੰਦੇ ਕਦੇ ਉਜਾਲੇ।

ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਕੁਝ ਕੁ ਕਿਸਾਨ ਉਕਤ ਸੁਨੇਹਿਆਂ ਨੂੰ ਸਮਝਣ ਲੱਗ ਪਏ ਹਨ ਤੇ ਇਹੋ ਕਾਰਨ ਹੈ ਕਿ ਉਹ ਆਪਣੇ ਖੇਤਾਂ ਵਿੱਚ ਪਰਾਲੀਆਂ ਨੂੰ ਅੱਗ ਲਾਉਣ ਤੋਂ ਹੁਣ ਗੁਰੇਜ਼ ਵੀ ਕਰਨ ਲੱਗੇ ਹਨ

ਪੰਜਾਬ ਵਿੱਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸੂਬੇ ਵਿੱਚ ਲਗਭਗ 65 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਹੁੰਦੀ ਹੈ ਤੇ ਫਸਲ ਦੀ ਪਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ ਖੂਹੰਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ, ਉਸਦੇ ਤੱਥ ਯਕੀਨਨ ਚਿੰਤਾਜਨਕ ਹਨ। ਇੱਕ ਰਿਪੋਰਟ ਅਨੁਸਾਰ ਇੱਕ ਕਿੱਲੇ ਵਿੱਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ ਜਿਸਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਔਰ 51 ਕਿਲੋ ਪਟਾਸ਼ ਸੜ ਕੇ ਸੁਆਹਾ ਹੋ ਜਾਂਦੀ ਹੈ। ਇਸਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ, ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਖੇਤੀ ਦੀ ਉਪਜਾਊ ਸ਼ਕਤੀ ਵਿੱਚ ਬੇ-ਤਹਾਸ਼ਾ ਕਮੀ ਆਉਂਦੀ ਹੈ। ਇੱਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫਸਲਾਂ ਦੇ ਵਧੇਰੇ ਵਧਣ ਫੁੱਲਣ ਲਈ ਜ਼ਰੂਰੀ ਮਲੜ ਦੇ ਨਾਲ ਨਾਲ ਲਗਭਗ 38 ਲੱਖ ਟਨ ਆਰਗੇਨਿਕ ਕਾਰਬਨ ਸੜ ਜਾਂਦੇ ਹਨ ਜਿਸਦੇ ਕਾਰਨ ਧਰਤੀ ਦੀ ਜ਼ਰਖੇਜੀ ਭਾਵ ਉਪਜਾਊ ਸ਼ਕਤੀ ਵਿੱਚ ਕਮੀ ਆਉਂਦੀ ਹੈਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰਖਤ ਪਰਾਲੀ ਨੂੰ ਲਗਾਈ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ ਤੇ ਇਸ ਦੌਰਾਨ ਉਨ੍ਹਾਂ ਦਰਖਤਾਂ ਦੀਆਂ ਚੀਖਾਂ ਸ਼ਾਇਦ ਕਿਸੇ ਨੂੰ ਵੀ ਸੁਣਾਈ ਨਹੀਂ ਦਿੰਦੀਆਂਪਹਿਲੇ ਪਹਿਲ ਛੋਟੀ ਮੱਖੀ ਦਾ ਸ਼ਹਿਦ ਸਾਨੂੰ ਆਮ ਮਿਲ ਜਾਇਆ ਕਰਦਾ ਸੀ, ਲੇਕਿਨ ਜਦ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ, ਉਸ ਨਾਲ ਸ਼ਹਿਦ ਦੀਆਂ ਅਣ-ਗਿਣਤ ਮੱਖੀਆਂ ਮਰ ਚੁੱਕੀਆਂ ਹਨ ਜਿਸਦੇ ਫਲਸਰੂਪ ਅੱਜ ਸ਼ੁੱਧ ਸ਼ਹਿਦ ਮਿਲਣਾ ਲਗਭਗ ਨਾ-ਮੁਮਕਿਨ ਹੀ ਜਾਪਦਾ ਹੈਇਸ ਤੋਂ ਇਲਾਵਾ ਛੋਟੇ ਛੋਟੇ ਪੰਛੀ ਜਿਵੇਂ ਕਿ ਚਿੜੀਆਂ ਆਦਿ ਵੀ ਸਾਡੇ ਇਰਦ ਗਿਰਦ ਵਿੱਚੋਂ ਅਲੋਪ ਹੁੰਦੇ ਜਾ ਰਹੇ ਹਨ

ਦੂਸਰੇ ਪਾਸੇ ਪਰਾਲ਼ੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ, ਕਾਰਬਨ ਮੋਨੋਔਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰਕੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟਾਉਂਦੀ ਹੈ। ਇਸਦੇ ਨਾਲ ਹੀ ਕਾਰਬਨ ਡਾਈਔਕਸਈਡ ਅੱਖਾਂ ਅਤੇ ਸਾਹ ਦੀ ਨਲੀ ਵਿੱਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫਰ ਔਕਸਾਈਡ ਅਤੇ ਨਾਈਟਰੋਜਨ, ਔਕਸਾਈਡ ਫੇਫੜਿਆਂ, ਖੂਨ, ਚਮੜੀ ਅਤੇ ਸਾਹ ਕਿਰਿਆ ਉੱਤੇ ਸਿੱਧਾ ਅਸਰ ਕਰਦੇ ਹਨ ਜੋ ਕਿ ਕੈਂਸਰ ਵਰਗੀਆਂ ਮੂਜ਼ੀ-ਬਿਮਾਰੀਆਂ ਨੂੰ ਸਦਾ ਦਿੰਦੇ ਹਨਉਕਤ ਜ਼ਹਿਰੀਲੀਆਂ ਗੈਸਾਂ ਦੇ ਪਰਕੋਪ ਦਾ ਸ਼ਿਕਾਰ ਸਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ ਕਿਉਂਕਿ ਬਚਿਆਂ ਵਿੱਚ ਮੈਟਾਬੌਲਿਕ ਐਕਟੀਵਿਟੀ ਹੋਣ ਕਾਰਨ, ਉਹਨ੍ਹਾਂ ਵਿੱਚ ਗੈਸ ਨੂੰ ਸਮੋਹਣ ਦੀ ਸਮਰੱਥਾ ਵਧੇਰੇ ਹੁੰਦੀ ਹੈਉਕਤ ਗੈਸਾਂ ਗਰਭਵਤੀ ਔਰਤਾਂ ਉੱਤੇ ਵੀ ਬਹੁਤ ਮਾੜਾ ਪਰਭਾਵ ਪਾਉਂਦੀਆਂ ਹਨ

ਇੱਕ ਹੋਰ ਅਧਿਅਨ ਅਨੁਸਾਰ ਜਿਹੜੇ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ ਵਿੱਚ ਵਾਤਾਵਰਨ ਵਿੱਚ ਲਗਭਗ 60 ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਪਾਈ ਜਾਂਦੀ ਹੈ ਉਨ੍ਹਾਂ ਦੀ ਤਾਅਦਾਦ ਵਿੱਚ ਪਰਾਲੀ ਸਾੜਨ ਦੇ ਦਿਨਾਂ ਵਿੱਚ 425 ਮਿਲੀ ਗ੍ਰਾਮ ਪ੍ਰਤੀ ਘਣ ਮੀਟਰ ਤਕ ਦਾ ਵਾਧਾ ਵੇਖਣ ਨੂੰ ਮਿਲਦਾ ਹੈਇਸ ਤੋਂ ਇਲਾਵਾ ਪਰਾਲੀ ਸਾੜਨ ਕਾਰਨ ਲੌੜੀਂਦੀ ਸਰਦੀ ਦੇ ਮੌਸਮ ਵਿੱਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਰਦੀ ਦਾ ਘੱਟ ਪੈਣਾ ਕਣਕ ਉੱਤੇ ਮਾੜੇ ਪ੍ਰਭਾਵ ਪਾਉਣ ਕਾਰਨ ਬਣਦਾ ਹੈ ਇੱਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲਗਭਗ 500 ਕਰੋੜ ਦਾ ਨੁਕਸਾਨ ਹੁੰਦਾ ਹੈਇਸ ਤੋਂ ਇਲਾਵਾ ਪਰਾਲੀ ਦੇ ਧੂਏਂ ਅਤੇ ਅੱਗ ਦੇ ਕਾਰਨ ਸੜਕਾਂ ਉੱਪਰ ਸਫਰ ਕਰ ਰਹੇ ਕਿੰਨੇ ਹੀ ਪਾਂਧੀ-ਮੁਸਾਫਿਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਜਾਨੀ ਮਾਲੀ ਨੁਕਸਾਨ ਹੁੰਦਾ ਹੈ

ਸਾਡੇ ਦੇਸ਼ ਵਿੱਚ ਫਸਲ ਦੀ ਰਹਿੰਦ ਖੂਹੰਦ ਅਤੇ ਪਰਾਲੀ ਨੂੰ ਆਮ ਤੌਰ ’ਤੇ ਜਾਨਵਰਾਂ ਦੀ ਫੀਡ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਲੇਕਿਨ ਪਰਾਲੀ ਵਿੱਚ ਪਸ਼ੂਆਂ ਲਈ ਜ਼ਰੂਰੀ ਤੱਤਾਂ ਦੀ ਘਾਟ ਹੁੰਦੀ ਹੈ ਤੇ ਨਾਲੇ ਇਹਦੀ ਪਾਚਕਤਾ ਵਿੱਚ ਵੀ ਕਮੀ ਹੁੰਦੀ ਹੈ ਪਰ ਇਸ ਨੂੰ ਕਈ ਤਰ੍ਹਾਂ ਦੇ ਐਡੀਟਵਾਂ ਦੇ ਪ੍ਰਯੋਗ ਰਾਹੀਂ ਜਲਦ ਹਜ਼ਮ ਹੋਣ ਵਾਲੀ ਕਿਰਿਆ ਬਦਲਿਆ ਜਾ ਸਕਦਾ ਹੈ ਜਿਵੇਂ ਕਿ ਪਸ਼ੂਆਂ ਦੀਆਂ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ, ਪਰਾਲੀ ਨੂੰ ਯੂਰੀਆ ਅਤੇ ਗੁੜ ਦੇ ਵਿੱਚ ਭਿਉਂ ਕੇ ਅਤੇ ਹਰੇ ਚਾਰੇ ਵਿੱਚ ਮਿਲਾ ਕੇ ਦੇਣ ਨਾਲ ਇਸ ਨੂੰ ਫੀਡ/ਰਾਸ਼ਨ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈਇਸੇ ਪ੍ਰਕਾਰ ਪਰਾਲੀ ਨੂੰ ਬੇਲਰ ਨਾਲ ਬੇਲ ਕੇ ਪੂਰੇ ਸਾਲ ਪਸ਼ੂਆਂ ਦੀ ਫੀਡ ਵਜੋਂ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ

ਪਰਾਲੀ ਨੂੰ ਜਾਨਵਰਾਂ ਦੇ ਬਿਸਤਰੇ ਦੇ ਰੂਪ ਵਿੱਚ ਵੀ ਵਰਤ ਸਕਦੇ ਹਾਂ ਕਿਉਂਕਿ ਇੱਕ ਕਿਲੋ ਪਰਾਲੀ ਪਸ਼ੂਆਂ ਦੇ ਦੋ ਤੋਂ ਤਿੰਨ ਕਿਲੋ ਪਿਸ਼ਾਬ ਨੂੰ ਸੋਖ ਲੈਣ ਦੀ ਸਮਰੱਥਾ ਰੱਖਦੀ ਹੈ ਤੇ ਇਸੇ ਪਰਾਲੀ ਨੂੰ ਪਸ਼ੂਆਂ ਦੇ ਗੋਹੇ ਵਿੱਚ ਰਲ-ਗੱਡ ਕਰਕੇ ਖਾਦ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਇੱਥੇ ਇਹ ਜ਼ਿਕਰਯੋਗ ਹੈ ਕਿ ਖਾਦ ਤਿਆਰ ਕਰਨ ਲਈ ਚਾਰ ਹਿੱਸੇ ਪਰਾਲੀ ਤੇ ਇੱਕ ਹਿੱਸਾ ਗੋਹਾ ਦਰਕਾਰ ਹੁੰਦਾ ਹੈਇਸਦੇ ਇਲਾਵਾ ਪਰਾਲੀ ਨੂੰ ਊਰਜਾ ਦੇ ਸਰੋਤ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈਊਰਜਾ ਅਤੇ ਜੈਵਿਕ ਇੰਧਨ (ਬਾਲਣ) ਬਣਾਉਣ ਲਈ ਪਰਾਲੀ ਨੂੰ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਨਾਲੇ ਸੂਰਜੀ ਅਤੇ ਹਵਾ ਵਰਗੇ ਹੋਰ ਊਰਜਾ ਸਾਧਨਾਂ ਦੀ ਤੁਲਨਾ ਪਰਾਲੀ ਨੂੰ ਬੇਹੱਦ ਸਸਤੀ, ਊਰਜਾਕੁਸ਼ਲ ਅਤੇ ਵਾਤਾਵਰਣ ਪੱਖੀ ਸਰੋਤ ਮੰਨਿਆ ਜਾਂਦਾ ਹੈਪਰਾਲੀ ਦੀ ਉਕਤ ਰੂਪਾਂ ਵਿੱਚ ਵਰਤੋਂ ਕਰਦਿਆਂ ਫਸਲ ਦੀ ਪ੍ਰਾਪਤੀ ਤੋਂ ਬਾਅਦ ਸਰਾਪ ਸਮਝੀ ਜਾਂਦੀ ਪਰਾਲੀ ਨੂੰ ਅਸੀਂ ਆਪਣੀ ਨਿਹਨਤ ਸਦਕਾ ਵਰਦਾਨ ਬਣਾ ਸਕਦੇ ਹਾਂ

ਇਸ ਵਿੱਚ ਕੋਈ ਸੱਕ ਨਹੀਂ ਕਿ ਅੱਜ ਪਰਾਲੀ ਸਾੜਨ ਦੀ ਸਮੱਸਿਆ ਸੂਬਾ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਦੇਸ਼ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈਇਸਦੇ ਹੱਲ ਲਈ ਸੂਬਾਈ ਅਤੇ ਕੇਂਦਰੀ ਸਰਕਾਰ ਦੋਵਾਂ ਨੂੰ ਹੀ ਸਾਂਝੇ ਰੂਪ ਵਿੱਚ ਵਿਚਾਰ ਵਿਮਰਸ਼ ਕਰਕੇ ਅਤੇ ਕਿਸਾਨਾਂ ਦੇ ਤਮਾਮ ਹਿਤਾਂ ਨੂੰ ਮੁੱਖ ਤੌਰ ’ਤੇ ਧਿਆਨ ਵਿੱਚ ਰੱਖਦਿਆਂ ਕੋਈ ਅਜਿਹੇ ਢੁੱਕਵੇਂ ਹੱਲ ਤਲਾਸ਼ ਕਰਨੇ ਚਾਹੀਦੇ ਹਨ ਜੋ ਸਥਾਈ ਹੋਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1786)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author