“ਇੱਥੇ ਦੱਸਣਾ ਬਣਦਾ ਹੈ ਕਿ ਭਾਰਤੀ ਮੀਡੀਆ, ਵਿਸ਼ੇਸ਼ ਤੌਰ ’ਤੇ ਹਿੰਦੀ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ...”
(20 ਮਈ 2025)
ਜਦੋਂ ਅਸੀਂ ਪੱਤਰਕਾਰੀ ਭਾਵ ਸਹਾਫ਼ਤ (Journalism), ਜਿਸ ਨੂੰ ਸਮੁੱਚੇ ਰੂਪ ਵਿੱਚ ਅਜੋਕੇ ਸਮੇਂ ਮੀਡੀਆ ਦਾ ਨਾਂ ਦਿੱਤਾ ਜਾਂਦਾ ਹੈ, ਦੀ ਗੱਲ ਕਰਦੇ ਹਾਂ ਤਾਂ ਇਸਦੀ ਪਰਿਭਾਸ਼ਾ ਵਿੱਚ ਕਿਹਾ ਜਾ ਸਕਦਾ ਹੈ ਕਿ ਕਿਸੇ ਮਾਮਲੇ ਦੇ ਬਾਰੇ ਆਵਾਜ਼, ਦਰਸ਼ਨ ਜਾਂ ਲਿਖਤੀ ਰੂਪ ਵਿੱਚ ਵੱਡੇ ਪੱਧਰ ’ਤੇ ਪਾਠਕਾਂ ਦਰਸ਼ਕਾਂ ਜਾਂ ਸਰੋਤਿਆਂ ਤਕ ਪਹੁੰਚਾਉਣ ਦੇ ਕਾਰਜ ਨੂੰ ਸਹਾਫ਼ਤ ਜਾਂ ਪੱਤਰਕਾਰੀ ਦਾ ਨਾਮ ਦਿੱਤਾ ਜਾਂਦਾ ਹੈ ਅਤੇ ਇਸਦੇ ਕਾਰਜ ਕਰਨ ਵਾਲੇ ਨੂੰ ਪੱਤਰਕਾਰ ਜਾਂ ਸਹਾਫੀ ਆਖਦੇ ਹਨ।
ਦਰਅਸਲ ਮੀਡੀਆ ਜਾਂ ਸੰਚਾਰ ਮਾਧਿਅਮ ਨੂੰ ਸਮਾਜ ਵਿੱਚ ਇੱਕ ਮਹੱਤਵਪੂਰਨ ਅੰਗ ਵਜੋਂ ਦੇਖਿਆ ਜਾਂਦਾ ਹੈ ਅਤੇ ਇਹ ਸਮਾਜ ਨੂੰ ਵਿਕਸਿਤ ਕਰਨ ਵਿੱਚ ਇੱਕ ਭੂਮਿਕਾ ਨਿਭਾਉਂਦਾ ਹੈ। ਇਹ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ, ਸਿੱਖਿਆ ਦਿੰਦਾ ਹੈ ਅਤੇ ਮਨੋਰੰਜਨ ਕਰਦਾ ਹੈ। ਮੀਡੀਆ ਦਾ ਸਮਾਜ ਉੱਤੇ ਵਿਸ਼ਾਲ ਪ੍ਰਭਾਵ ਹੁੰਦਾ ਹੈ ਅਤੇ ਇਹ ਜਨਤਾ ਦੇ ਏਜੰਡੇ ਨੂੰ ਰੂਪ ਦੇਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਇਸਦੇ ਨਾਲ ਨਾਲ ਮੀਡੀਆ ਲੋਕਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਾ ਹੈ, ਜਿਵੇਂ ਕਿ ਖ਼ਬਰਾਂ, ਰਾਜਨੀਤਿਕ ਘਟਨਾਵਾਂ, ਖੇਡਾਂ ਅਤੇ ਵਪਾਰਕ ਜਾਣਕਾਰੀਆਂ। ਇਸ ਤੋਂ ਇਲਾਵਾ ਮੀਡੀਆ ਲੋਕਾਂ ਨੂੰ ਸਿੱਖਿਆ ਦੇਣ ਵਿੱਚ ਮਦਦ ਕਰਦਾ ਹੈ, ਜਿਵੇਂ ਕਿ ਸਿੱਖਿਆਤਮਿਕ ਕਾਰਜਕ੍ਰਮ, ਡੌਕੂਮੈਂਟਰੀਆਂ ਅਤੇ ਵਰਕਸ਼ਾਪਾਂ। ਇਸਦੇ ਨਾਲ ਨਾਲ ਮੀਡੀਆ ਲੋਕਾਂ ਨੂੰ ਮਨੋਰੰਜਨ ਦਿੰਦਾ ਹੈ, ਜਿਵੇਂ ਕਿ ਫ਼ਿਲਮਾਂ, ਸੰਗੀਤ ਅਤੇ ਟੀਵੀ ਸ਼ੋਅਜ਼ ਆਦਿ। ਮੀਡੀਆ ਜਨਤਕ ਏਜੰਡੇ ਨੂੰ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਇਹ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਬਾਰੇ ਸਿਖਾਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਰਾਏ ਬਣਾਉਣ ਵਿੱਚ ਮਦਦ ਕਰਦਾ ਹੈ।
ਮੀਡੀਆ ਜਨਮਤ ਨਿਰਮਾਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਇਹ ਲੋਕਾਂ ਨੂੰ ਵੱਖ-ਵੱਖ ਮੁੱਦਿਆਂ 'ਤੇ ਆਪਣੀ ਰਾਏ ਪ੍ਰਗਟ ਕਰਨ ਲਈ ਮੰਚ ਪ੍ਰਦਾਨ ਕਰਦਾ ਹੈ। ਜੇਕਰ ਗੱਲ ਸੱਭਿਆਚਾਰ ਦੀ ਕਰੀਏ ਤਾਂ ਮੀਡੀਆ ਵੱਖ-ਵੱਖ ਸੱਭਿਆਚਾਰਾਂ ਦੇ ਵਿਚਕਾਰ ਅਦਾਨ-ਪ੍ਰਦਾਨ ਨੂੰ ਆਸਾਨ ਬਣਾਉਂਦਾ ਹੈ, ਕਿਉਂਕਿ ਇਹ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨੂੰ ਆਪਣੇ ਵਿਚਾਰ ਅਤੇ ਕਹਾਣੀਆਂ ਸਾਂਝੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ। ਕੁੱਲ ਮਿਲਾ ਕੇ ਮੀਡੀਆ ਸਮਾਜ ਲਈ ਇੱਕ ਮਹੱਤਵਪੂਰਨ ਸਾਧਨ ਹੈ, ਜੋ ਲੋਕਾਂ ਨੂੰ ਸਿੱਖਿਆ ਦੇਣ, ਮਨੋਰੰਜਨ ਕਰਨ ਅਤੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਮੀਡੀਆ ਦਾ ਸਮਾਜ ਉੱਤੇ ਡੂੰਘਾ ਪ੍ਰਭਾਵ ਹੁੰਦਾ ਹੈ ਅਤੇ ਇਹ ਜਨਤਕ ਏਜੰਡੇ ਨੂੰ ਰੂਪ ਦੇਣ ਅਤੇ ਜਨਮਤ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਪਰ ਬੀਤੇ ਕੁਝ ਵਰ੍ਹਿਆਂ ਤੋਂ ਭਾਰਤੀ, ਵਿਸ਼ੇਸ਼ ਰੂਪ ਵਿੱਚ ਇਲੈਕਟ੍ਰਾਨਿਕ ਮੀਡੀਆ ਭਾਵ ਨਿਊਜ਼ ਚੈਨਲਾਂ, ਜਿਨ੍ਹਾਂ ਵਿੱਚੋਂ ਵਧੇਰਿਆਂ ਨੂੰ ਅਜੋਕੇ ਸਮੇਂ ਦੇਸ਼ ਵਿੱਚ ਗੋਦੀ ਮੀਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਪੱਤਰਕਾਰੀ ਦੇ ਮਾਪਦੰਡਾਂ ’ਤੇ ਕਦਾਚਿਤ ਖਰੇ ਨਹੀਂ ਉੱਤਰਦੇ ਕਿਉਂਕਿ ਇਹ ਚੈਨਲ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿੱਚ ਧਾਰਮਿਕ ਨਫ਼ਰਤ, ਹਿੰਸਾ, ਫਿਰਕਾਪ੍ਰਸਤੀ ਨੂੰ ਵਧਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।
ਦੁਨੀਆ ਵਿੱਚ ਜਦੋਂ ਵੀ ਕਿਸੇ ਵੀ ਦੋ ਦੇਸ਼ਾਂ ਦਰਮਿਆਨ ਜੰਗ ਛਿੜਦੀ ਹੈ ਤਾਂ ਉਸ ਸਮੇਂ ਮੀਡੀਆ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਹੋ ਜਾਇਆ ਕਰਦੀ ਹੈ ਕਿਉਂਕਿ ਮੀਡੀਆ ਦੀ ਜ਼ਿੰਮੇਵਾਰੀ ਲੋਕਾਂ ਨੂੰ ਤਾਜ਼ਾ ਤਰੀਨ ਸੂਰਤ ਏ ਹਾਲ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸਹੀ ਸਟੀਕ ਸੂਚਨਾ ਪ੍ਰਦਾਨ ਕਰਨ ਦੀ ਹੁੰਦੀ ਹੈ। ਜੰਗ ਦੌਰਾਨ ਲੋਕਾਂ ਨੂੰ ਸੰਜਮ ਅਤੇ ਸੰਕੋਚ ਲਈ ਪ੍ਰੇਰਨਾ, ਪ੍ਰਸ਼ਾਸਨ ਅਤੇ ਸਰਕਾਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਮੀਡੀਆ ਦੇ ਮੁਢਲੇ ਕਾਰਜਾਂ ਵਿੱਚ ਸ਼ਾਮਲ ਹੁੰਦਾ ਹੈ। ਇਸ ਤੋਂ ਇਲਾਵਾ ਮੀਡੀਆ ਦੀ ਜ਼ਿੰਮੇਵਾਰੀ ਲੋਕਾਂ ਦੀ ਸੋਚ ਨੂੰ ਪਰਪੱਕ ਬਣਾਉਣ ਦੀ ਹੁੰਦੀ ਹੈ। ਪ੍ਰੰਤੂ ਪਿਛਲੇ ਦਿਨੀਂ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲਾਤ ਕਸ਼ੀਦਾ ਹੋਏ ਤਾਂ ਭਾਰਤ ਦੇ ਮੇਨ ਸਟਰੀਮ ਮੀਡੀਆ ਵਿਸ਼ੇਸ਼ ਤੌਰ ’ਤੇ ਇਲੈਕਟ੍ਰਾਨਿਕ ਮੀਡੀਆ ਨੇ ਜਿਸ ਗੈਰਜ਼ਿੰਮੇਵਾਰਾਨਾ ਅੰਦਾਜ਼ ਨਾਲ ਰਿਪੋਰਟਿੰਗ ਕੀਤੀ, ਉਸਦੇ ਚਲਦਿਆਂ ਦੇਸ਼ ਦੀ ਅੰਤਰਰਾਸ਼ਟਰੀ ਪੱਧਰ ਬਹੁਤ ਕਿਰਕਿਰੀ ਹੋਈ।
ਇੱਥੇ ਦੱਸਣਾ ਬਣਦਾ ਹੈ ਕਿ ਭਾਰਤੀ ਮੀਡੀਆ, ਵਿਸ਼ੇਸ਼ ਤੌਰ ’ਤੇ ਹਿੰਦੀ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਸੂਤਰਾਂ ਦੇ ਹਵਾਲੇ ਨਾਲ ਬੇਬੁਨਿਆਦ ਖਬਰਾਂ ਪ੍ਰਸਾਰਿਤ ਕਰਕੇ ਜਿਸ ਆਪਹੁਦਰੇਪਨ ਦਾ ਮੁਜ਼ਾਹਰਾ ਕੀਤਾ, ਉਸ ਦੀ ਉਦਾਹਰਨ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ‘ਸੂਤਰਾਂ ਦੇ ਹਵਾਲੇ’ ਨਾਲ ਖਬਰਾਂ ਦੇ ਬੁਲਿਟਨ ਦਾ ਜਿਸ ਤਰ੍ਹਾਂ ਨਾਲ ਹੁਲੀਆ ਵਿਗਾੜਿਆ ਗਿਆ, ਯਕੀਨਨ ਉਸ ਨੇ ਉਕਤ ਚੈਨਲਾਂ ਦੇ ਉਕਸਾਊ, ਭੜਕਾਊ ਅਤੇ ਫਰਜ਼ੀ ਰਿਪੋਰਟਿੰਗ ਦੇ ਚਲਦਿਆਂ ਸਰਕਾਰ ਨੂੰ ਵੀ ਉਕਤ ਕਵਰੇਜ ਨੂੰ ਦੇਖਦਿਆਂ ਮੀਡੀਆ ਲਈ ਐਡਵਾਈਜ਼ਰੀ ਜਾਰੀ ਕਰਕੇ ਕਹਿਣਾ ਪਿਆ ਕਿ ਭਾਰਤ-ਪਾਕਿ ਤਣਾਅ ਦੌਰਾਨ ਰੱਖਿਆ ਕਾਰਜਾਂ ਅਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਈਵ ਕਵਰੇਜ ਨਾ ਕੀਤੀ ਜਾਵੇ। ਇਸ ਉਪਰੰਤ ਕਈ ਨਾਮੀ ਚੈਨਲਾਂ ਦੇ ਐਂਕਰ ਅਗਲੇ ਦਿਨ ਭਾਵ 9 ਮਈ ਨੂੰ ਮਨਘੜਤ ਖ਼ਬਰਾਂ ਲਈ ਮੁਆਫ਼ੀ ਮੰਗਦੇ ਨਜ਼ਰ ਆਏ।
ਇਸ ਮਾਮਲੇ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਦੇ ਨਿਊਜ਼ ਚੈਨਲ ਵੀ ਘੱਟ ਨਹੀਂ ਸਨ ਭਾਵ ਤਾਏ ਦੀ ਚੱਲੀ, ਮੈਂ ਕਿਉਂ ਰਹਾਂ ਇਕੱਲੀ ਦੇ ਅਖਾਣ ਮੁਤਾਬਕ ਪਾਕਿਸਤਾਨੀ ਚੈਨਲਾਂ ਅਤੇ ਸੋਸ਼ਲ ਮੀਡੀਆ ਵੱਲੋਂ ਵੀ ਲਗਾਤਾਰ ਦੱਬ ਕੇ ਗ਼ਲਤ ਜਾਣਕਾਰੀ ਫੈਲਾਈ ਗਈ ਅਤੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ।
ਮੌਜੂਦਾ ਸਮੇਂ ਦੈਨਿਕ ਭਾਸਕਰ ਦੀ ਇੱਕ ਰਿਪੋਰਟ ਅਨੁਸਾਰ ਪ੍ਰੈੱਸ ਫਰੀਡਮ ਇੰਡੈਕਸ 2025 ਨੂੰ ਵੇਖੀਏ ਤਾਂ ਇਸ ਵਿੱਚ 180 ਦੇਸ਼ਾਂ ਦੀ ਲਿਸਟ ਵਿੱਚ ਸਾਡਾ ਭਾਰਤ 151ਵੇਂ ਨੰਬਰ ’ਤੇ ਆਉਂਦਾ ਹੈ। ਪੈਰਿਸ ਸਥਿਤ ਇੰਟਰਨੈਸ਼ਨਲ ਐੱਨ. ਜੀ. ਓ. ਰਿਪੋਰਟਸ ਵਿਦਾਊਟ ਬਾਰਡਰਜ਼ (ਆਰ ਡਬਲਯੂ ਬੀ) ਦੇ ਵਰਲਡ ਪ੍ਰੈੱਸ ਫਰੀਡਮ ਇੰਡੈਕਸ-2025 ਵਿੱਚ ਭਾਰਤ ਨੇ 180 ਦੇਸ਼ਾਂ ਵਿੱਚੋਂ 151ਵਾਂ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਪਾਕਿਸਤਾਨ 158 ਨੰਬਰ ’ਤੇ ਨਜ਼ਰ ਆਉਂਦਾ ਹੈ। ਇਸ ਇੰਡੈਕਸ ਅਨੁਸਾਰ ਨਾਰਵੇ ਪਹਿਲੇ ਨੰਬਰ ਤੇ ਹੈ। ਇਸ ਫਹਰਿਸਤ ਵਿੱਚ ਬਰਤਾਨੀਆ 20ਵੇਂ ਅਮਰੀਕਾ 57ਵੇਂ ਇਜਰਾਇਲ 112ਵੇਂ ਸਥਾਨ ’ਤੇ ਹਨ। ਇਸ ਤੋਂ ਇਲਾਵਾ ਰੂਸ 171ਵੇਂ, ਅਫਗਾਨਿਸਤਾਨ 175ਵੇਂ, ਚੀਨ 178ਵੇਂ ਉੱਤਰ ਕੋਰੀਆ 179 ਅਤੇ ਇਰਟਰੀਆ 180 ਸਥਾਨ ’ਤੇ ਹਨ।
ਮੀਡੀਆ ਚਾਹੇ ਤਾਂ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਅਹਿਮ ਅਤੇ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਮੀਡੀਆ ਦਾ ਸਾਧਨ ਲੋਕਾਂ ਨੂੰ ਸਿੱਖਿਆ ਦੇਣ, ਮਨੋਰੰਜਨ ਕਰਨ ਅਤੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ। ਕਿਉਂਕਿ ਮੀਡੀਆ ਦਾ ਸਮਾਜ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ, ਇਸ ਲਈ ਇਹ ਜਨਤਕ ਏਜੰਡੇ ਨੂੰ ਰੂਪ ਦੇਣ ਅਤੇ ਜਨਮਤ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੁੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)