MohdAbbasDhaliwal7ਦੂਸਰੇ ਹੀ ਪਲ ਮੈਂ ਉਨ੍ਹਾਂ ਦੇ ਦਫਤਰ ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ...
(20 ਮਾਰਚ 2018)

 

KapoorLetter2ਇਕ ਜ਼ਰੂਰੀ ਕਾਗ਼ਜ਼ ਵੇਖਣ ਲਈ ਜਦੋਂ ਅੱਜ ਆਪਣੇ ਸਰਟੀਫਿਕੇਟਾਂ ਵਾਲੀ ਫਾਈਲ ਫਰੋਲ ਰਿਹਾ ਸਾਂ, ਤਾਂ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਮਿਤੀ 14-03-97 ਦਾ ਮੇਰੇ ਨਾਂ ਲਿਖਿਆ ਪੱਤਰ ਲੰਮੇ ਅਰਸੇ ਬਾਅਦ ਨਜ਼ਰੀਂ ਪਿਆ, ਉਸ ਨੂੰ ਦੁਬਾਰਾ ਤੋਂ ਪੜ੍ਹਿਆ, ਜਿਵੇਂ ਫਿਰ ਰੂਹ ਨੇ ਉੁਹੀਉ ਇੱਕੀ ਸਾਲ ਪਹਿਲਾਂ ਵਾਲੀ ਤਾਜ਼ਗੀ ਮਹਿਸੂਸ ਕੀਤੀ।

ਗੱਲ ਲਗਭਗ ਤਿੰਨ ਦਹਾਕੇ ਪਹਿਲਾਂ ਦੀ ਹੈ ਜਦ ਮੈਂ ਹਾਲੇ ਨੌਵੀਂ-ਦਸਵੀਂ ਦਾ ਵਿਦਿਆਰਥੀ ਸਾਂ। ਸਾਡੇ ਸਾਹਮਣੇ ਕਿਰਾਏ ’ਤੇ ਰਹਿੰਦੇ ਇਕ ਮਾਸਟਰ ਜੀ, ਜਿਨ੍ਹਾਂ ਦੇ ਪਾਸ ਇੱਕ ਰੋਜ਼ਾਨਾ ਅਖਬਾਰ ਆਇਆ ਕਰਦਾ ਸੀ, ਮੇਰਾ ਅਕਸਰ ਮਾਸਟਰ ਜੀ ਪਾਸ ਜਾਣਾ ਆਉਣਾ ਰਹਿੰਦਾ ਸੀਉਹਨ੍ਹਾਂ ਪਾਸੋਂ ਕਦ ਮੈਨੂੰ ਅਖਬਾਰ ਪੜ੍ਹਨ ਦੀ ਚੇਟਕ ਲੱਗ ਗਈ, ਇਸ ਦਾ ਪਤਾ ਹੀ ਨਾ ਲਗਾ ਕੁਝ ਅਰਸੇ ਬਾਅਦ ਉਹ ਘਰ ਛੱਡ ਕੇ ਕਿਸੇ ਹੋਰ ਪਾਸੇ ਸ਼ਿਫਟ ਹੋ ਗਏ

ਇਸ ਉਪਰੰਤ ਮੈਂ ਸ਼ਹਿਰ ਦੇ ਪ੍ਰਸਿੱਧ ਤੇਲੀਆਂ ਵਾਲੇ ਬਾਜ਼ਾਰ ਨੇੜੇ ਇਕ ਅਖਬਾਰ ਦੀ ਲਾਇਬ੍ਰੇਰੀ ਵਿਖੇ ਜਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਘਰ ਦੀ ਆਰਥਿਕ ਸਥਿਤੀ ਠੀਕਠਾਕ ਹੋਣ ਕਾਰਨ ਅਖਬਾਰ ਲਗਵਾੳਣਾ ਮੇਰੇ ਲਈ ਸੰਭਵ ਨਹੀਂ ਸੀ। ਪਰ ਆਪਣੀ ਜੇਬ ਖਰਚੀ ਵਿੱਚੋਂ ਪੈਸੇ ਬਚਾ ਕੇ, ਮਲੇਰਕੋਟਲਾ ਦੇ ਬੱਸ ਸਟੈਂਡ ਤੋਂ ਸਪੈਸ਼ਲ ਹਰ ਐਤਵਾਰ ਦਾ ਅਖਬਾਰ ਖਰੀਦਣ ਲਈ ਜਾਇਆ ਕਰਦਾ ਸਾਂ, ਕਿਉਂਕਿ ਉਹਨੀਂ ਦਿਨੀਂ ਵੀ ਐਤਵਾਰ ਮੈਗਜ਼ੀਨ ਵਿੱਚ ਅਕਸਰ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਲੇਖ ਛਪਿਆ ਕਰਦਾ ਸੀ।

ਕਪੂਰ ਸਾਹਿਬ ਦੀਆਂ ਰਚਨਾਵਾਂ ਪੜ੍ਹਨ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ। ਜੇ ਕਰ ਕਿਹਾ ਜਾਵੇ ਕਿ ਮੈਂ ਕਪੂਰ ਸਾਹਿਬ ਦੀਆਂ ਰਚਨਾਵਾਂ ਦਾ ਖਤਰਨਾਕ ਹੱਦ ਤੱਕ ਕਾਇਲ ਸੀ, ਤਾਂ ਇਸ ਵਿੱਚ ਕੋਈ ਝੂਠ ਜਾਂ ਅਤਿਕਥਨੀ ਨਹੀਂ ਹੋਵੇਗੀ ਮੇਰੇ ਲਈ ਕਪੂਰ ਸਾਹਿਬ ਇਕ ਅਜਿਹਾ ਲੇਖਕ ਸੀ ਜਿਸ ਨੂੰ ਪੜ੍ਹਦੇ ਸਮੇਂ, ਮੈਨੂੰ ਆਪਣੇ ਜ਼ਹਿਨ ਦੇ ਕਿਵਾੜ ਖੁੱਲ੍ਹਦੇ ਮਹਿਸੂਸ ਹੁੰਦੇ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਮੈਨੂੰ ਅਕਸਰ ਇਕ ਪ੍ਰਕਾਰ ਦੀ ਪ੍ਰੇਰਨਾ ਮਿਲਦੀ ਅਤੇ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਮੈਂ ਜੀਵਨ ਰੂਪੀ ਤਜ਼ਰਬਿਆਂ ਦੇ ਦਰਿਆ ਵਿਚ ਗੋਤੇ ਮਾਰ ਰਿਹਾ ਹੋਵਾਂ, ਜਿਵੇਂ ਹਰ ਗੋਤੇ ਪਿੱਛੋਂ ਮੈਨੂੰ ਜ਼ਿੰਦਗੀ ਦੀ ਫਿਲੌਸਫੀ ਕੁਝ ਕੁਝ ਸਮਝ ਆ ਰਹੀ ਹੋਵੇਦਸਵੀਂ ਉਪਰੰਤ ਮੈਂ ਸਰਕਾਰੀ ਕਾਲਜ ਵਿਖੇ ਦਾਖਲਾ ਲਿਆ, ਤੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਕਪੂਰ ਸਾਹਿਬ ਨੂੰ ਪੜ੍ਹਨਾ ਵੀ। ਇਸ ਤੋਂ ਇਲਾਵਾ ਉਰਦੂ ਦੇ ਪ੍ਰਸਿੱਧ ਨਾਵਲ-ਨਿਗਾਰ ਨਸੀਮ ਹਜਾਜ਼ੀ ਅਤੇ ਕੁਰਅਤੁਲ ਐਨ ਹੈਦਰ ਦਾ ਨਾਵਲ ‘ਆਗ ਕਾ ਦਰਿਆ’ ਆਦਿ +2 ਵਿਚ ਹੀ ਪੜ੍ਹ ਲਿਆ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਨੂੰ ਵੀ ਮੈਂ ਚਾਅ ਨਾਲ ਪੜ੍ਹਿਆ ਕਰਦਾ ਸਾਂ। ਗੁਰਦਿਆਲ ਸਿੰਘ ਦੇ ਨਾਵਲ ਪਰਸਾ ਨੇ ਜਿਵੇਂ ਇਕ ਅਲੱਗ ਹੀ ਤਰ੍ਹਾਂ ਦੇ ਜੋਸ਼ ਜਜ਼ਬੇ ਨੂੰ ਜਨਮ ਦਿੱਤਾ

ਬੀ.ਏ. ਵਿਚ ਹੋਇਆ ਤਾਂ ਪਤਾ ਲੱਗਾ ਕਿ ਜਿਸ ਨਰਿੰਦਰ ਸਿੰਘ ਕਪੂਰ ਦਾ ਮੈਂ ਫੈਨ ਹਾਂ ਉਹ ਸਾਡੀ ਹੀ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੈ ਹੈੱਡ ਹਨ। ਮੈਨੂੰ ਇਹ ਜਾਣ ਕੇ ਡਾਢੀ ਖੁਸ਼ੀ ਹੋਈ ਨਾਲ ਹੀ ਇਕ ਨਵੀਂ ਇੱਛਾ ਜਾਗੀ ਕਿ ਕਪੂਰ ਸਾਹਿਬ ਨੂੰ ਜਾ ਕੇ ਮਿਲਾਂ ਅਤੇ ਉਹਨ੍ਹਾਂ ਨੂੰ ਦੱਸਾਂ ਕਿ ਮੈਂ ਉਨ੍ਹਾਂ ਦਾ ਕਿੰਨਾ ਵੱਡਾ ਫੈਨ ਹਾਂ ਪਰ ਫਿਰ ਸੋਚਿਆ ਕਿ ਇੰਨੇ ਵੱਡੇ ਆਦਮੀ ਨੂੰ ਕਿਵੇਂ ਅਤੇ ਕੀ ਕਹਿ ਕੇ ਮਿਲਾਂਗਾ

ਇਸੇ ਉਧੇੜ-ਬੁਣ ਵਿਚ ਦਿਨ, ਹਫਤਿਆਂ ਅਤੇ ਮਹੀਨਿਆਂ ਦਾ ਸਫਰ ਤੈਅ ਕਰਦੇ ਹੋਏ ਸਾਲਾਂ ਵਿਚ ਤਬਦੀਲ ਹੁੰਦੇ ਰਹੇ ਅਰਥਾਤ ਸਮਾਂ ਅਪਣੀ ਰਫਤਾਰ ਚਲਦਾ ਰਿਹਾ। ਫਿਰ ਇਤਫਾਕਨ ਮੈਨੂੰ ਇਕ ਦਿਨ ਯੂਨੀਵਰਸਿਟੀ ਜਾਣ ਦਾ ਸੁਭਾਗ ਪ੍ਰਾਪਤ ਹੋਇਆਘਰੋਂ ਮੈਂ ਮੱਥ ਕੇ ਚੱਲਿਆ ਕਿ ਅੱਜ ਕਪੂਰ ਸਾਹਿਬ ਨੂੰ ਮਿਲ ਕੇ ਹੀ ਆਵਾਂਗਾਯੂਨੀਵਰਸਿਟੀ ਜਾ ਕੇ ਮੈਂ ਕਪੂਰ ਸਾਹਿਬ ਬਾਰੇ ਪੁੱਛਦੇ ਪੁਛਾਉਂਦੇ ਉਨ੍ਹਾਂ ਦਾ ਵਿਭਾਗ ਲੱਭ ਲਿਆਇਸ ਤੋਂ ਪਹਿਲਾਂ ਕਿ ਮੈਂ ਉਹਨ੍ਹਾਂ ਦੇ ਦਫਤਰ ਵਿੱਚ ਦਾਖਲ ਹੁੰਦਾ, ਮੇਰਾ ਦਿਲ ਇਕ ਅਕਹਿ ਖੁਸ਼ੀ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਿਆ ਅਤੇ ਨਾਲੇ ਦਿਲ ਦੀ ਧੜਕਣ ਨੇ ਤੇਜ਼ ਰਫਤਾਰ ਫੜ ਲਈ। ਮਨ ਇੱਕ ਵੱਖਰੀ ਕਿਸਮ ਦੀ ਖੁਸ਼ੀ ਅਤੇ ਉਤਸ਼ਾਹ ਨਾਲ ਝੂਮਣ ਲੱਗਾਖੁਸ਼ੀ ਦੀਆਂ ਲਹਿਰਾਂ ਦੇ ਵਿਚਕਾਰ ਘਿਰਿਆ ਹੋਇਆ ਜਦ ਮੈਂ ਕਪੂਰ ਸਾਹਿਬ ਦੇ ਦਫਤਰ ਨੇੜੇ ਪਹੁੰਚਿਆ ਤਾਂ ਉਨ੍ਹਾਂ ਦੇ ਕੈਬਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਇਕ ਬਾਬੂ ਨੂੰ ਕਪੂਰ ਸਾਹਿਬ ਬਾਰੇ ਪੁੱਛਿਆਉਸਨੇ ਦੱਸਿਆ ਕਿ ਕਪੂਰ ਸਾਹਿਬ ਤਾਂ ਯੂਨੀਵਰਸਿਟੀ ਵਿੱਚ ਸੈਨਟ ਦੀ ਮੀਟਿੰਗ ਵਿਚ ਹਿੱਸਾ ਲੈਣ ਗਏ ਹੋਏ ਨੇ, ਨਾਲ ਹੀ ਉਸਨੇ ਇਹ ਵੀ ਕਿਹਾ ਕਿ ਜੇਕਰ “ਤੁਸੀਂ” ਜ਼ਰੂਰੀ ਮਿਲਣਾ ਚਾਹੁੰਦੇ ਹੋ ਤਾਂ ਸੈਨਟ ਹਾਲ ਵਿੱਚ ਜਾ ਕੇ ਮਿਲ ਸਕਦੇ ਹੋ।

ਕੁਝ ਸਮੇਂ ਲਈ ਮੈਂ ਜਿਵੇਂ ਸੁੰਨ ਹੋਗਿਆ ...! ਅੰਦਰੋ ਅੰਦਰੀ ਸੋਚਿਆ ਕਿ ਮੈਂ ਕਪੂਰ ਸਾਹਿਬ ਨੂੰ ਕੀ ਕਹਿ ਕਿ ਮਿਲਾਂਗਾ? ਕੀ ਪਤਾ ਉਹ ਕਿੰਨੀ ਜ਼ਰੂਰੀ ਮੀਟਿੰਗ ਵਿੱਚ ਬਿਜ਼ੀ ਹੋਣ। ਮੈਂ ਫੈਸਲਾ ਕੀਤਾ ਕਿ ਅੱਜ ਉਨ੍ਹਾਂ ਨੂੰ ਨਾ ਮਿਲਾਂਦੂਸਰੇ ਹੀ ਪਲ ਮੈਂ ਉਨ੍ਹਾਂ ਦੇ ਦਫਤਰ ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ਇਕ ਛੋਟੀ ਜਿਹੀ ਪੈਡ ਮੇਰੇ ਸਾਹਮਣੇ ਕਰ ਦਿੱਤੀਮੈਂ ਉਸ ਵਿੱਚੋਂ ਇਕ ਕਾਗ਼ਜ਼ ਕੱਢਿਆ ਤੇ ਉਸ ਉੱਪਰ ਉਰਦੂ ਵਿਚ ਇਕ ਸ਼ੇਅਰ ਲਿਖ ਕੇ ਤੇ ਹੇਠਾਂ ਆਪਣਾ ਪਤਾ ਲਿਖ ਕੇ ਉਹ ਪਰਚਾ ਉਸ ਬਾਬੂ ਨੂੰ ਸੌਂਪ ਕੇ ਕਿਹਾ ਕਿ ਇਹ ਕਪੂਰ ਸਾਹਿਬ ਨੂੰ ਦੇ ਦੇਣਾ।

ਇਸ ਤੋਂ ਬਾਅਦ ਠੀਕ ਇਕ ਹਫਤੇ ਬਾਅਦ ਮੈਨੂੰ ਨਰਿੰਦਰ ਸਿੰਘ ਕਪੂਰ ਹੁਰਾਂ ਦਾ, ਉਨ੍ਹਾਂ ਦੇ ਆਪਣੀ ਜ਼ਾਤੀ ਲੈਟਰ ਪੈਡ ’ਤੇ ਆਪਣੇ ਦਸਤ-ਏ-ਮੁਬਾਰਕ ਨਾਲ ਲਿਖਿਆ ਪੱਤਰ ਮਿਲਿਆ ਜਦੋਂ ਮੈਂ ਉਸ ਨੂੰ ਪੜ੍ਹਿਆ, ਮੇਰੀ ਖੁਸ਼ੀ ਦੀ ਕੋਈ ਇੰਤਹਾ ਨਾ ਰਹੀ! ਉਸ ਪੱਤਰ ਦਾ ਇਕ ਇਕ ਸ਼ਬਦ ਅੱਜ ਵੀ ਮੇਰੇ ਲਈ ਕਿਸੇ ਬੇਸ਼-ਕੀਮਤੀ ਹੀਰੇ ਮੋਤੀ ਤੋਂ ਘੱਟ ਨਹੀਂ ਉਹਨ੍ਹਾਂ ਮੈਨੂੰ ਸੰਬੋਧਨ ਕਰਦਿਆਂ ਲਿਖਿਆ:

ਪਿਆਰੇ ਮੁਹੰਮਦ ਅਬਾਸ ਜੀਓ,

ਅੱਜ ਜਦੋਂ ਇਕ ਮੀਟਿੰਗ ਤੋਂ ਵਾਪਸ ਆਇਆ ਤਾਂ ਅੱਗੇ ਮੇਜ਼ ’ਤੇ ਤੁਹਾਡੇ ਸੋਹਣੇ ਹੱਥਾਂ ਦਾ ਲਿਖਿਆ ਉਰਦੂ ਵਿਚ ਇਕ ਸ਼ੇਅਰ ਪਿਆ ਸੀ, ਮੈਂ ਛਪੀ ਹੋਈ ਉਰਦੂ ਪੜ੍ਹ ਲੈਂਦਾ ਹਾਂ, ਲਿਖੀ ਹੋਈ ਨਹੀਂਕਿਸੇ ਤੋਂ ਪੜ੍ਹਵਾਇਆ, ਤੁਹਾਡੇ ਸੋਹਣੇ ਦਿਲ ਦੇ ਦੀਦਾਰ ਹੋਏ, ਬਹੁਤ-ਬਹੁਤ ਸ਼ਕਰੀਆ।

ਪਤਾ ਨਹੀਂ ਤੁਸੀਂ ਕਿਸ ਕੰਮ ਆਏ ਸੀ।

ਮੇਰੀ ਬਦ-ਕਿਸਮਤੀ ਕਿ ਤੁਹਾਡੇ ਨਾਲ ਮੇਲ ਨਹੀਂ ਹੋਇਆ ਹੁਣ ਮੈਂ ਤੁਹਾਡਾ ਲਿਖਿਆ ਵੀ ਪੜ੍ਹ ਲੈਂਦਾ ਹਾਂ। ਤੁਹਾਡੀ ਲਿਖਾਈ ਬੜੀ ਸਾਫ ਅਤੇ ਸੋਹਣੀ ਹੈ, ਹੱਥ ਵੀ ਸੋਹਣੇ ਹੋਣਗੇ, ਸੋਹਣੇ ਹੱਥ ਸੋਹਣੇ ਦਿਲ ਦੀ ਗਵਾਹੀ ਹੁੰਦੇ ਹਨ।

ਹੁਣ ਕਦੇ ਵੀ ਆਉ ਤਾਂ ਜ਼ਰੂਰ ਮਿਲਣਾ। ਕੋਈ ਕੰਮ ਹੋਵੇ ਤਾਂ ਜ਼ਰੂਰ ਲਿਖਣਾ, ਭਾਵੇਂ ਉਰਦੂ ਵਿੱਚ ਹੀ ਲਿਖਣਾ।

ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦਾ ਹਾਂ, ਤੁਹਾਡੇ ਤੋਂ ਬਹੁਤ ਕੁਝ ਸਿੱਖਣਾ ਚਾਹੁੰਦਾ ਹਾਂ।

ਸ਼ੁਭ ਇੱਛਾਵਾਂ ਨਾਲ, ਆਪ ਜੀ ਦਾ, ਨਰਿੰਦਰ ਸਿੰਘ ਕਪੂਰ

ਭਾਵੇਂ ਅੱਜ ਆਪ ਮੈਂ ਉਰਦੂ, ਹਿੰਦੀ, ਪੰਜਾਬੀ ਦੇ ਵੱਖ ਵੱਖ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੇਪਰਾਂ ਅਤੇ ਜਰਨਲਜ਼ ਵਿੱਚ ਛਪਦਾ ਹਾਂ ਅਤੇ ਇਹਨਾਂ ਨੂੰ ਪੜ੍ਹਨ ਉਪਰੰਤ ਪਾਠਕਾਂ ਦੇ ਢੇਰ ਫੋਨ ਆਉਂਦੇ ਹਨ, ਜਿਨ੍ਹਾਂ ਵਿੱਚ ਪਾਠਕ ਅੰਤਾਂ ਦੇ ਸਨੇਹ ਪਿਆਰ, ਦੁਆਵਾਂ ਅਤੇ ਹੋਰ ਲਿਖਦੇ ਰਹਿਣ ਦੀ ਪ੍ਰੇਰਨਾ ਦਿੰਦੇ ਹਨਕਈ ਪਾਠਕ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਤ ਭਾਵੁਕ ਕਰ ਦਿੰਦੇ ਨੇ, ਕਿਉਂਕਿ ਮੈਨੂੰ ਆਪਣੇ ਪਾਠਕ ਹੋਣ ਦਾ ਉਹੋ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ ਇਹੋ ਕਾਰਨ ਹੈ ਕਿ ਉਪਰੋਕਤ ਪੱਤਰ ਅੱਜ ਵੀ ਜਦ ਮੇਰੀਆਂ ਅੱਖਾਂ ਅੱਗੋਂ ਦੀ ਗੁਜ਼ਰਦਾ ਹੈ ਤਾਂ ਇੱਕ ਵਾਰ ਫਿਰ ਮੈਨੂੰ ਬੀਤੇ ਸਮੇਂ ਦੀਆਂ ਸੁਨਹਿਰੀ ਯਾਦਾਂ ਵਿਚ ਲੈ ਜਾਂਦਾ ਹੈ,ਜਿਨ੍ਹਾਂ ਵਿੱਚੋਂ ਨਿਕਲਣ ਨੂੰ ਕਦੀ ਦਿਲ ਨਹੀਂ ਕਰਦਾ..!

*****

(1067)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author