“ਕਿਸੇ ਦੇਸ਼ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਲੱਗਣਾ ...”
(19 ਮਾਰਚ 2020)
ਪਿਛਲੇ ਦੋ ਢਾਈ ਦਹਾਕਿਆਂ ਤੋਂ ਭਾਰਤੀ ਯੁਵਾ ਵਿਸ਼ੇਸ਼ ਕਰਕੇ ਪੰਜਾਬ ਦੇ ਨੌਜਵਾਨਾਂ ਵਿੱਚ ਕਨੇਡਾ, ਆਸਟ੍ਰੇਲੀਆ ਆਦਿ ਜਾਣ ਦਾ ਜੋ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ, ਉਸ ਦੀ ਉਦਾਹਰਣ ਇਸ ਤੋਂ ਪਹਿਲਾਂ ਨਹੀਂ ਮਿਲਦੀ। ਵਿਦੇਸ਼ਾਂ ਵਿੱਚ ਜਾਣ ਦੀ ਸ਼ਾਇਦ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਉੱਥੇ ਕੰਮ ਦੀ ਕਦਰ ਪੈਂਦੀ ਹੈ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ 2 ਜਾਂ 3 ਸਾਲ ਲਈ ਵਰਕ ਪਰਮਿਟ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਵੱਡੀ ਗੱਲ ਇਹ ਵੀ ਹੈ ਕਿ ਵਿਕਸਿਤ ਦੇਸ਼ਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਵੀ ਪ੍ਰਦਾਨ ਕਰਦੀਆਂ ਹਨ। ਦੂਜੇ ਪਾਸੇ ਵਿਕਸਿਤ ਦੇਸ਼ਾਂ ਦੀ ਸ਼ੁੱਧ ਖਾਧਖੁਰਾਕ, ਸਾਫ ਸੁਥਰਾ ਪੌਣਪਾਣੀ, ਸ਼ਾਂਤਮਈ ਵਾਤਾਵਰਣ, ਸੁਰੱਖਿਅਤ ਮਾਹੌਲ ਅਤੇ ਵਧੀਆ ਆਰਥਿਕ ਅਤੇ ਸਮਾਜਿਕ ਢਾਂਚਾ ਵੀ ਵਧੇਰੇ ਕਰਕੇ ਅਜੋਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ।
ਇਸ ਸਮੇਂ ਜਿਹੜੇ ਵਿਦਿਆਰਥੀ ਵਿਕਸਿਤ ਦੇਸ਼ਾਂ ਵੱਲ ਵਹੀਰਾਂ ਘਤ ਕੇ ਜਾ ਰਹੇ ਹਨ, ਉਨ੍ਹਾਂ ਵਿਦਿਆਰਥੀਆਂ ਦੀ ਪਹਿਲੀ ਪਸੰਦ ਅਮਰੀਕਾ, ਦੂਜੀ ਇੰਗਲੈਂਡ, ਤੀਜੀ ਆਸਟਰੇਲੀਆ ਹੈ। ਇਸ ਤੋਂ ਇਲਾਵਾ ਚੀਨ ਨਿਊਜ਼ੀਲੈਂਡ ਵਿੱਚ ਵੀ ਵਿਦਿਆਰਥੀ ਆਪਣਾ ਭਵਿੱਖ ਤਲਾਸ਼ਦੇ ਨਜ਼ਰ ਆ ਰਹੇ ਹਨ।
ਕਿਉਂਕਿ ਕੈਨੇਡਾ ਵਿੱਚ ਪੀ ਆਰ ਦੂਜੇ ਦੇਸ਼ਾਂ ਦੇ ਮੁਕਾਬਲਤਨ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਉਸ ਦੀਆਂ ਵੀਜ਼ਾ ਸ਼ਰਤਾਂ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਨਰਮ ਹਨ, ਇਸ ਲਈ ਪੰਜਾਬ ਦੇ ਵਧੇਰੇ ਵਿਦਿਆਰਥੀਆਂ ਵਿੱਚ ਕੈਨੇਡਾ ਜਾਣ ਦੀ ਇੱਕ ਹੋੜ ਲੱਗੀ ਦਿਸ ਰਹੀ ਹੈ। ਅਗਰ ਅੱਜ ਇਹ ਕਿਹਾ ਜਾਵੇ ਕਿ ਇਸ ਸਮੇਂ ਪੰਜਾਬ ਉੱਜੜ ਕੇ ਵਿਦੇਸ਼ਾਂ ਵਿੱਚ ਵੱਸ ਰਿਹਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਨਿਊਜੀਲੈਂਡ, ਆਸਟਰੇਲੀਆ, ਅਮਰੀਕਾ, ਕਨੇਡਾ ਤੇ ਇਟਲੀ ਇੰਗਲੈਂਡ ਆਦਿ ਇਹਨਾਂ ਦੀਆਂ ਸ਼ਰਨਾਰਥੀ ਬਸਤੀਆਂ ਬਣਦੀਆਂ ਜਾ ਰਹੀਆਂ ਹਨ।
ਅੱਜ ਤੋਂ ਲਗਭਗ ਤਿੰਨ ਦਹਾਕੇ ਪਹਿਲਾਂ 1991 ਨਰਸਿਮ੍ਹਾ ਰਾਓ ਵੇਲੇ ਦੀ ਉਦਾਰਵਾਦੀ ਤੇ ਨਿੱਜੀਕਰਨ ਦੀ ਨੀਤੀ ਨੇ ਵਿਦੇਸ਼ਾਂ ਵਿੱਚ ਜਾਣ ਦੇ ਰਸਤੇ ਵਧੇਰੇ ਖੋਲ੍ਹ ਦਿੱਤੇ ਸਨ। ਹੁਣ ਹਾਲਾਤ ਇਹ ਹਨ ਕਿ ਪੰਜਾਬ ਤੋਂ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਵਿਦਿਆਰਥੀਆਂ ਵਿੱਚ ਹੀ ਬਾਹਰ ਜਾਣ ਦੀ ਕਾਹਲ ਅਤੇ ਇੱਕ ਜਨੂੰਨ ਵਿਖਾਈ ਦੇ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਇਸ ਸਮੇਂ 29.60 ਲੱਖ ਏਸ਼ੀਆਈ ਵਿਦਿਆਰਥੀਆਂ ਤੇ ਇੰਜਨੀਅਰਾਂ ਵਿੱਚੋਂ 9.50 ਲੱਖ ਭਾਰਤੀ ਹਨ। ਜਦੋਂ ਕਿ ਅਮਰੀਕਾ ਵਿੱਚ 38 ਫ਼ੀਸਦੀ ਡਾਕਟਰ ਭਾਰਤੀ ਹਨ। ਨਾਸਾ ਵਿਗਿਆਨੀਆਂ ਵਿੱਚ ਵੀ 36 ਫ਼ੀਸਦੀ ਭਾਰਤੀ ਹਨ ਤੇ 34 ਫ਼ੀਸਦੀ ਮਾਈਕ੍ਰੋਸੌਫਟ ਕੰਪਨੀ ਵਿੱਚ ਹਨ। ਰਿਪੋਰਟ ਅਨੁਸਾਰ 2003 ਤੋਂ 2016 ਤੱਕ ਭਾਰਤ ਤੋਂ ਬਾਹਰ ਜਾਣ ਵਾਲੇ ਵਿਗਿਆਨੀਆਂ ਅਤੇ ਇੰਜਨੀਅਰਾਂ ਦੀ ਗਿਣਤੀ ਵਿੱਚ 87 ਫ਼ੀਸਦੀ ਦਾ ਵਾਧਾ ਹੋਇਆ ਹੈ।
ਦੂਜੇ ਪਾਸੇ ਉਚੇਰੀ ਅਤੇ ਮਿਆਰੀ ਸਿੱਖਿਆ ਲਈ 2014-15 ਵਿੱਚ 29.4 ਫ਼ੀਸਦ ਅਰਥਾਤ 1, 32, 888 ਵਿਅਕਤੀ ਪੂਰੇ ਦੇਸ਼ ਵਿੱਚੋਂ ਵਿਦੇਸ਼ ਗਏ ਹਨ, ਜਦ ਕਿ 2015-16 ਵਿੱਚ 3 ਲੱਖ ਵਿਦਿਆਰਥੀ ਪੂਰੇ ਭਾਰਤ ਵਿੱਚੋਂ ਵੱਖ-ਵੱਖ ਦੇਸ਼ਾਂ ਵਿੱਚ ਪੜ੍ਹਨ ਲਈ ਗਏ ਹਨ। ਇਕੱਲੇ ਅਮਰੀਕਾ ਵਿੱਚ ਹੀ ਅੱਜ ਲਗਭਗ 45 ਫ਼ੀਸਦੀ ਵਿਦਿਆਰਥੀਆਂ ਦੀ ਗਿਣਤੀ ਭਾਰਤੀ ਤੇ ਚੀਨੀ ਨਾਗਰਿਕਾਂ ਦੀ ਹੈ। ਇਸੇ ਤਰ੍ਹਾਂ ਪਿਛਲੇ ਸਾਲਾਂ ਦੇ ਮੁਕਾਬਲੇ 2016-17 ਵਿੱਚ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 60 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ, ਜਦ ਕਿ ਚੀਨ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 16 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਸੰਦਰਭ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਿਦਿਆਰਥੀ ਮੁੱਖ ਤੌਰ ਉੱਤੇ ਜਿਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਂਦੇ ਹਨ ਉਨ੍ਹਾਂ ਵਿੱਚ ਇੰਜਨੀਅਰਿੰਗ, ਆਈਟੀ, ਕੰਪਿਊਟਰ ਕੋਰਸਾਂ, ਪ੍ਰਾਜੈਕਟ ਮੈਨੇਜਮੈਂਟ, ਹੋਟਲ ਮੈਨੇਜਮੈਂਟ ਅਤੇ ਵਾਤਾਵਰਣ ਨਾਲ ਸੰਬੰਧਤ ਸਟਡੀਜ਼ ਸ਼ਾਮਲ ਹਨ।
ਇੱਕ ਹੋਰ ਰਿਪੋਰਟ ਅਨੁਸਾਰ ਪੰਜਾਬ ਵਿੱਚ ਬੀਤੇ ਵਰ੍ਹੇ 3 ਲੱਖ 36 ਹਜ਼ਾਰ ਨੌਜਵਾਨਾਂ ਨੇ ਆਈਲੈਟਸ ਦਾ ਇਮਤਿਹਾਨ ਦਿੱਤਾ। ਅਰਥਾਤ ਹਰ ਰੋਜ਼ ਲਗਭਗ 900 ਬੱਚੇ ਸਿਰਫ ਆਈਲੈਟਸ ਦੀ ਪਰਿੱਖਿਆ ਵਿੱਚ ਬੈਠਦੇ ਹਨ। ਆਈਲੈਟਸ ਦਾ ਇੱਕ ਵਾਰ ਇਮਤਿਹਾਨ ਦੇਣ ਤੇ ਤਕਰੀਬਨ 14000 ਰੁਪਏ ਦਾ ਖਰਚ ਆਉਂਦਾ ਹੈ। ਇਹਨਾਂ ਰੁਪਇਆ ਨੂੰ ਜਦੋਂ 3 ਲੱਖ 36 ਹਜ਼ਾਰ ਨਾਲ ਗੁਣਾ ਕਰਨ ਤੇ 470 ਕਰੋੜ ਰੁਪਏ ਦੀ ਭਾਰੀ ਭਰਕਮ ਰਕਮ ਬਣਦੀ ਹੈ। ਮੰਨਿਆ ਇਹ ਜਾਂਦਾ ਹੈ ਕਿ ਇੱਕ ਬਾਰ ਇਮਤਿਹਾਨ ਦੇਣ ਲਈ 20 ਹਜ਼ਾਰ ਰੁਪਏ ਲੱਗ ਜਾਂਦੇ ਹਨ ਮਤਲਬ ਇਹ ਕਿ 700 ਕਰੋੜ ਰੁਪਏ ਤਿਆਰੀ ਵਿੱਚ ਲੱਗਦੇ ਹਨ। ਇਸਦਾ ਮਤਲਬ ਕੁਲ ਮੰਡੀ 1125 ਕਰੋੜ ਤੋਂ ਵੀ ਵਧੇਰੇ ਦੀ ਬਣਦੀ ਹੈ। ਇਹਨਾਂ ਅੰਕੜਿਆਂ ਵਿੱਚ ਅਜੇ ਆਈਲੈਟਸ ਦੀ ਸ਼ਰੀਕ ਪੀਟੀਈ ਨਾਲ ਸੰਬੰਧਤ ਕੋਈ ਗਿਣਤੀ ਜਾਂ ਅੰਕੜੇ ਪ੍ਰਾਪਤ ਨਹੀਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਪੀਟੀਈ ਸਿਰਫ ਨਿਊਜੀਲੈਂਡ ਤੇ ਆਸਟਰੇਲੀਆ ਵਿੱਚ ਅਧਿਕਾਰਤ ਹੋਣ ਕਰਕੇ ਮਾਹਿਰਾਂ ਦੀ ਨਜ਼ਰ ਵਿੱਚ ਆਈਲੈਟਸ ਦੇ ਮੁਕਾਬਲਤਨ ਤੀਜਾ ਹਿੱਸਾ ਹੈ। ਅਰਥਾਤ ਪੰਜਾਬ ਵਿੱਚੋਂ 150 ਕਰੋੜ ਦੇ ਕਰੀਬ ਰੁਪਏ ਹਰ ਸਾਲ ਆਊਟਸੋਰਸ ਕਰ ਜਾਂਦਾ ਹੈ। ਪੰਜਾਬ ਵਿੱਚ ਆਈਲੈਟਸ ਤੇ ਪੀਟੀਈ ਦੀ ਤਿਆਰੀ ਕਰਵਾਉਣ ਵਾਲੇ ਰਜਿਸਟਰਡ ਆਈਲੈਟਸ ਸੈਂਟਰ ਕਰੀਬ 1200 ਹਨ। ਲੇਕਿਨ ਇਹਨਾਂ ਸੈਂਟਰਾਂ ਦੀ ਕੁਲ ਗਿਣਤੀ 10 ਹਜ਼ਾਰ ਤੋਂ ਵੀ ਵਧੇਰੇ ਹੈ।
ਮੇਰੇ ਇੱਕ ਜਾਣਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਤਿੰਨ ਭਰਾਵਾਂ ਦੇ ਚਾਰ ਪੁੱਤਰ ਕੇਨੇਡਾ ਗਏ ਹਨ ਜਿਨ੍ਹਾਂ ਨੂੰ ਉੱਥੇ ਭੇਜਣ ਤੇ ਇੱਕ ਕਰੋੜ ਦੇ ਲਗਭਗ ਖਰਚਾ ਆਇਆ ਹੈ। ਇੱਕ ਹੋਰ ਰਿਟਾਇਰਡ ਹੈੱਡਮਾਸਟਰ ਹਨ। ਅਕਸਰ ਉਨ੍ਹਾਂ ਦਾ ਮੇਰੇ ਆਰਟੀਕਲਾਂ ਦੇ ਵਿਸ਼ਾ ਵਸਤੂ ਨੂੰ ਲੈ ਕੇ ਫੋਨ ਆਉਂਦਾ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਇੱਕ ਮਿੱਤਰ ਹੈ, ਜਿਸਦੇ ਦੋ ਪੁੱਤਰ ਇੰਗਲੈਂਡ ਤੇ ਇੱਕ ਧੀ ਆਸਟ੍ਰੇਲੀਆ ਵਿੱਚ ਸੈਟਲ ਹੈ। ਪਰ ਉਹਨਾਂ ਅਨੁਸਾਰ ਉਹ ਆਪਣੇ ਬੱਚਿਆਂ ਨੂੰ ਸੈਟਲ ਕਰਦਿਆਂ ਕਰਦਿਆਂ ਖੁਦ ਕੰਗਾਲ ਹੋ ਚੁੱਕੇ ਹਨ। ਇਹ ਤਾਂ ਸਿਰਫ ਦੋ ਪਰਿਵਾਰਾਂ ਦੀਆਂ ਉਦਾਹਰਣਾਂ ਸਨ, ਪਤਾ ਨਹੀਂ ਇਸ ਸਮੇਂ ਅਜਿਹੇ ਕਿੰਨੇ ਪਰਿਵਾਰ ਹੋਣਗੇ ਜੋ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਨ ਦੇ ਚੱਕਰਾਂ ਵਿੱਚ ਕੰਗਾਲ ਹੋ ਰਹੇ ਹਨ। ਕਿਸੇ ਦੇਸ਼ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਲੱਗਣਾ ਯਕੀਨਨ ਉਸ ਦੇਸ਼ ਲਈ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਹੈ। ਯਕੀਨਨ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਇਸ ਵਿਸ਼ੇ ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2006)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)