MohdAbbasDhaliwal7ਜੇਕਰ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਸੰਦਰਭ ਵਿੱਚ ਔਰਤਾਂ ਦੇ ਹਾਲਾਤ ਦੀ ਗੱਲ ਕਰੀਏ ਤਾਂ ...
(8 ਮਾਰਚ 2022)
ਇਸ ਸਮੇਂ ਮਹਿਮਾਨ: 57.

 

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਠ ਮਾਰਚ ਨੂੰ “ਵਿਸ਼ਵ ਔਰਤ ਦਿਵਸ” ਵਜੋਂ ਮਨਾਇਆ ਜਾਂਦਾ ਹੈਇਸ ਅਵਸਰ ’ਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈਔਰਤਾਂ ਨੂੰ ਅਧਿਕਾਰ ਦਿਵਾਉਣ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ। ਇਤਫਾਕ ਅੱਜ ਦੇ ਦਿਨ ਹੀ ਔਰਤਾਂ ਦੇ ਹੱਕ ਵਿੱਚ ਆਪਣੀ ਆਵਾਜ਼ ਚੁੱਕਣ ਵਾਲੇ ਸ਼ਾਇਰ ਪ੍ਰਗਤੀਵਾਦੀ ਸ਼ਾਇਰ ਤੇ ਹਿੰਦੀ ਫਿਲਮਾਂ ਦੇ ਗੀਤਕਾਰ ਸਾਹਿਰ ਲੁਧਿਆਣਵੀ ਦਾ ਜਨਮ ਦਿਨ ਵੀ ਹੈ

ਸਾਹਿਰ ਜਿਨ੍ਹਾਂ ਦਾ ਜਨਮ 8 ਮਾਰਚ 1921 ਨੂੰ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਇੱਕ ਵੱਡੇ ਜਾਗੀਰਦਾਰ ਚੌਧਰੀ ਫਜ਼ਲ ਮੁਹੰਮਦ ਦੀ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਹੋਇਆ। (ਸਾਹਿਰ ਦਾ ਅਸਲ ਨਾਂ ਅਬਦੁਲ ਹੱਈ ਸੀ ਤੇ ਸ਼ਾਇਰੀ ਵਿੱਚ ਤਖੱਲਸ ਦੇ ਰੂਪ ਸਾਹਿਰ ਇਸਤੇਮਾਲ ਕਰਦੇ ਸਨ)ਸਾਹਿਰ ਹੁਰਾਂ ਦੇ ਮਾਤਾ ਪਿਤਾ ਵਿਚਕਾਰ ਰਿਸ਼ਤੇ ਸੁਖਾਵੇਂ ਨਹੀਂ ਸਨ, ਜਿਸਦੇ ਨਤੀਜੇ ਵਜੋਂ ਉਹ ਇੱਕ ਦੂਜੇ ਨਾਲੋਂ ਅਲੱਗ ਰਹਿਣ ਲੱਗੇ ਸਨ ਤੇ ਸਾਹਿਰ ਆਪਣੀ ਮਾਤਾ ਨਾਲ ਰਹਿੰਦੇ ਸਨਉਨ੍ਹਾਂ ਨੇ ਆਪਣੀ ਮਾਤਾ ਨੂੰ ਦੁੱਖਾਂ ਅਤੇ ਤੰਗੀਆਂ ਤੁਰਸ਼ੀਆਂ ਵਿੱਚ ਜ਼ਿੰਦਗੀ ਬਸਰ ਕਰਦਿਆਂ ਵੇਖਿਆ, ਜਿਸਦਾ ਅੱਗੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ’ਤੇ ਡੂੰਘਾ ਅਸਰ ਪਿਆਇਸਦੀ ਝਲਕ ਉਨ੍ਹਾਂ ਦੀ ਕਵਿਤਾਵਾਂ ਵਿੱਚ ਥਾਂ-ਥਾਂ ਸਹਿਜੇ ਹੀ ਵੇਖੀ ਜਾ ਸਕਦੀ ਹੈਇੱਕ ਥਾਂ ਉਹ ਆਖਦੇ ਹਨ:

ਦੁਨੀਆਂ ਨੇ ਤਜਰਬਾਤ-ਓ-ਹਵਾਦਿਸ ਕੀ ਸ਼ਕਲ ਮੇਂ,
ਜੋ ਕੁਛ ਮੁਝੇ ਦੀਆਂ ਵੋਹ ਲੌਟਾ ਰਹਾ ਹੂੰ ਮੈਂ

ਸਾਹਿਰ ਨੇ ਦਸਵੀਂ ਜਮਾਤ ਦਾ ਇਮਤਿਹਾਨ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ 1937 ਵਿੱਚ ਪਾਸ ਕੀਤਾਫਿਰ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿੱਚ ਦਾਖਲ ਹੋ ਗਿਆਕਾਲਜ ਵਿੱਚ ਆਪਣੀ ਸ਼ਾਇਰੀ ਲਈ ਉਹ ਬਹੁਤ ਮਸ਼ਹੂਰ ਸੀਪਹਿਲੇ ਸਾਲ ਹੀ ਉਸ ਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਨ ਵਿੱਚ ਬੈਠਣ ਕਰਕੇ ਕਾਲਜ ਵਿੱਚੋਂ ਕੱਢ ਦਿੱਤਾ ਸੀ। (ਜ਼ਿਕਰਯੋਗ ਹੈ ਕਿ ਜਿਸ ਕਾਲਜ ਨੇ ਸਾਹਿਰ ਨੂੰ ਕੱਢਿਆ ਸੀ ਉਸੇ ਕਾਲਜ ਨੇ ਉਨ੍ਹਾਂ ਨੂੰ ਜਦੋਂ ਉਹ ਇੱਕ ਸ਼ਾਇਰ ਵਜੋਂ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ਤਾਂ ਆਪਣੇ ਡਿਗਰੀ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ।)

ਇਸ ਉਪਰੰਤ ਉਹ ਲਹੌਰ ਜਾ ਕੇ ਸਾਹਿਰ ਦਿਆਲ ਸਿੰਘ ਕਾਲਜ ਵਿੱਚ ਦਾਖਲ ਹੋ ਗਏ ਪਰ ਉੱਥੋਂ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਇਨਕਲਾਬੀ ਸ਼ਾਇਰੀ ਦੇ ਚੱਲਦਿਆਂ ਕੱਢ ਦਿੱਤਾ ਗਿਆਇਸ ਉਪਰੰਤ ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਦਾਖਲ ਹੋ ਗਏ
ਜ਼ਿਕਰਯੋਗ ਹੈ ਕਿ ਸਾਹਿਰ ਇਸਲਾਮਿਕ ਪਾਕਿ ਦੀ ਬਜਾਏ ਸੈਕੂਲਰ ਭਾਰਤ ਚਾਹੁੰਦੇ ਸਨ
ਉਹ ਪਹਿਲਾਂ ਪਾਕਿ ਚਲੇ ਗਏ ਬਾਅਦ ਵਿੱਚ ਭਾਰਤ ਆ ਗਏ ਪਰ ਇੱਥੋਂ ਦੇ ਹਾਲਾਤ ਦੇਖ ਕੇ ਫਿਰ ਪਾਕਿ ਚਲੇ ਗਏ

1944 ਵਿੱਚ ਉਸ ਦੀ ਕਿਤਾਬ ‘ਤਲਖ਼ੀਆਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਏਉਨ੍ਹਾਂ ਸਮਿਆਂ ਵਿੱਚ ਅੰਮ੍ਰਿਤਾ ਪ੍ਰੀਤਮ ਵੀ ਲਾਹੌਰ ਹੀ ਰਹਿੰਦੀ ਸੀਉਹ ਸਾਹਿਰ ’ਤੇ ਫਿਦਾ ਸੀਆਪਣੇ ਤੇ ਸਾਹਿਰ ਵਿਚਕਾਰ ਇਸ਼ਕ ਦੀ ਕਹਾਣੀ ਦਾ ਜ਼ਿਕਰ ਅੰਮ੍ਰਿਤਾ ਪ੍ਰੀਤਮ ਨੇ ਬੜੀ ਬੇਬਾਕੀ ਨਾਲ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਕੀਤਾ ਹੈਇਸਦਾ ਜ਼ਿਕਰ ‘ਇਕ ਸੀ ਅਨੀਤਾ’ ਵਿੱਚ ਲਿਖਿਆ ਹੈ। ‘ਸੁਨੇਹੜੇ’ ਜਿਸ ’ਤੇ ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਦੀਆਂ ਤਕਰੀਬਨ ਸਾਰੀਆਂ ਨਜ਼ਮਾਂ ਸਾਹਿਰ ਨੂੰ ਹੀ ਮੁਖ਼ਾਤਿਬ ਹਨਇਸੇ ਤਰ੍ਹਾਂ ਸਾਹਿਰ ਦੇ ਕਾਵਿ ਸੰਗ੍ਰਹਿ ‘ਤਲਖ਼ੀਆਂ’ ਵਿੱਚ ‘ਮਾਦਾਮ’, ‘ਮਤਾਆਏ ਗ਼ੈਰ’, ‘ਏਕ ਤਸਵੀਰ-ਏ-ਰੰਗ’ ਆਦਿ ਨਜ਼ਮਾਂ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਝਲਕ ਦਿਖਾਈ ਦਿੰਦੀ ਹੈ

ਲਾਹੌਰ ਤੋਂ ਸਾਹਿਰ ਫਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਆ ਗਿਆ, ਜਿੱਥੇ ਪਹਿਲਾਂ ਉਸ ਦੇ ਪੈਰ ਨਾ ਜੰਮੇਇਸ ਤੋਂ ਕਾਫੀ ਸੰਘਰਸ਼ ਪਿੱਛੋਂ 1950 ਵਿੱਚ ਰੀਲੀਜ਼ ਹੋਈ ਫਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫਿਲਮੀ ਨਗ਼ਮਾ ਨਿਗਾਰੀ ਵਿੱਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ, ਜਿਸ ਤਰ੍ਹਾਂ ‘ਤਲਖ਼ੀਆਂ’ ਨੇ ਸਾਹਿਤਕ ਖੇਤਰ ਵਿੱਚ ਕੀਤਾ ਸੀ

ਸਾਹਿਰ ਨੇ ਫਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾ ਤੇ ਨਾਮਣਾ ਦੋਨੋਂ ਖੱਟੇਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ ਨਿਗਾਰ ਸੀਫਿਲਮ ਰਾਈਟਰਜ਼ ਐਸੋਸੀਏਸ਼ਨ ਦਾ ਬਿਨਾਂ ਮੁਕਾਬਲਾ ਪ੍ਰਧਾਨ ਵੀ ਬਣਿਆਇਸ ਪਦਵੀ ’ਤੇ ਹੁੰਦਿਆਂ ਉਸ ਨੇ ਨਗ਼ਮਾਂ ਨਿਗਾਰਾਂ ਨੂੰ ਫਿਲਮੀ ਦੁਨੀਆ ਅਤੇ ਰੇਡੀਓ ਵਿੱਚ ਬੜੀ ਸਤਿਕਾਰ ਵਾਲੀ ਥਾਂ ਦਿਵਾਈਜਿਵੇਂ ਫਿਲਮ ਦੀ ਕਾਸਟ ਦਿਖਾਉਣ ਵੇਲੇ ਨਗ਼ਮਾ ਨਿਗਾਰ ਦਾ ਨਾਂ ਸੰਗੀਤਕਾਰ ਤੋਂ ਪਹਿਲਾਂ ਆਵੇ, ਰੇਡੀਓ ’ਤੇ ਫ਼ਰਮਾਇਸ਼ੀ ਪ੍ਰੋਗਰਾਮ ਵਿੱਚ ਨਗ਼ਮਾ ਨਿਗਾਰ ਦਾ ਨਾਂ ਵੀ ਦੱਸਿਆ ਜਾਵੇਇਸੇ ਤਰ੍ਹਾਂ ਗਰਾਮੋਫ਼ੋਨ ਕੰਪਨੀਆਂ ਨੂੰ ਰਿਕਾਰਡਾਂ ’ਤੇ ਨਗ਼ਮਾਂ ਨਿਗਾਰਾਂ ਦਾ ਨਾਂ ਵੀ ਦੇਣ ਲਈ ਮਜਬੂਰ ਕੀਤਾਇੱਕ ਸੰਗੀਤ ਡਾਇਰੈਕਟਰ ਨੇ ਮਿਹਣਾ ਮਾਰਿਆ ਕਿ ਸਾਹਿਰ ਦੇ ਗਾਣੇ ਇਸ ਕਰਕੇ ਮਸ਼ਹੂਰ ਹਨ, ਕਿਉਂਕਿ ਉਨ੍ਹਾਂ ਨੂੰ ਲਤਾ ਗਾਉਂਦੀ ਹੈਸਾਹਿਰ ਬੜਾ ਅਣਖੀ ਸੀਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫਿਲਮ ਲਈ ਗਾਣੇ ਲਿਖੇਗਾ, ਜਿਸ ਵਿੱਚ ਲਤਾ ਤੋਂ ਨਾ ਗਵਾਏ ਜਾਣਸਾਹਿਰ ਦੀ ਲਤਾ ਬਾਰੇ ਸਭ ਤੋਂ ਮਸ਼ਹੂਰ ਨਜ਼ਮ ਹੈ ‘ਤੇਰੀ ਆਵਾਜ਼।’

ਸ਼ਾਇਰੀ ਦਾ ਸ਼ੌਕ ਉਨ੍ਹਾਂ ਨੂੰ ਸਕੂਲ ਵਿੱਚ ਹੀ ਸੀਕਾਲਜ ਦੇ ਸਾਹਿਤਕ ਮਾਹੌਲ ਵਿੱਚ ਇਸ ਵਿੱਚ ਚੋਖਾ ਨਿਖਾਰ ਆਇਆਉਹ ਸਾਹਿਰ ਕਿਵੇਂ ਬਣਿਆ? ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਜਦ ਉਸ ਨੇ ਇਹ ਸ਼ਿਅਰ ਪੜ੍ਹਿਆ, ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ, ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ, ਤਾਂ ਉਸ ਨੇ ਆਪਣਾ ਤਖੱਲਸ ‘ਸਾਹਿਰ’ ਰੱਖ ਲਿਆਉਨ੍ਹਾਂ ਦਾ ਤਖੱਲਸ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਪੂਰਾ ਢੁਕਦਾ ਸੀਸਾਹਿਰ ਹਰ ਮੁਸ਼ਾਇਰੇ ਵਿੱਚ ਖਿੱਚ ਦਾ ਕੇਂਦਰ ਹੋਇਆ ਕਰਦੇ ਸਨਉਨ੍ਹਾਂ ਦੀਆਂ ਰੁਮਾਂਚਕ ਨਜ਼ਮਾਂ ਨੌਜਵਾਨ ਦਿਲਾਂ ਦੀ ਧੜਕਣਾਂ ਦੀ ਤਰਜਮਾਨੀ ਕਰਦੀਆਂ ਸਨਇਹੋ ਵਜਾਹ ਹੈ ਕਿ ਨੌਜਵਾਨ ਮੁੰਡੇ-ਕੁੜੀਆਂ ਵਿੱਚ ਬੇਹੱਦ ਹਰਮਨ ਪਿਆਰੇ ਸਨ

ਜ਼ਿਕਰਯੋਗ ਹੈ ਕਿ ਸਾਹਿਰ ਦੇ ਸਾਰੇ ਇਸ਼ਕ ਜਜ਼ਬਾਤੀ ਕਿਸਮ ਦੇ ਰਹੇਉਨ੍ਹਾਂ ਨਾ ਇਨ੍ਹਾਂ ਨੂੰ ਸਰੀਰਕ ਸਬੰਧਾਂ ਵਿੱਚ ਅਤੇ ਨਾ ਹੀ ਸ਼ਾਦੀ ਦੇ ਰਿਸ਼ਤੇ ਵਿੱਚ ਬਦਲਿਆ ਸਗੋਂ ਇਨ੍ਹਾਂ ਤੋਂ ਸਿਰਫ਼ ਆਪਣੀ ਸ਼ਾਇਰੀ ਲਈ ਪ੍ਰੇਰਣਾ ਲਈਭਾਵੇਂ ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ ਪਰ ਉਸ ਦੀ ਨਜ਼ਮ ਦੇ ਸ਼ਾਇਰ ਵਜੋਂ ਹੋਈਉਸ ਦੀਆਂ ਨਜ਼ਮਾਂ ਦਾ ਪੱਧਰ ਬਹੁਤ ਉੱਚਾ ਹੈਬਹੁਤੀਆਂ ਰੁਮਾਂਸ ਦੀ ਚਾਸ਼ਨੀ ਵਿੱਚ ਲਬਰੇਜ ਹਨ ਜਦਕਿ ਕੁਝ ਕੁ ਵਿੱਚ ਇਨਕਲਾਬੀ ਰੰਗ ਦੀ ਝਲਕ ਮਿਲਦੀ ਹੈਉਨ੍ਹਾਂ ਦੀ ਨਜ਼ਮ ‘ਪਰਛਾਈਆਂ’ ਅਮਨ ਬਾਰੇ ਹੈਉੱਥੇ ਹੀ ਉਨ੍ਹਾਂ ਦੀਆਂ ਨਜ਼ਮ ਵਿੱਚ ‘ਐ ਸ਼ਰੀਫ ਇਨਸਾਨੋਂ ’ਤੇ ਵਿਸ਼ੇਸ਼ ਤੌਰ ’ਤੇ ‘ਤਾਜ ਮਹਿਲ’ ਇੱਕ ਸ਼ਾਹਕਾਰ ਰਚਨਾ ਹੈਉਨ੍ਹਾਂ ਦੇ ਇੱਕ ਗੀਤ ਕੁਝ ਪੰਕਤੀਆਂ ਵੇਖੋ:

ਚਲੋ ਇੱਕ ਬਾਰ ਫਿਰ ਸੇ ਅਜਨਬੀ ਬਣ ਜਾਏਂ ਹਮ ਦੋਨੋਂ
ਤੁਮੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ
ਮੁਝੇ ਭੀ ਲੋਗ ਕਹਿਤੇ ਹੈਂ ਕਿ ਯਹ ਜਲਵੇ ਪਰਾਏ ਹੈਂ
ਮੇਰੇ ਹਮਰਾਹ ਭੀ ਰੁਸਵਾਈਆਂ ਹੈਂ ਮੇਰੇ ਮਾਜ਼ੀ ਕੀ
ਤੁਮਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈਂ

ਜੇਕਰ ਸਾਹਿਰ ਦੇ ਫਿਲਮੀ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਸੈਕੜਿਆਂ ਵਿੱਚ ਹੈਉਨ੍ਹਾਂ ਫਿਲਮੀ ਗੀਤਾਂ ਨੂੰ ਤੁਕਬੰਦੀ ਤੋਂ ਆਜ਼ਾਦੀ ਦਿਵਾਉਂਦਿਆਂ ਹਕੀਕੀ ਰੂਪ ਸ਼ਾਇਰੀ ਦਾ ਜਾਮਾ ਪਹਿਨਾਇਆਆਓ ਹੁਣ ਸਾਹਿਰ ਦੇ ਉਸ ਗੀਤ ਨੂੰ ਵੇਖਦੇ ਹਾਂ ਜਿਸ ਵਿੱਚ ਸਾਹਿਰ ਨੇ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਜ਼ਿੰਦਗੀ ਦੇ ਦੁਖਾਂਤ ਨੂੰ ਬਹੁਤ ਬੇਬਾਕ ਅੰਦਾਜ਼ ਵਿੱਚ ਪੇਸ਼ ਕੀਤਾ ਹੈਉਸ ਗਾਣੇ ਦੀਆਂ ਕੁਝ ਕੁ ਪੰਕਤੀਆਂ ਵੇਖੋ:

ਔਰਤ ਨੇ ਜਨਮ ਦੀਆਂ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ
ਜਬ ਜੀ ਚਾਹਾ ਮਸਲਾ, ਖੇਲਾ, ਜਬ ਜੀ ਚਾਹਾ ਧਿੱਕਾਰ ਦੀਆ

ਤੁਲਤੀ ਹੈ ਕਹੀਂ ਦੀਨਾਰੋਂ ਮੇਂ, ਬਿਕਤੀ ਹੈ ਕਹੀਂ ਬਾਜ਼ਾਰੋਂ ਮੇਂ

ਨੰਗੀ ਨਚਵਾਈ ਜਾਤੀ ਹੈ, ਅਯਾਸ਼ੋਂ ਕੇ ਦਰਬਾਰੋਂ ਮੇਂ

ਯੇ ਵੋਹ ਬੇਇੱਜ਼ਤ ਚੀਜ਼ ਹੈ ਜੋ, ਬੰਟ ਜਾਤੀ ਹੈ ਇੱਜ਼ਤਦਾਰੋਂ ਮੇਂ

ਸਾਹਿਰ ਨੇ ਲਾਹੌਰ ਵਿੱਚ ਚਾਰ ਉਰਦੂ ਪੱਤਰਕਾਵਾਂ ਦਾ ਸੰਪਾਦਨ (1948 ਤਕ) ਕੀਤਾ ਅਤੇ ਮੁੰਬਈ (1949 ਦੇ ਬਾਅਦ) ਉਨ੍ਹਾਂ ਦੀ ਕਰਮਭੂਮੀ ਰਹੀ

ਸਾਹਿਰ ਨੂੰ 1958 ਫਿਲਮ ਫੇਅਰ ਅਵਾਰਡ ਲਈ ਨੋਮੀਨੇਟਡ ਕੀਤਾ ਗਿਆਇਸ ਗੀਤ ਦੇ ਬੋਲ ਸਨ “ਔਰਤ ਨੇ ਜਨਮ ਦੀਆ ਮਰਦੋਂ ਕੋ“ – ਫਿਲਮ: ਸਾਧਨਾ, 1964 ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ: “ਜੋ ਵਾਅਦਾ ਕੀਆ ...” ਫਿਲਮ: ਤਾਜ ਮਹਿਲ
ਸਾਹਿਰ ਨੇ 1977 ਵਿੱਚ ਫਿਲਮ ਫੇਅਰ ਦੇ ਵਧੀਆ ਗੀਤਕਾਰ ਵਜੋਂ “ਕਭੀ ਕਭੀ ਮੇਰੇ ਦਿਲ ਮੇਂ”, ਫਿਲਮ: “ਕਭੀ ਕਭੀ” ਲਈ ਇਨਾਮ ਹਾਸਲ ਕੀਤਾ

ਇਸ ਤਰ੍ਹਾਂ ਆਪਣੇ ਫਿਲਮੀ ਕੈਰੀਅਰ ਦੌਰਾਨ ਉਨ੍ਹਾਂ ਨੇ ਦੋ ਵਾਰ ਫਿਲਮਫੇਅਰ ਅਵਾਰਡ (1964 ਅਤੇ 1977 ਵਿੱਚ) ਹਾਸਲ ਕੀਤਾਜਦੋਂ ਕਿ 1971 ਵਿੱਚ ਉਨ੍ਹਾਂ ਭਾਰਤ ਸਰਕਾਰ ਦੁਆਰਾ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆਉਨ੍ਹਾਂ ਦੇ ਮਰਨ ਉਪਰੰਤ (ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਪ੍ਰਣਾਬ ਮੁਖਰਜੀ ਨੇ 8 ਮਾਰਚ 2013 ਨੂੰ ਰਾਸ਼ਟਰਪਤੀ ਭਵਨ ਵਿਖੇ ਉਸ ਦੀ ਜਨਮ ਸ਼ਤਾਬਦੀ ਤੇ ਯਾਦਗਾਰੀ ਸਟੈਂਪ ਜਾਰੀ ਕੀਤੀ ਸੀ)

ਸਾਹਿਰ ਦੀ ਮਾਂ ਜੋ ਉਨ੍ਹਾਂ ਨਾਲ ਸਾਰੀ ਉਮਰ ਰਹੀ, ਅਖੀਰ 1976 ਵਿੱਚ ਉਹ ਚੱਲ ਵਸੀ, ਜਿਸਦੇ ਫਲਸਰੂਪ ਸਾਹਿਰ ਬੇਹੱਦ ਉਦਾਸ ਰਹਿਣ ਲੱਗੇ ਤੇ ਅਖੀਰ 25 ਅਕਤੂਬਰ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਆਪ ਵੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ

ਜੇਕਰ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਸੰਦਰਭ ਵਿੱਚ ਔਰਤਾਂ ਦੇ ਹਾਲਾਤ ਦੀ ਗੱਲ ਕਰੀਏ ਤਾਂ ਉਨ੍ਹਾਂ ਔਰਤਾਂ ਦੀ ਦੁਰਦਸ਼ਾ ਸੰਬੰਧੀ ਅੱਜ ਤੋਂ ਲਗਭਗ ਛੇ ਸੱਤ ਦਹਾਕੇ ਪਹਿਲਾਂ ਜੋ ਨਕਸ਼ਾ ਆਪਣੀਆਂ ਨਜ਼ਮਾਂ ਤੇ ਗੀਤਾਂ ਵਿੱਚ ਖਿੱਚਿਆ ਸੀ, ਹਾਲਾਤ ਅੱਜ ਵੀ ਉਹੋ ਹਨ

ਜੇਕਰ ਅੱਜ ਅਸੀਂ ਆਪਣੇ ਸਮਾਜ ਵਿਚਲੀਆਂ ਔਰਤਾਂ ਦੇ ਜੀਵਨ ’ਤੇ ਝਾਤ ਮਾਰੀਏ ਤਾਂ ਸਾਨੂੰ ਇੱਕ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈਭਾਰਤ ਵਿੱਚ ਜਿਸ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ, ਕੰਜਕਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ, ਜਿਸ ਔਰਤ ਦੀ ਕੁੱਖੋਂ ਦੁਨੀਆ ਦੇ ਮਹਾਨ ਮਹਾਪੁਰਸ਼ਾਂ ਨੇ ਜਨਮ ਲਿਆ, ਜਿਸਦੀ ਕੁੱਖੋਂ ਵੱਡੇ ਵੱਡੇ ਨਬੀਆਂ ਪੈਗੰਬਰਾਂ ਅਤੇ ਸੂਫੀ ਸੰਤਾਂ ਨੇ ਜਨਮ ਲਿਆ, ਜਿਸ ਨੇ ਕਦੀ ਟੀਪੂ ਸੁਲਤਾਨ, ਕਦੇ ਭਗਤ ਸਿੰਘ, ਕਦੀ ਊਧਮ ਸਿੰਘ, ਕਦੇ ਚੰਦਰ ਸ਼ੇਖਰ ਆਜ਼ਾਦ ਅਤੇ ਕਦੇ ਰਾਮ ਪ੍ਰਸਾਦ ਬਿਸਮਿਲ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਸੂਰਵੀਰਾਂ ਨੂੰ ਜਨਮ ਦਿੱਤਾ ਅਤੇ ਉਹ ਆਪਣੀਆਂ ਅਦੁੱਤੀ ਤੇ ਬੇਮਿਸਾਲ ਕੁਰਬਾਨੀਆਂ ਸਦਕਾ ਰਹਿੰਦੀਆਂ ਦੁਨੀਆਂ ਤਕ ਆਪਣੇ ਨਾਵਾਂ ਨੂੰ ਅਮਰ ਕਰ ਗਏ

ਔਰਤ ਨੂੰ ਹਰ ਧਰਮ ਵਿੱਚ ਇੱਜ਼ਤ ਤੇ ਅਹਿਤਰਾਮ ਦਿੱਤਾ ਗਿਆ ਹੈਇਸਲਾਮ ਵਿੱਚ ਔਰਤ ਦੇ ਰੁਤਬੇ ਨੂੰ ਬਿਆਨ ਕਰਦਿਆਂ ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦੱਸਿਆ ਗਿਆ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਦੀ ਵਡਿਆਈ ਕਰਦਿਆਂ ਆਖਿਆ ਹੈ:

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਅੱਜ ਇਸ ਸਮਾਜ ਵਿੱਚ ਔਰਤ ਦੀ ਜੋ ਦੁਰਗਤ ਤੇ ਬੇਕਦਰੀ ਹੋ ਰਹੀ ਹੈ, ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿੱਚੋਂ ਵੀ ਢੂੰਡ ਪਾਉਣਾ ਮੁਸ਼ਕਲ ਹੈਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਲੜਕੀਆਂ ਨਾਲ ਇੱਕ ਤੋਂ ਬਾਅਦ ਇੱਕ ਬਲਾਤਕਾਰਾਂ ਦੀਆਂ ਘਟਨਾਵਾਂ ਘਟੀਆਂ ਹਨ, ਜਿਸ ਪ੍ਰਕਾਰ ਵੱਖ ਵੱਖ ਸ਼ੈਲਟਰ ਹਾਊਸਾਂ ਵਿੱਚ ਮੌਜੂਦ ਬੱਚੀਆਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਯਕੀਨਨ ਉਹ ਸਭ ਸਾਡੇ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ

ਇੱਕ ਲੜਕੀ ਦੇ ਬਲਾਤਕਾਰ ਦਾ ਸ਼ਿਕਾਰ ਹੋ ਜਾਣ ’ਤੇ ਪੀੜਤਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਲਈ ਜਿਸ ਤਰ੍ਹਾਂ ਦਰ ਬਦਰ ਜ਼ਲੀਲ ਓ ਖੁਆਰ ਹੋਣਾ ਪੈਂਦਾ ਹੈ, ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤਕ ਖਤਰਨਾਕ ਹੈਉਸ ਸੰਦਰਭ ਵਿੱਚ ਤਾਂ ਸਾਹਿਰ ਲੁਧਿਆਣਵੀ ਦੇ ਸ਼ਬਦਾਂ ਵਿੱਚ ਇਹੋ ਕਿਹਾ ਜਾ ਸਕਦਾ ਹੈ:

ਮਦਦ ਚਾਹਤੀ ਹੈ ਯੇਹ ਹੱਵਾ ਕੀ ਬੇਟੀ
ਯਸ਼ੋਧਾ ਕੀ ਹਮ ਜਿਣਸ ਰਾਧਾ ਕੀ ਬੇਟੀ

ਪੈਅੰਬਰ ਕੀ ਉਮੱਤ ਜ਼ੁਲੇਖਾ ਕੀ ਬੇਟੀ

ਔਰਤਾਂ ਨਾਲ ਮਰਦ ਪ੍ਰਧਾਨ ਸਮਾਜ ਵੱਲੋਂ ਕੀਤੀ ਜਾਂਦੀ ਬੇਇਨਸਾਫੀ ਅਤੇ ਜ਼ੁਲਮ ਦੇ ਸੰਦਰਭ ਸਾਹਿਰ ਲਿਖਦੇ ਹਨ:

ਮਰਦੋਂ ਕੇ ਲੀਏ ਹਰ ਜ਼ੁਲਮ ਰਵਾ ਔਰਤ ਕੇ ਲੀਏ ਰੋਣਾ ਭੀ ਖਤਾ
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ ਔਰਤ ਕੇ ਲੀਏ ਜੀਨਾ ਭੀ ਖਤਾ

ਮਰਦੋਂ ਕੇ ਲੀਏ ਲਾਖੋਂ ਸੇਜੇਂ ਔਰਤ ਕੇ ਲੀਏ ਬੱਸ ਏਕ ਚਿਤਾ
ਔਰਤ ਨੇ ਜਨਮ ਦੀਆਂ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਯਾ

ਇਸੇ ਨਜ਼ਮ ਵਿੱਚ ਅੱਗੇ ਚੱਲ ਕੇ ਉਹ ਆਖਦੇ ਹਨ ਕਿ:
ਔਰਤ ਸੰਸਾਰ ਕੀ ਕਿਸਮਤ ਹੈ ਫਿਰ ਭੀ ਤਕਦੀਰ ਕੀ ਬੇਟੀ ਹੈ

ਅਵਤਾਰ ਪੈਗੰਬਰ ਜਨਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ

ਯੇਹ ਵੋਹ ਬਦਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ
ਔਰਤ ਨੇ ਜਨਮ ਦੀਆਂ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3414)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author