“ਇਹ ਆਧੁਨਿਕ ਹਨੂੰਮਾਨ ਜੀ ਤਾਂ ਪੂਰੇ ਦੇਸ਼ ਵਿੱਚ ਅੱਗ ਲਗਾ ਦੇਣਗੇ ...”
(18 ਦਸੰਬਰ 2019)
ਅੱਜ ਇਹ ਲੇਖ ਲਿਖਦਿਆਂ ਬਹੁਤ ਅਰਸਾ ਪਹਿਲਾਂ ਪ੍ਰਸਿੱਧ ਸ਼ਾਇਰ ਮੁਜੱਫਰ ਰਿਜ਼ਮੀ ਦਾ ਕਿਹਾ ਇੱਕ ਸ਼ੇਅਰ ਚੇਤੇ ਆ ਗਿਆ ਹੈ:
ਯੇਹ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।
ਨਾਗਰਿਕਤਾ ਸੰਸ਼ੋਧਨ (CAB) ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚੋਂ ਪਾਸ ਹੋਣ ਉਪਰੰਤ ਬੀਤੇ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਦਸਤਖਤ ਕਰਦਿਆਂ ਕਾਨੂੰਨੀ ਸ਼ਕਲ ਦੇ ਦਿੱਤੀ ਹੈ। ਭਾਵੇਂ ਇਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ ਪਰ ਇਸ ਵਿਵਾਦਿਤ ਅਤੇ ਪੱਖਪਾਤੀ ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲੈ ਕੇ ਸਥਿਤੀ ਲਗਾਤਾਰ ਤਣਾਅਪੂਰਨ ਬਣੀ ਹੋਈ ਹੈ। ਉਕਤ CAB ਵਿੱਚੋਂ ਜਿਸ ਪ੍ਰਕਾਰ ਦੇਸ਼ ਦੇ ਮੁਸਲਮਾਨ ਤਬਕੇ ਨੂੰ ਬਾਹਰ ਰੱਖਿਆ ਗਿਆ ਹੈ, ਉਸ ਨਾਲ ਮੁਸਲਿਮ ਭਾਈਚਾਰੇ ਵਿੱਚ ਦੁੱਖ ਪਾਇਆ ਜਾਣਾ ਇੱਕ ਕੁਦਰਤੀ ਗੱਲ ਹੈ। ਜ਼ਿਕਰਯੋਗ ਹੈ ਕਿ ਉਕਤ ਬਿੱਲ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਪਰਤਾੜਨਾ ਦੇ ਕਾਰਨ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਦਾ ਪ੍ਰਵਧਾਨ ਹੈ। ਇਸ ਬਿੱਲ, ਜੋ ਕਿ ਹੁਣ ਕਾਨੂੰਨ ਬਣ ਚੁੱਕਾ ਹੈ, ਨੂੰ ਲੈ ਕੇ ਅਸਾਮ, ਤ੍ਰਿਪੁਰਾ ਸਮੇਤ ਦੇਸ਼ ਦੇ ਪੂਰਵੀ ਉੱਤਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਵੱਡੀ ਪੱਧਰ ਉੱਤੇ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲ ਰਹੇ ਹਨ। ਜਿਨ੍ਹਾਂ ਦੇ ਚੱਲਦਿਆਂ ਉੱਥੋਂ ਦੇ ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ। ਅਸਾਮ ਸਕੱਤਰੇਤ ਦੇ ਨੇੜੇ ਇੱਕ ਵੱਡੇ ਵਿਦਿਆਰਥੀਆਂ ਦੇ ਇਕੱਠ ਅਤੇ ਪੁਲਸ ਵਿਚਕਾਰ ਝੜਪਾਂ ਵੀ ਹੋਈਆਂ। ਸਕਿਉਰਟੀ ਫੌਰਸਜ਼ ਵਲੋਂ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਦੋ ਲੋਕਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਜਖਮੀ ਹੋਣ ਦੀਆਂ ਖਬਰਾਂ ਆਈਆਂ ਹਨ।
ਇਹੋ ਵਜ੍ਹਾ ਹੈ ਕਿ ਅਸਾਮ ਅਤੇ ਇਸਦੇ ਗੁਆਂਢੀ ਸੂਬਿਆਂ ਵਿੱਚ ਤਨਾਅਪੂਰਨ ਸਥਿਤੀ ਦੇ ਚੱਲਦਿਆਂ ਜਿੱਥੇ ਜਾਪਾਨੀ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਹਾਲ ਦੀ ਘੜੀ ਰੱਦ ਹੋ ਗਿਆ ਹੈ, ਉੱਥੇ ਹੀ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਵੀ ਆਪਣੀ ਭਾਰਤੀ ਯਾਤਰਾ ਨੂੰ ਹਾਲ ਦੀ ਘੜੀ ਸਥਗਿਤ (ਮੁਲਤਵੀ, ਰੱਦ – ਸੰਪਾਦਕ) ਕਰ ਦਿੱਤਾ ਹੈ। ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਇੱਕ ਦੌਰਾ ਰੱਦ ਹੋ ਚੁੱਕਾ ਹੈ।
ਕੁਲ ਮਿਲਾ ਕੇ ਉਕਤ ਸਿਟੀਜ਼ਨ ਤਰਮੀਮੀ ਕਾਨੂੰਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਹਾਲਾਤ ਤਨਾਅਪੂਰਨ ਹਨ ਜਿਸਦੇ ਚੱਲਦਿਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਟੀਚਰ ਇਸ ਕਾਨੂੰਨ ਦੇ ਵਿਰੁੱਧ ਸੜਕਾਂ ਉੱਤੇ ਆ ਗਏ ਹਨ। ਉੱਥੇ ਹੀ ਵੱਖ ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਅਤੇ ਨਿਊਜ਼ ਚੈਨਲਾਂ ਦੀ ਰਿਪੋਰਟਾਂ ਅਨੁਸਾਰ ਦੇਸ਼ ਦੇ ਦੋ ਹਜ਼ਾਰ ਤੋਂ ਵਧੇਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਇਸ ਬਿੱਲ ਦੇ ਰੋਸ ਵਜੋਂ ਪ੍ਰਦਰਸ਼ਨ ਕੀਤੇ ਗਏ ਹਨ। ਉਕਤ ਵਿਵਾਦਿਤ ਬਿੱਲ ਯਕੀਨਨ ਦੇਸ਼ ਦੇ ਅਮਨ ਪਸੰਦ ਲੋਕਾਂ ਲਈ ਦੇਸ਼ ਦੀ ਅਰਥ ਵਿਵਸਥਾ ਲਈ ਆਪਣੇ ਆਪ ਵਿੱਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਨਜ਼ਰ ਆ ਰਿਹਾ ਹੈ।
ਇਸ ਸੰਬੰਧੀ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਮਾਰਕੰਡੇ ਕਾਟਜੂ ਦੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ “ਅਸਾਮ ਵੀ ਕਸ਼ਮੀਰ ਦੀ ਤਰ੍ਹਾਂ ਜਲ ਰਿਹਾ ਹੈ ਦੇਸ਼ ਵਿੱਚ ਅੱਗ ਲੱਗੀ ਹੈ ਅਤੇ ਇਹ ਆਧੁਨਿਕ ‘ਨੀਰੋ’ ਬੇਖਬਰ ਹਨ। ਉਨ੍ਹਾਂ ਅੱਗੇ ਲਿਖਿਆ ਹੈ, “ਹਨੂੰਮਾਨ ਜੀ ਨੇ ਤਾਂ ਸਿਰਫ ਲੰਕਾ ਜਲਾਈ ਸੀ ਪਰ ਇਹ ਆਧੁਨਿਕ ਹਨੂੰਮਾਨ ਜੀ ਤਾਂ ਪੂਰੇ ਦੇਸ਼ ਵਿੱਚ ਅੱਗ ਲਗਾ ਦੇਣਗੇ।”
ਮਾਰਕੰਡੇ ਕਾਟਜੂ ਨੇ ਆਪਣੇ ਇੱਕ ਲੇਖ ਵਿੱਚ ਇਸ ਬਿੱਲ (ਕਾਨੂੰਨ) ਉੱਤੇ ਪ੍ਰਸ਼ਨ ਖੜ੍ਹੇ ਕਰਦਿਆਂ ਇਸ ਨੂੰ ਸੰਵਿਧਾਨ ਦਾ ਉਲੰਘਣ ਕਰਨ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਸੰਵਿਧਾਨ ਦੇ ਆਰਟੀਕਲ 14 ਅਤੇ 21 ਦਾ ਖੁੱਲ੍ਹਾ ਉਲੰਘਣ ਕਰਦਾ ਹੈ। ਕਾਟਜੂ ਦਾ ਕਹਿਣਾ ਹੈ ਕਿ ਇਹ ਬਿੱਲ (ਕਾਨੂੰਨ) ਸਮਾਨਤਾ, ਜਿਊਣ ਅਤੇ ਸੁਤੰਤਰਤਾ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਆਪਣੀ ਗੱਲ ਨੂੰ ਪੁਖਤਾ ਕਰਨ ਦੇ ਨਜ਼ਰੀਏ ਨਾਲ ਉਨ੍ਹਾਂ ਸੁਪਰੀਮ ਕੋਰਟ ਦੇ 23 ਸਾਲ ਪੁਰਾਣੇ ਜਜਮੈਂਟ ਦਾ ਹਵਾਲਾ ਦਿੱਤਾ। 1996 ਦੇ ਇੱਕ ਕੇਸ ਵਿੱਚ ਉਨ੍ਹਾਂ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਨਾਮ ਅਰੁਣਾਚਲ ਪ੍ਰਦੇਸ਼ ਸਰਕਾਰ ਕੇਸ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਬੰਗਲਾਦੇਸ਼ ਤੋਂ ਆਏ ਚਕਮਾ ਸ਼ਰਨਾਰਥੀਆਂ ਦੇ ਮੁੱਦੇ ’ਤੇ ਕੋਰਟ ਨੇ ਮੰਨਿਆ ਕਿ ਭਾਰਤ ਦੇ ਸੰਵਿਧਾਨ 21 ਦੁਆਰਾ ਅਧਿਕਾਰਤ ਜੀਵਨ ਅਤੇ ਸੁਤੰਤਰਤਾ ਦੇ ਮੌਲਿਕ ਅਧਿਕਾਰ ਵੀ ਚਕਮਾ ਸ਼ਰਨਾਰਥੀਆਂ ਨੂੰ ਮਿਲੇ ਹੋਏ ਹਨ, ਹਾਲਾਂਕਿ ਉਹ ਭਾਰਤੀ ਨਾਗਰਿਕ ਨਹੀਂ ਸਨ।
ਪ੍ਰਸਿੱਧ ਦੱਖਣੀ ਐਕਟਰ ਤੇ ਮੱਕਲ ਨਿਧੀ ਮਯੱਮ (ਐੱਮ ਐਨ ਐੱਮ) ਦੇ ਸੰਸਥਾਪਕ ਕਮਲ ਹਸਨ ਨੇ ਉਕਤ CAB ਦੀ ਨਿੰਦਾ ਕਰਦਿਆਂ ਕਿਹਾ ਕਿ, “ਇਹ ਇੱਕ ਚੰਗੇ ਭਲੇ ਤੰਦਰੁਸਤ ਵਿਅਕਤੀ ਦੀ ਸਰਜਰੀ ਦੀ ਕੋਸ਼ਿਸ਼ ਕਰਨ ਦੇ ਤੁਲ ਜਿਹਾ ਅਪਰਾਧ ਹੈ।” ਉਨ੍ਹਾਂ ਅੱਗੇ ਕਿਹਾ, “ਭਾਰਤ ਨੂੰ ਇੱਕ ਅਜਿਹਾ ਦੇਸ਼ ਬਣਾਉਣ ਦੀ ਕੋਸ਼ਿਸ਼ ਹੈ ਜਿੱਥੇ ਇੱਕ ਹੀ ਤਰ੍ਹਾਂ ਦੇ ਲੋਕ ਰਹਿਣ, ਜੋ ਭੇਦਭਾਵ ਹੈ।”
ਅਮਰੀਕਾ ਵਿੱਚ ਇਸ ਬਿੱਲ ਦਾ ਕਿਸ ਕਦਰ ਵਿਰੋਧ ਹੋ ਰਿਹਾ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਯੂ ਐੱਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ (USCIRF) ਨੇ ਇਸ ਬਿੱਲ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਬਿੱਲ ਦੇ ਵਿਰੋਧ ਵਿੱਚ ਅਮਰੀਕੀ ਸਰਕਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਤਮਾਮ ਵੱਡੇ ਨੇਤਾਵਾਂ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਉੱਧਰ ਔਲਿੰਪਕ ਗੋਲਡ ਮੈਡਲਿਸਟ ਬੌਕਸਰ ਵਿਜੇਂਦਰ ਸਿੰਘ ਨੇ CAB ਦੇ ਸੰਦਰਭ ਆਪਣੇ ਇੱਕ ਟਵੀਟ ਵਿੱਚ ਵਿਅੰਗ ਕਰਦਿਆਂ ਕਿਹਾ ਹੈ ਕਿ “ਜਦੋਂ ਮਸਾਲਾ ਹਿੰਦੂ ਮੁਸਲਮਾਨ ਵਾਲਾ ਚੰਗਾ ਲੱਗਣ ਲੱਗੇ ਉਹ ਕੌਮਾਂ ਪਿਆਜ਼ ਦੀ ਚਿੰਤਾ ਨਹੀਂ ਕਰਦੀਆਂ।”
ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ “ਨਾਗਰਿਕਤਾ ਸੰਸ਼ੋਧਨ ਬਿੱਲ ਅਤੇ ਐੱਨ ਆਰ ਸੀ ਧਰਮ ਦੇ ਆਧਾਰ ’ਤੇ ਲੋਕਾਂ ਲਈ ਭੇਦਭਾਵ ਦਾ ਘਾਤਕ ਜੋੜ ਸਾਬਿਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਨਾਗਰਿਕਤਾ ਸੰਸ਼ੋਧਨ ਬਿੱਲ ਕਿਸੇ ਦੀ ਨਾਗਰਿਕਤਾ ਖਤਮ ਕਰਨ ਲਈ ਨਹੀਂ, ਸਗੋਂ ਲੋਕਾਂ ਨੂੰ ਨਾਗਰਿਕਤਾ ਦੇਣ ਦੇ ਲਈ ਹੈ, ਲੇਕਿਨ ਸੱਚਾਈ ਇਹ ਹੈ ਕਿ ਐੱਨ ਆਰ ਸੀ ਅਤੇ ਇਹ CAB ਸਰਕਾਰ ਦੇ ਹੱਥ ਵਿੱਚ ਇੱਕ ਅਜਿਹਾ ਖਤਰਨਾਕ ਹਥਿਆਰ ਸਾਬਤ ਹੋ ਸਕਦਾ ਹੈ ਕਿ ਜਿਸਦੇ ਰਾਹੀਂ ਧਰਮ ਦੇ ਆਧਾਰ ’ਤੇ ਲੋਕਾਂ ਵਿੱਚ ਭੇਦਭਾਵ ਕਰਦਿਆਂ ਉਨ੍ਹਾਂ ਦੇ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ।” ਪ੍ਸ਼ਾਤ ਕਿਸ਼ੋਰ ਨੇ ਆਪਣੇ ਇੱਕ ਦੂਜੇ ਟਵੀਟ ਵਿੱਚ ਕਿਹਾ ਕਿ ਹੁਣ 16 ਗੈਰ ਬੀ ਜੇ ਪੀ ਮੁੱਖ ਮੰਤਰੀਆਂ ਉੱਤੇ ਭਾਰਤ ਦੀ ਆਤਮਾ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਅਜਿਹੇ ਰਾਜ ਹਨ ਜਿੱਥੇ ਇਸ ਨੂੰ ਲਾਗੂ ਕਰਨਾ ਹੈ। (ਇੱਥੇ ਜ਼ਿਕਰਯੋਗ ਹੈ ਕਿ ਪੰਜਾਬ, ਬੰਗਾਲ, ਮੱਧ ਪ੍ਰਦੇਸ਼, ਕੇਰਲ, ਛਤੀਸਗੜ੍ਹ ਆਦਿ ਸੂਬਿਆਂ ਨੇ ਉਕਤ ਕਾਨੂੰਨ ਨੂੰ ਆਪਣੇ ਰਾਜ ਵਿੱਚ ਲਾਗੂ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।)
ਉੱਧਰ ਅਮਰੀਕਾ ਨੇ ਭਾਰਤ ਨੂੰ ਅਨੂਰੋਧ ਕੀਤਾ ਹੈ ਕਿ ਉਹ ਆਪਣੇ ਸੰਵਿਧਾਨਕ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦੇ ਹੋਏ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਿਹਾ ਹੈ ਇਸਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਤਰਜ਼ਮਾਨ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਸੰਬੰਧ ਵਿੱਚ ਘਟਨਾਕ੍ਰਮਾਂ ਉੱਪਰ ਨੇੜਲੀ ਨਜ਼ਰ ਰੱਖੀ ਹੋਈ ਹੈ।” ਉਨ੍ਹਾਂ ਅੱਗੇ ਕਿਹਾ ਕਿ “ਕਾਨੂੰਨ ਦੇ ਤਹਿਤ ਸਮਾਨ ਵਿਵਹਾਰ ਅਤੇ ਧਾਰਮਿਕ ਸੁਤੰਤਰਤਾ ਦਾ ਸਨਮਾਨ ਸਾਡੇ ਦੋਵੇਂ ਲੋਕਤੰਤਰਿਕ ਦੇਸ਼ਾਂ ਦੇ ਮੌਲਿਕ ਸਿਧਾਂਤ ਹਨ।”
ਉੱਧਰ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਬੌਡੀ ਨੇ ਵੀ ਭਾਰਤ ਦੇ ਨਵੇਂ ਸਿਟੀਜ਼ਨਸ਼ਿਪ ਕਾਨੂੰਨ ਨੂੰ ਲੈ ਕੇ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਹ ਕੁਦਰਤੀ ਹੀ ਅਤੇ ਬੁਨਿਆਦੀ ਤੌਰ ਉੱਤੇ ਫਿਰਕਾਪ੍ਰਸਤੀ ਜਾਂ ਕੱਟੜਵਾਦ ਨਾਲ ਲਿਪਤ ਹੈ।” ਇਸ ਸੰਦਰਭ ਵਿੱਚ ਸਯੁੰਕਤ ਰਾਸ਼ਟਰ ਹਿਊਮਨ ਰਾਈਟਸ ਚੀਫ ਮਿਸ਼ੈਲ ਬਾਚਲੈਟ ਦੇ ਤਰਜ਼ਮਾਨ ਜੈਰਮੀ ਲਾਰੈਂਸ ਨੇ ਜਨੇਵਾ ਵਿੱਚ ਕਿਹਾ ਹੈ ਕਿ ਅਸੀਂ ਭਾਰਤ ਦੇ ਨਵੇਂ ਸਿਟੀਜ਼ਨਸ਼ਿਪ ਕਾਨੂੰਨ (ਤਰਮੀਮ) 2019 ਨੂੰ ਲੈ ਕੇ ਚਿੰਤਤ ਹਾਂ ਜਿਸ ਦੀ ਫਿਤਰਤ ਬੁਨਿਆਦੀ ਤੌਰ ਉੱਤੇ ਕੱਟੜਵਾਦ ਨਾਲ ਲਿਪਤ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਹ ਤਰਮੀਮਸ਼ੁਦਾ ਕਾਨੂੰਨ ਭਾਰਤ ਦੇ ਸੰਵਿਧਾਨ ਵਿੱਚ ਦਰਜ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਦ੍ਰਿੜ੍ਹਤਾ ਨੂੰ ਅੰਤਰ-ਰਾਸ਼ਟਰੀ ਸ਼ਹਿਰੀ ਅਤੇ ਸਿਆਸੀ ਅਧਿਕਾਰਾਂ ਅਤੇ ਨਸਲੀ ਜਾਨਿਬਦਾਰੀ ਦੇ ਖਾਤਮੇ ਨਾਲ ਸੰਬੰਧਤ ਜਿੰਮੇਂਦਾਰੀਆਂ ਨੂੰ ਘਟਾ ਕੇ ਵੇਖਦਾ ਹੈ ਜਿਨ੍ਹਾਂ ਵਿੱਚ ਭਾਰਤ ਇੱਕ ਫਰੀਕ ਹੈ ਜੋ ਨਸਲ, ਜਾਤ ਅਤੇ ਧਰਮ ਦੀ ਬੁਨਿਆਦ ਅਤੇ ਜਾਨਿਬਦਾਰੀ ਕਰਨ ਦੀ ਮਨਾਹੀ ਕਰਦੇ ਹਨ।”
ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਉਕਤ ਨਵੇਂ ਸਿਟੀਜ਼ਨਸ਼ਿਪ ਕਾਨੂੰਨ ਦੇ ਭੇਦਭਾਵ ਦੇ ਚੱਲਦਿਆਂ ਦੇਸ਼ ਕਮਜ਼ੋਰ ਹੋਵੇਗਾ ਅਤੇ ਇਸਦੇ ਕਾਰਨ ਭਾਰਤ ਵਿੱਚ ਰਹਿੰਦੇ ਸਭ ਨਾਲੋਂ ਵੱਡੀ ਗਿਣਤੀ ਦੇ ਘੱਟ ਗਿਣਤੀਆਂ ਵਿੱਚ ਦੋਇਮ ਦਰਜੇ ਦੇ ਸ਼ਹਿਰੀ ਹੋਣ ਦੀ ਭਾਵਨਾ ਪੈਦਾ ਹੋਵੇਗੀ ਕਿ ਕੋਈ ਵੀ ਦੇਸ਼ ਭੂਗੋਲਿਕ ਰੇਖਾਵਾਂ, ਸਰਹੱਦਾਂ ਅਤੇ ਬਾਊਂਡਰੀਆਂ ਦੇ ਵਜੂਦ ਵਿੱਚ ਆਉਣ ਨਾਲ ਇੱਕ ਮੁਲਕ ਭਾਵੇਂ ਬਣ ਜਾਏ ਪਰ ਕਿਸੇ ਵੀ ਰਾਸ਼ਟਰ ਨੂੰ ਵਿਕਸਿਤ ਕਰਨ ਲਈ ਅਤੇ ਉਸ ਨੂੰ ਹਕੀਕੀ ਮਾਅਨਿਆਂ ਵਿੱਚ ਤਰੱਕੀ ਦੀਆਂ ਲੀਹਾਂ ਉੱਤੇ ਪਾਉਣ ਲਈ ਦੇਸ਼ ਦੇ ਹਾਕਮਾਂ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਦੇਸ਼ ਵਿੱਚ ਵਸਦੇ ਤਮਾਮ ਨਾਗਰਿਕਾਂ ਨੂੰ ਬਿਨਾਂ ਕਿਸੇ ਜਾਤ-ਪਾਤ ਧਰਮ, ਭਾਸ਼ਾ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਸਮਾਨਤਾ ਦੀ ਨਜ਼ਰ ਨਾਲ ਵੇਖੇ।
ਜੇਕਰ ਵੇਖਿਆ ਜਾਵੇ ਤਾਂ ਅੱਜ ਮੁਲਕ ਵਿੱਚ ਵਧਦੀ ਬੇਰੁਜ਼ਗਾਰੀ, ਬੇਲਗਾਮ ਹੋ ਰਹੀ ਗਰੀਬੀ, ਲਗਾਤਾਰ ਡਿੱਗ ਰਹੀ ਅਰਥ ਵਿਵਸਥਾ, ਔਰਤਾਂ ਵਿੱਚ ਪਾਈ ਜਾਂਦੀ ਅਸੁਰੱਖਿਆ ਦੀ ਭਾਵਨਾ, ਢੇਰਾਂ ਅਜਿਹੀਆਂ ਸਮੱਸਿਆਵਾਂ ਹਨ ਜੋ ਦੇਸ਼ ਦੇ ਸਾਹਮਣੇ ਵਿਕਰਾਲ ਰੂਪ ਧਾਰੀ ਖੜ੍ਹੀਆਂ ਹਨ। ਅਜਿਹੇ ਵਿੱਚ ਦੇਸ਼ ਵਿੱਚ ਸਭ ਤੋਂ ਵੱਡੀ ਘੱਟ ਗਿਣਤੀ ਦੇ ਲੋਕਾਂ ਨੂੰ ਸਿਰਫ ਅਤੇ ਸਿਰਫ ਆਪਣੀ ਵੋਟ ਬੈਂਕ ਦੀ ਰਾਜਨੀਤੀ ਨੂੰ ਚਮਕਾਉਣ ਲਈ ਜ਼ਲੀਲ ਅਤੇ ਰੁਸਵਾ ਕਰਨਾ ਕਦਾਚਿਤ ਜਾਇਜ਼ ਨਹੀਂ ਕਿਹਾ ਜਾ ਸਕਦਾ। ਪੂਰੇ ਦੇਸ਼ ਵਿੱਚ ਐੱਨ ਆਰ ਸੀ ਅਤੇ CAB ਉੱਤੇ ਅਮਲ ਦਰਾਮਦ ਹੋਣ ਨਾਲ ਕਰੋੜਾਂ ਲੋਕਾਂ ਦਾ ਬਿਨਾਂ ਵਜ੍ਹਾ ਦੁਖੀ ਅਤੇ ਪ੍ਰੇਸ਼ਾਨ ਹੋਣਾ ਯਕੀਨੀ ਹੈ। ਪ੍ਰੇਸ਼ਾਨੀ ਦੇ ਨਾਲ ਨਾਲ ਦੇਸ਼ ਦੀ ਬੇਸ਼ਕੀਮਤੀ ਐਨਰਜੀ ਅਤੇ ਪੈਸੇ ਫਾਲਤੂ ਜ਼ਾਇਆ ਹੋਣ ਦੇ ਖਦਸ਼ੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਅਨੁਸਾਰ ਜਿਸ ਤਰ੍ਹਾਂ ਨੋਟ ਬੰਦੀ ਇੱਕ ਗਲਤ ਫੈਸਲਾ ਸਾਬਤ ਹੋਈ ਸੀ, ਬਿਲਕੁਲ ਉਸੇ ਤਰ੍ਹਾਂ ਐੱਨ ਆਰ ਸੀ ਅਤੇ ਨਵੀਂ ਨਾਗਰਿਕਤਾ ਵਾਲਾ ਪਾਰਿਤ (Pass = ਪਾਸ – ਸੰਪਾਦਕ) ਹੋਇਆ ਕਾਨੂੰਨ ਵੀ ਦੇਸ਼ ਲਈ ਘਾਟੇ ਦਾ ਵਣਜ ਸਿੱਧ ਹੋਵੇਗਾ।
ਕਿਸੇ ਕੌਮ ਜਾਂ ਦੇਸ਼ ਦੀ ਤਰੱਕੀ ਵਿੱਚ ਇਨਸਾਫ ਹਮੇਸ਼ਾ ਸਥਿਰਤਾ ਪੈਦਾ ਕਰਦਾ ਹੈ ਜਦੋਂ ਕਿ ਬੇਇਨਸਾਫੀ ਉਸ ਕੌਮ ਜਾਂ ਦੇਸ਼ ਦੇ ਜਿੱਥੇ ਅਸਤਿਤਵ ਨੂੰ ਬੌਣਾ ਬਣਾ ਕੇ ਰੱਖ ਦਿੰਦੀ ਹੈ, ਉੱਥੇ ਬੇਇਨਸਾਫੀ ਅਤੇ ਬੇਇਮਾਨੀ ਦੇਸ਼ਾਂ ਅਤੇ ਕੌਮਾਂ ਦੀ ਤਰੱਕੀ ਨੂੰ ਕਮਜ਼ੋਰ ਅਤੇ ਸੁਰੱਖਿਆ ਪ੍ਰਣਾਲੀ ਨੂੰ ਖੋਖਲਾ ਬਣਾਉਂਦੀ ਹੈ।
ਬੇਸ਼ੱਕ ਅੱਜ ਸਤਾ ਰੂੜ ਗਠਜੋੜ ਦੇ ਹਾਕਮਾਂ ਹੱਥ ਲਾਠੀ ਹੈ, ਕਹਾਵਤ ਮਸ਼ਹੂਰ ਹੈ ਕਿ ਜਿਸ ਦੀ ਲਾਠੀ ਉਸਦੀ ਮੱਝ! ਲੇਕਿਨ ਹਕੂਮਤ ਦੇ ਨਸ਼ੇ ਵਿੱਚ ਸਾਨੂੰ ਇਹ ਹਰਗਿਜ਼ ਹਰਗਿਜ਼ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਲਾਠੀ ਉਹ ਵੀ ਹੈ ਜਿਸ ਦੀ ਆਵਾਜ਼ ਨਹੀਂ ਹੁੰਦੀ ਪਰ ਜਦੋਂ ਉਹ ਕਿਸੇ ਉੱਤੇ ਪੈਂਦੀ ਹੈ ਤਾਂ ਉਹ ਬੰਦਾ ਹੋਵੇ ਜਾਂ ਕੌਮ, ਜਾਂ ਫਿਰ ਕੋਈ ਦੇਸ਼, ਉਸ ਨੂੰ ਉੱਠਣ ਨਹੀਂ ਦਿੰਦੀ। ਵੈਸੇ ਵੀ ਹਕੂਮਤਾਂ ਧੁੱਪਾਂ ਛਾਵਾਂ ਵਾਂਗ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।
ਸਮਝਦਾਰ ਉਹ ਹੁੰਦਾ ਹੈ ਜੋ ਹਮੇਸ਼ਾ ਆਪਣੇ ਅਸਤਿਤਵ ਵਿੱਚ ਨਿਮਰਤਾ ਇਨਸਾਫ ਅਤੇ ਹਲੀਮੀ ਵਾਲੇ ਗੁਣਾਂ ਨੂੰ ਬਣਾਈ ਰੱਖੇ। ਫਲਦਾਰ ਦਰਖਤ ਦੀ ਇਹ ਖੂਬੀ ਹੁੰਦੀ ਹੈ ਕਿ ਉਸ ਨੂੰ ਜਦ ਵੀ ਫਲ ਲਗਦਾ ਹੈ ਤਾਂ ਉਹ ਝੁਕ ਜਾਂਦਾ ਹੈ। ਅੱਜ ਸਾਨੂੰ ਇਨਸਾਨਾਂ ਨੂੰ ਦਰਖਤਾਂ ਪਾਸੋਂ ਬਹੁਤ ਸਾਰੇ ਸਬਕ ਲੈਣ ਦੀ ਲੋੜ ਹੈ। ਸਮਾਂ ਚੰਗਾ ਹੋਵੇ ਭਾਵੇਂ ਮਾੜਾ, ਉਸ ਦਾ ਕੰਮ ਗੁਜ਼ਰ ਜਾਣਾ ਹੈ, ਇਸ ਪ੍ਰਕਾਰ ਹਰ ਬੀਤਿਆ ਪਲ ਇਤਿਹਾਸ ਬਣ ਜਾਂਦਾ ਹੈ। ਚੰਗਾ ਇਤਿਹਾਸ ਆਉਣ ਵਾਲੀਆਂ ਨਸਲਾਂ ਨੂੰ ਹਮੇਸ਼ਾ ਖੁਸ਼ੀਆਂ ਦਿੰਦਾ ਹੈ ਜਦ ਕਿ ਮਾੜਾ ਹਮੇਸ਼ਾ ਦੁੱਖ ਦਿੰਦਾ ਹੈ। ਦੇਸ਼ ਵਿੱਚ ਜੋ ਵੀ ਨਫਰਤ ਵਾਲੇ ਹਾਲਾਤ ਹਨ, ਉਸ ਨੂੰ ਲੈ ਕੇ ਹਿੰਦੂ ਅਤੇ ਮੁਸਲਮਾਨਾਂ ਦੋਵਾਂ ਵਿੱਚ ਹੀ ਦੁੱਖ ਅਤੇ ਚਿੰਤਾ ਹੈ। ਸ਼ਾਇਦ ਇਸੇ ਸੰਦਰਭ ਵਿੱਚ ਇੱਕ ਕਵੀ ਕਹਿੰਦਾ ਹੈ ਕਿ :
ਮਜ਼ਹਬ ਕੇ ਨਾਮ ਪਰ ਯੇਹ ਫਸਾਦਾਤ ਦੇਖ ਕਰ,
ਹਿੰਦੂ ਹੈ ਗਮਜ਼ੁਦਾ ਤੋ ਮੁਸਲਮਾਂ ਉਦਾਸ ਹੈ।।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1850)
(ਸਰੋਕਾਰ ਨਾਲ ਸੰਪਰਕ ਲਈ: