“ਮੌਲਾਨਾ ਆਜ਼ਾਦ ਦਾ ਜਨਮ 11 ਨਵੰਬਰ 1888 ਨੂੰ ਸਓਦੀ ਅਰਬ ਦੇ ਮਸ਼ਹੂਰ ਸ਼ਹਿਰ ਮੱਕਾ ਵਿਖੇ ਹੋਇਆ ...”
(11 ਨਵੰਬਰ 2021)
ਜਦੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਹੁੰਦੀ ਹੈ ਤਾਂ ਇਸ ਸੁਤੰਤਰਤਾ ਸੰਗਰਾਮ ਦੌਰਾਨ ਜਿਨ੍ਹਾਂ ਵੱਖ-ਵੱਖ ਸਿਆਸੀ ਆਗੂਆਂ ਨੇ ਆਪਣਾ ਯੋਗਦਾਨ ਪਾਇਆ ਉਨ੍ਹਾਂ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਨਾਂ ਸਰੇ-ਫਹਰਿਸਤ ਆਉਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਤੋਂ ਇਲਾਵਾ ਜਦੋਂ ਅਸੀਂ ਭਾਰਤੀ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਜਿਨ੍ਹਾਂ ਮੁਸਲਮਾਨਾਂ ਨੇ ਆਪਣੀ ਗਹਿਰੀ ਛਾਪ ਛੱਡੀ ਹੈ, ਉਹਨਾਂ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਨਾਂ ਵਿਸ਼ੇਸ਼ ਤੌਰ ’ਤੇ ਲਿਆ ਜਾਂਦਾ ਹੈ। ਮੌਲਾਨਾ ਆਜ਼ਾਦ ਜਿੱਥੇ ਇੰਡੀਅਨ ਨੈਸ਼ਨਲ ਕਾਂਗਰਸ ਵਰਕਿੰਗ ਕਮੇਟੀ ਦੇ ਇੱਕ ਸਿਰਕੱਢ ਲੀਡਰ ਰਹੇ, ਉੱਥੇ ਹੀ ਉਨ੍ਹਾਂ ਨੂੰ ਦੋ ਵਾਰ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ।
ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਮੌਲਾਨਾ ਆਜ਼ਾਦ ਨੇ ਬਹੁਤ ਅਹਿਮ ਯੋਗਦਾਨ ਪਾਇਆ। ਉਹ ਇੱਕ ਸਰਵ ਪੱਖੀ ਸ਼ਖਸੀਅਤ ਸਨ। ਉਨ੍ਹਾਂ ਦੀਆਂ ਜੋਸ਼ੀਲੀਆਂ ਤਕਰੀਰਾਂ (ਭਾਸ਼ਣ) ਨੇ ਦੇਸ਼ ਵਾਸੀਆਂ ਵਿੱਚ ਇੱਕ ਨਵੀਂ ਰੂਹ ਫੂਕੀ ਅਤੇ ਲੋਕਾਂ ਨੂੰ ਆਜ਼ਾਦੀ ਦੇ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਕਾਬਲੀਅਤ ਅਤੇ ਲਿਆਕਤ ਸਦਕਾ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵੀ ਮੌਲਾਨਾ ਆਜ਼ਾਦ ਦੀ ਬਹੁਤ ਕਦਰ ਕਰਦੇ ਸਨ ਅਤੇ ਦੇਸ਼ ਦੇ ਹਰ ਛੋਟੇ ਵੱਡੇ ਮਸਲੇ ’ਤੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਦੇ ਸਨ।
ਮੌਲਾਨਾ ਆਜ਼ਾਦ ਦੀ ਸ਼ਖਸੀਅਤ ਨੂੰ ਅਕਾਲ ਪੁਰਖ ਨੇ ਇੱਕੋ ਸਮੇਂ ਕਈ ਸਿਫਤਾਂ ਨਾਲ ਨਵਾਜ਼ਿਆ ਸੀ। ਜਿੱਥੇ ਉਹ ਇੱਕ ਵਾਰਤਾਕਾਰ ਸਨ ਉੱਥੇ ਹੀ ਉਹ ਆਪਣੇ ਭਾਸ਼ਣ ਰਾਹੀਂ ਲੋਕਾਂ ਨੂੰ ਕੀਲ ਲੈਣ ਦਾ ਹੁਨਰ ਰੱਖਦੇ ਸਨ। ਇਸਦੇ ਨਾਲ ਹੀ ਉਹ ਇੱਕ ਵੱਡੇ ਸਹਾਫੀ (ਪੱਤਰਕਾਰ), ਉੱਘੇ ਸਿਆਸਤਦਾਨ, ਬਿਹਤਰੀਨ ਵਿਆਖਿਆਕਾਰ ਅਤੇ ਅਨੁਵਾਦਕ ਸਨ।
ਜੇਕਰ ਵੇਖਿਆ ਜਾਵੇ ਤਾਂ ਆਜ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤਕ ਮੁਸਲਿਮ ਭਾਈਚਾਰੇ ਦੀ ਸਿਆਸੀ ਲੀਡਰਸ਼ਿੱਪ ਦੀ ਗੱਲ ਕਰੀਏ ਤਾਂ ਅਸੀਂ ਸਮਝਦੇ ਹਾਂ ਮੌਲਾਨਾ ਆਜ਼ਾਦ ਦੀ ਮੌਤ ਤੋਂ ਬਾਅਦ ਮੁਸਲਮਾਨਾਂ ਦੀ ਸਹੀ ਅਰਥਾਂ ਵਿੱਚ ਨੁਮਾਇੰਦਗੀ ਕਰਨ ਵਾਲਾ ਤੇ ਦੂਰ ਦ੍ਰਿਸ਼ਟੀ ਰੱਖਣ ਵਾਲਾ ਉਨ੍ਹਾਂ ਵਰਗਾ ਲੀਡਰ ਹੁਣ ਤਕ ਕੌਮ ਨੂੰ ਨਹੀਂ ਮਿਲਿਆ। ਆਓ ਮੌਲਾਨਾ ਆਜ਼ਾਦ ਦੇ ਜੀਵਨ, ਉਨ੍ਹਾਂ ਦੀ ਸ਼ਖਸੀਅਤ ਅਤੇ ਕਲਾ ਉੱਤੇ ਇੱਕ ਉਡਦੀ ਨਜ਼ਰ ਮਾਰੀਏ।
ਮੌਲਾਨਾ ਆਜ਼ਾਦ ਦਾ ਅਸਲ ਨਾਂ ਅਬੁਲ ਕਲਾਮ ਮੋਹਿਊਦੀਨ ਅਹਿਮਦ ਆਜ਼ਾਦ ਸੀ। ਪ੍ਰੰਤੂ ਉਹ ਲੋਕਾਂ ਵਿੱਚ ਮੌਲਾਨਾ ਆਜ਼ਾਦ ਦੇ ਨਾਂ ਨਾਲ ਹੀ ਪ੍ਰਸਿੱਧ ਹੋਏ। ਮੌਲਾਨਾ ਆਜ਼ਾਦ ਦਾ ਜਨਮ 11 ਨਵੰਬਰ 1888 ਨੂੰ ਸਓਦੀ ਅਰਬ ਦੇ ਮਸ਼ਹੂਰ ਸ਼ਹਿਰ ਮੱਕਾ ਵਿਖੇ ਹੋਇਆ। (ਇੱਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਦੇਸ਼ ਵਿੱਚ ਕੌਮੀ ਪੱਧਰ ’ਤੇ ਸਿੱਖਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।)
ਉਨ੍ਹਾਂ ਦੇ ਪਿਤਾ ਮੁਹੰਮਦ ਖੈਰ-ਊ-ਦੀਨ ਦਾ ਸੰਬੰਧ ਅਰਬ ਦੇ ਮਸ਼ਹੂਰ ਸ਼ਹਿਰ ਮਦੀਨਾ ਨਾਲ ਸੀ। ਮੌਲਾਨਾ ਦੇ ਵੱਡੇ ਬਜ਼ੁਰਗਾਂ ਦਾ ਸਿਲਸਿਲਾ ਸ਼ੇਖ ਜਮਾਲੂ-ਦੀਨ ਨਾਲ ਜਾ ਮਿਲਦਾ ਹੈ ਜੋ ਅਕਬਰ ਦੇ ਜ਼ਮਾਨੇ ਵਿੱਚ ਭਾਰਤ ਆਏ ਸਨ ਅਤੇ ਪੱਕੇ ਤੌਰ ’ਤੇ ਇੱਥੇ ਹੀ ਵਸ ਗਏ ਸਨ।
ਇੱਥੇ ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਅਰਥਾਤ 1857 ਦੌਰਾਨ ਆਜ਼ਾਦ ਦੇ ਪਿਤਾ ਨੂੰ ਭਾਰਤ ਤੋਂ ਹਿਜਰਤ ਕਰਨੀ ਪਈ ਸੀ ਤੇ ਫੇਰ ਕਈ ਸਾਲਾਂ ਤਕ ਅਰਬ ਵਿੱਚ ਰਹਿੰਦੇ ਰਹੇ। ਇਸੇ ਦੌਰਾਨ ਮੌਲਾਨਾ ਆਜ਼ਾਦ ਦੀ ਪੈਦਾਇਸ਼ ਮੱਕਾ ਵਿਖੇ ਹੋਈ ਤੇ ਆਪ ਦਾ ਵਧੇਰੇ ਬਚਪਨ ਵੀ ਉੱਥੇ ਹੀ ਬੀਤਿਆ। ਮੁਢਲੀ ਵਿੱਦਿਆ ਆਪ ਨੇ ਆਪਣੇ ਪਿਤਾ ਪਾਸੋਂ ਹਾਸਲ ਕੀਤੀ ਇਸ ਉਪਰੰਤ ਜਾਮਾ ਅਜ਼ਹਰ (ਮਿਸਰ) ਚਲੇ ਗਏ। ਆਪ ਸ਼ੁਰੂ ਤੋਂ ਹੀ ਬਹੁਤ ਸਮਝਦਾਰ ਸਨ ਪੜ੍ਹਨ ਲਿਖਣ ਵਿੱਚ ਹੁਸ਼ਿਆਰ ਸਨ। ਪੜ੍ਹਾਈ ਦਾ ਇਸ ਕਦਰ ਸ਼ੌਕ ਸੀ ਕਿ ਜੋ ਜੇਬ ਖਰਚ ਮਿਲਦਾ ਸੀ ਉਸ ਦੀਆਂ ਵੀ ਮੋਮਬੱਤੀਆਂ ਖਰੀਦ ਕੇ ਲਿਆਇਆ ਕਰਦੇ ਤੇ ਅਕਸਰ ਕਿਤਾਬਾਂ ਰਾਤ ਨੂੰ ਪੜ੍ਹਦੇ ਰਹਿੰਦੇ ਸਨ। ਇੱਕ ਵਾਰ ਪੜ੍ਹਨ ਦੇ ਇਸੇ ਸ਼ੌਕ ਦੇ ਚੱਲਦਿਆਂ ਆਪਣੀ ਰਜਾਈ ਨੂੰ ਅੱਗ ਲਗਵਾ ਬੈਠੇ ਸਨ।
ਪੜ੍ਹਾਈ ਦੇ ਇਸੇ ਸ਼ੌਕ ਦੇ ਚੱਲਦਿਆਂ ਆਪ ਨੇ 14 ਸਾਲ ਦੀ ਉਮਰ ਵਿੱਚ ਹੀ ਪੱਛਮੀ ਵਿੱਦਿਆ ਦਾ ਸਾਰਾ ਸਲੇਬਸ ਮੁਕੰਮਲ ਕਰ ਲਿਆ ਸੀ ਤੇ 15 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਮਹੀਨੇਵਾਰ ਰਸਾਲਾ “ਲਿਸਾਨ ਉਲ ਸਿਦਕ “ਜਾਰੀ ਕੀਤਾ ਜਿਸਦੀ ਉਰਦੂ ਭਾਸ਼ਾ ਦੇ ਪਹਿਲੇ ਆਲੋਚਕ (ਨੱਕਾਦ) ਮੌਲਾਨਾ ਅਲਤਾਫ ਹੁਸੈਨ ਹਾਲੀ ਨੇ ਬਹੁਤ ਤਾਰੀਫ ਕੀਤੀ ਸੀ। ਜਦੋਂ ਆਪ ਨੇ 1914 ਵਿੱਚ ਅਲ-ਹਿਲਾਲ ਨਾਂ ਦਾ ਪਰਚਾ ਕੱਢਿਆ ਤਾਂ ਇਹ ਆਪਣੀ ਕਿਸਮ ਦਾ ਪਹਿਲਾ ਅਜਿਹਾ ਪਰਚਾ ਸੀ ਜੋ ਤਰੱਕੀ ਪਸੰਦ ਸਿਆਸੀ ਰਚਨਾਵਾਂ ਭਰਪੂਰ ਹੁੰਦਾ ਸੀ। ਇਸ ਵਿਚਲਾ ਮੈਟਰ ਅਕਲ ਤੇ ਖਰੀਆਂ ਉਤਰਣ ਵਾਲੀਆਂ ਧਾਰਮਿਕ ਹਦਾਇਤਾਂ ਅਤੇ ਉੱਚ ਦਰਜੇ ਦੇ ਸਾਹਿਤ ਦੇ ਇੱਕ ਉਮਦਾ ਤੇ ਸੰਜੀਦਾ ਨਮੂਨੇ ਦਾ ਮੂੰਹ ਬੋਲਦਾ ਸਬੂਤ ਹੋਇਆ ਕਰਦਾ ਸੀ। ਇਸ ਤੋਂ ਇਲਾਵਾ ਮੌਲਾਨਾ ਆਜ਼ਾਦ ਨੇ ਬਹੁਤ ਸਾਰੀਆਂ ਕਿਤਾਬਾਂ ਦੀ ਵੀ ਰਚਨਾ ਕੀਤੀ ਜਿਨ੍ਹਾਂ ਵਿੱਚ ਗੁਬਾਰ-ਏ-ਖਾਤਿਰ, ਇੰਡੀਆ ਵਿੰਨਜ਼ ਫ੍ਰੀਡਮ (ਅੰਗਰੇਜ਼ੀ) ਤਜ਼ਕੀਆ, ਅਤੇ ਤਰਜਮਾਨ-ਉਲ-ਕੁਰਆਨ ਵਰਨਣਯੋਗ ਹਨ।
ਇਸਦੇ ਇਲਾਵਾ ਅਲ-ਹਿਲਾਲ ਤੇ ਅਲ-ਬਿਲਾਗ ਨਾਮੀ ਦੋ ਸਪਤਾਹਿਕ ਅਖਬਾਰਾਂ 1912 ਵਿੱਚ ਕੋਲਕਾਤਾ (ਕਲਕੱਤਾ) ਤੋਂ ਜਾਰੀ ਕੀਤੀਆਂ। ਇਹ ਅਖਬਾਰਾਂ ਦੂਜੀਆਂ ਅਖਵਾਰਾਂ ਵਾਂਗ ਪ੍ਰਕਾਸ਼ਿਤ ਹੋਇਆ ਕਰਦੀਆਂ ਸਨ ਅਤੇ ਤਸਵੀਰਾਂ ਨਾਲ ਸਜੀਆਂ ਹੁੰਦੀਆਂ ਸਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਮਿਸਰ ਅਤੇ ਅਰਬ ਦੀਆਂ ਖਬਰਾਂ ਵੀ ਅਨੁਵਾਦ ਕਰਕੇ ਛਾਪੀਆਂ ਜਾਂਦੀਆਂ ਸਨ। ਇਸਦੇ ਨਾਲ ਹੀ ਅਖਬਾਰ ਵਿੱਚ ਜੀਵਨ ਦੇ ਹਰ ਖੇਤਰ ਨਾਲ ਜੁੜੀ ਜਾਣਕਾਰੀ ਹੋਇਆ ਕਰਦੀ ਸੀ ਜਿਸ ਵਿੱਚ ਧਾਰਮਿਕ, ਰਾਜਨੀਤਕ, ਆਰਥਿਕ, ਮਨੋਵਿਗਿਆਨਕ, ਭੂਗੋਲਿਕ, ਇਤਿਹਾਸਕ ਅਤੇ ਸਾਹਿਤਕ ਅਤੇ ਹਾਲਾਤ-ਏ-ਹਾਜ਼ਰਾ ਤੇ ਮਿਆਰੀ ਲੇਖ ਅਤੇ ਫੀਚਰ ਛਪਿਆ ਕਰਦੇ ਸਨ। ਇਹ ਅਖਬਾਰਾਂ ਸਿਵਲ ਨਾਫਰਮਾਨੀ ਤਹਿਰੀਕ ਦੀਆਂ ਵੱਡੀਆਂ ਪ੍ਰਚਾਰਕ ਸਨ। ਜਿਸਦੇ ਨਤੀਜੇ ਵਜੋਂ ਅਲ-ਹਿਲਾਲ ਪ੍ਰੈੱਸ ਤੋਂ ਦੋ ਹਜ਼ਾਰ ਦੀ ਜ਼ਮਾਨਤ ਰਖਵਾਈ ਗਈ ਅਤੇ ਇਸ ਤੋਂ ਬਾਅਦ 18 ਨਵੰਬਰ 1914 ਨੂੰ ਦਸ ਹਜ਼ਾਰ ਦੀ ਹੋਰ ਜ਼ਮਾਨਤ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ, ਜੋ ਜਮ੍ਹਾਂ ਨਾ ਕਰਵਾਈ ਜਾ ਸਕੀ ਤੇ ਇਸੇ ਦੌਰਾਨ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਤੇ ਨਤੀਜੇ ਵਜੋਂ ਇਹ ਅਖਬਾਰਾਂ ਬੰਦ ਹੋ ਗਈਆਂ।
13 ਸਾਲਾਂ ਬਾਅਦ ਅਰਥਾਤ 1927 ਵਿੱਚ ਅਲ-ਹਿਲਾਲ ਦਾ ਅੰਕ ਦੁਬਾਰਾ ਕੱਢਣਾ ਸ਼ੁਰੂ ਕੀਤਾ ਗਿਆ ਤੇ ਛੇ ਮਹੀਨੇ ਦੀ ਮੁੱਦਤ ਵਿੱਚ ਹੀ ਇਸਦੀਆਂ ਪ੍ਰਕਾਸ਼ਿਤ ਹੋਣ ਵਾਲੀਆਂ ਕਾਪੀਆਂ ਦੀ ਗਿਣਤੀ 25 ਹਜ਼ਾਰ ਤਕ ਪਹੁੰਚ ਗਈ। ਇਸ ਅਖਬਾਰ ਦੀ ਆਮਦ ਨਾਲ ਉਰਦੂ ਸਹਾਫਤ ਦੇ ਮੈਦਾਨ ਵਿੱਚ ਜਿਵੇਂ ਇੱਕ ਵੱਡਾ ਇਨਕਲਾਬ ਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਆਜ਼ਾਦੀ ਦੀ ਮੁਹਿੰਮ ਦੌਰਾਨ ਜਿਨ੍ਹਾਂ ਦਿਨਾਂ ਵਿੱਚ ਮੌਲਾਨਾ ਆਜ਼ਾਦ ਜੇਲ੍ਹ ਵਿੱਚ ਬੰਦ ਸਨ, ਉਸ ਦੌਰਾਨ ਉਨ੍ਹਾਂ ਜੇਲ੍ਹ ਦੇ ਅੰਦਰ ਬੈਠ ਕੇ ਕੁਝ ਮਹਤੱਵਪੂਰਨ ਚਿੱਠੀਆਂ ਲਿਖੀਆਂ। ਇਨ੍ਹਾਂ ਚਿੱਠੀਆਂ ਨੂੰ ਬਾਅਤ ਵਿੱਚ ਗੁਬਾਰ-ਏ-ਖਾਤਿਰ ਨਾਂ ਦੀ ਕਿਤਾਬ (ਖਤਾਂ ਦੇ ਸੰਗ੍ਰਹਿ) ਹੇਠ ਪ੍ਰਕਾਸ਼ਿਤ ਕੀਤਾ ਗਿਆ। ਆਪਣੀ ਕੈਦ ਦੇ ਦਿਨਾਂ ਦੌਰਾਨ ਮੌਲਾਨਾ ਆਜ਼ਾਦ ਨੇ 147 ਖਤ ਲਿਖੇ ਸਨ। ਇਹ ਖਤ (ਚਿੱਠੀਆਂ) ਉਨ੍ਹਾਂ ਨਵਾਬ ਸਦਰ ਯਾਰ ਜੰਗ ਮੌਲਾਨਾ ਹਬੀਬ-ਉਰ-ਰਹਿਮਾਨ ਸ਼ੇਰਵਾਣੀ ਰਈਸ ਭੀਖਮਪੁਰ ਜ਼ਿਲ੍ਹਾ ਅਲੀਗੜ੍ਹ ਦੇ ਨਾਂ ਲਿਖੇ ਸਨ। ਇਹ ਸਾਰੇ ਖਤ ਉਨ੍ਹਾਂ 1942 ਤੋਂ 1945 ਦੇ ਵਿਚਕਾਰ ਆਪਣੀ ਜੇਲ੍ਹ ਵਿੱਚ ਗੁਜ਼ਾਰੇ ਕੈਦ ਦੇ ਦਿਨਾਂ ਦੌਰਾਨ ਲਿਖੇ ਸਨ। ਦਰਅਸਲ ਜੇਲ੍ਹ ਯਾਤਰਾ ਦੌਰਾਨ ਉਨ੍ਹਾਂ ਆਪਣੇ ਦਿਲ ਦਾ ਗੁੱਭ-ਗੁਬਾਰ ਕੱਢਣ ਲਈ ਜੋ ਰਸਤਾ ਅਪਣਾਇਆ ਉਹ ਇਹ ਸੀ ਕਿ ਉਹ ਖਤ ਲਿਖਦੇ ਤੇ ਆਪਣੇ ਪਾਸ ਸੁਰੱਖਿਅਤ ਰੱਖ ਲੈਂਦੇ ਸਨ।
ਮੌਲਾਨਾ ਆਜ਼ਾਦ ਦੇ ਜਨਮ ਦਿਹਾੜੇ ਅਰਥਾਤ 11 ਨਵੰਬਰ ਨੂੰ ਦੇਸ਼ ਵਿੱਚ ਰਾਸ਼ਟਰੀ ਪੱਧਰ ’ਤੇ ਸਿੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਦੀ ਤਾਲੀਮੀ ਲਿਆਕਤ ਅਤੇ ਦੂਰਅੰਦੇਸ਼ੀ ਦਾ ਲੋਹਾ ਮੰਨਦੇ ਹੋਏ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵਿੱਦਿਅਕ ਅਦਾਰਿਆਂ ਦੇ ਨਾਂ ਉਨ੍ਹਾਂ ਦੇ ਨਾਮ ਤੇ ਰੱਖੇ ਗਏ ਹਨ। ਇਹ ਸਿੱਖਿਆ ਸੰਸਥਾਵਾਂ ਅੱਜ ਵੀ ਦੇਸ਼ ਦੇ ਬੱਚਿਆਂ ਵਿੱਚ ਵਿੱਦਿਆ ਦੀ ਸ਼ਮ੍ਹਾਂ ਨੂੰ ਰੋਸ਼ਨ ਅਤੇ ਦਿਮਾਗੀ ਹਨੇਰਿਆਂ ਨੂੰ ਦੂਰ ਕਰ ਰਹੀਆਂ ਹਨ। ਮੌਲਾਨਾ ਆਜ਼ਾਦ ਦੇ ਨਾਂ ਨਾਲ ਜੋੜ ਕੇ ਖੋਲ੍ਹੀਆ ਗਈਆਂ ਇਨ੍ਹਾਂ ਸੰਸਥਾਵਾਂ ਵਿੱਚੋਂ ਕੁਝ ਦੇ ਨਾਂ ਇਸ ਪ੍ਰਕਾਰ ਹਨ ਜਿਵੇਂ ਕਿ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਹੈਦਰਾਬਾਦ (MANNU), ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਭੋਪਾਲ (MAINT), ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨਵੀਂ ਦਿੱਲੀ, ਮੌਲਾਨਾ ਆਜ਼ਾਦ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਨਵੀਂ ਦਿੱਲੀ ਆਦਿ ਪ੍ਰਸਿੱਧ ਹਨ।
ਦੇਸ਼ ਦੇ ਇਸ ਮਹਾਨ ਆਗੂ ਅਤੇ ਸਿੱਖਿਆ ਸਾਸ਼ਤਰੀ ਮੌਲਾਨਾ ਆਜ਼ਾਦ ਦਾ ਦਿਹਾਂਤ 22 ਫਰਵਰੀ 1958 ਨੂੰ ਹੋਇਆ। ਉਨ੍ਹਾਂ ਦੀ ਕਬਰ ਦਿੱਲੀ ਜਾਮਾ ਮਸਜਿਦ ਦੇ ਸਾਹਮਣੇ ਹੈ। ਜਿੱਥੇ ਮੌਲਾਨਾ ਆਜ਼ਾਦ ਦੀ ਮੌਤ ਹੋ ਜਾਣ ਨਾਲ ਦੇਸ਼ ਨੇ ਆਪਣਾ ਅਨਮੋਲ ਰਤਨ ਗੁਆਇਆ, ਉੱਥੇ ਮੁਸਲਮਾਨਾਂ ਦੀ ਤਾਂ ਜਿਵੇਂ ਆਵਾਜ਼ ਹੀ ਚਲੀ ਗਈ।
ਮੌਲਾਨਾ ਆਜ਼ਾਦ ਦੀ ਮੌਤ ਹੋ ਜਾਣ ’ਤੇ ਉਰਦੂ ਦੇ ਸ਼ਾਇਰ ਆਗਾ ਸ਼ੋਰਿਸ਼ ਕਾਸ਼ਮੇਰੀ ਨੇ ਇੱਕ ਕਵਿਤਾ ਲਿਖੀ ਸੀ ਜਿਸਦੀਆਂ ਕੁਝ ਪੰਕਤੀਆਂ ਇੱਥੇ ਪਾਠਕਾਂ ਲਈ ਪੇਸ਼ ਹਨ:
ਅਜਬ ਕਿਆਮਤ ਕਾ ਹਾਦਸਾ ਹੈ ਕਿ ਅਸ਼ਕ ਹੈ ਆਸਤੀਂ ਨਹੀਂ ਹੈ।
ਜ਼ਮੀਨ ਕੀ ਰੌਨਕ ਚਲੀ ਗਈ ਹੈ ਉਫਕ ਪੇ ਮਿਹਰ ਮੂਬੀਂ ਨਹੀਂ।
ਤੇਰੀ ਜੁਦਾਈ ਸੇ ਮਰਨੇ ਵਾਲੇ, ਵੋਹ ਕੌਨ ਹੈਂ ਜੋ ਹਜ਼ੀਂ ਨਹੀਂ ਹੈ।
ਮਗਰ ਤੇਰੀ ਮਰਗੇ ਨਾ-ਗਹਾਂ ਕਾ ਮੁਝੇ ਅਭੀ ਤਕ ਯਕੀਂ ਨਹੀਂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3138)
(ਸਰੋਕਾਰ ਨਾਲ ਸੰਪਰਕ ਲਈ: