“ਬਹੁਤਾ ਵਕਤ ਨਹੀਂ ਲੰਘਿਆ, ਅਸੀਂ ਸਾਰਿਆਂ ਨੇ ਵੇਖਿਆ ਕਿ ਆਸਾ ਰਾਮ, ਰਾਮ ਰਹੀਮ, ...”
(1 ਜੂਨ 2021)
ਰਾਮਦੇਵ ਅਕਸਰ ਆਪਣੇ ਬੜਬੋਲੇ ਪੁਣੇ ਦੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਕਈ ਵਾਰ ਉਨ੍ਹਾਂ ਦੁਆਰਾ ਛੱਡੀਆਂ ਸ਼ੁਰਲੀਆਂ ਕਾਰਨ ਨਵੇਂ ਨਵੇਂ ਵਿਵਾਦ ਉਤਪਨ ਹੋ ਜਾਂਦੇ ਹਨ। ਜੇਕਰ ਕਿਹਾ ਜਾਵੇ ਕਿ ਵਿਵਾਦਾਂ ਅਤੇ ਰਾਮਦੇਵ ਦਾ ਚੋਲੀ ਦਾਮਨ ਦਾ ਸਾਥ ਹੈ ਤਾਂ ਸ਼ਾਇਦ ਇਹ ਅਤਿਕਥਨੀ ਨਹੀਂ ਹੋਵੇਗੀ।
ਪਿਛਲੇ ਸਾਲ ਰਾਮਦੇਵ ਆਪਣੀ ਕਰੋਨਿਲ ਦਵਾਈ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸਨ। ਦਰਅਸਲ ਕਰੋਨਿਲ ਨੂੰ ਲੈ ਕੇ ਇਹ ਕਿਹਾ ਗਿਆ ਸੀ ਕਿ ਇਹ ਕਰੋਨਾ ਵਾਇਰਸ ਦੀ ਦਵਾਈ ਹੈ ਪਰ ਜਦੋਂ ਇਸ ’ਤੇ ਵਿਵਾਦ ਖੜ੍ਹਾ ਹੋਇਆ ਤਾਂ ਕਿਹਾ ਗਿਆ ਹੈ ਕਿ ਇਹ ਤਾਂ ਲੋਕਾਂ ਦੇ ਇਊਮਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਦੀ ਦਵਾਈ ਹੈ। ਉਸ ਸਮੇਂ ਉਨ੍ਹਾਂ ਜਿਵੇਂ ਕਿਵੇਂ ਖਹਿੜਾ ਛਡਵਾ ਲਿਆ ਸੀ। ਪਰ ਇਸ ਵਾਰ ਤਾਂ ਲਗਦਾ ਹੈ ਕਿ ਉਨ੍ਹਾਂ ਨੇ ਸਹਿਣਸ਼ੀਲਤਾ ਦੀਆਂ ਤਮਾਮ ਹੱਦਾਂ ਪਾਰ ਕਰ ਛੱਡੀਆਂ ਹਨ। ਦਰਅਸਲ ਆਪਣੇ ਇੱਕ ਬਿਆਨ ਵਿੱਚ ਉਨ੍ਹਾਂ ਐਲੋਪੈਥੀ ਨੂੰ ਬਕਵਾਸ ਸਾਇੰਸ ਕਰਾਰ ਦਿੱਤਾ ਹੈ ਅਤੇ ਨਾਲ ਹੀ ਕੋਵਿਡ-19 ਦੇ ਇਲਾਜ ਲਈ ਐਲੋਪੈਥਿਕ ਦਵਾਈਆਂ ਵਰਤਣ ਨਾਲ ਲੱਖਾਂ ਲੋਕਾਂ ਦੇ ਮਾਰੇ ਜਾਣ ਦਾ ਦੋਸ਼ ਲਾਇਆ ਹੈ।
ਰਾਮਦੇਵ ਦੁਆਰਾ ਦਿੱਤੇ ਗਏ ਵੱਖ ਵੱਖ ਬਿਆਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਦੇ ਜਨਰਲ ਸਕੱਤਰ ਡਾ. ਜਯੇਸ਼ ਲੇਲੇ ਨੇ ਦਿੱਲੀ ਦੇ ਆਈ ਪੀ ਅਸਟੇਟ ਥਾਣੇ ਵਿੱਚ ਰਾਮਦੇਵ ਖਿਲਾਫ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ’ਤੇ ਮਹਾਂਮਾਰੀ ਐਕਟ, ਆਫਤ ਐਕਟ ਤੇ ਰਾਜਧ੍ਰੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸੰਦਰਭ ਵਿੱਚ ਡਾ. ਲੇਲੇ ਦਾ ਕਹਿਣਾ ਹੈ ਕਿ ਰਾਮਦੇਵ ਅਤੇ ਉਸ ਦੇ ਸਾਥੀ ਲੋਕਾਂ ਦੇ ਮਨਾਂ ਵਿੱਚ ਕਰੋਨਾ ਵੈਕਸੀਨ ਨੂੰ ਲੈ ਕੇ ਸ਼ੰਕੇ ਪੈਦਾ ਕਰ ਰਹੇ ਹਨ। ਇਸਦੇ ਚੱਲਦਿਆਂ ਗਰੀਬ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਨਹੀਂ ਹੋ ਸਕਦੀ। ਇਸ ਲਈ ਰਾਮਦੇਵ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਅਜਿਹੀ ਹੀ ਇੱਕ ਸ਼ਿਕਾਇਤ ਆਈ ਐੱਮ ਏ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਦੇ ਸਿਵਲ ਲਾਈਨਜ਼ ਥਾਣੇ ਵਿੱਚ ਦਰਜ ਕਰਵਾਈ ਹੈ। ਉਕਤ ਮਾਮਲੇ ਨੂੰ ਲੈ ਕੇ ਦਰਜ ਕਰਵਾਈ ਸ਼ਿਕਾਇਤ ਵਿੱਚ ਆਈ ਐੱਮ ਏ ਦੇ ਜ਼ਿਲ੍ਹਾ ਪ੍ਰਧਾਨ ਡਾ. ਵਿਕਾਸ ਅਗਰਵਾਲ, ਸਕੱਤਰ ਡਾ. ਆਸ਼ਾ ਜੈਨ ਤੇ ਡਾ. ਅਨਿਲ ਜੈਨ ਵੱਲੋਂ ਕਿਹਾ ਗਿਆ ਹੈ ਕਿ ਕੁਝ ਦਿਨਾਂ ਤੋਂ ਰਾਮਦੇਵ ਦੇਸ਼ ਦੇ ਡਾਕਟਰਾਂ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵੱਲੋਂ ਮਨਜ਼ੂਰਸ਼ੁਦਾ ਕਰੋਨਾ ਰੋਕੂ ਦਵਾਈਆਂ ਬਾਰੇ ਕੂੜ ਪ੍ਰਚਾਰ ਕਰ ਰਿਹਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਰਾਮਦੇਵ ਨੇ ਆਪਣੇ ਇੱਕ ਕੈਂਪ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਆਪਣੀ ਵਿਅੰਗਾਤਮਕ ਸ਼ੈਲੀ ਵਿੱਚ ਡਾਕਟਰਾਂ ਨੂੰ “ਟਰ-ਟਰ” ਕਹਿੰਦੇ ਹੋਏ ਮਜ਼ਾਕ ਉਡਾਇਆ ਸੀ।
ਵੀਡੀਓ ਵਿੱਚ ਉਹ ਇਹ ਵੀ ਦਾਅਵਾ ਕਰ ਰਹੇ ਹਨ ਕਿ ਇੱਕ ਹਜ਼ਾਰ ਡਾਕਟਰਾਂ ਦੀ ਮੌਤ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਹੋਈ। ਉਹ ਕਹਿ ਰਹੇ ਹਨ ਕਿ ਦੱਸੋ ਉਹ ਡਾਕਟਰ ਆਪਣੇ ਆਪ ਨੂੰ ਨਹੀਂ ਬਚਾ ਸਕੇ। ਰਾਮਦੇਵ ਇਹ ਵੀ ਕਹਿ ਰਹੇ ਹਨ ਕਿ ਜੇਕਰ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਤਾਂ ਫਿਰ ਬਾਬਾ ਰਾਮਦੇਵ ਦੇ ਵਾਂਗ ਬਣੋ ਜਿਸਦੇ ਪਾਸ ਕੋਈ ਡਿਗਰੀ ਨਹੀਂ ਹੈ ਅਤੇ ਸਭ ਦਾ ਡਾਕਟਰ ਹੈ - ਬਗੈਰ ਕਿਸੇ ਡਿਗਰੀ ਅਤੇ ਵਕਾਰ ਦੇ ਮੈਂ ਇੱਕ ਡਾਕਟਰ ਹਾਂ!
ਇੱਕ ਵੀਡੀਓ ਵਿੱਚ ਰਾਮਦੇਵ ਇਹ ਵੀ ਕਹਿ ਰਹੇ ਹਨ, “ਐਲੋਪੈਥੀ ਇੱਕ ਅਜਿਹੀ ਸਟੂਪਿਡ ਅਤੇ ਦਿਵਾਲੀਆ ਸਾਇੰਸ ਹੈ ਕਿ ਪਹਿਲਾਂ ਕਲੋਰੋਕਵਿਨ ਫੇਲ ਹੋਇਆ, ਫਿਰ ਐਂਟੀ ਬਾਓਟਿਕ ਫੇਲ ਹੋਇਆ, ਫਿਰ ਸਟੇਰੌਇਡ ਫੇਲ ਹੋਇਆ ਅਤੇ ਕੱਲ੍ਹ ਪਲਾਜ਼ਮਾ ਥੈਰੇਪੀ ਵੀ ਫੇਲ ਹੋ ਗਈ।”
ਪਿਛਲੇ ਦਿਨੀਂ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਦੋਂ ਉਨ੍ਹਾਂ ਤੋਂ ਇੱਕ ਪੱਤਰਕਾਰ ਨੇ ਗ੍ਰਿਫਤਾਰੀ ਦੇ ਸੰਦਰਭ ਵਿੱਚ ਸਵਾਲ ਕੀਤਾ ਤਾਂ ਉਨ੍ਹਾਂ ਨਿਹਾਇਤ ਢੀਠਪੁਣੇ ਅਤੇ ਘਮੰਡ ਭਰੇ ਅੰਦਾਜ਼ ਵਿੱਚ ਕਿਹਾ ਕਿ ਕਿਸੇ ਵਿੱਚ ਏਨਾ ਦਮ ਨਹੀਂ ਕਿ ਉਸ (ਰਾਮਦੇਵ) ਨੂੰ ਗ੍ਰਿਫਤਾਰ ਕਰ ਲਵੇ। ਦਰਅਸਲ ਰਾਮਦੇਵ ਦੀ ਇਹ ਉਕਤ ਬੜ੍ਹਕ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਮੰਤਰੀ ਨੂੰ ਇਸ ਅਪੀਲ ਦੇ ਸੰਦਰਭ ਵਿੱਚ ਆਈ ਹੈ ਜਦੋਂ ਕਿ ਆਈ ਐੱਮ ਏ ਵਲੋਂ ਮੰਗ ਕੀਤੀ ਗਈ ਹੈ ਕਿ ਕੋਵਿਡ ਵੈਕਸੀਨੇਸ਼ਨ ਵਿਰੁੱਧ ਡਰ ਫੈਲਾ ਰਹੇ ਪਤੰਜਲੀ ਦੇ ਮਾਲਕ ’ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ।
ਇਸੇ ਸੰਦਰਭ ਵਿੱਚ ਜਦੋਂ ਰਾਮਦੇਵ ਨੂੰ ਦੇਹਰਾਦੂਨ ਵਿੱਚ ਪੱਤਰਕਾਰਾਂ ਨੇ ਟਵਿਟਰ ’ਤੇ ਅਰੈਸਟ ਰਾਮਦੇਵ ਮੁਹਿੰਮ ਚੱਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ “ਅਰੈਸਟ ਤੋਂ ਕਿਸੀ ਕਾ ਬਾਪ ਭੀ ਨਹੀਂ ਕਰ ਸਕਤਾ ਸਵਾਮੀ ਰਾਮਦੇਵ ਕੋ, ਲੇਕਿਨ ਸ਼ੋਰ ਮਚਾ ਰਹੇ ਹੈਂ।” ਉਨ੍ਹਾਂ ਅੱਗੇ ਕਿਹਾ, “ਉਹ ਮੇਰੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਕਦੇ ਉਹ ਮੈਂਨੂੰ ਠੱਗ ਤੇ ਕਦੇ ਮਹਾਂ-ਠੱਗ ਕਹਿੰਦੇ ਹਨ। ਮੈਂਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂਨੂੰ ਅਜਿਹੀਆਂ ਗੱਲਾਂ ਸੁਣਨ ਦੀ ਆਦਤ ਪੈ ਚੁੱਕੀ ਹੈ।”
ਰਾਮਦੇਵ ਦੇ ਉਕਤ ਬਿਆਨ ”ਅਰੈਸਟ ਤੋਂ ਕਿਸੀ ਕਾ ਬਾਪ ਭੀ ਨਹੀਂ ਕਰ ਸਕਤਾ” ਵਾਲੀ ਵੀਡੀਓ ਕਲਿੱਪ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕ ਅਲੱਗ-ਅਲੱਗ ਟਿੱਪਣੀਆਂ ਕਰ ਰਹੇ ਹਨ ਅਤੇ ਕਈ ਤਾਂ ਰਾਮਦੇਵ ਦੇ ਉਕਤ ਬਿਆਨ ਦੇ ਜਵਾਬ ਵਿੱਚ ਇਹ ਮੁਹਾਵਰਾ ਲਿਖ ਰਹੇ ਹਨ ਕਿ “ਸਈਯਾਂ ਭਏ ਕੋਤਵਾਲ, ਅਬ ਡਰ ਕਾਹੇ ਕਾ"
ਭਾਵੇਂ ਰਾਮਦੇਵ ਨੇ ਡਾ. ਹਰਸ਼ਵਰਧਨ ਹੁਰਾਂ ਦੇ ਕਹਿਣ ਤੋਂ ਬਾਅਦ ਐਲੋਪੈਥੀ ’ਤੇ ਦਿੱਤਾ ਆਪਣਾ ਵਿਵਾਦਿਤ ਬਿਆਨ ਵਾਪਸ ਲੈ ਲਿਆ ਪਰ ਇਸ ਮਗਰੋਂ ਉਨ੍ਹਾਂ (ਰਾਮਦੇਵ) ਨੇ ਸਵਾਲਾਂ ਦੀ ਇੱਕ ਲੰਬੀ ਲਿਸਟ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਅਤੇ ਫਾਰਮਾਂ ਕੰਪਨੀਆਂ ਨੂੰ ਭੇਜੀ ਹੈ। ਇਸ ਲਿਸਟ ਵਿੱਚ ਕੁਲ 25 ਸਵਾਲ ਹਨ। ਇਨ੍ਹਾਂ ਸਵਾਲਾਂ ਵਿੱਚੋਂ ਕੁਝ ਤਾਂ ਕਾਫੀ ਅਜੀਬੋ-ਗਰੀਬ ਹਨ। ਜਿਵੇਂ ਆਦਮੀ ਬਹੁਤ ਹਿੰਸਕ, ਕਰੂਰ ਅਤੇ ਹੈਵਾਨੀਅਤ ਕਰ ਰਿਹਾ ਹੈ, ਉਸ ਨੂੰ ਇਨਸਾਨ ਬਣਾਉਣ ਵਾਲੀ ਕੋਈ ਦਵਾਈ ਐਲੋਪੈਥੀ ਵਿੱਚ ਦੱਸੋ, ਆਦਮੀ ਦੇ ਸਾਰੇ ਨਸ਼ੇ ਖ਼ਤਮ ਕਰਨ ਦੀ ਦਵਾਈ ਦੱਸੋ ਆਦਿ।
ਚੇਤੇ ਰਹੇ ਕਿ ਇਹ ਉਹੋ ਰਾਮਦੇਵ ਹਨ ਜੋ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚੋਂ ਗ੍ਰਿਫਤਾਰੀ ਤੋਂ ਬਚਣ ਲਈ ਸਲਵਾਰ ਕਮੀਜ਼ ਪਾ ਕੇ ਭੱਜੇ ਸਨ ਤੇ ਇਹ ਉਹੋ ਰਾਮਦੇਵ ਹਨ ਜਿਨ੍ਹਾਂ ਨੇ ਕਾਂਗਰਸ ਦੀ ਸਰਕਾਰ ਵੇਲੇ ਇੱਕ ਇੰਟਰਵਿਊ ਕਿਹਾ ਸੀ ਕਿ ਜੇਕਰ ਸਰਕਾਰ ਬਦਲੀ ਤਾਂ ਦੇਸ਼ ਅੰਦਰ ਪੈਟਰੋਲ 30-35 ਰੁਪਏ ਲੀਟਰ ਹੋ ਜਾਵੇਗਾ। ਇਹ ਉਹੋ ਰਾਮਦੇਵ ਹਨ ਜਿਨ੍ਹਾਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਕਾਲੇ ਧੰਨ ਦੀ ਵਾਪਸੀ ਅਤੇ ਵੱਖ ਵੱਖ ਘੋਟਾਲਿਆਂ ਨੂੰ ਲੈ ਕੇ ਵੱਡੀ ਮੁਹਿੰਮ ਚਲਾਈ ਸੀ ਪਰ ਹੁਣ ਉਹੋ ਬਾਬਾ ਰਾਮਦੇਵ ਲਗਭਗ ਪਿਛਲੇ ਸੱਤ ਸਾਲਾਂ ਤੋਂ ਮੋਨਧਾਰੀ ਬੈਠੇ ਹਨ।
ਸਿਆਣੇ ਆਖਦੇ ਨੇ ਕਿਸੇ ਨੂੰ ਆਪਣੇ ’ਤੇ ਇੰਨਾ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਬੰਦੇ ਨੂੰ ਬੰਦਾ ਨਾ ਸਮਝੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾ ਕਦਾਚਿਤ ਵੀ ਕਿਸੇ ਦੀ ਨਾ ਸਥਾਈ ਰਹੀ ਹੈ ਤੇ ਨਾ ਹੀ ਰਹੇਗੀ। ਦਰਅਸਲ ਹਕੂਮਤਾਂ ਵੀ ਧੁੱਪਾਂ ਛਾਂਵਾਂ ਵਾਂਗ ਹਨ ਜੋ ਕਿ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਮੈਂਨੂੰ ਰਾਹਤ ਇੰਦੋਰੀ ਦਾ ਇਸ ਸਮੇਂ ਇੱਕ ਸ਼ਿਅਰ ਯਾਦ ਆ ਗਿਆ ਹੈ:
ਜੋ ਆਜ ਸਾਹਿਬ ਏ ਮਸਨਦ ਹੈਂ ਕੱਲ੍ਹ ਨਹੀਂ ਹੋਂਗੇ,
ਕਿਰਾਏਦਾਰ ਹੈਂ ਜਾਤੀ ਮਕਾਨ ਥੋੜ੍ਹੀ ਹੈ।
ਵੈਸੇ ਰਾਮਦੇਵ ਦੇ ਬਿਆਨ ਵਾਪਸ ਲੈਣ ਤੋਂ ਬਾਅਦ ਇਹੋ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਪਹਿਲਾਂ ਤੋਲਣਾ ਤੇ ਫੇਰ ਬੋਲਣਾ ਚਾਹੀਦਾ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ। ਪਤਾ ਨਹੀਂ ਲਗਦਾ ਬੰਦਾ ਕਦੋਂ ਆਪਣੀ ਕਿਸੇ ਇੱਕ ਹਰਕਤ ਦੇ ਚੱਲਦਿਆਂ ਕਿਤੇ ਦਾ ਕਿਤੇ ਜਾ ਪਵੇ। ਬਹੁਤਾ ਵਕਤ ਨਹੀਂ ਲੰਘਿਆ, ਅਸੀਂ ਸਾਰਿਆਂ ਨੇ ਵੇਖਿਆ ਕਿ ਆਸਾ ਰਾਮ, ਰਾਮ ਰਹੀਮ, ਰਾਮਪਾਲ ਅਤੇ ਨਿਤਿਆਨੰਦ ਵਰਗੀਆਂ ਸ਼ਖਸੀਅਤਾਂ ਜਿਨ੍ਹਾਂ ਦੀ ਕਦੇ ਤੂਤੀ ਬੋਲਦੀ ਸੀ, ਨਾਲ ਕੀ ਕੀ ਵਾਪਰਿਆ। ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ। ਉਰਦੂ ਦੇ ਇੱਕ ਸ਼ਿਅਰ ਹੈ:
ਕੈਸੇ ਕੈਸੇ, ਐਸੇ ਵੈਸੇ ਹੋ ਗਏ …!
ਐਸੇ ਵੈਸੇ, ਕੈਸੇ ਕੈਸੇ ਹੋ ਗਏ …!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2818)
(ਸਰੋਕਾਰ ਨਾਲ ਸੰਪਰਕ ਲਈ: