“ਜਦੋਂ ਜੱਜ ਸਾਹਿਬ ਨੇ ਅੱਬਾ ਨੂੰ ਕਿਹਾ ਕਿ ਮੁਸ਼ਤਾਕ ਤੇਰਾ ਵਕੀਲ ਕੌਣ ਹੈ ਤਾਂ ਅੱਬਾ ਨੇ ਆਪਣੀ ...”
(25 ਮਈ 2022)
ਮਹਿਮਾਨ: 112.
ਆਖਿਰ ਅੱਬਾ (ਹਾਜੀ ਮੁਸ਼ਤਾਕ ਉਰਫ ਸੂਬਾ) ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਪਚੰਨਵੇਂ ਸਾਲਾ ਜੀਵਨ ਵਿੱਚ ਅੱਬਾ ਨੇ ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖੇ। ਅੱਬਾ ਦੇ ਜੀਵਨ ਨੂੰ ਬਹੁਤ ਨੇੜਿਓਂ ਵੇਖਣ ਵਾਲੇ ਸਾਬਕਾ ਚੇਅਰਮੈਨ ਸਾਬਰ ਅਲੀ ਢਿੱਲੋਂ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਕਿਹਾ ਕਿ ਇਹ ਇਕੱਲੀ ਉਨ੍ਹਾਂ ਦੀ ਮੌਤ ਨਹੀਂ, ਸਗੋਂ ਇੱਕ ਯੁਗ ਦਾ ਅੰਤ ਹੋਇਆ ਏ। ਉਹਨਾਂ ਅਨੁਸਾਰ ਅੱਬਾ ਆਪਣੇ ਆਪ ਵਿੱਚ ਇੱਕ ਤਹਿਰੀਕ ਸਨ। ਦੁਨੀਆਂਦਾਰੀ ਦੀਆਂ ਰਸਮਾਂ ਤੋਂ ਅਨਜਾਣ ਅੱਬਾ ਨੇ ਸਾਰੀ ਉਮਰ ਸਾਦਗੀ ਵਿੱਚ ਗੁਜ਼ਾਰੀ ਜਾਂ ਇੰਝ ਕਹਿ ਲਵੋ ਕਿ ਉਨ੍ਹਾਂ ਦੀ ਤਬੀਅਤ ਵਿੱਚ ਸੂਫ਼ੀਆਂ ਵਰਗੀ ਕਨਾਅਤ ਪਸੰਦੀ ਵਾਲੀ ਸਿਫਤ ਕੁੱਟ ਕੁੱਟ ਭਰੀ ਹੋਈ ਸੀ। ਮੈਂ ਆਪਣੀ ਪੰਜਾਹ ਸਾਲਾਂ ਦੀ ਉਮਰ ਵਿੱਚ ਅੱਬਾ ਨੂੰ ਕਦੇ ਆਪਣੇ (ਖੁਦ) ਲਈ ਕੱਪੜਾ ਖਰੀਦਦੇ ਨਹੀਂ ਵੇਖਿਆ। ਉਨ੍ਹਾਂ ਦੇ ਬਚਪਨ ਤੋਂ ਲੈ ਜਵਾਨੀ ਤਕ ਮੇਰੇ ਦਾਦਾ ਉਨ੍ਹਾਂ ਲਈ ਕੱਪੜੇ ਲਿਆਉਂਦੇ। ਦਾਦਾ ਦੇ ਸਵਰਗਵਾਸ ਹੋਣ ਪਿੱਛੋਂ ਮੇਰੇ ਮਾਤਾ ਲਿਆਉਂਦੇ ਸਨ ਅਤੇ ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਅਸੀਂ ਉਨ੍ਹਾਂ ਦੇ ਪਹਿਨਣ ਲਈ ਕੱਪੜਾ ਲਿਆਉਂਦੇ ਸਾਂ। ਆਪਾ (ਮੇਰੀ ਵੱਡੀ ਭੈਣ) ਦੱਸਦੇ ਹਨ ਕਿ ਇੱਕ ਵਾਰ ਮੇਰੇ ਦਾਦਾ ਈਦ ਦੇ ਮੌਕੇ ਅੱਬਾ ਲਈ ਨਵਾਂ ਸੂਟ ਬਣਵਾ ਲਿਆਏ ਤਾਂ ਇਸ ’ਤੇ ਅੱਬਾ ਨੇ ਦਾਦਾ ਨੂੰ ਆਖਿਆ ਕਿ ਜਦੋਂ ਪਹਿਲੇ ਕੱਪੜੇ ਹੀ ਹਾਲੇ ਤਕ ਨਹੀਂ ਫਟੇ ਤਾਂ ਨਵੇਂ ਲਿਆਉਣ ਦੀ ਕੀ ਲੋੜ ਸੀ। ਦਰਅਸਲ ਫਜ਼ੂਲ ਖਰਚੀ ਕਰਨਾ ਅੱਬਾ ਨੂੰ ਉੱਕਾ ਹੀ ਪਸੰਦ ਨਹੀਂ ਸੀ ਪਰ ਦਾਨ ਕਰਨ ਵਿੱਚ ਅੱਬਾ ਦਾ ਕੋਈ ਸਾਨੀ ਨਹੀਂ ਸੀ। ਉਹ ਅਕਸਰ ਆਪਣੇ ਕੰਬਲ ਚਾਦਰਾਂ ਤੇ ਨਕਦੀ ਆਦਿ ਲੋੜਵੰਦ ਗਰੀਬਾਂ ਵਿੱਚ ਵੰਡ ਦਿਆ ਕਰਦੇ ਸਨ।
ਉਨ੍ਹਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕ ਅਫਸੋਸ ਕਰਨ ਆਏ ਜਿਨ੍ਹਾਂ ਵਿੱਚੋਂ ਹਰ ਇੱਕ ਪਾਸ ਕਹਿਣ ਲਈ ਅੱਬਾ ਨਾਲ ਜੁੜਿਆ ਇੱਕ ਨਵਾਂ ਕਿੱਸਾ ਮੌਜੂਦ ਸੀ। ਦਰਅਸਲ ਅੱਬਾ ਅਖਲਾਕ ਇੰਨੇ ਸੁਲੱਗ ਤੇ ਵਧੀਆ ਸਨ ਕਿ ਜੋ ਉਨ੍ਹਾਂ ਨੂੰ ਇੱਕ ਵਾਰ ਮਿਲ ਲੈਂਦਾ, ਉਹ ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ। ਅੱਬਾ ਦੇ ਮਿਲਣ ਵਾਲਿਆਂ ਨੇ ਉਨ੍ਹਾਂ ਦੀਆਂ ਕੁਝ ਅਜਿਹੀਆਂ ਕਹਾਣੀਆਂ ਦੱਸੀਆਂ ਜੋ ਉਨ੍ਹਾਂ ਦੀ ਵਿਲੱਖਣ ਤੇ ਇੱਕ ਸਰਵ ਵਿਆਪੀ ਸ਼ਖਸੀਅਤ ਹੋਣ ਦੀ ਹਾਮੀ ਭਰਦੀਆਂ ਹਨ।
ਇੱਕ ਵਾਰ ਇੱਥੇ ਸ਼ਹਿਰ ਦੇ ਬੱਸ ਸਟੈਂਡ ਨੇੜੇ ਸਥਿਤ ਕਰਬਲਾ ਵਿੱਚੋਂ ਨਿੰਮ ਦੀਆਂ ਨਮੋਲੀਆਂ ਇਕੱਠੀਆਂ ਕਰਨ ਗਏ ਤਾਂ ਨਮੋਲੀਆਂ ਝਾੜੂ ਨਾਲ ਇਕੱਠੀਆਂ ਕਰਨ ਉਪਰੰਤ ਝੋਲਾ ਭਰ ਕੇ ਘਰ ਲੈ ਆਏ। ਜਦੋਂ ਘਰੇ ਜਦ ਝੋਲਾ ਖੋਲ੍ਹਣ ਲੱਗੇ ਤਾਂ ਵੇਖਿਆ ਕਿ ਨਮੋਲੀਆਂ ਵਿੱਚ ਕੀੜੇ ਫਿਰਨ। ਇਸ ’ਤੇ ਉਹ ਆਖਣ ਲੱਗੇ ਕਿ ਕੀੜੇ ਆਪਣੇ ਘਰਾਂ ਤੇ ਆਪਣੇ ਸਾਥੀਆਂ ਤੋਂ ਵਿੱਛੜ ਗਏ ਹਨ ਤੇ ਫੌਰਨ ਝੋਲਾ ਮੁੜ ਸਾਇਕਲ ’ਤੇ ਟੰਗ ਕਰਬਲਾ ਚਲੇ ਗਏ ਤਾਂ ਕਿ ਉਨ੍ਹਾਂ ਕੀੜਿਆਂ ਨੂੰ ਉੱਥੇ ਵਾਪਸ ਛੱਡ ਕੇ ਆ ਸਕਣ।
ਇਸੇ ਤਰ੍ਹਾਂ ਇੱਕ ਵਾਰ ਉਹ ਘਰੋਂ ਨਮਾਜ਼ ਪੜ੍ਹਨ ਲਈ ਚੱਲੇ ਤਾਂ ਵਿਹੜੇ ਵਿੱਚੋਂ ਵਾਪਸ ਆ ਗਏ ਅਤੇ ਚੀਨੀ ਦੇ ਡੱਬੇ ਵਿੱਚੋਂ ਚੀਨੀ ਦੀ ਮੁੱਠੀ ਭਰੀ ਤੇ ਵਿਹੜੇ ਵਿੱਚ ਲੱਗੇ ਤੂਤ ਦੇ ਨੇੜੇ ਢੇਰੀ ਕਰ ਦਿੱਤੀ। ਪੁੱਛਣ ’ਤੇ ਉਹ ਕਹਿਣ ਲੱਗੇ ਜਦੋਂ ਤੂਤ ਦੇ ਹੇਠੋਂ ਦੀ ਲੰਘਣ ਲੱਗਾ ਤਾਂ ਇੱਕ ਕੀੜਾ ਚੀਨੀ ਦਾ ਟੁਕੜਾ ਲਈ ਜਾ ਰਿਹਾ ਸੀ। ਮੇਰਾ ਪੈਰ ਉਸ ਵਿੱਚ ਵੱਜਾ ਤੇ ਉਸ ਦੇ ਮੂੰਹੋਂ ਉਹ ਟੁਕੜਾ ਡਿਗ ਗਿਆ, ਇਸ ਲਈ ਚੀਨੀ ਮੁੱਠੀ ਇੱਥੇ ਲਿਆ ਕੇ ਪਾ ਦਿੱਤੀ ਹੈ ਤਾਂ ਜੋ ਕੀੜਾ ਇੱਥੇ ਬੈਠ ਕੇ ਖਾ ਲਵੇ।
ਸਾਡੇ ਘਰ ਬੇਰੀ ਹੁੰਦੀ ਸੀ ਤਾਂ ਅਕਸਰ ਤੋਤਿਆਂ ਨੇ ਆ ਜਾਣਾ ਤੇ ਬੇਰਾਂ ਦੀ ਹਿੜਕ ਵਿਚਲਾ ਗੁੱਦਾ ਹਾਸਲ ਕਰਨ ਲਈ ਬਹੁਤ ਸਾਰੇ ਬੇਰਾਂ ਨੂੰ ਕੁਤਰ ਕੁਤਰ ਖੇਹ-ਖਰਾਬ ਕਰਕੇ ਵਿਹੜੇ ਵਿੱਚ ਕੂੜਾ ਖਿੰਡਾ ਦੇਣਾ ਤਾਂ ਮੇਰੀ ਮਾਤਾ ਨੇ ਖੜਕਾ ਕਰਕੇ ਉਨ੍ਹਾਂ ਤੋਤਿਆਂ ਨੂੰ ਭਜਾਉਣਾ ਤੇ ਉਨ੍ਹਾਂ ਨੂੰ ਅਵਾ-ਤਵਾ ਬੋਲਣਾ। ਅੱਬਾ ਨੇ ਮਾਤਾ ਨੂੰ ਅਜਿਹਾ ਕਰਨ ਤੋਂ ਰੋਕਣਾ ਤੇ ਆਖਣਾ ਇਨ੍ਹਾਂ ਦਾ ਰਿਜ਼ਕ ਆਪਣੇ ਘਰੋਂ ਲਿਖਿਆ ਹੈ। ਉਹ ਅਕਸਰ ਕਿਹਾ ਕਰਦੇ ਸਨ ਕਿ ਜੇਕਰ ਕੋਈ ਜਨੌਰ ਪਸ਼ੂ ਕਿਸੇ ਖੇਤ ਜਾਂ ਬਾਗ ਵਿੱਚੋਂ ਕੁਝ ਖਾਦਾਂ ਹੈ ਤਾਂ ਉਸ ਖੇਤ ਜਾਂ ਬਾਗ ਦੇ ਮਾਲਕ ਨੂੰ ਸਦਕਾ ਖੈਰਾਤ (ਦਾਨ ਪੁੰਨ) ਕਰਨ ਦਾ ਸਵਾਬ ਮਿਲਦਾ ਹੈ।
ਅੱਬਾ ਜੀ ਕਈ ਤਰ੍ਹਾਂ ਦੀਆਂ ਦੇਸੀ ਦਵਾਈਆਂ ਬਣਾਇਆ ਕਰਦੇ ਸਨ। ਅਕਸਰ ਜੜ੍ਹੀਆਂ-ਬੂਟੀਆਂ ਕੁੰਡੀ ਵਿੱਚ ਪੀਸਣ ਤੋਂ ਪਹਿਲਾਂ ਥਾਲ ਵਿੱਚ ਉਨ੍ਹਾਂ ਨੂੰ ਧੁੱਪ ਲਵਾਉਣ ਲਈ ਰੱਖ ਦਿੰਦੇ। ਕਈ ਵਾਰ ਅਜਿਹਾ ਹੋਣਾ ਕਿ ਘਰ ਵਿੱਚ ਮੌਜੂਦ ਬੱਕਰੇ ਬੱਕਰੀਆਂ ਨੇ ਕਿੱਲੇ ਤੋਂ ਖੁੱਲ੍ਹ ਕੇ ਉਨ੍ਹਾਂ ਦੀ ਦਵਾਈ ਖਾ ਜਾਣੀ ਤਾਂ ਇਸ ’ਤੇ ਅੱਬਾ ਕਦੇ ਵੀ ਨਾਰਾਜ਼ ਨਾ ਹੁੰਦੇ ਸਗੋਂ ਇਹੋ ਆਖਦੇ ਚਲੋ ਇਹ ਦਵਾਈ ਇਨ੍ਹਾਂ ਦੀ ਕਿਸਮਤ ਵਿੱਚ ਈ ਖਾਣੀ ਲਿਖੀ ਸੀ।
ਹੱਕ ਸੱਚ ਦੀ ਲੜਾਈ, ਉਹ ਆਪਣੀ ਹੋਵੇ ਭਾਵੇਂ ਬੇਗਾਨੀ, ਅੱਬਾ ਹਮੇਸ਼ਾ ਮਜ਼ਬੂਤੀ ਅਤੇ ਗੰਭੀਰਤਾ ਨਾਲ ਲੜਦੇ। ਉਨ੍ਹਾਂ ਕਦੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਸੀ ਕੀਤਾ। ਹਿੰਢੀ ਇੰਨੇ ਸਨ ਕਿ ਇੱਕ ਵਾਰੀ ਜੋ ਫੈਸਲਾ ਲੈ ਲਿਆ ਫੇਰ ਦੁਨੀਆ ਭਾਵੇਂ ਇੱਧਰਲੀ ਉੱਧਰ ਹੋ ਜਾਵੇ, ਉਹ ਪਿੱਛੇ ਨਹੀਂ ਸਨ ਹਟਦੇ।
70 ਦੇ ਦਹਾਕੇ ਦੇ ਆਖਰੀ ਸਾਲਾਂ ਵਿੱਚ ਅੱਬਾ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਤਾਜ਼ੀਆ ਕਰਦਿਆਂ ਸਾਬਰ ਢਿੱਲੋਂ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਮਲੇਰਕੋਟਲਾ) ਆਖਦੇ ਹਨ ਕਿ ਉਨ੍ਹਾਂ ਅੱਬਾ ਦੇ ਨਾਲ ਜਿੱਥੇ ਲਕੜੀ ਦੀ ਕਟਾਈ ਵਿੱਚ ਬਤੌਰ ਸਹਾਇਕ ਭੂਮਿਕਾ ਨਿਭਾਈ ਉੱਥੇ ਹੀ ਅੱਬਾ ਦੇ ਕੇਸ ਦੀ ਪੈਰਵੀ ਦੇ ਸੰਦਰਭ ਵਿੱਚ ਉਨ੍ਹਾਂ ਨਾਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੀ ਗਏ। ਢਿੱਲੋਂ ਆਖਦੇ ਹਨ ਕਿ ਪੇਸ਼ੀ ਨੇੜੇ ਹੋਣ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਮੈਨੂੰ ਨਾਲ ਲੈ ਕੇ ਹਾਈਕੋਰਟ ਲਈ ਚਾਲੇ ਪਾ ਦਿੱਤੇ ਸਨ।
ਆਪਣੇ ਬਚਪਨ ਦੇ ਮੁਢਲੇ ਦਿਨਾਂ ਵਿੱਚ ਅੱਬਾ ਭਾਵੇਂ ਪੰਜ ਚਾਰ ਦਿਨ ਹੀ ਸਕੂਲ ਗਏ ਸਨ ਪਰ ਇਸਦੇ ਬਾਵਜੂਦ ਉਹ ਉਰਦੂ, ਹਿੰਦੀ, ਪੰਜਾਬੀ ਅਤੇ ਅਰਬੀ ਭਾਸ਼ਾ ਪੜ੍ਹ ਲੈਂਦੇ ਸਨ। ਪੰਜਾਬੀ ਲਿਖ ਵੀ ਲੈਂਦੇ ਸਨ। ਆਪਣੇ ਇਸ ਹਾਸਲ ਗਿਆਨ ਦੇ ਸੰਦਰਭ ਵਿੱਚ ਉਹ ਅਕਸਰ ਆਖਿਆ ਕਰਦੇ ਸਨ ਕਿ ਉਨ੍ਹਾਂ ਪੰਜਾਬੀ ਉਰਦੂ ਤੁਰਦੇ ਫਿਰਦਿਆਂ ਤੇ ਸਮਾਜ ਵਿੱਚ ਵਿਚਰਦਿਆਂ ਸਿੱਖ ਲਈਆਂ ਸਨ। ਪੰਜ ਭੈਣਾਂ ਦੇ ਇਕੱਲੇ ਭਰਾ ਅੱਬਾ ਨੂੰ ਸ਼ਾਇਦ ਲਾਡ ਵਿੱਚ ਪੜਨੋ ਹਟਾ ਲਿਆ ਸੀ। ਕਹਿੰਦੇ ਦਾਦਾ ਖੁਦਾ ਬਖਸ਼ ਦਾ ਲਕੜੀ ਦਾ ਵੱਡਾ ਕਾਰੋਬਾਰ ਸੀ ਤੇ ਉਨ੍ਹੀਂ ਦਿਨੀਂ ਘਰੇ ਦੌਲਤ ਦੀ ਖੂਬ ਰੇਲਪੇਲ ਸੀ। ਸ਼ਾਇਦ ਇਸੇ ਲਈ ਅੱਬਾ ਨੂੰ ਪੜ੍ਹਾਉਣ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਗਈ ਸੀ ਕਿ ਬਾਅਦ ਵਿੱਚ ਵੱਡੇ ਹੋ ਕੇ ਘਰ ਦਾ ਹੀ ਕਾਰੋਬਾਰ ਹੀ ਸੰਭਾਲਣਾ ਹੈ।
ਦਾਦੇ ਦੇ ਸਵਰਗਵਾਸ ਮਗਰੋਂ ਅੱਬਾ ਮੁਕੱਦਮੇ ਬਾਜ਼ੀ ਵਿੱਚ ਅਜਿਹੇ ਪਏ ਕਿ ਲਕੜੀ ਦਾ ਫੈਲਿਆ ਹੋਇਆ ਸਾਰਾ ਕਾਰੋਬਾਰ ਹੌਲੀ-ਹੌਲੀ ਖਤਮ ਹੋਣ ਦੀ ਕਗਾਰ ’ਤੇ ਆ ਗਿਆ ਤੇ ਨਾਲੇ ਘਰ ਵਿੱਚ ਪਹਿਲਾਂ ਤੋਂ ਮੌਜੂਦ ਜਮ੍ਹਾਂ ਪੂੰਜੀ ਵੀ ਵਕੀਲਾਂ ਦੀਆਂ ਮੋਟੀਆਂ ਫੀਸਾਂ ਵਿੱਚ ਖੁਰਦੀ ਚਲੀ ਗਈ। ਦਰਅਸਲ ਅੱਬਾ ਨੂੰ ਜਦ ਵੀ ਆਪਣੇ ਕਿਸੇ ਵਕੀਲ ਤੇ ਮੁਖਾਲਫ ਪਾਰਟੀ ਨਾਲ ਮਿਲਣ ਦਾ ਸ਼ੱਕ ਹੁੰਦਾ ਤਾਂ ਉਹ ਫੌਰਨ ਉਸ ਨੂੰ ਛੱਡ ਕੇ ਨਵਾਂ ਵਕੀਲ ਕਰ ਲੈਂਦੇ। ਮੇਰੇ ਖਿਆਲ ਵਿੱਚ ਜਿੰਨੇ ਵਕੀਲ ਅੱਬਾ ਨੇ ਬਦਲੇ ਸ਼ਾਇਦ ਹੀ ਕਿਸੇ ਨੇ ਬਦਲੇ ਹੋਣਗੇ। ਅਖੀਰ ਉਨ੍ਹਾਂ ਪਾਸ ਜਦੋਂ ਵਕੀਲਾਂ ਨੂੰ ਦੇਣ ਲਈ ਪੈਸੇ ਨਾ ਬਚੇ ਤਾਂ ਖੁਦ ਆਪ ਹੀ ਆਪਣੇ ਕੇਸਾਂ ਪੈਰਵੀ ਕਰਨ ਲੱਗੇ।
70 ਦੇ ਦਹਾਕੇ ਦੇ ਆਖਰੀ ਸਾਲਾਂ ਵਿੱਚ ਅੱਬਾ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਬਰ ਢਿੱਲੋਂ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਮਲੇਰਕੋਟਲਾ) ਆਖਦੇ ਹਨ ਕਿ ਉਨ੍ਹਾਂ ਅੱਬਾ ਦੇ ਨਾਲ ਜਿੱਥੇ ਲਕੜੀ ਦੀ ਕਟਾਈ ਵਿੱਚ ਬਤੌਰ ਸਹਾਇਕ ਭੂਮਿਕਾ ਨਿਭਾਈ ਇਸ ਦੌਰਾਨ ਉਹ ਅੱਬਾ ਨਾਲ ਇੱਕ ਵਾਰ ਕੇਸ ਦੀ ਪੈਰਵੀ ਹਿਤ ਉਨ੍ਹਾਂ ਨਾਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਗਏ। ਢਿੱਲੋਂ ਆਖਦੇ ਹਨ ਕਿ ਪੇਸ਼ੀ ਨੇੜੇ ਹੋਣ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੈਨੂੰ ਨਾਲ ਲੈ ਹਾਈਕੋਰਟ ਲਈ ਚਾਲੇ ਪਾ ਦਿੱਤੇ ਸਨ। ਅਸੀਂ ਲੁਧਿਆਣਾ ਹੁੰਦੇ ਹੋਏ ਚੰਡੀਗੜ੍ਹ ਗਏ। ਜਦੋਂ ਲੁਧਿਆਣਾ ਬੱਸ ਸਟੈਂਡ ਪਹੁੰਚੇ ਤਾਂ ਉੱਥੇ ਦੁਪਹਿਰ ਦੀ ਨਮਾਜ਼ (ਜੋਹਰ) ਦਾ ਵਕਤ ਹੋ ਗਿਆ ਤਾਂ ਅੱਬਾ ਨੇ ਕਿਹਾ ਕਿ ਹੁਣ ਆਪਾਂ ਨਮਾਜ਼ ਪੜ੍ਹ ਕੇ ਹੀ ਅੱਗੇ ਚੱਲਾਂਗੇ। ਨਮਾਜ਼ ਤੋਂ ਪਹਿਲਾਂ ਉਨ੍ਹਾਂ ਬੱਸ ਸਟੈਂਡ ਵਿੱਚ ਹੀ ਉੱਚੀ ਆਵਾਜ਼ ਵਿੱਚ ਅਜ਼ਾਨ ਦਿੱਤੀ, ਅਜ਼ਾਨ ਦੀ ਆਵਾਜ਼ ਸੁਣ ਉੱਥੇ ਮੌਜੂਦ ਡਰਾਈਵਰ ਤੇ ਕੰਡਕਟਰ ਅੱਬਾ ਦੇ ਦੁਆਲੇ ਜਮ੍ਹਾਂ ਹੋ ਗਏ ਤਾਂ ਮੈਂ ਡਰ ਗਿਆ ਪਰ ਉਨ੍ਹਾਂ ਸਭਨਾਂ ਨੇ ਜਦੋਂ ਅੱਬਾ ਜੀ ਦੇ ਸਤਿਕਾਰ ਵਜੋਂ ਹੱਥ ਪੈਰ ਘੁੱਟਣੇ ਸ਼ੁਰੂ ਕੀਤੇ ਤਾਂ ਮੈਨੂੰ ਜਿਵੇਂ ਰਾਹਤ ਮਿਲ ਗਈ। ਜਿਸ ਬੱਸ ਨੇ ਚੰਡੀਗੜ੍ਹ ਜਾਣਾ ਸੀ ਉਹ ਤਿਆਰ ਖੜ੍ਹੀ ਸੀ ਅੱਬਾ ਨੇ ਡਰਾਈਵਰ ਨੂੰ ਬੇਨਤੀ ਕੀਤੀ ਕਿ ਮੈਂ ਨਮਾਜ਼ ਅਦਾ ਕਰ ਲਵਾਂ ਥੋੜ੍ਹਾ ਰੁਕ ਜਾਇਓ। ਪਰ ਉੱਧਰ ਕੰਡਕਟਰ ਡਰਾਈਵਰ ਨੂੰ ਚਲੱਣ ਦੀ ਦੁਹਾਈ ਦੇਈ ਜਾਵੇ ਤਾਂ ਡਰਾਈਵਰ ਨੇ ਫੈਸਲਾ ਕੁਨ ਅੰਦਾਜ਼ ਵਿੱਚ ਕੰਡਕਟਰ ਨੂੰ ਸਾਫ ਕਹਿ ਦਿੱਤਾ ਕਿ ਅੱਜ ਮੀਆਂ ਜੀ ਨੂੰ ਨਮਾਜ਼ ਪੜਵਾ ਹੀ ਚਲੱਣਾ ਹੈ।
ਚੰਡੀਗੜ੍ਹ ਪਹੁੰਚ ਸੈਕਟਰ 20 ਦੀ ਮਸਜਿਦ ਵਿੱਚ ਅੱਬਾ ਤੇ ਸਾਬਰ ਢਿੱਲੋਂ ਨੇ ਕਈ ਰਾਤਾਂ ਕੱਟੀਆਂ ’ਤੇ ਕੇਸ ਦੀ ਪੈਰਵੀ ਦੀ ਖੁਦ ਹੀ ਤਿਆਰੀ ਕੀਤੀ ਅੰਗਰੇਜ਼ੀ ਵਿੱਚ ਦਰਜ ਵੱਖ-ਵੱਖ ਨੰਬਰਾਂ ਦੀ ਮੇਰੇ ਪੰਜਾਬੀ ਕਰਵਾਈ ਤੇ ਫਿਰ ਉਨ੍ਹਾਂ ਤੇ ਜਿਰਾਹ (ਬਹਿਸ) ਕਰਨ ਦੀ ਖੁਦ ਹੀ ਤਿਆਰੀ ਕੀਤੀ। ਪੇਸ਼ੀ ਆਲੇ ਦਿਨ ਜਦੋਂ ਅੱਬਾ ਨੂੰ ਹਾਕ ਪਈ ਤਾਂ ਅੱਬਾ ਹਾਈਕੋਰਟ ਵਿੱਚ ਬਿਨਾਂ ਕਿਸੇ ਵਕੀਲ ਤੋਂ ਜੱਜ ਦੇ ਸਾਹਮਣੇ ਜਾ ਖੜ੍ਹੇ ਹੋਏ। ਸਾਬਰ ਢਿੱਲੋਂ ਦੱਸਦੇ ਹਨ ਕਿ ਉਸ ਵੇਲੇ ਅਦਾਲਤ ਵਿੱਚ ਚੀਫ ਜਸਟਿਸ ਨਰੂਲਾ ਸਨ ਜਿਨ੍ਹਾਂ ਦੀ ਸਫੈਦ ਦਾੜ੍ਹੀ ਖੁੱਲ੍ਹੀ ਵੇਖ ਉਹ ਇੱਕ ਫਰਿਸ਼ਤਾ ਹੀ ਜਾਪਦੇ ਸਨ। ਜਦੋਂ ਜੱਜ ਸਾਹਿਬ ਨੇ ਅੱਬਾ ਨੂੰ ਕਿਹਾ ਕਿ ਮੁਸ਼ਤਾਕ ਤੇਰਾ ਵਕੀਲ ਕੌਣ ਹੈ ਤਾਂ ਅੱਬਾ ਨੇ ਆਪਣੀ ਸੱਜੇ ਹੱਥ ਦੀ ਪਹਿਲੀ ਅਰਥਾਤ (ਸ਼ਹਾਦਤ ਵਾਲੀ) ਉਂਗਲ ਅਸਮਾਨ ਵੱਲ ਕਰਦਿਆਂ ਕਿਹਾ ਕਿ ਮੇਰਾ ਵਕੀਲ “ਅੱਲ੍ਹਾ “ਹੈ ਇਸ ’ਤੇ ਜੱਜ ਨੇ ਆਖਿਆ, ਕੀ “ਅੱਲ੍ਹਾ” ਇੱਥੇ ਖੁਦ ਆ ਕੇ ਗੱਲ ਕਰੇਗਾ? ਤਾਂ ਅੱਬਾ ਨੇ ਕਿਹਾ ਨਹੀਂ ਉਸ ਦੀ ਇਮਦਾਦ ਨਾਲ ਮੈਂ ਖੁਦ ਬਹਿਸ ਕਰਾਂਗਾ। ਇਸ ’ਤੇ ਮੁਖਾਲਫ ਪਾਰਟੀ ਦੇ ਦੋ ਚੋਟੀ ਵਕੀਲ ਜੋ ਉਸ ਵਕਤ ਅਦਾਲਤ ਵਿੱਚ ਮੌਜੂਦ ਸਨ ਅੱਬਾ ਦਾ ਹੱਸ ਕੇ ਮਜ਼ਾਕ ਉਡਾਉਣ ਲੱਗੇ। ਇਸ ’ਤੇ ਜੱਜ ਨੇ ਵਕੀਲਾਂ ਨੂੰ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਅਤੇ ਅੱਬਾ ਤੋਂ ਹੇਠਲੀਆਂ ਅਦਾਲਤਾਂ ਦੇ ਫੈਸਲੇ ਦੀ ਕਾਪੀ ਮੰਗੀ ਜੋ ਉਨ੍ਹਾਂ ਤੁਰੰਤ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰ ਦਿੱਤੀ। ਇਸ ਉਪਰੰਤ ਜੱਜ ਨੇ ਅੱਬਾ ਨੂੰ ਸੀਟ ਤੇ ਬੈਠਣ ਇਸ਼ਾਰਾ ਕਰਦਿਆਂ ਆਖਿਆ ਕਿ ਮੁਸ਼ਤਾਕ ਤੇਰਾ ਵਕੀਲ ਵੀ ਮੈਂ ਹਾਂ ਤੇ ਜੱਜ ਵੀ ਮੈਂ ਹਾਂ। ਇਸ ਉਪਰੰਤ ਜੱਜ ਨੇ ਕਰੀਬ ਪੌਣਾ ਘੰਟਾ ਦੋਵਾਂ ਵਕੀਲਾਂ ਨਾਲ ਬਹਿਸ ਕੀਤੀ ਤੇ ਅੱਬਾ ਇਸ ਅੰਗਰੇਜ਼ੀ ਵਿੱਚ ਹੁੰਦੀ ਬਹਿਸ ਨੂੰ ਨਾ ਸਮਝਦੇ ਹੋਏ ਵੀ ਧਿਆਨ ਨਾਲ ਸੁਣਦੇ ਰਹੇ। ਅੱਬਾ ਆਖਿਆ ਕਰਦੇ ਸਨ ਕਿ ਮੇਰੇ ਭਾਵੇਂ ਉਨ੍ਹਾਂ ਦੀ ਬਹਿਸ ਉੱਕਾ ਹੀ ਸਮਝ ਨਹੀਂ ਆ ਰਹੀ ਸੀ ਪਰ ਜਦੋਂ ਜੱਜ ਨੇ ਕਿਹਾ ਡਿਸਮਿਸ, ਤਾਂ ਇਸ ਉਪਰੰਤ ਦੋਵੇਂ ਵਕੀਲ ਟਿਕ ਕੇ ਬੈਠ ਗਏ ਤਾਂ ਮੈਂ ਸਮਝ ਗਿਆ ਕਿ ਹੁਣ ਫੈਸਲਾ ਹੋ ਚੁੱਕਿਆ ਹੈ। ਉਸ ਤੋਂ ਬਾਅਦ ਜੱਜ ਸਾਹਿਬ ਆਪਣੇ ਸਟੈਨੋ ਨੂੰ ਫੈਸਲਾ ਲਿਖਵਾਉਣ ਲੱਗੇ ਤੇ ਮੈਨੂੰ ਮੁਖਾਤਿਬ ਹੁੰਦਿਆਂ ਬੋਲੇ, “ਮੁਸ਼ਤਾਕ, ਮੈਂ ਨੇ ਇਨ ਕੋ ਬਮਾਏ ਖਰਚਾ ਖਾਰਿਜ ਕੀਆ ਹੈ, ਵਹਾਂ ਜਾ ਕਰ ਇਨ ਸੇ ਖਰਚਾ ਵਸੂਲ ਕਰ ਲੇਨਾ।” ਜਦੋਂ ਅੱਬਾ ਅਦਾਲਤ ਤੋਂ ਬਾਹਰ ਆਏ ਤਾਂ ਸ਼ੁਕਰਾਨੇ ਵਜੋਂ ਰੱਬ ਦੇ ਹਜ਼ੂਰ ਸਿਜਦੇ ਵਿੱਚ ਪੈ ਗਏ। ਜਦੋਂ ਉਹ ਉੱਠੇ ਤਾਂ ਕਈ ਪੱਤਰਕਾਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਸਨ।
ਵੈਸੇ ਅੱਬਾ ਨਾਲ ਜੁੜੇ ਹੋਰ ਬਹੁਤ ਸਾਰੇ ਵਾਕਿਆਤ ਹਨ ਜਿਨ੍ਹਾਂ ਨੂੰ ਬਿਆਨ ਕਰਨ ’ਤੇ ਪੜ੍ਹਨ ਨਾਲ ਸਾਨੂੰ ਇੱਕ ਨਵੀਂ ਸੇਧ ਤੇ ਜੀਵਨ ਵਿੱਚ ਹਮੇਸ਼ਾ ਅਡੋਲ ਰਹਿਣ ਦੀ ਪ੍ਰੇਰਨਾ ਮਿਲਦੀ ਹੈ ਪ੍ਰੰਤੂ ਸਭਨਾਂ ਨੂੰ ਇੱਥੇ ਲਿਖਣਾ ਸੰਭਵ ਨਹੀਂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3587)
(ਸਰੋਕਾਰ ਨਾਲ ਸੰਪਰਕ ਲਈ: