“ਅਨਪੜ੍ਹਤਾ ਕਾਰਨ ਲੋਕ ਚੰਗੇ ਡਾਕਟਰ ਜਾਂ ਡਾਕਟਰੀ ਸਹੂਲਤਾਂ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਅਨਪੜ੍ਹ ...”
(21 ਜੂਨ 2024)
ਇਸ ਸਮੇਂ ਪਾਠਕ: 900.
ਦਵਾ ਮਨੁੱਖੀ ਵਿਕਾਸ ਲੜੀ ਦੀ ਇੱਕ ਪ੍ਰਾਪਤੀ ਹੈ। ਦਵਾ ਦਾ ਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਇੱਕ ਅਹਿਮ ਯੋਗਦਾਨ ਹੈ। ਪਰ ਜਦੋਂ ਇਸ ਸੰਦਰਭ ਦੇ ਹੁੰਦੇ ਹੋਏ ਦਵਾਈਆਂ ਦੇ ਹਾਰ ਜਾਣ ਦੀ ਗੱਲ ਕਰਦੇ ਹਾਂ ਤਾਂ ਇਹ ਆਪਣੇ ਆਪ ਵਿੱਚ ਆਪਾ-ਵਿਰੋਧੀ ਧਾਰਨਾ ਜਾਪਦੀ ਹੈ।
ਦਵਾ ਨਿਸ਼ਚਿਤ ਹੀ ਮਨੁੱਖੀ ਜ਼ਿੰਦਗੀ ਵਿੱਚ ‘ਦਰਦ’ ਦੂਰ ਕਰਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਦਰਦ-ਜੋ ਭਾਵੇਂ ਕਿਸੇ ਵੀ ਤਰ੍ਹਾਂ ਦੀ ਅਸੁਖਾਵੀਂ ਸਥਿਤੀ ਵਿੱਚੋਂ ਪੈਦਾ ਹੋਵੇ। ਉਹ ਸਥਿਤੀ ਸਰੀਰਕ ਹੋ ਸਕਦੀ ਹੈ, ਮਾਨਸਿਕ ਜਾਂ ਸਮਾਜਿਕ ਹੋ ਸਕਦੀ ਹੈ। ਮਨੁੱਖ ਦਾ ਇਹ ਉਪਰਾਲਾ ਨਵੇਕਲਾ ਹੈ। ਇਹ ਉੱਦਮ ਸਿਰਫ਼ ਮਨੁੱਖ ਕਰ ਸਕਿਆ ਹੈ। ਇਹ ਜੀਵਾਂ-ਜਾਨਵਰਾਂ ਦੇ ਹਿੱਸੇ ਨਹੀਂ ਆਇਆ। ਹਾਂ, ਉਹ ਜਾਨਵਰ ਜ਼ਰੂਰ ਇਸ ਉਪਰਾਲੇ ਤੋਂ ਫਾਇਦਾ ਹਾਸਿਲ ਕਰ ਸਕੇ ਹਨ, ਜੋ ਮਨੁੱਖਾਂ ਦੇ ਨੇੜੇ ਹਨ ਜਾਂ ਉਨ੍ਹਾਂ ਦੇ ਪਾਲਤੂ ਹਨ ਜਾਂ ਕਹੀਏ ਮਨੁੱਖਾਂ ਦੇ ਸਹਾਇਕ ਹਨ।
ਦੂਸਰੇ ਪਾਸੇ ਜੇ ਇਸਦੇ ਉਲਟ ਨਜ਼ਰ ਮਾਰੀਏ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ, ਜਾਂ ਦੇਖ ਸਕਦੇ ਹਾਂ ਕਿ ਜੀਵਾਂ-ਜਾਨਵਰਾਂ ਵਿੱਚ ਬਿਮਾਰੀਆਂ ਦੀ ਸਥਿਤੀ ਘੱਟ ਵੀ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਸਾਰੇ ਜਾਨਵਰਾਂ ਬਾਰੇ, ਉਸ ਤਰ੍ਹਾਂ ਦੇ ਖੋਜ ਅਧਾਰਿਤ ਤੱਥ ਨਹੀਂ ਹਨ ਪਰ ਫਿਰ ਵੀ ਜੋ ਕੁਝ ਆਲੇ-ਦੁਆਲੇ ਵਾਪਰਦਾ ਦੇਖਦੇ ਹਾਂ, ਉਸ ਦੇ ਆਧਾਰ ’ਤੇ ਅਤੇ ਤੁਲਨਾਤਮਕ ਪੱਖ ਤੋਂ ਜ਼ਰੂਰ ਕੁਝ ਕਹਿ ਸਕਦੇ ਹਾਂ। ਪਰ ਇਸਦੇ ਨਾਲ ਹੀ ਇਹ ਤੱਥ ਤਾਂ ਸਾਡੀ ਜਾਣਕਾਰੀ ਦਾ ਹਿੱਸਾ ਹੈ ਕਿ ਕੁਦਰਤ ਦੀ ਆਪਣੀ ਇੱਕ ਅਜਿਹੀ ਸਰੀਰਕ ਪ੍ਰਣਾਲੀ ਹੈ ਜਿਸਦੇ ਤਹਿਤ ਬਿਮਾਰੀਆਂ ਨਾਲ ਲੜਿਆ ਜਾ ਸਕਦਾ ਹੈ। ਮਨੁੱਖਾਂ ਉੱਪਰ ਹੋਈਆਂ ਖੋਜਾਂ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਸਰੀਰ ਵਿੱਚ ਮਨੁੱਖੀ ਸਰੀਰ ਨੂੰ ਬਚਾ ਕੇ ਰੱਖਣ ਦੀ ਇੱਕ ਪੂਰੀ ਪ੍ਰਣਾਲੀ ਹੈ। ਮਨੁੱਖੀ ਸਰੀਰ ਅੰਦਰ ਨਾੜਾਂ ਵਿੱਚ ਦੌੜ ਰਿਹਾ ਖੂਨ ਅਤੇ ਉਸ ਦੇ ਤੱਤ ਇਹ ਕਾਰਜ ਬਾਖੂਬੀ ਨਿਭਾਉਂਦੇ ਹਨ। ਜਦੋਂ ਵੀ ਕਿਸੇ ਤਰ੍ਹਾਂ ਕਿਸੇ ਜੀਵਾਣੂ ਦਾ ਹਮਲਾ ਹੁੰਦਾ ਹੈ, ਸਰੀਰ ਦੇ ਬਚਾਉ ਤੱਤ ਜਾਂ ਬਚਾ ਪ੍ਰਣਾਲੀ ਦੇ ਸਿਪਾਹੀ ਇਕਦਮ ਹਰਕਤ ਵਿੱਚ ਆ ਜਾਂਦੇ ਹਨ ਤੇ ਜੀਵਾਣੂ ਉੱਪਰ ਇੱਕ ਤਰ੍ਹਾਂ ਦਾ ਹਮਲਾ ਹੋ ਜਾਂਦਾ ਹੈ। ਕੋਸ਼ਿਸ਼ ਰਹਿੰਦੀ ਹੈ ਕਿ ਇਹ ਹਮਲਾਵਰ ਜੀਵਾਣੂ, ਸਰੀਰ ਦੀ ਸਰਹੱਦ ’ਤੇ ਹੀ ਮਾਰ ਮੁਕਾਏ ਜਾਣ। ਇੱਥੋਂ ਤਕ ਕਿ ਸਰੀਰ ’ਤੇ ਸੱਟ ਲਗਦੀ ਹੈ, ਖੂਨ ਵਗਦਾ ਹੈ, ਉਹ ਡੇਢ-ਦੋ ਮਿੰਟਾਂ ਵਿੱਚ ਜੰਮ ਜਾਂਦਾ ਹੈ। ਜੇ ਉਸ ਵਿੱਚ ਜੰਮਣ ਵਾਲਾ ਗੁਣ ਨਾ ਹੋਵੇ ਤਾਂ ਖੂਨ ਵਗ ਵਗ ਕੇ ਹੀ ਮੁੱਕ ਜਾਵੇ ਤੇ ਵਿਅਕਤੀ ਮਰ ਜਾਵੇ। ਇਸੇ ਤਰ੍ਹਾਂ ਖੂਨ ਦੇ ਅੰਦਰ, ਸਰੀਰ ਦੀ ਸੱਟ ਨੂੰ ਠੀਕ ਕਰਨ, ਉਸ ਜ਼ਖਮ ਨੂੰ ਰਾਜ਼ੀ ਕਰਕੇ ਫਿਰ ਸਾਵਾਂ-ਪੱਧਰਾ ਕਰਨ ਦੀ ਸਮਰੱਥਾ ਹੈ। ਅਸੀਂ ਇਸ ਗੱਲ ਨੂੰ ਅਕਸਰ ਕਹਿੰਦੇ-ਵਿਚਾਰਦੇ ਹਾਂ ਕਿ ਮਾੜੀ ਮੋਟੀ ਠੰਢ ਜਾਂ ਛੋਟੀ ਮੋਟੀ ਖੁਰਾਕ ਦੀ ਅਣਗਹਿਲੀ ਵੇਲੇ ਕੁਝ ਵਿਅਕਤੀ ਛੇਤੀ ਬਿਮਾਰ ਪੈ ਜਾਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਇਸਦਾ ਸਰੀਰ ਕਮਜ਼ੋਰ ਹੈ। ਭਾਵ ਇਹ ਕਿ ਇਸਦੇ ਸਰੀਰ ਵਿੱਚ ਬਾਹਰੀ ਔਖੇ ਅਤੇ ਅਸਾਵੇਂ ਹਾਲਾਤ ਨਾਲ ਲੜਨ ਦੀ ਤਾਕਤ ਘੱਟ ਹੈ।
ਕਹਿਣ ਤੋਂ ਭਾਵ ਇਹ ਹੈ ਕਿ ਸਰੀਰ ਵਿੱਚ ਇਹ ਇੱਕ ਪ੍ਰਣਾਲੀ ਹੈ ਜੋ ਕਿ ਹਾਲਾਤ ਨਾਲ ਜੂਝਣਾ ਜਾਣਦੀ ਹੈ। ਇਹ ਹਾਲਾਤ ਕਦੋਂ ਮਨੁੱਖ ਦੇ ਵਿਰੁੱਧ ਹੋ ਜਾਂਦੇ ਹਨ, ਉਹ ਕੁਝ ਵੱਖਰੇ ਪਹਿਲੂ ਹਨ।
1. ਪਹਿਲੀ ਗੱਲ ਤਾਂ ਇਹ ਸਮਝਣੀ ਕਿ ਕਿਸ ਖਾਸ ਵਿਅਕਤੀ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਸ਼ਕਤੀ ਨਹੀਂ ਹੈ ਤੇ ਨਾਲ ਹੀ ਸਵਾਲ ਉੱਠਦਾ ਹੈ ਕਿ ਉਹ ਕਿਉਂ ਨਹੀਂ?
2. ਦੂਸਰੀ ਗੱਲ ਹੈ, ਸਮਰੱਥਾ ਸ਼ਕਤੀ ਦੇ ਬਾਵਜੂਦ ਹਮਲਾਵਰ ਹਾਵੀ ਹੋ ਜਾਂਦਾ ਹੈ, ਤਾਂ ਫਿਰ ਉਹ ਕਿਹੜੀਆਂ ਹਾਲਤਾਂ ਹਨ।
ਮਨੁੱਖ ਇੱਕ ਕੁਦਰਤ ਦਾ ਪ੍ਰਾਣੀ ਹੈ। ਉਸ ਵਿੱਚ ਕੁਦਰਤ ਦੇ ਵਿਕਾਸ ਮੁਤਾਬਕ ਜੋ ਵੀ ਪਹਿਲੂ ਸਾਹਮਣੇ ਆਏ ਹਨ, ਉਹ ਸਾਰੇ ਜੀਵਾਂ ਤੋਂ ਵੱਧ ਸੂਖਮ ਅਤੇ ਕਾਰਜ ਵਿੱਚ ਵੱਧ ਮਾਹਿਰ ਹਨ। ਦਿਮਾਗ, ਦਿਲ, ਗੁਰਦੇ, ਜਿਗਰ ਅਤੇ ਹੋਰ ਰਸਾਇਣ-ਹਾਰਮੋਨ ਪੈਦਾ ਕਰਨ ਵਾਲੇ ਅੰਗ, ਸਭ ਆਪਣੇ ਮਾਹਿਰਾਨਾ ਕਾਰਜ ਦੇ ਇੱਕ ਵਧੀਆ ਨਮੂਨੇ ਹਨ।
ਇਸਦੇ ਨਾਲ ਹੀ ਇਹ ਗੱਲ ਵਿਚਾਰਨ ਦੀ ਲੋੜ ਹੈ ਕਿ ਮਨੁੱਖ ਬਾਕੀ ਜੀਵਾਂ-ਜਾਨਵਰਾਂ ਦੀ ਬਨਿਸਪਤ ਇੱਕ ਸਮਾਜਿਕ ਪ੍ਰਾਣੀ ਵੀ ਹੈ। ਉਹ ਕੁਦਰਤ ਦੇ ਪੈਦਾ ਕੀਤੇ ਤਰਲ ਪਦਾਰਥਾਂ, ਹਾਰਮੋਨਜ ਅਤੇ ਰਸਾਇਣਾਂ ਦੇ ਨਿਯੰਤ੍ਰਣ ਤੋਂ ਇਲਾਵਾ ਸਮਾਜਿਕ ਨਿਯਮਾਂ ਹੇਠ ਵੀ ਗਤੀਸ਼ੀਲ ਹੁੰਦਾ ਹੈ। ਉਹ ਸਿਰਫ਼ ਨੀਲੇ ਅਸਮਾਨ ਹੇਠ ਹੀ ਨਹੀਂ, ਆਪਣੀ ਬਣਾਈ ਹੋਈ ਇੱਕ ਛੱਤ ਹੇਠ ਵੀ ਰਹਿੰਦਾ ਹੈ। ਉਹ ਸਿਰਫ਼ ਕੁਦਰਤ ਦੀਆਂ ਹਵਾਵਾਂ-ਆਫਤਾਵਾਂ, ਤੇਜ਼ ਧੁੱਪ ਅਤੇ ਬਾਰਿਸ਼ ਨੂੰ ਹੀ ਇਨ-ਬਿਨ ਨਹੀਂ ਸਹਿੰਦਾ, ਸਗੋਂ ਆਪਣੀ ਸਰੀਰ ਦੇ ਤਾਪਮਾਨ ਮੁਤਾਬਕ, ਆਪਣੇ ਸੁਖ ਮੁਤਾਬਕ ਕਦੇ ਹੀਟਰ ਅਤੇ ਕਦੇ ਏ.ਸੀ. ਕੂਲਰ ਵੀ ਵਰਤਦਾ ਹੈ ਜਾਂ ਮਕਾਨਾਂ ਦੀ ਬਣਤਰ ਨੂੰ ਉਸ ਮੁਤਾਬਕ ਉਸਾਰ ਲੈਂਦਾ ਹੈ।
ਸਮਾਜਿਕ ਨਿਯਮਾਂ ਹੇਠ ਕਾਰਜਸ਼ਾਲੀ ਹੋਣ ਕਰਕੇ ਉਹ ਜਦੋਂ ਜੀਅ ਚਾਹੇ, ਕੁਦਰਤ ਵਿੱਚ ਜੋ ਵੀ ਪੈਦਾ ਹੋਇਆ ਹੈ, ਭੁੱਖ ਲੱਗਣ ’ਤੇ ਨਹੀਂ ਖਾ ਸਕਦਾ, ਉਹ ਸਿਰਫ਼ ਕੁਦਰਤ ਵਿੱਚ ਹੀ ਨਹੀਂ ਵਿਚਰਦਾ ਸਗੋਂ ਉਸ ਨੂੰ ਕੁਦਰਤ ਦੇ ਉਲਟ ਹਨੇਰੀਆਂ ਥਾਵਾਂ, ਗਰਮ ਭੱਠੀਆਂ ’ਤੇ ਵੀ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਅਨੇਕਾਂ ਹੀ ਹਾਲਾਤ ਅਜਿਹੇ ਸਿਰਜੇ ਗਏ ਹਨ, ਜੋ ਉਸ ਨੂੰ ਕਈ ਕੰਮ ਕਰਨ ਲਈ ਵਰਜਦੇ ਹਨ ਅਤੇ ਕੁਝ ਕੰਮ ਕਰਨ ਲਈ ਉਸ ਨੂੰ ਮਜਬੂਰਨ ਉਹ ਰਾਹ ਇਖਤਿਆਰ ਕਰਨਾ ਪੈਂਦਾ ਹੈ।
ਦਵਾਈਆਂ ਨੂੰ ਹਾਰ ਦੇ ਸੰਕਲਪ ਤੇ ਫਿਰ ਵਾਪਸ ਆਉਂਦੇ ਹੋਏ, ਅੱਜ ਸਾਨੂੰ ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ ਕਿ ਦਵਾਈਆਂ ਕਿਸੇ ਬਿਮਾਰੀ ਦਾ ਇਲਾਜ ਨਹੀਂ ਹਨ। ਜੇਕਰ ਇਹ ਵੀ ਕਹੀਏ ਕਿ ਇਹ ਕਦੀ ਵੀ ਪੱਕਾ ਇਲਾਜ ਨਹੀਂ ਸੀ, ਤਾਂ ਵੀ ਇਹ ਟਿੱਪਣੀ ਕੋਈ ਅਨੋਖੀ ਨਹੀਂ ਹੈ। ਦਵਾਈਆਂ ਤਾਂ ਇੱਕ ਤਰ੍ਹਾਂ ਰਾਹਤ ਹੀ ਸੀ। ਇੱਕ ਥੋੜ੍ਹਚਿਰੀ ਰਾਹਤ ਤਾਂ ਜੋ ਉਸ ਆਪਾਤ ਸਥਿਤੀ ਦਾ ਟਾਕਰਾ ਕੀਤਾ ਜਾ ਸਕੇ ਜਾਂ ਕਿਸੇ ਅਤਿਅੰਤ ਦਰਦ ਦੀ ਸਥਿਤੀ ਨੂੰ ਕੁਝ ਆਰਾਮ ਨਾਲ ਲੰਘਾਇਆ ਜਾ ਸਕੇ ਤੇ ਉਦੋਂ ਤਕ ਸਰੀਰ ਦੀ ਸਮਰੱਥਾ ਨੂੰ ਮੁੜ ਤੋਂ ਉਸਾਰੀ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਸਕੇ।
ਅੱਜ ਦਵਾਈ ਸਨਅਤ ਅਜਿਹੀ ਹਾਲਤ ਪੈਦਾ ਕਰ ਰਹੀ ਹੈ ਤੇ ਦਵਾਈ ਨੂੰ ਜ਼ਿੰਦਗੀ ਦੇ ਅਮਲ ਨਾਲ ਇਸ ਤਰ੍ਹਾਂ ਜੋੜਿਆ ਜਾ ਰਿਹਾ ਹੈ ਕਿ ਦਵਾਈ ਮਨੁੱਖੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣਾ ਦਿੱਤੀ ਗਈ ਹੈ। ਜੇਕਰ ਅਸੀਂ ਸ਼ੂਗਰ ਰੋਗ, ਬਲੱਡ ਪ੍ਰਸ਼ੈਰ ਅਤੇ ਅਜਿਹੀਆਂ ਹੋਰ ਬਿਮਾਰੀਆਂ ਦੀ ਗੱਲ ਵੀ ਕਰੀਏ ਤਾਂ ਵੀ ਬਿਮਾਰੀਆਂ ਦੇ ਇਲਾਜ ਤੋਂ ਪਹਿਲਾਂ ਇਨ੍ਹਾਂ ਬਿਮਾਰੀਆਂ ਦਾ ਸ਼ੁਰੂ ਹੋਣਾ, ਪੈਦਾ ਹੋਣਾ ਸਾਡੀਆਂ ਸਮਾਜਿਕ ਸਥਿਤੀਆਂ ਵਿੱਚ ਪਿਆ ਹੈ। ਜੇਕਰ ਅਸੀਂ ਉਨ੍ਹਾਂ ਨੂੰ ਸਮਝੀਏ, ਅਪਣਾਈਏ ਤਾਂ ਉਹ ਬਿਮਾਰੀਆਂ ਪੈਦਾ ਹੀ ਨਾ ਹੋਣ। ਪਰ ਦਵਾਈ ਸਨਅਤ, ਬਿਮਾਰੀਆਂ ਪੈਦਾ ਹੋਣ ਦੇ ਕਾਰਨਾਂ ਵੱਲ ਅੱਖਾਂ ਮੀਟੀ ਬੈਠੀ ਹੈ, ਦਰਅਸਲ ਇਹ ਉਨ੍ਹਾਂ ਦਾ ਮਕਸਦ ਹੀ ਨਹੀਂ ਹੈ। ਉਸ ਦਾ ਆਪਣਾ ਕਾਰਨ ਹੈ, ਕਿਉਂ ਜੋ ਉਨ੍ਹਾਂ ਨੂੰ ਦਵਾਈ ਵੇਚਣ ਵਿੱਚ ਮੁਨਾਫ਼ਾ ਹੈ। ਤੇ ਉਦੋਂ ਤਾਂ ਹੋਰ ਵੀ ਫਾਇਦਾ ਹੈ, ਜਦੋਂ ਦਵਾਈ ਕਿਸੇ ਬਿਮਾਰੀ ਨੂੰ ਠੀਕ ਨਾ ਕਰੇ ਸਗੋਂ ਉਸ ਨੂੰ ਕਾਬੂ ਵਿੱਚ ਰੱਖੇ ਤੇ ਉਸ ਦਾ ਇਸਤੇਮਾਲ ਲਗਾਤਾਰ, ਤਾ-ਉਮਰ ਕਰਨਾ ਪਵੇ।
ਬਿਮਾਰੀਆਂ ਦੇ ਸਹਿਜ ਵਰਗੀਕਰਨ ਤੋਂ ਬਾਅਦ, ਹਰ ਵਰਗ ਦੀ ਖੋਜ-ਪੜਤਾਲ ਕਰਕੇ ਇਹ ਗੱਲ ਸਪਸ਼ਟ ਤੌਰ ’ਤੇ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਬਿਮਾਰੀਆਂ ਦਾ ਵਿਗਿਆਨਕ ਹੱਲ ਦਵਾਈ ਦੀ ਵਰਤੋਂ ਵਿੱਚ ਨਹੀਂ ਹੈ। ਦੇਖਣ ਨੂੰ ਭਾਵੇਂ ਇਹ ਗੱਲ ਸਾਰਿਆਂ ਨੂੰ ਜਚਦੀ ਹੈ ਤੇ ਦਲੀਲ ਭਰਪੂਰ ਲਗਦੀ ਹੈ ਕਿ ਮਲੇਰੀਆ, ਟੱਟੀਆਂ, ਨਿਮੋਨੀਆ, ਟੀ.ਬੀ. ਵਰਗੀਆਂ ਜਰਮ ਨਾਲ ਵਾਲੀਆਂ ਬਿਮਾਰੀਆਂ ਲਈ ਐਂਟੀਬਾਓਟਿਕ ਦੀ ਲੋੜ ਹੈ, ਪਰ ਬਿਮਾਰੀ ਚਾਹੇ ਟੀ.ਬੀ. ਹੈ ਤੇ ਚਾਹੇ ਮਲੇਰੀਆ, ਇਨ੍ਹਾਂ ਨਾਲ ਸੰਬਧਿਤ ਹੋਰ ਪਹਿਲੂ ਇਨ੍ਹਾਂ ਨੂੰ ਵਾਰੀ ਵਾਰੀ ਹੋਣ ਲਈ ਮਜਬੂਰ ਕਰਦੇ ਹਨ ਜਾਂ ਫਿਰ ਦਵਾਈਆਂ ਨਾਲ ਹੋਰ ਪਹਿਲੂ ਵੀ ਉੰਨੇ ਹੀ ਅਹਿਮ ਹਨ। ਦਵਾਈਆਂ ਇਨ੍ਹਾਂ ਬਿਮਾਰੀਆਂ ਨੂੰ ਜੜ੍ਹੋਂ ਨਹੀਂ ਪੁੱਟਦੀਆਂ। ਬਿਮਾਰੀ ਦੇ ਵਾਰ ਵਾਰ ਹਮਲਾ ਹੋਣ ਦੇ ਕਾਰਨ ਹੋਰ ਹਨ। ਜੇਕਰ ਉਨ੍ਹਾਂ ਉੱਪਰ ਧਿਆਨ ਦਿੱਤਾ ਜਾਵੇ ਤਾਂ ਦਵਾਈਆਂ ਦੀ ਵਰਤੋਂ ਦੀ ਲੋੜ ਹੀ ਨਾ ਪਵੇ।
ਸ਼ੂਗਰ, ਬਲੱਡ ਪ੍ਰੈੱਸ਼ਰ, ਕੈਂਸਰ ਅਤੇ ਹੋਰ ਅਜਿਹੀਆਂ ਬਿਮਾਰੀਆਂ ਦੀ ਜੜ੍ਹ ਕਿਤੇ ਹੋਰ ਹੈ। ਦਵਾਈਆਂ ਉਨ੍ਹਾਂ ਲਈ ਵੈਸਾਖੀ (ਡੰਗੋਰੀ) ਹਨ। ਜਦੋਂ ਕਿ ਇਨ੍ਹਾਂ ਬਿਮਾਰੀਆਂ ਦੀ ਜੜ੍ਹ ਨੂੰ ਪਛਾਣ ਕੇ, ਵਿਅਕਤੀ ਨੂੰ ਅਪਾਹਿਜ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਸੋਕਾ - ਖੁਰਾਕ ਦੀ ਘਾਟ ਦੀ ਬਿਮਾਰੀ ਹੈ, ਮੋਟਾਪਾ - ਵਾਧੂ ਖਾਣ ਦੀ। ਨਸ਼ਿਆਂ ਦੀ ਲਤ ਇੱਕ ਹੋਰ ਵਰਗ ਹੈ, ਜਿਸ ਪਿੱਛੇ ਸਾਡਾ ਬਿਮਾਰ ਸਮਾਜਿਕ ਢਾਂਚਾ ਜ਼ਿੰਮੇਵਾਰ ਹੈ। ਮਨੋਰੋਗਾਂ ਦੇ ਸਾਰੇ ਕਾਰਨ ਸਾਡੀ ਸਮਾਜਿਕ ਵਿਵਸਥਾ ਵਿੱਚ ਹਨ, ਉਹ ਚਾਹੇ ਪਰਿਵਾਰ ਵਿੱਚ ਹਨ ਜਾਂ ਕੰਮ ਵਾਲੀ ਥਾਂ ’ਤੇ। ਸੈਕਸ ਨਾਲ ਸੰਬੰਧਿਤ ਬਿਮਾਰੀਆਂ ਦਾ ਪਿਛੋਕੜ ਵੀ ਮਨੁੱਖੀ ਵਿਵਹਾਰ ਦੀ ਥਿੜਕਣ ਵਿੱਚ ਹੈ ਜਾਂ ਕਹੀਏ ਉਨ੍ਹਾਂ ਸਮਾਜਿਕ ਨਿਯਮਾਂ ਵਿੱਚ ਹੈ, ਜੋ ਮਨੁੱਖ ਨੂੰ ਅਜਿਹਾ ਵਿਵਹਾਰ ਕਰਨ ਲਈ ਮਜਬੂਰ ਕਰਦੇ ਹਨ।
ਹਵਾ-ਪਾਣੀ, ਮਿੱਟੀ ਦਾ ਪ੍ਰਦੂਸ਼ਣ ਇੱਕ ਹੋਰ ਵਰਗ ਹੈ, ਜੋ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇਸ ਤਰ੍ਹਾਂ ਕਿਸੇ ਵੀ ਬਿਮਾਰੀ ਦਾ ਨਾਂ ਲੈ ਕੇ ਦੇਖ ਲਵੋ, ਉਸ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕਰੋ, ਤੁਸੀਂ ਜਾਣੋਂਗੇ ਕਿ ਕਾਰਨ ਕਿਤੇ ਹੋਰ ਹਨ ਅਤੇ ਅਸੀਂ ਦਵਾਈਆਂ ਨਾਲ ਉਸ ਦਾ ਥੋੜ੍ਹਚਿਰਾ ਇਲਾਜ ਕਰਕੇ ਉਨ੍ਹਾਂ ਨੂੰ ਆਪਣੀਆਂ ਪ੍ਰਾਪਤੀਆਂ ਕਹਿ ਰਹੇ ਹਾਂ। ਤੁਸੀਂ ਇੱਥੋਂ ਤਕ ਸੋਚ ਕੇ ਦੇਖੋ ਕਿ ਸੜਕ ਦੁਰਘਟਨਾਵਾਂ ਲਈ ਅਤੀ ਆਧੁਨਿਕ ਟਰਾਮਾ ਸੈਂਟਰ, ਕੱਟੇ ਅੰਗਾਂ ਨੂੰ ਜੋੜਨ ਦੀਆਂ ਮਸ਼ੀਨਾਂ ਤੇ ਮਾਹਿਰਾਂ ਦੀ ਗੱਲ ਹੋ ਰਹੀ ਹੈ, ਪਰ ਸੜਕ ਹਾਦਸਿਆਂ ਦੇ ਕਾਰਨਾਂ ਵਿੱਚ ਸੜਕਾਂ, ਵਾਹਨਾਂ, ਮਨੁੱਖੀ ਮਨ ਦੀ ਤਿਕੜੀ ਦਾ ਕਿੰਨਾ ਵੱਡਾ ਰੋਲ ਹੈ, ਉਹ ਵੀ ਸਮਝਣ ਦੀ ਲੋੜ ਹੈ।
ਜੇਕਰ ਇਨ੍ਹਾਂ ਬਿਮਾਰੀਆਂ ਦੀ ਸੂਚੀ ਨੂੰ ਇਸ ਪੱਖ ਤੋਂ ਵਿਚਾਰੀਏ, ਤਾਂ ਕੀ ਇਹ ਦੂਸਰਾ ਸੱਚ ਨਹੀਂ ਹੈ ਕਿ ਬਿਮਾਰੀ ਦੇ ਇਲਾਜ ਲਈ ਖਰੀਦ ਸ਼ਕਤੀ ਇੱਕ ਮਹੱਤਵਪੂਰਨ ਪਹਿਲੂ ਹੈ? ਸਿਹਤ ਇੱਕ ਵਿਕਣ ਵਾਲੀ ਚੀਜ਼ ਹੋ ਗਈ ਹੈ। ਜੇ ਆਪਾਂ ਸਿਹਤ ਨੂੰ ਚੰਗੀ ਖੁਰਾਕ, ਚੰਗਾ ਵਧੀਆ ਘਰ ਅਤੇ ਸਾਫ-ਸੁਥਰੇ ਵਾਤਾਵਰਣ ਨਾਲ ਜੋੜਦੇ ਹਾਂ ਤਾਂ ਇਹ ਸਭ ਕੁਝ ਖਰੀਦ ਸ਼ਕਤੀ ਨਾਲ ਨਹੀਂ ਜੁੜਿਆ ਹੋਇਆ ਹੈ।
ਨਾਲ ਹੀ ਜੇਕਰ ਅਨਪੜ੍ਹਤਾ ਕਾਰਨ ਲੋਕ ਚੰਗੇ ਡਾਕਟਰ ਜਾਂ ਡਾਕਟਰੀ ਸਹੂਲਤਾਂ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਅਨਪੜ੍ਹ ਰਹਿਣ ਵਿੱਚ ਕਸੂਰ ਕਿਸ ਦਾ ਹੈ। ਲੋਕਾਂ ਨੂੰ ਅਨਪੜ੍ਹ ਰੱਖਿਆ ਵੀ ਜਾਂਦਾ ਹੈ। ਅਜੋਕੇ ਪਰਿਪੇਖ ਵਿੱਚ, ਜਿੱਥੇ ਸਿੱਖਿਆ ਖੇਤਰ ਵਿੱਚ ਨਿੱਜੀ ਦਖਲ ਵਧ ਗਿਆ ਹੈ, ਪ੍ਰਾਈਵੇਟ ਸਕੂਲਾਂ ਦੀ ਭਰਮਾਰ ਹੈ ਤਾਂ ਉਹ ਸਕੂਲ ਕਿਸ ਦੀ ਪਹੁੰਚ ਵਿੱਚ ਹਨ? ਅਨਪੜ੍ਹਤਾ ਅਤੇ ਵਹਿਮ ਭਰਮ ਦਾ ਤਾਂ ਸਿੱਧਾ ਰਿਸ਼ਤਾ ਹੈ ਹੀ, ਫਿਰ ਲੋਕੀਂ ਆਪਣੀ ਮੰਦੀ ਸਿਹਤ ਲਈ, ਇਲਾਜ ਕਰਵਾਉਣ ਵਾਸਤੇ ਅੰਧਵਿਸ਼ਵਾਸਾਂ, ਟੋਟਕਿਆਂ ਦਾ ਸਹਾਰਾ ਲੈਣਗੇ ਹੀ ਅਤੇ ਤਾਂਤਰਿਕਾਂ, ਬਾਬਿਆਂ ਕੋਲ ਜਾਣਗੇ ਹੀ।
ਅਜੋਕੇ ਮੁਕਾਬਲੇਬਾਜ਼ੀ ਦੇ ਯੁਗ ਵਿੱਚ, ਭੱਜ ਨੱਠ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਕੁੱਲ ਮਿਲਾ ਕੇ ਤਣਾਉ ਹੀ ਇੱਕ ਵੱਡੀ ਪ੍ਰਾਪਤੀ ਹੈ। ਹਰ ਵਕਤ ਤਣਾਉ ਰਹੇ ਤੇ ਬਿਮਾਰੀ ਨਾ ਹੋਵੇ, ਇਹ ਕਿਵੇਂ ਸੰਭਵ ਹੈ। ਤਣਾਉ ਆਪਣੇ ਆਪ ਵਿੱਚ ਇੱਕ ਬਿਮਾਰੀਆਂ ਦੇ ਵਰਗ ਨੂੰ ਜਨਮ ਤਾਂ ਦਿੰਦਾ ਹੀ ਹੈ, ਪਰ ਇਹ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਵੀ ਕਮਜ਼ੋਰ ਕਰਦਾ ਹੈ।
ਸਾਡੀ ਜ਼ਿੰਦਗੀ ਵਿੱਚ ਸੱਭਿਆਚਾਰ, ਰੀਤੀ-ਰਿਵਾਜਾਂ ਦਾ ਵੀ ਆਪਣਾ ਯੋਗਦਾਨ ਹੈ। ਇਹ ਸਾਡੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਢਾਲਦੇ ਅਤੇ ਰਾਹ ਦਿਖਾਉਂਦੇ ਹਨ। ਕਿਵੇਂ ਖਾਣਾ-ਪਹਿਨਣਾ ਹੈ, ਕਿਵੇਂ ਉੱਠਣਾ-ਸੌਣਾ ਹੈ ਅਤੇ ਹੋਰ ਕਾਰਜ ਨਿਭਾਉਣੇ ਹਨ, ਇਹ ਸਾਡੀ ਜ਼ਿੰਦਗੀ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇੱਕ ਪਹਿਲੂ ਹੋਰ ਜੋ ਅਜੋਕੇ ਸਮੇਂ ਵਿੱਚ ਭਾਰੂ ਹੋ ਰਿਹਾ ਹੈ ਉਹ ਹੈ, ਮਨੁੱਖ ਨੂੰ ਮਨੁੱਖ ਦੇ ਤੌਰ ’ਤੇ ਮਨਫ਼ੀ ਕਰਕੇ, ਉਸ ਨੂੰ ਸਿਰਫ਼ ਅੱਖਾਂ, ਕੰਨ, ਦਿਮਾਗ, ਦਿਲ, ਗੁਰਦੇ, ਜਿਗਰ, ਹੱਡੀਆਂ …. ਆਦਿ ਤਕ ਸੀਮਤ (ਮਹਿਦੂਦ) ਕਰ ਦਿੱਤਾ ਗਿਆ ਹੈ। ਮਾਹਿਰ ਤੋਂ ਅੱਗੇ ਸੁਪਰ ਮਾਹਿਰ ਹੋਣ ਦੀ ਪ੍ਰਵਿਰਤੀ ਨੇ ਮਨੁੱਖ ਨੂੰ ਬਹੁਤ ਜ਼ਿਆਦਾ ਫਾਇਦਾ ਨਹੀਂ ਪਹੁੰਚਾਇਆ, ਸਗੋਂ ਉਸ ਨੂੰ ਵੱਖ ਵੱਖ ਥਾਵਾਂ ’ਤੇ ਭਟਕਾਇਆ ਹੀ ਹੈ।
ਮਨੁੱਖ ਨੂੰ ਮਨੁੱਖ ਦੇ ਤੌਰ ’ਤੇ ਮਨਫ਼ੀ ਕਰਕੇ ਜਿੱਥੇ ਮਾਹਿਰ ਆਪਣੀ ਵਿਦਵੱਤਾ ਦੀ ਗੱਲ ਕਰਦੇ ਹਨ, ਉੱਥੇ ਇਹ ਸਮਾਜ ਵਿੱਚ ਡਾਕਟਰ ਮਰੀਜ਼ ਦੇ ਫਾਸਲੇ ਨੂੰ ਵੀ ਵਧਾ ਰਹੇ ਹਨ। ਮਰੀਜ਼ ਡਾਕਟਰ ਕੋਲ ਪਹੁੰਚਣ ਲਈ ਸੰਗਦੇ, ਘਬਰਾਉਂਦੇ, ਡਰਦੇ ਹਨ। ਇਸ ਤੋਂ ਇਲਾਵਾ ਨਾ-ਬਰਾਬਰੀ ਅਤੇ ਵਿਤਕਰੇ ਵਾਲੇ ਸਮਾਜ ਵਿੱਚ ਇੱਕ ਮਨੁੱਖ, ਦੂਸਰੇ ਮਨੁੱਖ ਨੂੰ ਇੱਕ ਅਜਿਹਾ ਅਸੁਰਖਿਆ ਦਾ ਮਾਹੌਲ ਦੇ ਰਿਹਾ ਹੈ ਕਿ ਇੱਕ ਮਨੁੱਖ, ਦੂਸਰੇ ਮਨੁੱਖ ਦੀ ਬਿਮਾਰੀ ਦਾ ਕਾਰਨ ਬਣ ਰਿਹਾ ਹੈ।
ਇਸ ਲਈ ਇੱਕ ਵਾਰੀ ਮੁੜ ਵਿਚਾਰਨ ਦੀ ਲੋੜ ਹੈ ਕਿ ਮਨੁੱਖ ਨੂੰ ਮਨੁੱਖ ਦੇ ਤੌਰ ’ਤੇ ਸਮੁੱਚ ਵਿੱਚ ਸਮਝਣ ਅਤੇ ਅਧਿਐਨ ਕਰਨ ਦੀ ਲੋੜ ਹੈ। ਇਸ ਸਮਾਜ ਨੂੰ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨਾਲ ਜੋੜਨ ਅਤੇ ਉਸਾਰਨ ਦੀ ਜ਼ਰੂਰਤ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5070)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)