“ਹਰ ਪੱਧਰ ’ਤੇ ਨੌਜਵਾਨਾਂ ਨੂੰ ਭਾਗੀਦਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਨੂੰ ਹਾਰ ਜਿੱਤ, ਸਫਲਤਾ ਅਸਫਲਤਾ ...”
(16 ਫਰਵਰੀ 2022)
ਇਸ ਸਮੇਂ ਮਹਿਮਾਨ: 296.
ਜਦੋਂ ਵੀ ਨੌਜਵਾਨਾਂ ਦੀ ਗੱਲ ਚਲਦੀ ਹੈ ਤਾਂ ਸਿੱਖਿਆ ਅਤੇ ਬੇਰੋਜ਼ਗਾਰੀ ਮੁੱਦਾ ਬਣਦੇ ਹਨ। ਇਸ ਤੋਂ ਬਾਅਦ ਪਰਵਾਸ ਅਤੇ ਨਸ਼ੇ ਦੀ ਗੱਲ ਤੁਰਦੀ ਹੈ। ਪੰਜਾਬ ਤੋਂ ਹੋ ਰਹੇ ਬ੍ਰੇਨ ਡਰੇਨ ਦੀ ਗੱਲ ਵੀ ਉੱਭਰਦੀ ੲੈ। ਪੰਜਾਬ ਦੇ ਘਰਾਂ ਦਾ ਨੌਜਵਾਨਾਂ ਪੱਖੋਂ ਖਾਲੀ ਹੋਣਾਂ ਅਤੇ ਘਰਾਂ ਵਿੱਚ ਸਿਰਫ ਬਜ਼ੁਰਗਾਂ ਦੇ ਰਹਿ ਜਾਣ ਬਾਰੇ ਵੀ ਸਵਾਲ ਖੜ੍ਹੇ ਹੁੰਦੇ ਹਨ, ਪਰ ਇਸ ਉਮਰ ਦੀ ਤਾਕਤ, ਇਸ ਵਰਗ ਦੀ ਊਰਜਾ ਦੀ ਮਾਨਸਿਕਤਾ ਤੇ ਗੱਲ ਨਹੀਂ ਹੁੰਦੀ।
ਇਹ ਸਮੱਸਿਆ ਉਭਾਰੀ ਜਾਂਦੀ ਹੈ, ਕਿਉਂਕਿ ਉਹ ਦਿਸਦੀ ਹੈ, ਮਹਿਸੂਸ ਹੁੰਦੀ ਹੈ। ਪਰ ਇਸ ਦੀ ਤਹਿ ਤਕ ਜਾਣ ਲਈ ਤਿਆਰ ਨਹੀਂ ਹੋਇਆ ਜਾਂਦਾ। ਅਸਲ ਵਿੱਚ ਤਹਿ ’ਤੇ ਪਹੁੰਚ ਕੇ ਸਮੱਸਿਆ ਦੇ ਸਹੀ ਕਾਰਨਾਂ ਦੀ ਨਿਸ਼ਾਨਦੇਹੀ ਕਰ ਕੇ ਹੀ ਇਲਾਜ ਲਈ ਸਹੀ ਦਿਸ਼ਾ ਮਿਲਦੀ ਹੈ। ਅਸੀਂ ਜਾਣਦੇ ਹਾਂ ਕਿ ਨਸ਼ੇ, ਬੇਚੈਨੀ, ਬੇਰੋਜ਼ਗਾਰੀ, ਗੁੱਸਾ ਹੁੱਲੜਬਾਜ਼ੀ, ਅਨੁਸ਼ਾਸਨਹੀਣਤਾ ਅਤੇ ਹੋਰ ਕਈ ਗੁਣ-ਔਗੁਣ/ਖਾਸੀਅਤਾਂ ਹਨ ਇਸ ਉਮਰ ਦੀਆਂ, ਪਰ ਇੱਕ ਤਸਵੀਰ ਹੋਰ ਵੀ ਹੈ ਜੋ ਕਿ ਬਹੁਤੀ ਉਤਸ਼ਾਹਜਨਕ ਨਹੀਂ ਹੈ, ਪਰ ਫਿਰ ਵੀ ਜਾਨਣੀ ਜ਼ਰੂਰੀ ਹੈ।
ਏਡਜ਼ ਦੀ ਬੀਮਾਰੀ, ਜਿਸ ਬਾਰੇ ਹੁਣ ਚਰਚਾ ਘੱਟ ਹੈ, ਕਿਸੇ ਵੇਲੇ ਕਰੋਨਾ ਵਰਗੀ ਡਰ ਵਧਾਉ ਸਥਿਤੀ ਸੀ। ਏਡਜ਼ ਹੋਣ ਤੋਂ ਪਹਿਲਾਂ ਦੀ ਸਥਿਤੀ ਐੱਚ.ਆਈ.ਵੀ. ਹੁੰਦੀ ਹੈ, ਜਦੋਂ ਇਸ ਬੀਮਾਰੀ ਦਾ ਵਾਇਰਸ ਸਰੀਰ ਵਿੱਚ ਚਲਾ ਜਾਂਦਾ ਹੈ ਤੇ ਬੀਮਾਰੀ ਹੋਣ ਵਿੱਚ ਅੱਠ ਦਸ ਸਾਲ ਲਗਦੇ ਹਨ। ਖੂਨਦਾਨ ਦੀ ਹਾਲਤ ਵਿੱਚ ਜੋ ਕਿ ਜ਼ਿਆਦਾਤਰ ਨੌਜਵਾਨ ਅੱਗੇ ਆ ਕੇ ਕਰਦੇ ਹਨ, ਜਦੋਂ ਉਹ ਕਿਸੇ ਲੋੜਵੰਦ ਨੂੰ ਦੇਣਾ ਹੁੰਦਾ ਹੈ ਤਾਂ ਦੋ ਤਿੰਨ ਮਹੱਤਵਪੂਰਨ ਟੈਸਟ ਕਰਕੇ ਦਿੱਤਾ ਜਾਂਦਾ ਹੈ, ਜਿਸ ਵਿੱਚੋਂ ਇੱਕ ਐੱਚ.ਆਈ.ਵੀ. ਦਾ ਹੈ। ਇਹ ਦੇਖਣ ਵਿੱਚ ਆਇਆ ਕਿ ਯੁਵਾ ਲੋਕਾਂ, ਖਾਸ ਕਰ 16 ਤੋਂ 24 ਸਾਲ ਦੇ, ਇਹ ਸਭ ਤੋਂ ਵੱਧ ਪੌਜ਼ੇਟਿਵ ਹੁੰਦਾ ਹੈ। ਕਹਿਣ ਦਾ ਮਤਲਬ, ਅਸੁਰੱਖਿਅਤ ਸਰੀਰਕ ਸੰਬੰਧਾਂ ਰਾਹੀਂ ਫੈਲਣ ਵਾਲੀ (85 ਫੀਸਦੀ) ਇਸ ਬੀਮਾਰੀ ਦਾ, ਇਨ੍ਹਾਂ ਨੌਜਵਾਨਾਂ ਦੀ ਸਰੀਰਕ ਸੰਬੰਧਾਂ ਪ੍ਰਤੀ ਦਿਲਚਸਪੀ ਨਾਲ ਸਬੰਧ ਹੋਣ ਵਿੱਚ ਹੈ।
ਦੂਸਰੀ ਗੱਲ ਵੀ ਹੈਰਾਨ ਕਰਦੀ ਹੈ ਕਿ ਖੁਦਕੁਸ਼ੀਆਂ ਵੀ ਇਸੇ ਉਮਰ ਵਿੱਚ (16 ਤੋਂ 24 ਸਾਲ) ਦੌਰਾਨ ਸਭ ਤੋਂ ਵੱਧ ਹੁੰਦੀਆਂ ਹਨ, ਭਾਵੇਂ ਕਿ ਕਿਸਾਨੀ ਖੁਦਕੁਸ਼ੀਆਂ ਨੂੰ ਵੱਧ ਚਰਚਾ ਮਿਲਦੀ ਹੈ ਤੇ ਉਹ ਰਾਜਨੀਤਕ ਮੁੱਦਾ ਵੀ ਬਣਦੀਆਂ ਹਨ। ਇਨ੍ਹਾਂ ਖੁਦਖੁਸ਼ੀਆਂ ਦਾ ਸਿੱਧਾ ਰਿਸ਼ਤਾ, ਬਾਰ੍ਹਵੀਂ ਜਮਾਤ, ਉਸ ਤੋਂ ਬਾਅਦ ਕਿਸੇ ਚੰਗੇ ਕੋਰਸ (ਮਾਂ ਪਿਉ ਮੁਤਾਬਕ) ਦਾਖਲਾ ਨਾ ਮਿਲਣ ਦੀ ਨਿਰਾਸ਼ਾ ਕਰਕੇ ਹੈ। ਕਿਸਾਨੀ ਖੁਦਕੁਸ਼ੀਆਂ ਦੀ ਇਹ ਗੂੰਜ ਸੰਸਦ ਵਿੱਚ ਵੀ ਹੁੰਦੀ ਹੈ, ਪਰ ਇਨ੍ਹਾਂ ਨੌਜਵਾਨਾਂ ਨੂੰ ਲੈ ਕੇ ਕੋਈ ਚਿੰਤਾ ਨਹੀਂ।
ਇਸੇ ਉਮਰ ਦੇ ਪੜਾਅ ਨੂੰ ਲੈ ਕੇ ਨਸ਼ੇ ਦੀ ਸਥਿਤੀ ਦਾ ਸਭ ਨੂੰ ਪਤਾ ਹੈ ਪਰ ਸੜਕ ਹਾਦਸਿਆਂ ਵਿੱਚ ਮਰਨ ਅਤੇ ਅਪਾਹਿਜ ਹੋਣ ਵਾਲਿਆਂ ਵਿੱਚੋਂ ਵੀ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਉਂਜ ਵੀ ਸਾਡੇ ਦਿਮਾਗ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਲੈ ਕੇ ਫੈਸ਼ਨਪ੍ਰਸਤ, ਵਾਧੂ ਖਰਚੀਲੇ, ਸਮਾਂ ਬਰਬਾਦ ਕਰਨ ਵਾਲੇ, ਗੇੜੀਆਂ ਮਾਰਨ ਵਾਲੇ (ਮੁੰਡੇ ਭਾਵੇਂ ਕੁੜੀਆਂ) ਮੌਜ ਮਸਤੀ, ਇੰਟਰਨੈੱਟ ਤੇ ਸਮਾਂ ਬਰਬਾਦੀ ਤਾਂ ਹੈ ਹੀ, ਪੋਰਨੋ ਦੇਖਣ ਬਾਰੇ ਵੀ ਇੱਕ ਅਲੱਗ ਹੀ ਤਸਵੀਰ ਹੈ। ਇਸ ਪੱਖੋਂ ਵੀ ਇਹ ਵਰਗ ਹਮੇਸ਼ਾ ਨਿਸ਼ਾਨੇ ’ਤੇ ਰਹਿੰਦਾ ਹੈ।
ਇਹ ਸਾਰੇ ਪਹਿਲੂ ਬਿਲਕੁਲ ਦਰੁਸਤ ਹਨ, ਬਿਨਾਂ ਕਿਸੇ ਸ਼ੱਕ ਦੇ, ਇਹ ਸਭ ਦੇਖਣ ਨੂੰ ਮਿਲਦਾ ਹੈ ਪਰ ਇਹ ਸਵਾਲ ਵੀ ਸੋਚਣ ਵਾਲਾ ਹੈ ਕਿ ਨਸ਼ੇ, ਖੁਦਕੁਸ਼ੀ, ਸੜਕ ਹਾਦਸੇ, ਏਡਜ਼ ਐੱਚ.ਆਈ.ਵੀ. ਵਰਗੀ ਸੈਕਸ ਨਾਲ ਜੁੜੀ ਬੀਮਾਰੀ ਅਤੇ ਇਸ 16 ਤੋਂ 24 ਸਾਲ ਦੀ ਉਮਰ - ਕੀ ਇਨ੍ਹਾਂ ਸਭਨਾਂ ਅਲਾਮਤਾਂ ਦਾ ਉਮਰ ਨਾਲ ਸਬੰਧ ਹੈ ਜਾਂ ਕੋਈ ਸਾਂਝਾ ਪਹਿਲੂ ਹੈ ਜੋ ਇਨ੍ਹਾਂ ਨੂੰ ਪੈਦਾ ਕਰਦਾ ਹੈ। ਉਂਜ ਕੋਈ ਇਸ ਨੂੰ ਇਸ ਉਮਰ ਦੇ ਹਾਰਮੋਨਜ਼ ਨਾਲ ਵੀ ਜੋੜਦਾ ਹੈ। ਕਿਉਂਕਿ ਇਹ ਉਮਰ ਦੀ ਬੇਚੈਨੀ ਅਤੇ ਗੁੱਸੇ ਨਾਲ ਵੀ ਜੋੜੇ ਜਾਂਦੇ ਹਨ।
ਨੌਜਵਾਨਾਂ ਦੇ ਗੁੱਸੇ ਨੂੰ ਵਿਸ਼ੇਸ਼ ਤੌਰ ’ਤੇ ਨਾਜਾਇਜ਼ ਗੁੱਸੇਬਾਜ਼ ਕਹਿ ਕੇ ਨਿੰਦਿਆ ਜਾਂਦਾ ਹੈ। ਗੁੱਸਾ ਬਾਰੇ ਇੱਕ ਮਨੋਵਿਗਿਆਨਕ ਸਚਾਈ ਹੈ ਕਿ ਗੁੱਸਾ ਕਦੇ ਵੀ ਨਾਜਾਇਜ਼ ਨਹੀਂ ਹੁੰਦਾ। ਗੁੱਸੇ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਮਾਪਿਆਂ, ਅਧਿਆਪਕਾਂ ਤੇ ਹੋਰ ਜ਼ਿੰਮੇਵਾਰ ਪਤਵੰਤਿਆਂ ਨੂੰ, ਕਾਰਨਾਂ ਵਿੱਚੋਂ ਕੁਝ ਨਾਜਾਇਜ਼ ਲੱਗੇ ਜਾ ਲੱਭੇ।
ਨਸ਼ੇ ਜਾਂ ਖੁਦਕੁਸ਼ੀ, ਗੁੱਸਾ ਜਾਂ ਏਡਜ਼ ਆਦਿ ਦਾ ਵਿਸ਼ਾਣੂ ਉਮਰ ਦੀ ਆਮਦ ਕਾਰਨ ਨਹੀਂ ਹੈ ਕਿ ਸੋਲਾਂ ਸਾਲ ’ਤੇ ਪਹੁੰਚ ਕੇ ਜਾਂ 24 ਤਕ, ਇਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਕ ਗੱਲ ਤਾਂ ਸੱਚ ਹੈ ਕਿ ਮੰਨ ਲਿਆ 65 ਫੀਸਦੀ ਨੌਜਵਾਨ ਨਸ਼ਾ ਕਰਦੇ ਹਨ ਜਾਂ ਵੱਡੀ ਗਿਣਤੀ ਵਿੱਚ ਨੌਜਵਾਨ ਉਦਾਸੀ ਬੇਚੈਨੀ ਵਿੱਚ ਹਨ ਤੇ ਉਹ ਖੁਦਕੁਸ਼ੀ ਵੱਲ ਵਧਦੇ ਹਨ, ਪਰ ਫਿਰ ਵੀ 35 ਫੀਸਦੀ ਨੌਜਵਾਨ ਹਨ ਜੋ ਨਸ਼ਾ ਨਹੀਂ ਕਰਦੇ ਤੇ ਕਾਫੀ ਨੌਜਵਾਨ ਉਦਾਸ ਨਿਰਾਸ਼ ਵੀ ਨਹੀਂ ਹਨ ਤੇ ਖੁਦਕੁਸ਼ੀ ਬਾਰੇ ਨਹੀਂ ਸੋਚਦੇ। ਇਸਦਾ ਇੱਕ ਉਤਸਾਹਜਨਕ ਪੱਖ ਵੀ ਹੈ ਕਿ ਨੌਜਵਾਨ ਆਈ.ਆਈ.ਟੀ., ਮੈਨੈਜਮੈਂਟ, ਡਾਕਟਰੀ, ਇੰਜਨੀਅਰਿੰਗ ਵਿੱਚ ਮੱਲਾਂ ਮਾਰਦੇ ਹਨ ਤੇ ਵੱਡੀਆਂ ਵੱਡੀਆਂ ਨਾਮੀ ਕੰਪਨੀਆਂ ਵਿੱਚ ਚੀਫ ਲਗਦੇ ਹਨ।
ਜੇਕਰ ਇਸ ਉਮਰ ਦੀ ਮਾਨਸਿਕਤਾ ਦੀ ਗੱਲ ਕਰੀਏ ਤਾਂ ਇਸਦੀ ਖਾਸੀਅਤ ਹੈ ਕਿ ਇਹ ਉਮਰ ਸੁਪਨੇ ਲੈਣ ਦੀ, ਤਜਰਬੇ ਕਰਨ ਦੀ ਹੈ। ਉਨ੍ਹਾਂ ਨੂੰ ਸੁਪਨੇ ਲੈਣੇ ਵੀ ਆਉਂਦੇ ਹਨ, ਕਿਉਂ ਜੋ ਇਹ ਇਸ ਉਮਰ ਦਾ ਕੁਦਰਤੀ ਗੁਣ ਹੈ, ਨਾਲ ਹੀ ਪੂਰੇ ਵੀ ਕਰਨੇ ਆਉਂਦੇ ਹਨ। ਜਿੱਥੇ ਕਿਤੇ ਇਹ ਸੁਪਨੇ ਪੂਰੇ ਨਹੀਂ ਹੁੰਦੇ, ਉੱਥੇ ਉਨ੍ਹਾਂ ਦੇ ਆਲੇ ਦੁਆਲੇ ਦਾ ਮਾਹੌਲ ਅੜਿੱਕਾ ਬਣਦਾ ਹੈ। ਪਰਿਵਾਰ ਦੀ ਮਜਬੂਰੀ ਹੋ ਸਕਦੀ ਹੈ, ਪਰ ਦੇਸ਼ ਨੂੰ ਇਨ੍ਹਾਂ ਨੌਜਵਾਨਾਂ ਦੇ ਸੁਪਨੇ ਪੂਰੇ ਕਰਨ ਦਾ ਰਾਹ ਖੋਲ੍ਹਣਾ ਚਾਹੀਦਾ ਹੈ, ਜੋ ਕਿ ਬਹੁਤ ਹੱਦ ਤਕ ਅੜਿੱਕਾ ਬਣਦਾ ਹੈ।
ਸਵਾਲ ਹੈ ਕਿ ਦੇਸ਼ ਕੋਲ ਨੌਜਵਾਨਾਂ ਦੀ ਊਰਜਾ ਪਛਾਨਣ ਅਤੇ ਉਸ ਦਾ ਸਹੀ ਉਪਯੋਗ ਕਰਨ ਦੀ ਦ੍ਰਿਸ਼ਟੀ ਨਹੀਂ ਹੈ। ਉਹ ਆਪਣੇ ਹਿਤਾਂ ਲਈ, ਉਹ ਵੀ ਗੈਰ ਕਾਨੂੰਨ ਤੇ ਗੈਰ ਸਮਾਜਿਕ) ਉਸ ਊਰਜਾ ਨੂੰ ਵਰਤਦੇ ਹਨ। ਉਹ ਇੱਕ ਸ਼ਾਨਦਾਰ ਸ਼ਖਸ ਨੂੰ, ਇੱਕ ਕਰਾਮਾਤੀ ਹੈਸੀਅਤ ਨੂੰ ਭੀੜ ਵਿੱਚ ਬਦਲ ਲੈਂਦੇ ਹਨ।
ਇਸ ਉਮਰ ਬਾਰੇ ਇੱਕ ਸਮਝ ਬਣਾਈ ਪ੍ਰਚਾਰੀ ਗਈ ਹੈ ਕਿ ਇਸ ਉਮਰੇ ਜੋਸ਼ ਹੁੰਦਾ ਹੈ, ਹੋਸ਼ ਨਹੀਂ। ਜੇਕਰ ਹੋਸ਼ ਨਹੀਂ ਹੁੰਦਾ, ਕੋਈ ਸੋਚ ਵਿਚਾਰ ਨਹੀਂ ਹੁੰਦਾ ਤਾਂ ਆਪਣੇ ਕੰਮਾਂ ਕੋਰਸਾਂ ਵਿੱਚ ਮੁਹਰਲੀਆਂ ਥਾਂਵਾਂ ’ਤੇ ਕਿਵੇਂ ਪਹੁੰਚਦੇ ਹਨ? ਦਰਅਸਲ ਉਨ੍ਹਾਂ ਦੇ ਜੋਸ਼ ਨੂੰ ਹੁੱਲੜ੍ਹਬਾਜ਼ੀ ਤੇ ਹਿੰਸਾ ਵਿੱਚ ਬਦਲਣ ਦਾ ਰਾਹ ਸੌਖਾ ਹੁੰਦਾ ਹੈ। ਜੋਸ਼ ਜਾਂ ਗੁੱਸੇ ਦਾ ਵੱਡਾ ਕਾਰਨ ਹੈ ਕਿ ਇਨ੍ਹਾਂ ਦੀ ਮਨੋਸਥਿਤੀ ਨੂੰ ਸਮਝਣ ਲਈ ਸੰਵਾਦ ਦੀ ਘਾਟ ਹੈ। ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਰਹੀ। ਅਸਲ ਵਿੱਚ ਇਸ ਉਮਰ ਦੀ ਖਾਸੀਅਤ, ਨਵੀਂ ਸੋਚ ਅਤੇ ਨਵੇਂ ਤਜਰਬੇ, ਪੁਰਾਣੀ ਚਲਦੀ ਆ ਰਹੀ ਵਿਵਸਥਾ ਦੇ ਬਦਲਾਅ ਦੇ ਹੁੰਦੇ ਹਨ। ਸਾਡੇ ਸਮਾਜ ਦੇ ਵੱਡੇ ਵਡੇਰੇ, ਮਾਪੇ, ਰਾਜ ਨੇਤਾ ਜਾਂ ਅਧਿਆਪਕ ਵੀ ਵਿਵਸਥਾ ਨੂੰ ਹੂਬਹੂ ਰੱਖਣ ਦੇ ਚਾਹਵਾਨ ਹੁੰਦੇ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਹੁੰਦਾ।
ਦਿੱਕਤ ਇਹ ਵੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਤੋਂ ਉਸ ਸਭ ਦੀ ਉਮੀਦ ਕਰਦੇ ਹਾਂ, ਜੋ ਅਸੀਂ ਉਨ੍ਹਾਂ ਨੂੰ ਪੜ੍ਹਾਇਆ, ਸਮਝਾਇਆ ਹੀ ਨਹੀਂ। ਨੌਜਵਾਨ ਦੀ ਸਵਾਲ ਕਰਨ ਦੀ ਆਦਤ, ਉਸ ਦੀ ਕੁਦਰਤੀ ਵਿਕਾਸ ਦਾ ਹਿੱਸਾ ਹੈ। ਉਹ ਹਰ ਵਰਤਾਰੇ ਨੂੰ ਸਮਝਦਾ ਹੈ ਤੇ ਵਿਸ਼ਲੇਸ਼ਣੀ ਬੁੱਧੀ ’ਤੇ ਪਰਖਦਾ ਹੈ। ਉਸ ਦੀ ਨਜ਼ਰ ਵਿੱਚ ਹਰ ਵਿਵਹਾਰ, ਚਾਹੇ ਮਾਪਿਆਂ ਦਾ ਤੇ ਚਾਹੇ ਰਾਜਨੇਤਾਵਾਂ ਦਾ, ਬਿਨਾਂ ਚੀੜ ਫਾੜ ਦੇ ਨਹੀਂ ਲੰਘਦਾ। ਉਹ ਇਨ੍ਹਾਂ ਦੀ ਕਹਿਣੀ ਕਰਨੀ ਵਿੱਚ ਵੀ ਫਰਕ ਦੇਖਦੇ ਹਨ ਤੇ ਫਿਰ ਆਲੋਚਨਾ ਕਰਦੇ ਹਨ, ਜੋ ਬਰਦਾਸ਼ਤ ਨਹੀਂ ਹੁੰਦੀ।
ਇੱਕ ਵੱਡੀ ਆਬਾਦੀ ਜੋ 15 ਸਾਲ ਤੋਂ 35 ਸਾਲ ਤਕ, ਦੇਸ਼ ਦੀ ਪਰਿਵਾਰ ਦੀ ਸਭ ਤੋਂ ਸਿਹਤਮੰਦ, ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀ ਹੁੰਦੀ ਹੈ, ਬਾਰੇ ਕੋਈ ਨਕਸ਼ਾ ਨਹੀਂ ਹੈ ਕਿ ਇਨ੍ਹਾਂ ਦੀ ਤਾਕਤ ਕਿਧਰੇ ਵਰਤੀ ਜਾਵੇ। ਸਾਲ 2014 ਵਿੱਚ ਯੁਵਾ ਨੀਤੀ ਬਣਾਈ ਗਈ। ਉਸ ਨੂੰ ਪੜ੍ਹ ਕੇ ਲਗਦਾ ਹੈ ਜਿਵੇਂ ਕਿਸੇ ਦੇ ਦਬਾਅ ਹੇਠ ਬਣਾਈ ਹੋਵੇ। ਹੁੰਦਾ ਹੈ ਕਈ ਵਾਰੀ। ਅੰਤਰਰਾਸ਼ਟਰੀ ਪੱਧਰ ’ਤੇ ਆਲੋਚਨਾ ਵੀ ਹੁੰਦੀ ਹੈ ਕਿ ਤੁਹਾਡੇ ਦੇਸ਼ ਵਿੱਚ ਯੁਵਾ ਨੀਤੀ ਨਹੀਂ ਹੈ। ਤੁਸੀਂ ਯੁਵਾ ਨੀਤੀ ’ਤੇ ਨਜ਼ਰ ਮਾਰੋ ਤੇ ਦੇਖੋਗੇ ਕਿ ਸਕੂਲਾਂ ਕਾਲਜਾਂ ਵਿੱਚ ਚੱਲ ਰਹੇ ਨੌਜਵਾਨ ਸਬੰਧੀ ਪ੍ਰੋਗਰਾਮ ਜਿਵੇਂ ਐੱਨ.ਸੀ.ਸੀ., ਐੱਲ.ਐਸ.ਐੱਨ. ਸਕਾਊਟ ਤੇ ਗਾਇਡ ਜਾਂ ਪੇਂਡੂ ਪੱਧਰ ’ਤੇ ਚੱਲ ਰਹੇ ਨਹਿਰੂ ਯੁਵਾ ਕੇਂਦਰ, ਸ਼ਹਿਰਾਂ ਵਿੱਚ ਯੁਵਾ ਹੋਸਟਲ ਆਦਿ ਸਭ ਨੂੰ ਇੱਕ ਕਿਤਾਬ ਵਿੱਚ ਇਕੱਠਾ ਕਰਕੇ, ਇਨ੍ਹਾਂ ਸਾਰੇ ਪ੍ਰੋਗਰਾਮਾਂ ’ਤੇ ਖਰਚ ਹੋ ਰਹੇ ਪੈਸੇ ਨੂੰ ਕੁਲ ਜੋੜ ਕੇ, ਬਾਹਰ ਭੂਮਿਕਾ ਲਿਖ ਕੇ ਜਿਲਦ ਚੜ੍ਹਾ ਦਿੱਤੀ ਗਈ ਹੈ ਤੇ ਮੁਹਰਲੇ ਪੰਨੇ ਤੇ ‘ਕੌਮੀ ਯੂਵਾ ਨੀਤੀ’ ਦਾ ਸਿਰਲੇਖ ਲਿਖ ਦਿੱਤਾ ਗਿਆ ਹੈ।
ਇਸ ਨਵੀਂ ਸਦੀ ਦੇ, ਨਵੀਂਆਂ ਨਵੇਕਲੀਆਂ ਆਸਾਂ, ਇਛਾਵਾਂ ਅਤੇ ਨੌਜਵਾਨਾਂ ਦੇ ਸੁਪਨਿਆਂ ਬਾਰੇ ਕੋਈ ਗੱਲ ਨਹੀਂ ਹੈ। ਇਸ ਉਮਰ ਦੀ ਮਨੋਵਿਗਿਆਨਕ ਲੋੜ ਹੈ, ਪਛਾਣ, ਪ੍ਰਵਾਨਗੀ, ਪਿਆਰ ਅਤੇ ਪਰਵਾਹ ਕੀਤੇ ਜਾਣਾ। ਇਨ੍ਹਾਂ ਪੱਖਾਂ ਨੂੰ ਅੱਖੀਓਂ ਉਹਲੇ ਕਰਕੇ ਅਸੀਂ ਕੁਝ ਵੀ ਹਾਸਿਲ ਨਹੀਂ ਕਰ ਸਕਦੇ।
ਗਭਰੂਆਂ, ਨੌਜਵਾਨਾਂ ਪ੍ਰਤੀ ਚਿੰਤਤ ਕੁਝ ਕੁ ਸਵੈਸੇਵੀ ਜਥੇਬੰਦੀਆਂ ਜਾਂ ਸਰਕਾਰੀ ਅਦਾਰੇ ਵੀ ਅਕਸਰ ਇਹ ਕਹਿ ਰਹੇ ਮਿਲਦੇ ਹਨ ਕਿ ਅਸੀਂ ਨੌਜਵਾਨਾਂ ਲਈ ਕੰਮ ਕਰਦੇ ਹਾਂ। ਇਹ ਪ੍ਰਗਟਾਵਾ ਠੀਕ ਨਹੀਂ ਹੈ। ਨੌਜਵਾਨਾਂ ਲਈ ਨਹੀਂ, ਸਗੋਂ ਹੋਵੇ ਕਿ ਅਸੀਂ ਨੌਜਵਾਨਾਂ ਨੂੰ ਨਾਲ ਲੈ ਕੇ ਕੰਮ ਕਰ ਰਹੇ ਹਾਂ। ਸਮਾਜ ਵਿੱਚ ਕੀਤੇ ਜਾ ਰਹੇ ਕੰਮ ਨੂੰ ਉਲੀਕਣ ਤੋਂ ਲੈ ਕੇ ਸਿਰੇ ਚੜ੍ਹਾਉਣ ਤਕ, ਹਰ ਪੱਧਰ ’ਤੇ ਨੌਜਵਾਨਾਂ ਨੂੰ ਭਾਗੀਦਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਨੂੰ ਹਾਰ ਜਿੱਤ, ਸਫਲਤਾ ਅਸਫਲਤਾ ਦਾ ਹਿੱਸਾ ਬਣਾ ਕੇ ਤੁਰਿਆ ਜਾਵੇਗਾ ਤਾਂ ਅਸੀਂ ਚੰਗੇ ਭਵਿੱਖ ਦੀ ਕਲਪਨਾ ਸਹਿਜੇ ਹੀ ਕਰ ਸਕਦੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3367)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































