“ਸਾਡੇ ਕੋਲ ਅੱਜ ਇੱਕ ਸਜੀਵ ਉਦਾਹਰਣ ਹੈ, ਸਾਡੇ ਸਮਿਆਂ ਵਿੱਚ ਵਾਪਰੀ। ਅਸੀਂ ਅੱਖੀਂ ਦੇਖੀ, ਖੁਦ ...”
(24 ਮਾਰਚ 2022)
ਮਹਿਮਾਨ: 561.
ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਪੰਜਾਬ ਦੇ ਲੋਕਾਂ ਤੋਂ ਮੌਕਾ ਮੰਗਿਆ ਤੇ ਲੋਕਾਂ ਨੇ ਦੇ ਦਿੱਤਾ। ਇਸ ਸੁਹਿਰਦਤਾ ਦੀ ਸਿਫਤ ਤਾਂ ਕਰਨੀ ਪਵੇਗੀ, ਜੋ ਕਿ ਪੰਜਾਬੀਆਂ ਦੀ ਖਾਸੀਅਤ ਹੈ। ਹੁਣ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਹੈ। ਸ਼ਹੀਦ ਭਗਤ ਸਿੰਘ ਦੇ ਪਿੰਡ ਸਹੁੰ ਚੁੱਕ ਸਮਾਗਮ ਕਰਕੇ ਨਵੀਂ ਪਿਰਤ ਪਾਈ ਹੈ। ਹੁਣ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਥਾਂ ਭਗਤ ਸਿੰਘ ਦੀ ਫੋਟੋ ਲੱਗੇਗੀ, ਨਾਲ ਹੀ ਡਾ. ਬੀ ਆਰ ਅੰਬੇਡਕਰ ਨੂੰ ਇਹ ਮਾਣ ਦਿੱਤਾ ਜਾਵੇਗਾ। ਇਹਨਾਂ ਦੋਵਾਂ ਸ਼ਖਸੀਅਤਾਂ ਦਾ ਇਸ ਚੋਣ ਰਾਜਨੀਤੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ, ਭਾਵੇਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼ਰੇਆਮ ਕਹਿੰਦੇ ਹਨ ਕਿ ਉਹ ਹਨੂੰਮਾਨ ਦੇ ਭਗਤ ਹਨ ਤੇ ਹਰ ਮੰਗਲਵਾਰ ਨੂੰ ਹਨੂੰਮਾਨ ਚਾਲੀਸੇ ਦਾ ਪਾਠ ਕਰਦੇ ਹਨ। ਪੰਜਾਬ ਦੀ ਸਿਆਸਤ ਵਿੱਚ ਭਗਤ ਸਿੰਘ ਅਤੇ ਅੰਬੇਡਕਰ ਨੇ ਹਨੂੰਮਾਨ ਦੀ ਭੂਮਿਕਾ ਨਿਭਾਈ ਹੈ। ਇਹ ਸਿਆਸਤ ਹੈ, ਜਿਸ ਨੇ ਨਹੀਂ ਸਮਝੀ, ਉਹ ਇਸ ਵਰਤਾਰੇ ਤੋਂ ਸਿੱਖ-ਸਮਝ ਸਕਦਾ ਹੈ।
ਚੋਣ ਵਿੱਚ ਮੁੱਦੇ, ਦਾਅਵੇ, ਵਾਅਦੇ ਅਤੇ ਵਿਸ਼ੇਸ਼ ਕਰਕੇ ਗਰੰਟੀਆਂ ਹੁਣ ਇੱਕੋ ਹੀ ਭਾਵ-ਅਰਥ ਨਾਲ ਵਰਤੇ ਜਾਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਪਾਰਟੀ ਦੀ ਜਿੱਤ ਤੋਂ ਬਾਅਦ ਹਰੇ ਪੈੱਨ ਦੀ ਤਾਕਤ ਦੀ ਵਰਤੋਂ ਦੀ ਗੱਲ ਕੀਤੀ, ਫਿਰ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਪਹਿਲੀ ਮੀਟਿੰਗ ਦੌਰਾਨ ਵਿਧਾਇਕਾਂ ਨੂੰ ਆਪਣੇ ਹਲਕੇ/ਲੋਕਾਂ ਵਿੱਚ ਵਿਚਰਨ ਦਾ ਸੁਨੇਹਾ ਦਿੱਤਾ ਤੇ ਅੰਤ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਇਆ। ਇਹ ਦ੍ਰਿਸ਼ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਏ ਜਾਣ ਦੀ ਹਾਮੀ ਭਰਦਾ ਹੈ।
ਇੱਕ ਗੱਲ ਇਸੇ ਸੰਦਰਭ ਵਿੱਚ ਹੋਰ ਹੈ ਕਿ ਇਸ ਨਾਅਰੇ ਦੀ ਇਬਾਰਤ ਵਿੱਚ ਵਰਤੇ ਗਏ ਸ਼ਬਦ ਮਹਿਜ਼ ਸ਼ਬਦ ਨਹੀਂ ਹਨ। ਇਹ ਨਾਅਰਾ, ਇਨਕਲਾਬ ਜ਼ਿੰਦਾਬਾਦ ਕਦੋਂ ਸੰਭਵ ਹੈ, ਕਦੋਂ ਇਹ ਸੱਚ ਹੋਵੇਗਾ? ਇਸ ਨਾਅਰੇ ਦਾ ਦੂਸਰਾ ਅਹਿਮ ਹਿੱਸਾ ਹੈ, ‘ਸਾਮਰਾਜਵਾਦ ਮੁਰਦਾਬਾਦ।’ ਇਹ ਹਿੱਸਾ ਅਕਸਰ ਬਹੁਤੇ ਲੋਕ ਭੁੱਲ ਜਾਂਦੇ ਹਨ ਜਾਂ ਉਹਨਾਂ ਦੀ ਸੋਚ ਦਾ ਹਿੱਸਾ ਹੀ ਨਹੀਂ ਬਣ ਸਕਿਆ ਹੈ। ਇਨਕਲਾਬ ਹੈ ਤਬਦੀਲੀ/ਬਦਲਾਅ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਦਿੱਤਾ ਹੈ, ਉਹ 75 ਸਾਲਾਂ ਤੋਂ ਤਬਦੀਲੀ ਉਡੀਕ ਰਹੇ ਹਨ। ਉਹਨਾਂ ਨੇ ਪਾਰਟੀ ਤੋਂ ਵੱਧ ਬਦਲਾਅ ਨੂੰ ਵੋਟ ਦਿੱਤੀ ਹੈ। ਉਹਨਾਂ ਸਭਨਾਂ ਲਈ ਇਨਕਲਾਬ ਜ਼ਿੰਦਾਬਾਦ, ਉਹਨਾਂ ਦੇ ਮਨਾਂ ਦੇ ਬਹੁਤ ਕਰੀਬ ਹੈ।
ਪਰ ਇਨਕਲਾਬ ਆਵੇਗਾ ਕਿਵੇਂ? ਇਹ ਨਾਅਰੇ ਲਗਾਉਣ ਨਾਲ ਨਹੀਂ ਆਉਣਾ। ਇਹ ਬੋਲਣਾ, ਦਿਲੋਂ ਬੋਲਣਾ ਇੱਕ ਵਧੀਆ ਭਾਵਨਾ ਦਾ ਸੂਚਕ ਹੈ। ਇਹ ਠੀਕ ਹੈ ਥੰਮ੍ਹ ਡਿਗੇ ਹਨ, ਹਨੇਰੀ ਚੱਲੀ ਹੈ, ਸੁਨਾਮੀ ਆਈ ਹੈ। ਇਹਨਾਂ ਦੀ ਆਪਣੀ ਤਾਕਤ ਸੀ, ਬਿਲਕੁਲ ਸੀ, ਪਰ ਥੰਮ੍ਹ ਖੋਖਲੇ ਵੀ ਸੀ, ਸਿਉਂਕ ਲੱਗੀ ਹੋਈ ਸੀ। ਹੁਣ ਸਵਾਲ ਹੈ ਉਸੇ ਜ਼ਮੀਨ ’ਤੇ, ਉਸੇ ਮਿੱਟੀ ਵਿੱਚ, ਜਿੱਥੇ ਸਿਉਂਕ ਦੀ ਮਾਰ ਹੈ, ਥੰਮ੍ਹ ਖੋਖਲੇ ਹੋਣ ਤੋਂ ਬਚਾਉਣ ਦਾ ਰਾਹ ਇਖਤਿਆਰ ਕਰਨਾ ਹੈ, ਇਨਕਲਾਬ ਪਸਰਨ-ਫੈਲਣ ਦਾ ਰਾਹ ਦਿਖਾਵੇਗਾ। ਸਾਮਰਾਜੀ ਵਿਵਸਥਾ ਜਦੋਂ ਹਰ ਪਾਸੇ ਪੂਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਉਸ ਦੇ ਚੱਲਦੇ ਇਨਕਲਾਬ ਜ਼ਿੰਦਾਬਾਦ ਦੇ ਨਾਲ ਸਾਮਰਾਜਵਾਦ ਦੇ ਖਾਤਮੇ ਦੀ ਗੱਲ ਵਿਸਾਰ ਦੇਣ ਨਾਲ ਮਨਸ਼ਾ ਪੂਰੀ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਸਿਰਫ ਦਫਤਰ ਜਾਂ ਸਮਾਗਮੀ ਬੈਨਰਾਂ ’ਤੇ ਭਗਤ ਸਿੰਘ ਦੀ ਫੋਟੋ ਨਾਲ ਬਦਲਾਅ ਨਹੀਂ ਆਉਣਾ। ਇਹ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਨਾਲ ਆਵੇਗਾ, ਤਾਂ ਹੀ ਇਹ ਸੱਚ ਹੋ ਸਕੇਗਾ।
ਭਗਤ ਸਿੰਘ ਦੀ ਉਸ ਸੋਚ, ਉਸ ਵਿਚਾਰਧਾਰਾ ਨੂੰ ਫੜਨ ਅਤੇ ਸਮਝਣ ਦੀ ਲੋੜ ਹੈ, ਜੋ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਉਸ ਦੇ ਮਨ ਵਿੱਚ ਸੀ। ਇਸਦਾ ਸਾਰ ਸਾਨੂੰ ਸ਼ਹੀਦ ਭਗਤ ਸਿੰਘ ਵੱਲੋਂ ਬਣਾਈ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਦੇ ਇਹਨਾਂ ਸ਼ਬਦਾਂ ਤੋਂ ਮਿਲਦਾ ਹੈ। ਭਵਿੱਖ ਵਿੱਚ ਸਾਡਾ ਹਰ ਪ੍ਰੋਗਰਾਮ ਇਸੇ ਨਾਅਰੇ ਤੋਂ ਸ਼ੁਰੂ ਹੋਵੇਗਾ, ‘ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ।’ ਇਨਕਲਾਬ ਦਾ ਅਰਥ ਸਿਰਫ ਹਾਕਮਾਂ ਦੀ ਤਬਦੀਲੀ ਹੀ ਨਹੀਂ ਹੋਵੇਗਾ। ਸਭ ਤੋਂ ਵੱਧ ਇਸਦਾ ਅਰਥ ਹੋਵੇਗਾ ਕਿ ਇੱਕ ਬਿਲਕੁਲ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ। ਇਹ ਕੰਮ ਕੁਰਬਾਨੀ ਮੰਗਦਾ ਹੈ ਤੇ ਸਭ ਨੂੰ ਇਸਦੇ ਲਈ ਤਿਆਰ ਰਹਿਣਾ ਪਵੇਗਾ। ਇਸੇ ਸੰਦਰਭ ਵਿੱਚ ਭਗਤ ਸਿੰਘ ਨੇ ਕਿਹਾ ਕਿ ਸਾਮਰਾਜਵਾਦ ਇੱਕ ਵੱਡੀ ਡਾਕੇ ਮਾਰਨ ਦੀ ਮਨਸ਼ਾ ਤੋਂ ਬਗੈਰ ਹੋਰ ਕੁਝ ਨਹੀਂ। ਸਾਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਦੀ ਕੌਮ ਦੀ ਲੁੱਟ ਦਾ ਸਿਖਰ ਹੈ।
ਸ਼ਹੀਦ ਭਗਤ ਸਿੰਘ ਦੀ ਆਜ਼ਾਦੀ ਦੇ ਸੁਪਨੇ ਵਿੱਚ ਦੇਸ਼ ਦੇ ਸਾਰੇ ਲੋਕਾਂ ਲਈ ਆਜ਼ਾਦੀ ਦੀ ਗੱਲ ਸੀ। ਮਜ਼ਦੂਰਾਂ, ਕਿਸਾਨਾਂ, ਕਾਮਿਆਂ ਸਭ ਲਈ। ਸ਼ੋਸ਼ਣ ਰਹਿਤ ਤੇ ਬਰਾਬਰੀ ਵਾਲੀ ਆਜ਼ਾਦੀ। ਸਭ ਨੂੰ ਆਪਣੇ ਸੁਪਨਿਆਂ ਮੁਤਾਬਕ ਜੀਣ ਦੀ ਆਜ਼ਾਦੀ। ਉਸ ਨੇ ਗਾਂਧੀ-ਨਹਿਰੂ ਦੇ ਕੰਮਕਾਰ ਤੇ ਤਰੀਕੇ ਨੂੰ ਚੁਣੌਤੀ ਦਿੱਤੀ, ਜੋ ਕਿ ਅੱਧੀ-ਅਧੂਰੀ ਆਜ਼ਾਦੀ ਦੇ ਲਈ ਅੰਦੋਲਨ ਕਰਦੇ ਸੀ। ਉਹਨਾਂ ਦੇ ਅੰਦੋਲਨ ਦਾ ਅਰਥ ਗੋਲ ਮੇਜ਼ ਕਾਨਫਰੰਸ ਜਾਂ ਬ੍ਰਿਟਿਸ਼ ਹਕੂਮਤ ਨਾਲ ਸਮਝੌਤਾ ਮੀਟਿੰਗ ਹੁੰਦਾ ਸੀ। ਸਾਡੇ ਲਈ ਆਜ਼ਾਦੀ ਦਾ ਅਰਥ ਇਹ ਨਹੀਂ ਕਿ ਗੋਰਿਆਂ ਦੀ ਥਾਂ ਕਾਲੇ ਬੈਠ ਜਾਣ ਬੱਸ। ਸਾਡਾ ਮਕਸਦ ਹੈ ਸਭ ਲਈ ਆਜ਼ਾਦੀ, ਸਾਮਰਾਜ ਮੁਕਤ ਭਾਰਤ।
ਬਰਾਬਰੀ ਦੇ ਸੰਕਲਪ ਨੂੰ ਲੈ ਕੇ ਵੀ ਭਗਤ ਸਿੰਘ ਨੇ ਕਿਹਾ ਕਿ ਗੱਲ ਪੂਰੀ ਤਰ੍ਹਾਂ ਕੁਦਰਤੀ ਕਾਨੂੰਨ ਦੇ ਖਿਲਾਫ ਹੈ ਕਿ ਮੁੱਠੀ ਭਰ ਲੋਕ ਤਾਂ ਬੇਸ਼ੁਮਾਰ ਦੌਲਤ ਨਾਲ ਲੈਸ ਹੋਣ ਤੇ ਵੱਡੀ ਭੁੱਖੀ ਆਬਾਦੀ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਲਈ ਤਰਸਦੀ ਰਹੇ। ਕੁਦਰਤ ਦਾ ਕਾਨੂੰਨ ਮਤਲਬ ਕੁਦਰਤ ਦਾ ਸਾਰਾ ਸਰਮਾਇਆ, ਸਭ ਦੀ ਬਰਾਬਰ ਪੂੰਜੀ ਹੈ। ਇਸ ਉੱਪਰ ਸਭ ਦਾ ਹੱਕ ਹੈ। ਧਰਤੀ, ਹਵਾ, ਪਾਣੀ, ਧਾਤੂ, ਫਲ, ਫੁੱਲ, ਅਨਾਜ … ਸਭ ਕੁਝ।
ਇਸ ਲਈ ਭਗਤ ਸਿੰਘ ਦੀ ਸੋਚ ਦਾ ਧਾਰਨੀ ਹੋਣ ਲਈ ਵਧ ਰਹੀ ਸਰਮਾਏਦਾਰੀ ਦੀ ਦੌੜ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਬਰਾਬਰੀ ਦਾ ਸਮਾਜ ਸਿਰਜਣ ਦੀ ਭਾਵਨਾ, ਇਹ ਚਾਹ ਮਨੁੱਖਤਾ ਪ੍ਰਤੀ ਮਨੁੱਖੀ ਫਰਜ਼ ਹੈ। ਇਸਦੀ ਪ੍ਰਾਪਤੀ ਲਈ ਰਾਹ ਔਖੇ ਜ਼ਰੂਰ ਹਨ, ਪਰ ਨਾ-ਮੁਮਕਿਨ ਨਹੀਂ ਹਨ, ਜੋ ਸੱਚਮੁੱਚ ਹੀ ਲੋਕਾਂ ਪ੍ਰਤੀ ਫਿਕਰਮੰਦੀ ਹੈ।
ਦੇਸ਼ ਦੀ ਮੌਜੂਦਾ ਹਾਲਤ ਕਿਵੇਂ ਨਾ-ਬਰਾਬਰੀ ਦੇ ਵੱਖ-ਵੱਖ ਨਜ਼ਰੀਏ ਤੋਂ ਪਰੇਸ਼ਾਨ ਕਰਨ ਵਾਲੀ ਹੈ। ਆਰਥਿਕ ਨਾ-ਬਰਾਬਰੀ ਦੀ ਝਲਕ ਤਾਂ ਸਭ ਨੂੰ ਸਾਫ ਨਜ਼ਰ ਆ ਜਾਂਦੀ ਹੈ, ਪਰ ਲੁਕਵੇਂ ਰੂਪ ਵਿੱਚ ਧਾਰਮਿਕ ਅਤੇ ਜਾਤੀਗਤ ਵਖਰੇਵਾਂ, ਨਾ-ਬਰਾਬਰੀ ਤੋਂ ਵੀ ਅੱਗੇ ਨਫਰਤੀ ਰੂਪ ਧਾਰ ਰਿਹਾ ਹੈ। ਧਰਮ-ਸੰਸਦ ਵਰਗੇ ਵਰਤਾਰੇ ਪਰੇਸ਼ਾਨ ਹੀ ਨਹੀਂ ਕਰਦੇ, ਦਿਲ ਕੰਬਾਊ ਵੀ ਹਨ।
ਭਗਤ ਸਿੰਘ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਧਰਮ ਅਤੇ ਜਾਤ ਦੇ ਪਹਿਲੂ ਨੂੰ ਬਹੁਤ ਬਾਰੀਕੀ ਨਾਲ ਸਮਝਿਆ। ਉਸ ਦੇ ਵਿਚਾਰਾਂ ਦੀ ਪੁਖਤਗੀ ਲਈ ਉਸ ਦੇ ਮਸ਼ਹੂਰ ਦਸਤਾਵੇਜ਼ ‘ਮੈਂ ਨਾਸਤਿਕ ਕਿਉਂ ਹਾਂ?’ ਅਤੇ ‘ਅਛੂਤ ਦਾ ਸਵਾਲ’ ਗੌਰ ਨਾਲ ਪੜ੍ਹੇ ਜਾਣੇ ਚਾਹੀਦੇ ਹਨ।
ਸ਼ਹੀਦ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਨਹੀਂ ਲਿਖਿਆ, ਪਰ ਪੜ੍ਹਿਆ ਬਹੁਤ ਹੈ, ਜਿਸ ਨਾਲ ਉਸ ਦੇ ਵਿਚਾਰਾਂ ਨੂੰ ਸੇਧ ਮਿਲੀ, ਉਸ ਨੂੰ ਆਪਣੀ ਗੱਲ ਠੋਸ ਤਰੀਕੇ ਨਾਲ, ਦਲੀਲਾਂ ਨਾਲ ਰੱਖਣ ਦਾ ਰਾਹ ਲੱਭਿਆ। ਇਸ ਤਰ੍ਹਾਂ ਜੋ ਵੀ ਲਿਖਿਆ ਹੈ, ਉਹ ਇਤਿਹਾਸਕ ਤਾਂ ਹੈ ਹੀ, ਉਹ ਭਵਿੱਖਮੁਖੀ ਵੀ ਹੈ ਤੇ ਉਸ ਦੀ ਪ੍ਰਸੰਗਿਕਤਾ ਹਮੇਸ਼ਾ ਰਹੇਗੀ, ਜਦੋਂ ਤਕ ਸਾਡੇ ਦੇਸ਼ ਦੇ ਅਣਮਨੁੱਖੀ ਵਰਤਾਰੇ ਕਾਇਮ ਰਹਿਣਗੇ।
ਅੰਬੇਡਕਰ ਸਾਹਿਬ ਦੇ ਬਾਰੇ ਵੀ ਗੱਲ ਹੁੰਦੀ ਹੈ, ਪਰ ਉਸ ਦੀ ਸੰਵਿਧਾਨ ਵਿੱਚ ਦਰਜ ਧਾਰਾਵਾਂ ਨੂੰ ਲਾਗੂ ਕਰਨਾ ਤਾਂ ਦੂਰ, ਸਗੋਂ ਤੋੜਨ-ਮਰੋੜਨ ਦੀ ਵੱਧ ਕੋਸ਼ਿਸ਼ ਹੁੰਦੀ ਹੈ। ਉਹਨਾਂ ਨੂੰ ਉਸ ਪੂਰੇ ਮੁਜੱਸਮੇ ਦੇ ਰੂਪ ਵਿੱਚ ਅਪਣਾਉਣ ਨਾਲ ਹੀ ਪੰਜਾਬ ਦੇ ਲੋਕਾਂ ਦਾ ਕੁਝ ਸੰਵਰ ਸਕਦਾ ਹੈ, ਜਿਸ ਨੂੰ ਉਹ ਉਡੀਕ ਰਹੇ ਹਨ।
ਦੇਸ਼ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਅੰਮ੍ਰਿਤ ਮਹਾਂਉਤਸਵ ਦੇ ਰੂਪ ਵਿੱਚ ਮਨਾ ਰਿਹਾ ਹੈ, ਜਦੋਂ ਪੰਜਾਬ ਨੇ ਖਾਸ ਤੌਰ ’ਤੇ ਇੱਕ ਵੱਡੇ ਬਦਲਾਅ ਨੂੰ ਦਸਤਕ ਦਿੱਤੀ ਹੈ। ਇਸ ਫਤਵੇ ਵਿੱਚ ਜਜ਼ਬਾਤੀ ਪ੍ਰਗਟਾਵਾ ਹੈ, ਜੋ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਵਾਜ਼ ਕਮਜ਼ੋਰ ਅਤੇ ਧੀਮੀ ਰਹੇਗੀ। ਇਸਦਾ ਇੱਕ ਪੱਖ ਮਨਮਾਨੀ ਕਰਨਾ ਹੋ ਸਕਦਾ ਹੈ, ਪਰ ਨਾਲ ਹੀ ਮੌਕਾ ਹੈ ਕਿ ਜਿੰਨੇ ਵੀ ਲੋਕਪੱਖੀ ਕਦਮ ਪੁੱਟੇ ਜਾ ਸਕਦੇ ਹਨ, ਉਹਨਾਂ ਲਈ ਕੋਈ ਅੜਿੱਕਾ ਆਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਮਹਿਕਮੇ ਸਾਂਭ ਲੈਣੇ ਹਨ। ਮੁੱਖ ਮੰਤਰੀ ਅਨੁਸਾਰ ਅਠਾਰਾਂ ਹੀ ਮੰਤਰੀ ਬਣ ਸਕਦੇ ਹਨ। ਨਾਲ ਕਿਹਾ ਕਿ ਤੁਸੀਂ ਸਾਰੇ ਹੀ ਮੰਤਰੀ ਹੋ, ਜੋ ਕੰਮ ਕਰਨਾ ਚਾਹੋ, ਉਹ ਹੋਵੇਗਾ। ਦਸਤਖਤ ਕਿਸੇ ਹੋਰ ਦੇ ਹੋਣਗੇ, ਕੰਮ ਤੁਹਾਡਾ ਸਭ ਦਾ ਹੋਵੇਗਾ। ਸਵਾਲ ਹੈ ਲੋਕਾਂ ਦੇ ਕੰਮ ਹੋਣ। ਅਜੇ ਸਵਾਲ ਕਰਨ ਦਾ ਸਮਾਂ ਨਹੀਂ ਹੈ, ਕਿਉਂ ਜੋ ਅਜੇ ਸ਼ੁਰੂਆਤ ਹੈ, ਪਰ ਤੁਰਨ ਵੇਲੇ ਸੁਚੇਤ ਕਰਨਾ ਤਾਂ ਬਣਦਾ ਹੈ। ਵੈਸੇ ਸਾਡੀ ਮਾਨਸਿਕਤਾ ਹੈ ਕਿ ਸੁਚੇਤ ਕਰਨਾ ਵੀ, ਸਵਾਲ ਕਰਨਾ ਸਮਝ ਲਿਆ ਜਾਂਦਾ ਹੈ।
ਸੱਤਾ ਤਾਕਤਵਰ ਹੁੰਦੀ ਹੈ। ਸਰਮਾਏਦਾਰੀ ਦੀ ਤਾਕਤ ਉਸ ਤੋਂ ਕਿਤੇ ਵੱਡੀ ਤੇ ਅੰਤਰਰਾਸ਼ਟਰੀ ਪ੍ਰਭਾਵ ਵਾਲੀ ਹੈ। ਇਸ ਲਈ ਉਸ ਦੇ ਪ੍ਰਭਾਵ ਤੋਂ ਬਚਣ ਲਈ ਪੂਰੀ ਤਨਦੇਹੀ ਅਤੇ ਸਟੀਕ ਤੌਰ-ਤਰੀਕੇ ਨਾਲ, ਨਿਸ਼ਾਨਾ ਕੇਂਦਰਤ ਨੀਤੀ ਬਣਾ ਕੇ ਉਸ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਇਹ ਪ੍ਰਭਾਵ ਲਾਂਭੇ ਰੱਖਿਆ ਜਾ ਸਕਦਾ ਹੈ। ਇਸਦੀ ਸੰਭਾਵਨਾ ’ਤੇ ਯਕੀਨ ਰੱਖਣਾ ਚਾਹੀਦਾ ਹੈ। ਇਸਦੇ ਲਈ ਇੱਕ ਸੋਚ, ਵਿਹਾਰਕ ਪੱਖ ਭਗਤ ਸਿੰਘ ਨੇ ਜਾਨ ਲਾਕ ਦੇ ਹਵਾਲੇ ਨਾਲ ਉਭਾਰਿਆ ਕਿ ਜਦੋਂ ਤਕ ਕਾਨੂੰਨ ਸੱਤਾਧਾਰੀ ਵਰਗ ਵੱਲੋਂ ਬਣਾਏ ਜਾਣਗੇ ਅਤੇ ਅਦਾਲਤਾਂ ਵਿੱਚ ਇਸ ਵਰਗ ਦੇ ਮੈਂਬਰ ਪ੍ਰਧਾਨਗੀ ਕਰਨਗੇ ਤਾਂ ਕਾਨੂੰਨ/ਅਦਾਲਤਾਂ ਆਮ ਲੋਕਾਂ ਲਈ ਨਾ ਮੁੱਕਣ ਵਾਲਾ ਸਫਰ ਹੋਣਗੀਆਂ। ਕਾਨੂੰਨ ਦੇ ਸਾਹਮਣੇ ਬਰਾਬਰੀ ਇੱਕ ਮਜ਼ਾਕ ਬਣੀ ਰਹੇਗੀ।
ਪਰ ਸਾਡੇ ਕੋਲ ਅੱਜ ਇੱਕ ਸਜੀਵ ਉਦਾਹਰਣ ਹੈ, ਸਾਡੇ ਸਮਿਆਂ ਵਿੱਚ ਵਾਪਰੀ। ਅਸੀਂ ਅੱਖੀਂ ਦੇਖੀ, ਖੁਦ ਉਸ ਦਾ ਹਿੱਸਾ ਬਣੇ, ਉਹ ਹੈ ਜਨਤਕ ਤਾਕਤ ਨਾਲ ਲੈ ਕੇ ਤੁਰਿਆ ਜਾਵੇ ਤਾਂ ਸੱਤਾ ਅਤੇ ਸਰਮਾਏਦਾਰੀ ਦੋਹਾਂ ਨੂੰ ਰੋਕਿਆ ਵੀ ਜਾ ਸਕਦਾ ਹੈ ਤੇ ਉਹਨਾਂ ਦੇ ਇਰਾਦਿਆਂ ਨੂੰ ਬਦਲਿਆ ਵੀ ਜਾ ਸਕਦਾ ਹੈ। ਚੰਡੀਗੜ੍ਹ ਵਿੱਚ ਘੱਟ ਰਹਿ ਕੇ, ਵੱਧ ਸਮਾਂ ਲੋਕਾਂ ਵਿੱਚ ਬਿਤਾਉਣ/ਰਹਿਣ/ਉਹਨਾਂ ਦੀਆਂ ਮੁਸ਼ਕਲਾਂ ਸਮਝਣ ਦਾ ਸੱਦਾ ਇੱਕ ਉਤਸ਼ਾਹਜਨਕ ਕਾਰਜ ਹੈ। ਲੋਕ ਸਮੂਹ ਨਾਲ ਹੋਵੇਗਾ ਤਾਂ ਸਭ ਕੁਝ ਮੁਮਕਿਨ ਹੈ। ਵਿਅਕਤੀ ਨਹੀਂ ਜਨ-ਅੰਦੋਲਨ ਦੀ ਤਾਕਤ ਨੂੰ ਆਮ ਆਦਮੀ ਪਾਰਟੀ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਜਿਨ੍ਹਾਂ ਨੇ ਉਹਨਾਂ ਨੂੰ ਆਸ ਤੋਂ ਵੱਧ ਸਮਰਥਨ ਦਿੱਤਾ ਹੈ। ਹੁਣ ਇਸ ਜਨ ਸਮੂਹ ਦੇ ਜਜ਼ਬਾਤੀ ਪ੍ਰਗਟਾਵੇ ਨੂੰ ਪਛਾਨਣ ਅਤੇ ਇੱਜ਼ਤ ਦੇਣ ਦੀ ਲੋੜ ਹੈ।
ਅੰਤ ਵਿੱਚ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਕੁਝ ਸ਼ਬਦ:
ਤੇਰਾ ਜਨਮ ਦਿਨ, ਤੇਰਾ ਸ਼ਹੀਦੀ ਦਿਹਾੜਾ,
ਦੋ ਦਿਨ ਰਾਖਵੇਂ ਰੱਖੇ ਨੇ ਤੇਰੇ ਲਈ।
ਕਾਫੀ ਨੇ ਨਾ ਭਗਤ ਸਿੰਆਂ।
ਇਹ ਸਾਡਾ ਫਰਜ਼ ਹੈ, ਜ਼ਿੰਮੇਵਾਰੀ ਵੀ
ਜੋ ਤੂੰ ਹੀ ਦਿੱਤੀ ਹੈ, ਆਜ਼ਾਦੀ ਲਈ
ਆਪਣੀ ਜਾਨ ਗਵਾ ਕੇ।
ਹੁਣ ਕਿੰਨੀ ਭੱਜ-ਨੱਠ ਹੈ, ਕਿੰਨੇ ਰੁਝੇਵੇਂ
ਵਾਪਰੇ-ਸਿਰਜੇ ਹਾਦਸਿਆਂ ਨੂੰ
ਦਬਾ-ਲੁਕਾ, ਇੱਧਰ-ਉੱਧਰ ਕਰਨ ਦੇ
ਇਹ ਦੋ ਦਿਨ
ਵਾਜਬ ਜ਼ਰੀਆ ਨੇ
ਇਹਨਾਂ ਹਾਲਾਤ ਨੂੰ ਸੰਭਾਲਣ ਲਈ
ਕੋਸ਼ਿਸ਼ ਕਰਾਂਗੇ ਚੇਤੇ ਰੱਖੀਏ ਤੈਨੂੰ
ਭਾਵੇਂ ਹਾਦਸੇ ਚੇਤਾ ਹੀ ਮਾਰ ਦਿੰਦੇ ਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3454)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)